ਸਿਖ ਇਤਿਹਾਸ ਵਿਚ ਚਾਬੀਆਂ ਦੇ ਮੋਰਚੇ ਦਾ ਮਹੱਤਵ

ਸਿਖ ਇਤਿਹਾਸ ਵਿਚ ਚਾਬੀਆਂ ਦੇ ਮੋਰਚੇ ਦਾ ਮਹੱਤਵ

ਇਸ ਮੋਰਚੇ ਦੀ ਇੱਕ ਦਸਤਾਵੇਜ਼ੀ ਫ਼ਿਲਮ

ਚਾਬੀਆਂ ਦਾ ਮੋਰਚਾ ਇਤਿਹਾਸ ਵਿਚ ਬੜਾ ਅਹਿਮ ਸਥਾਨ ਰੱਖਦਾ ਹੈ। ਭਾਵੇਂ 20 ਅਪ੍ਰੈਲ 1921 ਨੂੰ ਸਰਕਾਰ ਨੇ ਦਰਬਾਰ ਸਾਹਿਬ ਅੰਮਿ੍ਤਸਰ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ ਪਰ ਦਰਬਾਰ ਸਾਹਿਬ ਅੰਮਿ੍ਤਸਰ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਉਸ ਸਮੇਂ ਦੇ ਡੀਸੀ ਮਿਸਟਰ ਕਰੈਕ ਨੇ ਆਪਣੇ ਕੋਲ ਰੱਖ ਲਈਆਂ ਸਨ। 7 ਨਵੰਬਰ 1921 ਨੂੰ ਤਿੰਨ ਵਜੇ ਦੇ ਕਰੀਬ ਲਾਲਾ ਅਮਰਨਾਥ ਈਏਸੀ ਤੇ ਕੋਤਵਾਲ ਪੁਲਿਸ ਨੇ ਕਮੇਟੀ ਦੇ ਸਕੱਤਰ ਕੋਲੋਂ ਤੋਸ਼ਾਖ਼ਾਨੇ ਦੀਆਂ ਚਾਬੀਆਂ ਲੈ ਲਈਆਂ ਸਨ ਤੇ ਜਾਣ ਲੱਗੇ ਮੰਗਣ ’ਤੇ ਰਸੀਦ ਦੇ ਗਏ ਸਨ, ਜਿਸ ਵਿਚ ਲਿਖਿਆ ਸੀ, ‘ਦੋ ਥੈਲੀਆਂ ’ਚ 53 ਚਾਬੀਆਂ ਵਸੂਲ ਪਾਈਆਂ।’ ਉਨ੍ਹਾਂ ਨੇ ਇਹ ਚਾਬੀਆਂ ਅੰਮਿ੍ਰਤਸਰ ਦੇ ਡੀਸੀ ਮਿਸਟਰ ਕਰੈਕ ਕੋਲ ਜਮ੍ਹਾਂ ਕਰਵਾ ਦਿੱਤੀਆਂ ਸਨ।

ਸੋਹਨ ਸਿੰਘ ਜੋਸ਼ ਲਿਖਦੇ ਹਨ, ‘ਡਿਪਟੀ ਕਮਿਸ਼ਨਰ ਦੀ ਇਹ ਮੂਰਖਤਾ ਗੁਰਦੁਆਰਿਆਂ ਦੀ ਆਜ਼ਾਦੀ ਦੀ ਤਹਿਰੀਕ ਲਈ ਬੜੀ ਕਾਰਗਰ ਤੇ ਲਾਭਦਾਇਕ ਸਾਬਿਤ ਹੋਈ। ਉਸ ਦੇ ਇਸ ਕਾਰੇ ਨੇ ਸਿੱਖਾਂ ਦੇ ਗੁੱਸੇ ਨੂੰ ਤਪਾ ਕੇ ਲਾਲ ਸੂਹਾ ਕਰ ਦਿੱਤਾ। ਉਹ ਪਹਿਲਾਂ ਹੀ ਸਮਝੀ ਬੈਠੇ ਸਨ ਕਿ ਸਰਕਾਰ ਸਿੱਧੇ ਹੱਥੀਂ ਗੁਰਦੁਆਰੇ ਪੰਥ ਦੇ ਹਵਾਲੇ ਨਹੀਂ ਕਰੇਗੀ। ਇਹ ਲੜ ਕੇ ਅਤੇ ਕੁਰਬਾਨੀਆਂ ਦੇ ਕੇ ਹੀ ਹਾਸਲ ਕੀਤੇ ਜਾਣਗੇ। ਇਸ ਦਾ ਸਬੂਤ ਖ਼ੁਦ ਡੀਸੀ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਖੋਹ ਕੇ ਮੁਹੱਈਆ ਕਰ ਦਿੱਤਾ ਸੀ।’

