ਹਿੰਦ-ਮਹਾਂਦੀਪ ਦਾ ਲਾਸਾਨੀ ਪਹਿਲਵਾਨ ਕਿੱਕਰ ਸਿੰਘ

ਹਿੰਦ-ਮਹਾਂਦੀਪ ਦਾ ਲਾਸਾਨੀ ਪਹਿਲਵਾਨ ਕਿੱਕਰ ਸਿੰਘ

ਮਹਾਂਬਲੀ ਕਿੱਕਰ ਸਿੰਘ ਹਿੰਦ-ਮਹਾਂਦੀਪ ਦਾ ਲਾਸਾਨੀ ਪਹਿਲਵਾਨ ਸੀ। ਬੇਸ਼ੱਕ ਉਹ ਕਦੇ ਵਿਦੇਸ਼ ਨਹੀਂ ਸੀ ਗਿਆ ਪਰ ਉਹਦੀ ਕੁਸ਼ਤੀ ਦੀਆਂ ਧੁੰਮਾਂ ਕੁਲ ਦੁਨੀਆ ’ਚ ਪੈਂਦੀਆਂ ਰਹੀਆਂ।

ਉਹਦਾ ਰੰਗ ਕਿੱਕਰ ਵਰਗਾ ਸਾਂਵਲਾ, ਨੈਣ ਨਕਸ਼ ਮੋਟੇ ਠੁੱਲ੍ਹੇ, ਕੱਦ ਸੱਤ ਫੁੱਟ ਤੇ ਵਜ਼ਨ ਸੱਤ ਮਣ ਸੀ। ਵੇਖਣ ਨੂੰ ਦਿਓ ਲੱਗਦਾ ਸੀ। ਉਹਦੇ ਪੱਟ ਮੁਗਦਰਾਂ ਵਰਗੇ ਸਨ ਤੇ ਛਾਤੀ ਦਾ ਘੇਰਾ ਅੱਸੀ ਇੰਚ ਸੀ। ਐੱਸ ਮਜ਼ੂਮਦਾਰ ਨੇ ਉਹਦੇ ਬਾਰੇ ਲਿਖਿਆ: ਮੈਂ 1910 ਵਿਚ ਅਲਾਹਾਬਾਦ ਦੀ ਨੁਮਾਇਸ਼ ਵੇਖਣ ਗਿਆ। ਉੱਥੇ ਪਹਿਲਵਾਨ ਕਿੱਕਰ ਸਿੰਘ ਦੇ ਦਰਸ਼ਨ ਹੋਏ। ਬਰਤਾਨੀਆ ਸਰਕਾਰ ਨੇ ਉਸ ਨੂੰ ਦੇਵ-ਏ-ਹਿੰਦ ਦਾ ਖ਼ਿਤਾਬ ਦਿੱਤਾ ਹੋਇਆ ਸੀ। ਉਹ ਭਲਵਾਨਾਂ ਦੀ ਟੋਲੀ ’ਚ ਖੜ੍ਹਾ ਸਭਨਾਂ ਤੋਂ ਹੱਥ ਉੱਚਾ ਦਿਸਦਾ ਸੀ। ਸਿਰ ’ਤੇ ਸਫ਼ੈਦ ਪੱਗ, ਮਲਮਲ ਦਾ ਖੁੱਲ੍ਹਾ ਕੁੜਤਾ ਤੇ ਤੇੜ ਤੰਬਾ ਲਾਇਆ ਹੋਇਆ ਸੀ। ਦਸੰਬਰ ਵਿਚ ਵੀ ਉਹ ਖਜੂਰ ਦੇ ਪੱਤਿਆਂ ਦੀ ਪੱਖੀ ਝੱਲ ਰਿਹਾ ਸੀ। ਇਉਂ ਲੱਗਦਾ ਸੀ ਜਿਵੇਂ ਉਹ ਵੀ ਨੁਮਾਇਸ਼ ਦਾ ਇੱਕ ਅੰਗ ਹੋਵੇ। ਮੈਂ ਉਹਦੀ ਛਾਤੀ ਮਿਣਨੀ ਚਾਹੀ ਤਾਂ ਉਸ ਤੋਂ ਮਸੀਂ ਆਗਿਆ ਮਿਲੀ। ਅਸੀਂ ਉਹਦੀ ਛਾਤੀ ਦੁਆਲੇ ਫੀਤਾ ਵਲਿਆ। ਮਿਣਤੀ ਵੇਖੀ ਤਾਂ 80 ਇੰਚ ਨਿਕਲੀ! ਮੈਂ ਹੈਰਾਨ ਰਹਿ ਗਿਆ ਤੇ ਉਹਦੇ ਅੱਖੜ ਸੁਭਾਅ ਤੋਂ ਡਰਦਾ ਪੇਟ, ਡੌਲ਼ੇ ਤੇ ਪੱਟ ਨਾ ਮਿਣ ਸਕਿਆ।

