ਪ੍ਰਧਾਨ ਮੰਤਰੀ ਵੱਲੋਂ ਬਾਦਲਾਂ ਦੇ ਸਿਆਸੀ ਸ਼ਰੀਕ ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਵਿਰਾਸਤ ਦਾ ਵਾਰਿਸ ਕਰਾਰ

ਪ੍ਰਧਾਨ ਮੰਤਰੀ ਵੱਲੋਂ ਬਾਦਲਾਂ ਦੇ ਸਿਆਸੀ ਸ਼ਰੀਕ ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਵਿਰਾਸਤ ਦਾ ਵਾਰਿਸ ਕਰਾਰ

ਪ੍ਰਧਾਨ ਮੰਤਰੀ ਨੇ ਬਾਦਲਾਂ ਦੇ ਸਿਆਸੀ ਸ਼ਰੀਕ ਸੁਖਦੇਵ ਸਿੰਘ ਢੀਂਡਸਾ ਨੂੰ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਦਾ ਵਾਰਿਸ ਕਰਾਰ ਦੇ ਕੇ ਇੱਕ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਝਟਕਾ ਦਿਤਾ ਹੈ।

ਸੂਤਰਾਂ ਦਾ ਦੱਸਣਾ ਹੈ ਕਿ ਬੀਤੇ ਦਿਨੀਂ ਭਾਜਪਾ ਆਗੂ ਭੂਪਿੰਦਰ ਯਾਦਵ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਰਾਬਤਾ ਕਾਇਮ ਕਰਕੇ ਐਨਡੀਏ ਦੀ ਮੀਟਿੰਗ ਵਿੱਚ ਪੁੱਜਣ ਲਈ ਸੱਦਾ ਦਿੱਤਾ ਗਿਆ ਸੀ। ਭਾਜਪਾ ਪੰਜਾਬ ਵਿੱਚ ਆਪਣਾ ਵੀ ਆਧਾਰ ਵਧਾਉਣਾ ਚਾਹੁੰਦੀ ਹੈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਸਿਆਸੀ ਗੱਠਜੋੜ ਤੋੜਨ ਤੋਂ ਬਾਅਦ ਤੇ ਪੰਥਕ ਆਧਾਰ ਖੁਰਨ ਤੋਂ ਬਾਅਦ ਅਕਾਲੀ ਦਲ ਦਾ ਪੰਜਾਬ ਵਿੱਚ ਸਿਆਸੀ ਪ੍ਰਭਾਵ ਲਗਾਤਾਰ ਘਟਦਾ ਜਾ ਰਿਹਾ ਹੈ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਦਾ ਵੋਟ ਬੈਂਕ ਘੱਟ ਕੇ 18 ਫੀਸਦੀ ਤੱਕ ਰਹਿ ਗਿਆ ਸੀ ਜਦੋਂ ਕਿ ਭਾਜਪਾ ਨੇ ਗੁਜ਼ਾਰੇ ਜੋਗੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਸੰਸਦੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਪ੍ਰਭਾਵਸ਼ਾਲੀ ਵੋਟ ਬੈਂਕ ਹਾਸਲ ਕੀਤਾ ਸੀ ਜਦੋਂ ਕਿ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਵਿਚ ਵੀ ਨਿਰਾਸ਼ਾ ਮਿਲੀ।

ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਲੋਕ ਸਭਾ ਵਿੱਚ ਦੋ ਮੈਂਬਰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਹਨ। ਇਸ ਪਾਰਟੀ ਦਾ ਰਾਜ ਸਭਾ ਵਿੱਚ ਕੋਈ ਮੈਂਬਰ ਨਹੀਂ ਹੈ। ਪੰਜਾਬ ਵਿਧਾਨ ਸਭਾ ਵਿੱਚ ਵੀ ਪਾਰਟੀ ਨੂੰ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਮੰਨਿਆ ਜਾ ਰਿਹਾ ਹੈ ਕਿ ਹੁਣ ਸੁਖਬੀਰ ਬਾਦਲ ਦੀ ਪਾਰਟੀ ਉਪਰ ਪਕੜ ਹੋਰ ਵੀ ਘਟ ਸਕਦੀ ਹੈ। 

ਇਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਵਿਚੋਂ ਉੱਭਰਿਆ ਅਕਾਲੀ ਦਲ, ਜਿਸ ਦੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਰਾਜਨੀਤਕ ਅਤੇ ਧਾਰਮਿਕ ਖੇਤਰਾਂ ਵਿਚ ਵੱਡੀ ਭੂਮਿਕਾ ਰਹੀ ਹੈ, ਇਸ ਸਮੇਂ ਬੇਹੱਦ ਕਮਜ਼ੋਰ ਤੇ ਨਿਤਾਣਾ ਨਜ਼ਰ ਆ ਰਿਹਾ ਹੈ। 1920 ਵਿਚ ਇਸ ਦੇ ਉਥਾਨ ਤੋਂ ਲੈ ਕੇ 100 ਸਾਲਾਂ ਦੇ ਸਫ਼ਰ ਦੌਰਾਨ ਸ਼ਾਇਦ ਹੀ ਇਸ ਲਈ ਇਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਣ, ਜਿਸ ਤਰ੍ਹਾਂ ਕਿ ਹੁਣ ਬਣੀਆਂ ਹੋਈਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਇਸ ਦੇ ਹੱਥੋਂ ਨਿਕਲ ਚੁੱਕੀ ਹੈ ਅਤੇ ਇਸ ਦੇ ਦਿੱਲੀ ਯੂਨਿਟਾਂ ਨੇ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਿਚ ਬਗ਼ਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਰੂਪ ਵਿਚ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੇ ਗਠਨ ਨਾਲ ਵੀ ਇਸ ਦਾ ਪ੍ਰਭਾਵ ਘਟਿਆ ਹੈ। ਪਾਰਟੀ ਅੰਦਰ ਬੇਚੈਨੀ ਹੈ ਤੇ ਚੋਣ ਰਾਜਨੀਤੀ ਵਿਚ ਇਹ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਇਸ ਦੇ ਆਗੂਆਂ 'ਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ ਤੇ ਇਹ ਕੋਈ ਵੀ ਢੁੱਕਵਾਂ ਪ੍ਰਤੀਕਰਮ ਪ੍ਰਗਟ ਕਰਨ ਵਿਚ ਅਸਫ਼ਲ ਹੋ ਰਿਹਾ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਆਗੂਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਉਸ ਦੇ ਮੈਂਬਰਾਂ ਇਥੋਂ ਤੱਕ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ਿਲਾਫ਼ ਵੀ ਬੜੀ ਹੱਤਕ ਭਰੀ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਪਰ ਅਕਾਲੀ ਦਲ ਇਸ ਦਾ ਕੋਈ ਗੰਭੀਰ ਨੋਟਿਸ ਨਹੀਂ ਲੈ ਸਕਿਆ। 20 ਜੂਨ, 2023 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਕੇ ਗੁਰਦੁਆਰਾ ਐਕਟ 1925 ਵਿਚ ਧਾਰਾ 125ਏ ਸ਼ਾਮਿਲ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਸਭ ਚੈਨਲਾਂ 'ਤੇ ਕਰਵਾਉਣ ਲਈ ਗੁਰਦੁਆਰਾ ਸੋਧ ਬਿੱਲ 2023 ਪਾਸ ਕਰਵਾ ਦਿੱਤਾ। ਇਹ ਬਿੱਲ ਪਾਸ ਕਰਵਾਉਣ ਦੌਰਾਨ ਵਿਧਾਨ ਸਭਾ ਦੇ ਲਾਈਵ ਚਲ ਰਹੇ ਸੈਸ਼ਨ ਵਿਚ ਅਕਾਲੀ ਦਲ ਦੇ ਪ੍ਰਧਾਨ ਦੇ ਕੇਸਾਂ ਤੇ ਦਾਹੜੇ ਦਾ ਖ਼ੂਬ ਮਜ਼ਾਕ ਉਡਾਇਆ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ਼ ਵੀ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਗਈਆਂ। ਇਸ ਸੰਬੰਧੀ ਵੀ ਅਕਾਲੀ ਦਲ ਦਾ ਹੁਣ ਤੱਕ ਕੋਈ ਤਿੱਖਾ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਗੁਰਬਾਣੀ ਕੀਰਤਨ ਦਾ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਨ ਕਿਸ ਚੈਨਲ 'ਤੇ ਹੋਵੇ ਜਾਂ ਨਾ ਹੋਵੇ, ਇਹ ਇਕ ਵੱਖਰਾ ਮੁੱਦਾ ਹੈ। ਇਸ ਬਾਰੇ ਸਿੱਖ ਸੰਗਤਾਂ ਅਤੇ ਪੰਜਾਬ ਦੇ ਹੋਰ ਲੋਕਾਂ ਦੀਆਂ ਵੱਖ-ਵੱਖ ਰਾਵਾਂ ਹੋ ਸਕਦੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਕਾਲੀ ਆਗੂਆਂ, ਸ਼੍ਰੋਮਣੀ ਕਮੇਟੀ ਦੇ ਆਗੂਆਂ ਅਤੇ ਸਿੰਘ ਸਾਹਿਬਾਨ ਦੇ ਖ਼ਿਲਾਫ਼ ਬੇਥਵੀਆਂ ਟਿੱਪਣੀਆਂ ਕਰਨੀਆਂ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣਾ ਇਕ ਬਹੁਤ ਹੀ ਵੱਡਾ ਤੇ ਗੰਭੀਰ ਮਾਮਲਾ ਸੀ, ਜਿਸ ਬਾਰੇ ਰੋਸ ਤੇ ਅੰਦੋਲਨ ਦੇ ਰੂਪ ਵਿਚ ਢੁਕਵਾਂ ਪ੍ਰਤੀਕਰਮ ਦੇਣ ਵਿਚ ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।