ਉਸ ਸਮੇਂ ਹੋਂਦ ’ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 29 ਅਕਤੂਬਰ 1921 ਨੂੰ ਇੱਕ ਮਤਾ ਪਾਸ ਕਰ ਕੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਦੀ ਸਰਕਾਰ ਤੋਂ ਮੰਗ ਕੀਤੀ ਪਰ ਸਰਕਾਰ ਨੇ ਇਹ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੜਕ ਸਿੰਘ ਦੇ ਹਵਾਲੇ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਸੋਹਨ ਸਿੰਘ ਜੋਸ਼ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ’ਚ ਲਿਖਦੇ ਹਨ, ‘ਸਰਕਾਰ ਨਹੀਂ ਚਾਹੁੰਦੀ ਸੀ ਕਿ ਦਰਬਾਰ ਸਾਹਿਬ ਦਾ ਪ੍ਰਬੰਧ ਕਿਸੇ ਦੂਜੇ ਕੋਲ ਚਲਾ ਜਾਵੇ।’

26 ਨਵੰਬਰ 1921 ਨੂੰ ਡੀਸੀ ਨੇ ਅਜਨਾਲੇ ’ਚ ਇਕੱਠ ਕਰਨ ਦਾ ਫੁਰਮਾਨ ਜਾਰੀ ਕੀਤਾ, ਜਿਸ ਦੇ ਟਾਕਰੇ ’ਤੇ ਅਜਨਾਲੇ ’ਵਿਚ 26 ਨਵੰਬਰ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਲਸਾ ਕਰਨ ਦਾ ਐਲਾਨ ਕਰ ਦਿੱਤਾ ਪਰ ਸਰਕਾਰ ਨੇ ਇਹ ਜਲਸਾ ਕਰਨ ਤੋਂ ਪਹਿਲਾਂ ਹੀ 24 ਨਵੰਬਰ ਨੂੰ ਲਾਹੌਰ, ਅੰਮਿ੍ਰਤਸਰ ਤੇ ਸ਼ੇਖੂਪੁਰੇ ’ਚ ‘ਸੈਡੀਸ਼ਨ ਮੀਟਿੰਗ ਐਕਟ’ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਕੁਝ ਮੁਖੀ ਸਿੱਖਾਂ ਨੇ ਡੀਸੀ ਨਾਲੋਂ ਹਟਵਾਂ ਰਾਲਿਆਂ ਦੇ ਖੂਹ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਦੀਵਾਨ ਆਰੰਭ ਕਰ ਦਿੱਤਾ। ਉੱਥੇ ਜਲਸਾ ਕਰਨ ਦੇ ਦੋਸ਼ ’ਚ ਕਈ ਸਿੱਖਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਗਿ੍ਰਫ਼ਤਾਰੀ ਦੀ ਖ਼ਬਰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਗਈ ਤਾਂ ਉਸੇ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖੜਕ ਸਿੰਘ, ਸਕੱਤਰ ਮਹਿਤਾਬ ਸਿੰਘ ਤੇ ਕੁਝ ਹੋਰ ਮੁਖੀ ਸਿੱਖ ਤੁਰੰਤ ਅਜਨਾਲੇ ਜਲਸੇ ਵਾਲੀ ਜਗ੍ਹਾ ’ਤੇ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੇ ਵੀ ਭਾਸ਼ਣ ਦਿੱਤੇ।

