ਕਿਤਾਬ ਗੂਗਲ ਤੇ ਭਿੰਡਰ ਦੇ ਸਹਿਯੋਗੀਆਂ ਦਾ ਗੱਪ-ਸ਼ੱਪ ਹੀ ਹੈ ਜਿਸ ਵਿੱਚ ਤੱਥਾਂ ਦੀ ਅਣਹੋਂਦ ਹੈ - ਹਰਪ੍ਰੀਤ ਸਿੰਘ ਸੰਧੂ

ਕਿਤਾਬ ਗੂਗਲ ਤੇ ਭਿੰਡਰ ਦੇ ਸਹਿਯੋਗੀਆਂ ਦਾ ਗੱਪ-ਸ਼ੱਪ ਹੀ ਹੈ ਜਿਸ ਵਿੱਚ ਤੱਥਾਂ ਦੀ ਅਣਹੋਂਦ ਹੈ - ਹਰਪ੍ਰੀਤ ਸਿੰਘ ਸੰਧੂ
ਭਜਨ ਸਿੰਘ ਭਿੰਡਰ, ਪੀਟਰ ਫਰੀਡਰਿੱਕ ਅਤੇ ਅਮਰ ਸ਼ੇਰਗਿੱਲ

ਅਮਰੀਕਾ ਵਿੱਚ ਸਿੱਖ ਕਾਕਸ ਨੂੰ ਲੈ ਕੇ ਪੀਟਰ ਫਰੀਡਰਿਕ ਵੱਲੋਂ ਲਿਖੀ ਕਿਤਾਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਕਾਕਸ ਕਮੇਟੀ ਨੇ ਪੀਟਰ ਫਰੀਡਰਿਕ ਨੂੰ ਈਮੇਲ ਲਿੱਖ ਕੇ ਸੰਗਤੀ ਬਹਿਸ ਦਾ ਸੱਦਾ ਦਿੱਤਾ ਸੀ ਪਰ ਉਸਨੇ ਉਸ ਈਮੇਲ ਦਾ ਕੋਈ ਜੁਆਬ ਨਹੀਂ ਦਿੱਤਾ। ਕਮੇਟੀ ਨੇ ਉਸ ਤੋਂ ਬਾਅਦ ਆਪਣੇ ਤੌਰ ਤੇ ਹੀ ਕਿਤਾਬ ਦੀ ਪੜਚੋਲ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਵੱਲੋਂ ਜਾਰੀ ਕੀਤੀ ਪਹਿਲੀ ਵੀਡੀਉ ਵਿੱਚ ਉਹਨਾਂ ਨੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਮੁੱਖ ਨਿਸ਼ਾਨੇ ਦਾ ਵਰਨਣ ਕਰਦੇ ਹੋਏ ਕਿਹਾ ਹੈ ਕਿ ਉਹ ਗੁਰੂ ਨਾਨਕ ਦੇ ਸਿੱਖ ਸਿਧਾਂਤ ਤੇ ਪਾਤਿਸ਼ਾਹੀ ਦਾਅਵੇ ਦੇ ਮੁੱਦਈ ਹਨ ਅਤੇ ਕਿਤਾਬ ਲਿਖਣ ਅਤੇ ਲਿਖਵਾਉਣ ਵਾਲੇ ਅਮਰ ਸ਼ੇਰਗਿੱਲ ਅਤੇ ਭਜਨ ਸਿੰਘ ਭਿੰਡਰ ਆਪਣਾ ਮਿਸ਼ਨ ਸ਼ਪੱਸ਼ਟ ਕਰਨ ਕਿ ਕੀ ਉਹ ਸਿੱਖਾਂ ਦੇ ਖਾਲਸਾ ਰਾਜ ਦੇ ਦਾਅਵੇ ਨਾਲ ਸਹਿਮਤ ਹਨ ਕਿ ਨਹੀਂ ?