ਹੁਣ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਬੇਮਿਸਾਲ ਸੰਘਰਸ਼ਾਂ ਵਿਚੋਂ ਪੈਦਾ ਹੋਈ ਇਹ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਸਾਹ-ਸਤਹੀਣ ਹੋ ਗਈ ਹੈ ਅਤੇ ਇਹ ਨਾ ਤਾਂ ਸਿੱਖ ਪੰਥ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਵਿਚ ਵੱਡਾ ਯੋਗਦਾਨ ਪਾ ਸਕਦੀ ਹੈ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਢੁੱਕਵੀਂ ਲੀਡਰਸ਼ਿਪ ਮੁਹੱਈਆ ਕਰਕੇ ਮੁੜ ਇਕ ਰਾਜਨੀਤਕ ਤਾਕਤ ਵਜੋਂ ਉੱਭਰ ਕੇ ਅੱਗੇ ਆ ਸਕਦੀ ਹੈ, ਜਦੋਂ ਕਿ ਪੰਜਾਬ ਦੇ ਹੱਕਾਂ-ਹਿਤਾਂ ਦੀ ਰਾਖੀ ਲਈ ਇਕ ਮਜ਼ਬੂਤ ਖੇਤਰੀ ਪਾਰਟੀ ਦੀ ਇਸ ਸਮੇਂ ਬੇਹੱਦ ਲੋੜ ਹੈ।