ਸਰਕਾਰ ਨੇ ਜਲਸੇ ਰੋਕੂ ਕਾਨੂੰਨ ਅਧੀਨ ਪ੍ਰਧਾਨ ਸਮੇਤ ਕਈ ਸਿੱਖਾਂ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਬਾਅਦ ’ਚ ਵੀ ਕਈ ਸਿੱਖਾਂ ਨੂੰ ਜੇਲ੍ਹ ਭੇਜ ਕੇ 6-6 ਮਹੀਨੇ ਦੀ ਕੈਦ ਕਰ ਦਿੱਤੀ ਜਾਂਦੀ ਸੀ। 6 ਦਸੰਬਰ ਨੂੰ ਇਸੇ ਵਿਰੋਧ ’ਚ ਇੱਕ ਮਤਾ ਪਾਸ ਕੀਤਾ ਗਿਆ ਕਿ ਚਾਬੀਆਂ ਵਾਪਸ ਲੈਣ ਲਈ ਉਸ ਵੇਲੇ ਤੱਕ ਕੋਈ ਵੀ ਪ੍ਰਬੰਧ ਨਾ ਮੰਨਿਆ ਜਾਵੇ ਜਦੋਂ ਤੱਕ ਚਾਬੀਆਂ ਦੇ ਸਬੰਧ ’ਚ ਗਿ੍ਰਫ਼ਤਾਰ ਕੀਤੇ ਸਾਰੇ ਸਿੱਖ ਰਿਹਾਅ ਨਹੀ ਕੀਤੇ ਜਾਂਦੇ। ਉਸ ਵਕਤ ਚਾਬੀਆਂ ਦੇ ਮੋਰਚੇ ’ਚ ਕਾਫ਼ੀ ਤੇਜ਼ੀ ਆ ਗਈ ਸੀ। ਇਸ ਕੰਮ ਲਈ ਹਰ ਥਾਂ ਅੰਦੋਲਨ ਹੋਣੇ ਸ਼ੁਰੂ ਹੋ ਗਏ ਸਨ। ਸਰਕਾਰ ਬੜੀ ਕੁੜਿੱਕੀ ’ਚ ਫਸੀ ਮਹਿਸੂਸ ਕਰ ਰਹੀ ਸੀ। ਸਰਕਾਰ ਨੇ ਦਰਬਾਰ ਸਾਹਿਬ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਦੀ ਸੋਚੀ।

ਅੰਤ 19 ਜਨਵਰੀ 1922 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਇਕੱਠ ਕੀਤਾ ਗਿਆ। ਸਰਕਾਰ ਤਰਫੋਂ ਜ਼ਿਲ੍ਹਾ ਜੱਜ ਨੇ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੜਕ ਸਿੰਘ ਦੇ ਹਵਾਲੇ ਕੀਤੀਆਂ। ਖੜਕ ਸਿੰਘ ਨੇ ਸੰਗਤ ਤੋਂ ਇਜ਼ਾਜਤ ਲੈ ਕੇ ਸਰਕਾਰ ਪਾਸੋਂ ਚਾਬੀਆਂ ਲੈ ਲਈਆਂ। ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਸਾਰਾ ਆਕਾਸ਼ ਗੂੰਜ ਉੱਠਿਆ। ਚਾਰੇ ਪਾਸਿਓਂ ਇਸ ਜਿੱਤ ਲਈ ਸਿੱਖਾਂ ਨੂੰ ਵਧਾਈਆਂ ਮਿਲਣ ਲੱਗੀਆਂ। ਗੰਡਾ ਸਿੰਘ ਲਿਖਦੇ ਹਨ ਕਿ ਮਹਾਤਮਾ ਗਾਂਧੀ ਨੇ ਵੀ ਖੜਕ ਸਿੰਘ ਨੂੰ ਵਧਾਈ ਦਾ ਤਾਰ ਭੇਜਿਆ, ਜਿਸ ’ਚ ਲਿਖਿਆ ਸੀ, ‘ ਸਿੱਖਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਲਈ ਪਹਿਲੀ ਲੜਾਈ ਜਿੱਤ ਲਈ ਹੈ। ਵਧਾਈਆਂ ਹੋਣ।’ ਇਸ ਤਰ੍ਹਾਂ ਭਾਰੀ ਜੱਦੋ-ਜਹਿਦ ਕਰ ਕੇ ਸਰਕਾਰ ਪਾਸੋਂ ਦਰਬਾਰ ਸਾਹਿਬ ਦੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਲੈ ਕੇ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਸੀ। ਇਸ ਤਰ੍ਹਾਂ ਇਹ ਲੜਾਈ ਇਤਿਹਾਸ ’ਵਿਚ ਅਹਿਮ ਸਥਾਨ ਰੱਖਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਬੀਆਂ ਲੈਣ ਤੋਂ ਪਹਿਲਾਂ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਕਿ ਪਹਿਲਾਂ ਸਾਰੇ ਕੈਦੀ ਰਿਹਾਅ ਕੀਤੇ ਜਾਣ। 5 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਬੀਆਂ ਸਰਕਾਰ ਨੇ ਕਮੇਟੀ ਦੇ ਹਵਾਲੇ ਕਰਨੀਆਂ ਚਾਹੀਆਂ ਪਰ ਕਮੇਟੀ ਨੇ ਦਸਮੇਸ਼ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਕਰਕੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ। ਅੰਤ ਸ਼੍ਰੋਮਣੀ ਕਮੇਟੀ ਤੇ ਸਿੱਖਾਂ ਅੱਗੇ ਸਰਕਾਰ ਨੂੰ ਝੁਕਣਾ ਪਿਆ। 11 ਜਨਵਰੀ 1922 ਨੂੰ ਸਰ ਜਾਨ ਐਨਾਰਡ ਨੇ ਪੰਜਾਬ ਲੈਜਿਸਲੇਟਿਵ ਕੌਂਸਲ ’ਵਿਚ ਐਲਾਨ ਕਰ ਦਿੱਤਾ ਕਿ ਸਰਕਾਰ ਨੇ ਦਰਬਾਰ ਸਾਹਿਬ ਨਾਲੋਂ ਆਪਣਾ ਸਬੰਧ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਹੈ ਤੇ ਉਹ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥਾਂ ਵਿਚ ਦੇ ਰਹੀ ਹੈ। 16 ਜਨਵਰੀ 1922 ਨੂੰ ਇਸ ਸਬੰਧੀ ਕਾਨੂੰਨੀ ਕਦਮ ਚੁੱਕੇ ਜਾਣਗੇ ਤੇ ਕੈਦੀ ਛੱਡਣ ਦਾ ਹੁਕਮ ਵੀ ਦੇ ਦਿੱਤਾ। ਲਗਭਗ 193 ਸਿੱਖ ਗਿ੍ਫ਼ਤਾਰ ਕੀਤੇ ਜਾ ਚੁੱਕੇ ਸਨ, ਜਿਨ੍ਹਾਂ ’ਚੋਂ 150 ਦੇ ਕਰੀਬ ਸਿੱਖ ਰਿਹਾਅ ਕਰ ਦਿੱਤੇ ਗਏ।