ਹਰਪ੍ਰੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ 2014 ਵਿੱਚ ਜਦੋਂ ਸਿੱਖ ਕਾਕਸ ਹੋਂਦ ਵਿੱਚ ਆਇਆ ਤਾਂ ਭਾਰਤੀ ਸਰਕਾਰ, ਅਮਰ ਸ਼ੇਰਗਿੱਲ ਅਤੇ ਭਜਨ ਸਿੰਘ ਭਿੰਡਰ ਵੱਲੋਂ ਹੀ ਵਿਰੋਧਤਾ ਹੋਈ ਸੀ ਜਦੋਂ ਕਿ ਉਸ ਵੇਲੇ ਤਾਂ ਨਵੇਂ ਬਣੇ ਕਾਕਸ ਦੀ ਕਾਰਗੁਜ਼ਾਰੀ ਤੇ ਕੋਈ ਸੁਆਲ ਨਹੀਂ ਹੋ ਸਕਦਾ ਸੀ। ਪੀਟਰ ਫਰੀਡਰਿਕ ਦਾ ਸਿਰਫ ਨਾਮ ਹੀ ਵਰਤਿਆ ਗਿਆ ਹੈ ਅਸਲ ਵਿੱਚ ਇਸਦਾ ਲਿਖਾਰੀ ਭਿੰਡਰ ਹੀ ਹੈ ਅਤੇ ਪੀਟਰ ਤਾਂ ਉਸਦਾ 16 ਸਾਲਾਂ ਤੋਂ ਮੁਲਾਜ਼ਮ ਹੈ। ਪੀਟਰ ਨੂੰ ਅਜ਼ਾਦ ਤੌਰ ਤੇ ਪੱਤਰਕਾਰ ਕਹਿਣਾ ਧੋਖਾ ਹੈ, ਨਾਂ ਉਸਕੋਲ ਕੋਈ ਪੱਤਰਕਾਰੀ ਦਾ ਡਿਪਲੋਮਾ ਹੈ, ਨਾਂ ਹੀ ਉਹ ਸਕਾਲਰ ਹੈ ਅਤੇ ਨਾਂ ਹੀ ਉਸਦੀ ਲਿਖਤ ਵਿੱਚ ਕੋਈ ਖੋਜ ਹੈ। ਪੀਟਰ ਨੇ ਆਪ ਹੀ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਵਲੋਂ ਦਿੱਤੇ ਵਿਚਾਰਾਂ ਦਾ ਧੰਨਵਾਦ ਕਰਦਾ ਹੈ। ਹਰਪ੍ਰੀਤ ਸੰਧੂ ਨੇ ਲਿਖਾਰੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਕਿਤਾਬ ਗੂਗਲ ਤੇ ਭਿੰਡਰ ਦੇ ਸਹਿਯੋਗੀਆਂ ਦਾ ਗੱਪ-ਸ਼ੱਪ ਹੀ ਹੈ ਜਿਸ ਵਿੱਚ ਤੱਥਾਂ ਦੀ ਅਣਹੋਂਦ ਹੈ।

ਹਰਪ੍ਰੀਤ ਸਿੰਘ ਸੰਧੂ ਨੇ ਉਲਟਾ ਵਾਰ ਕਰਦੇ ਹੋਏ ਭਜਨ ਸਿੰਘ ਭਿੰਡਰ ਨੂੰ ਪੁੱਛਿਆ ਕਿ ਪਿੱਛਲੇ 16 ਸਾਲਾਂ ਵਿੱਚ ਉਸਨੇ ਗਾਂਧੀ ਦੇ ਬੁੱਤ ਲਹਾਉਣ ਤੋਂ ਬਿਨਾਂ ਸਿੱਖਾਂ ਲਈ ਜਾਂ ਖਾਲਸਾ ਰਾਜ ਲਈ ਕੀ ਕੰਮ ਕੀਤਾ ਹੈ ਉਸਦੇ ਵੇਰਵੇ ਦਵੇ। ਸਾਨੂੰ ਸੁਆਲ ਕਰਨ ਵਾਲ਼ਿਆਂ ਨੇ ਸਿਰਫ ਵਿਰੋਧ ਵਿੱਚ ਹੀ ਕੰਮ ਕੀਤਾ ਹੈ, ਸਿੱਖਾਂ ਦੀ ਕੋਈ ਸੰਸਥਾਂ ਉਸਾਰਨ ਦੀ ਬਜਾਏ ਉਸਨੂੰ ਹੀ ਢਾਹੁਣ ਦਾ ਕੰਮ ਵਿਢਿਆ ਹੋਇਆ ਹੈ। ਅਗਲੇ ਦਿਨਾਂ ਵਿੱਚ ਸਿੱਖ ਕਾਕਸ ਕਮੇਟੀ ਸੰਗਤ ਨੂੰ ਕਿਤਾਬ ਵਿੱਚ ਉਠਾਏ ਹਰ ਸੁਆਲ ਦਾ ਜੁਆਬ ਦਏਗੀ