'ਸਿਖਾਂ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਐੱਨ.ਆਈ.ਏ ਇੰਗਲੈਂਡ 'ਚ ਘਿਰੀ

'ਸਿਖਾਂ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਐੱਨ.ਆਈ.ਏ ਇੰਗਲੈਂਡ 'ਚ ਘਿਰੀ

ਧਮਕੀਆਂ ਦੀ ਰਿਪੋਰਟ ਸਿਖਾਂ ਨੇ ਸੰਸਦ ਮੈਂਬਰਾਂ ਪੈਟ ਮੈਕਫੈਡਨ, ਜੌਹਨ ਸਪੈਲਰ ਅਤੇ ਢੇਸੀ ਨੂੰ ਕੀਤੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ : ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਭਾਰਤੀ ਟੀਵੀ 'ਤੇ ਪ੍ਰਵਾਸੀ 20 ਸਿੱਖਾਂ ਦੀ 'ਹਿੱਟ ਲਿਸਟ' ਦੇ ਪ੍ਰਸਾਰਣ ਨੇ ਹੁਣ ਇਕ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਵਿੱਚ ਯੂਕੇ ਅਮਰੀਕਾ ਅਤੇ ਕੈਨੇਡਾ ਵਿਚ ਰਹਿੰਦੇ ਸਿੱਖ ਵੀ ਸ਼ਾਮਲ ਹਨ। ਯੂਕੇ ਦੇ 6 ਸਿੱਖ ਹਨ ਅਤੇ ਉਨ੍ਹਾਂ ਵਿਚੋਂ ਕੁਝ ਨੇ ਭਾਰਤੀ ਏਜੰਸੀਆਂ ਵਲੋਂ ਧਮਕੀਆਂ ਦੇਣ , ਪ੍ਰੇਸ਼ਾਨ ਕਰਨ ਡਰਾਉਣ ਅਤੇ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਪੁਲਸ ਨੂੰ ਰਿਪੋਰਟ ਕੀਤੀ ਹੈ ਅਤੇ ਆਪਣੇ ਹੀ ਸੰਸਦ ਮੈਂਬਰਾਂ ਨਾਲ ਸੰਪਰਕ ਕੀਤਾ ਹੈ। ਸੰਸਦ ਮੈਂਬਰਾਂ ਵਿੱਚ ਪੈਟ ਮੈਕਫੈਡਨ, ਜੌਹਨ ਸਪੈਲਰ ਅਤੇ ਤਨਮਨਜੀਤ ਸਿੰਘ ਢੇਸੀ ਸ਼ਾਮਲ ਹਨ।ਇਹ ਸਮਝਿਆ ਜਾਂਦਾ ਹੈ ਕਿ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਪਹਿਲਾਂ ਹੀ ਯੂਕੇ ਵਿੱਚ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਜਨਤਕ ਤੌਰ 'ਤੇ ਨਿਸ਼ਾਨਾ ਬਣਾਇਆ ਹੈ ਕੇ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਖਾਲਿਸਤਾਨੀ ਮੁਹਿੰਮ ਦੇ ਸਬੰਧ ਵਿੱਚ ਐੱਨਆਈਏ ਜਾਂਚ ਕਰ ਰਹੀ ਹੈ। ਭਾਰਤੀ ਟੀਵੀ 'ਤੇ ਡਾਇਸਪੋਰਾ 'ਚ 20 ਸਿੱਖਾਂ ਦੀ 'ਹਿੱਟ ਲਿਸਟ' ਦਾ ਪ੍ਰਕਾਸ਼ਨ ਅਮਰੀਕਾ, ਯੂਕੇ ਅਤੇ ਕੈਨੇਡੀਅਨ ਪ੍ਰਸ਼ਾਸਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਇਕ ਵੱਡੀ ਚੁਣੌਤੀ ਹੈ।

ਸਿੱਖ ਫੈਡਰੇਸ਼ਨ (ਯੂ.ਕੇ.) ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ "ਇਹ ਅਮਰੀਕਾ, ਯੂਕੇ ਅਤੇ ਕੈਨੇਡੀਅਨ ਸਰਕਾਰਾਂ ਲਈ ਇਕ ਜਨਤਕ ਚੁਣੌਤੀ ਨੂੰ ਦਰਸਾਉਂਦਾ ਹੈ ,ਕਿਉਂਕਿ ਇਹ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਵਿਦੇਸ਼ੀ ਧਰਤੀ 'ਤੇ ਭਾਰਤੀ 'ਰਾਜਕੀ ਅੱਤਵਾਦ' ਨੂੰ ਖੁੱਲ੍ਹੇਆਮ ਉਤਸ਼ਾਹਿਤ ਕਰਦਾ ਹੈ।ਸਿਖਾਂ ਨੂੰ ਐੱਨ.ਆਈ.ਏ ਤੇ ਹੋਰ ਭਾਰਤੀ ਖੁਫੀਆ ਏਜੰਸੀਆਂ ਰਾਹੀਂ ਧਮਕਾ ਰਿਹਾ ਹੈ।ਭਾਰਤ ਵਿਚ ਸਿਖਾਂ ਉਪਰ ਅਤਿਆਚਾਰਾਂ , ਕੈਨੇਡਾ ,ਯੂਕੇ ,ਪਾਕਿਸਤਾਨ ਵਿਚ ਸਿੰਘਾਂ ਦੇ ਕਤਲਾਂ ਬਾਰੇ ਸਿਖ ਪੰਥ ਨੂੰ ਅਵਾਜ਼ ਉਠਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਭਾਰਤ ਵਿਚ ਸਿੱਖ ਸੁਰਖਿਅਤ ਨਹੀਂ ਹਨ।