                    ਗਾਂਧੀ ਸਣੇ ਕੌਮੀ ਲੀਡਰਾਂ ਨੇ ਚਾਬੀਆਂ ਦੇ ਮੋਰਚੇ ਪ੍ਰਸ਼ੰਸਾ ਕੀਤੀ

ਅਮਰੀਕਾ ਦੇ ਪੱਤਰਕਾਰ ਏ.ਐਲ. ਵਰਗਸ ਨੇ ਉਸ ਸਮੇਂ ਇਸ ਮੋਰਚੇ ਦੀ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ।ਇੰਗਲੈਂਡ ਦੇ ਇਸਾਈ ਪਾਦਰੀ ਸੀ.ਐਫ. ਐਨਡਰਿਊਜ਼ ਨੇ ਘਟਨਾ ਸਥਾਨ ਦੀ ਫੇਰੀ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਨਿਰਦੋਸ਼ ਅਕਾਲੀ ਸਿੱਖਾਂ ਉਪਰ ਹੁੰਦੇ ਅੱਤਿਆਚਾਰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹ ਅੱਤਿਆਚਾਰ ਯਸੂ ਮਸੀਹ ਉੱਤੇ ਹੋ ਰਹੇ ਹਨ।ਭਾਰਤ ਵਿੱਚ ਰਾਸ਼ਟਰੀ ਪੱਧਰ 'ਤੇ ਚੱਲ ਰਹੇ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਵਿਚ ਮਹਾਤਮਾ ਗਾਂਧੀ ਨੂੰ ਵੀ ਇਹ ਪੱਕਾ ਵਿਸ਼ਵਾਸ ਹੋਇਆ ਕਿ ਸੱਤਿਆਗ੍ਰਹਿ ਅਤੇ ਸ਼ਾਂਤੀ ਪਾਬੰਦ ਅਕਾਲੀ ਸਿੱਖਾਂ ਦਾ ਇਹ ਮੋਰਚਾ ਰਾਸ਼ਟਰੀ ਆਜ਼ਾਦੀ ਦਾ ਮੀਲ ਪੱਥਰ ਸਥਾਪਤ ਹੋਵੇਗਾ।ਲਾਲਾ ਲਾਜਪਤ ਰਾਏ ਅਤੇ ਹੋਰ ਅਨੇਕਾਂ ਰਾਸ਼ਟਰੀ ਨੇਤਾਵਾਂ ਦੁਆਰਾ ਗੁਰੂ ਕਾ ਬਾਗ਼ ਮੋਰਚੇ ਦੀ ਪ੍ਰਸ਼ੰਸਾ ਕੀਤੀ ਗਈ ਸੀ।

 

ਧਰਮਿੰਦਰ ਸਿੰਘ ਚੱਬਾ