ਬਾਦਲ ਦਲ ਵਿਰੁਧ ਢੀਂਡਸਾ ਸਰਗਰਮ

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਦਿਨ ਐੱਨਡੀਏ ਦੀ ਮੀਟਿੰਗ ਵਿਚ ਕੇਂਦਰੀ ਆਗੂਆਂ ਤੋਂ ਮਿਲੇ ਭਰਵੇਂ ਸਹਿਯੋਗ ਤੋਂ ਬਾਅਦ ਵੱਖ-ਵੱਖ ਧੜਿਆਂ ਵਿਚ ਵੰਡੇ ਅਕਾਲੀ ਆਗੂਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਖ਼ਾਸ ਕਰ ਕੇ ਸੁਖਬੀਰ ਸਿੰਘ ਬਾਦਲ ਨਾਲੋਂ ਨਾਤਾ ਤੋੜਨ ਵਾਲੇ ਅਕਾਲੀ ਆਗੂਆਂ ਦੀ ਇਕ ਅਹਿਮ ਮੀਟਿੰਗ ਬੀਤੇ ਸ਼ਨਿਚਰਵਾਰ ਨੂੰ ਸੈਕਟਰ 36 ਸਥਿਤ ਪੀਪਲਜ਼ ਕਨਵੈਸ਼ਨ ਸੈਂਟਰ ਵਿਖੇ ਹੋਈ। ਮੀਟਿੰਗ ਵਿਚ ਸਾਰੀਆਂ ਧਿਰਾਂ ਵਿਚ ਏਕਤਾ ਕਰਨ ਤੇ ਸਾਰਿਆਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਲਈ ਖੁੱਲ੍ਹ ਕੇ ਚਰਚਾ ਕੀਤੀ ਗਈ।ਕਰੀਬ ਢਾਈ ਘੰਟੇ ਚੱਲੀ ਮੀਟਿੰਗ ਵਿਚ ਢੀਂਡਸਾ ਤੋਂ ਇਲਾਵਾ ਬਾਬਾ ਸਰਬਜੋਤ ਸਿੰਘ ਬੇਦੀ, ਸਾਬਕਾ ਸਪੀਕਰ ਰਈਇੰਦਰ ਸਿੰਘ ਦੁੱਮਣਾ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ, ਸਾਬਕਾ ਰਾਜਦੂਤ ਕੇਸੀ ਸਿੰਘ, ਵਕੀਲ ਮਨਜੀਤ ਸਿੰਘ ਖਹਿਰਾ ਸਮੇਤ ਕਈ ਆਗੂ ਹਾਜ਼ਰ ਸਨ। ਬੀਬੀ ਜਗੀਰ ਕੌਰ ਨੂੰ ਵੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਕਿਸੇ ਕਾਰਨ ਉਹ ਨਹੀਂ ਪਹੁੰਚ ਸਕੇ।ਬਾਬਾ ਸਰਬਜੋਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਉਹ ਸਰਕਾਰ ਨਾਲ ਮਿਲਕੇ ਅਕਾਲੀ ਦਲ ਪ੍ਰਮੋਟ ਨਹੀਂ ਕਰਨਗੇ। ਉਹ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਪੰਥਕ ਏਕਤਾ ਦੇ ਹਕ ਵਿਚ ਹਨ।ਪਰ ਉਹ ਸਿਖ ਪੰਥ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਉਸਾਰਨ ਲਈ ਵਚਨਬਧ ਹਨ। ਇਸ ਬਾਰੇ ਉਹ ਸਰਗਰਮ ਹਨ।ਪਰ ਉਹ ਇਕ ਧੜੇ ਨਾਲ ਨਹੀਂ ਬਝਣਗੇ।

ਇਸ ਮੀਟਿੰਗ ਵਿਚ ਸਾਰੀਆਂ ਧਿਰਾਂ ਵਿਚ ਏਕਤਾ ਕਰਵਾਉਣ ਤੇ ਇਕ ਮੰਚ ’ਤੇ ਲਿਆਉਣ ਲਈ ਏਕਤਾ ਫਾਰਮੂਲਾ ਲੱਭਣ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਿਚ ਸੁਧਾਰ ਲਿਆਉਣ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਸਮੇਤ ਕਈ ਪੰਥਕ ਮੁੱਦਿਆਂ ’ਤੇ ਚਰਚਾ ਹੋਈ। ਕਈ ਆਗੂਆਂ ਨੇ ਸੁਝਾਅ ਦਿੱਤਾ ਕਿ ਸਾਰਿਆਂ ਨੂੰ ਇਕੱਠਾ ਕਰਨ ਲਈ ਇਕ ਸਾਂਝੀ ਕੌਂਸਲ ਬਣਾਈ ਜਾ ਸਕਦੀ ਹੈ ਜਾਂ ਫਿਰ ਸਾਰੇ ਵੱਡੇ ਆਗੂਆਂ ਦੀ ਇਕ ਸਾਂਝੀ ਕਮੇਟੀ ਬਣਾਈ ਜਾ ਸਕਦੀ ਹੈ। ਅਗਲੇ ਹਫ਼ਤੇ ਦੁਬਾਰਾ ਮੀਟਿੰਗ ਬਲਾਏ ਜਾਣ ’ਤੇ ਸਹਿਮਤੀ ਬਣ ਗਈ