ਅੱਖੜ ਸੁਭਾਅ ਦਾ ਹੋਣ ਕਰਕੇ ਹੀ ਉਹ ਪੰਡਤ ਮੋਤੀ ਲਾਲ ਨਹਿਰੂ ਨਾਲ 1900 ਵਿਚ ਪੈਰਿਸ ਦੀ ਨੁਮਾਇਸ਼ ’ਚ ਨਾ ਗਿਆ। ਉਹ ਲੱਖ ਰੁਪਈਏ ਅਗਾਊਂ ਲੈਣ ’ਤੇ ਅੜ ਗਿਆ। ਮੋਤੀ ਲਾਲ ਨੇ ਫਿਰ ਪਹਿਲਵਾਨ ਗ਼ੁਲਾਮ ਨੂੰ ਪੈਰਿਸ ਜਾਣ ਲਈ ਮਨਾ ਲਿਆ ਜਿਸ ਨੇ ਰੁਸਤਮੇ-ਜ਼ਮਾਂ ਦਾ ਖ਼ਿਤਾਬ ਜਿੱਤਿਆ ਜੋ ਕਿੱਕਰ ਸਿੰਘ ਨੇ ਸਹਿਜੇ ਹੀ ਜਿੱਤ ਜਾਣਾ ਸੀ। ਕੁਸ਼ਤੀਆਂ ਦੀਆਂ ਜਿੱਤਾਂ ਤੇ ਰਾਜੇ ਮਹਾਰਾਜਿਆਂ ਤੋਂ ਮਿਲੇ ਨਕਦ ਇਨਾਮ ਉਹ ਬੈਂਕ ਵਿਚ ਜਮ੍ਹਾਂ ਨਹੀਂ ਸੀ ਕਰਾਉਂਦਾ। ਮਿਲੇ ਪੈਸੇ ਟਰੰਕਾਂ ’ਚ ਰੱਖ ਕੇ ਜਿੰਦੇ ਲਾ ਦਿੰਦਾ। ਜਦ ਉਹ ਮਰਿਆ ਤਾਂ ਉਹਦੇ ਪੁੱਤਰਾਂ ਨੂੰ ਰੁਪਈਆਂ ਨਾਲ ਭਰੇ ਭਰਾਏ ਟਰੰਕ ਮਿਲੇ।
ਪਹਿਲਵਾਨ ਗ਼ੁਲਾਮ, ਕੱਲੂ ਦਾ ਵੱਡਾ ਭਰਾ ਸੀ ਜੋ ਏਨਾ ਨਿਮਰ ਸੀ ਕਿ ਹਰ ਆਏ ਗਏ ਨੂੰ ਕਹਿੰਦਾ: ਮੈਂ ਤੁਹਾਡਾ ਗ਼ੁਲਾਮ ਆਂ, ਸੇਵਾ ਦੱਸੋ। ਕਸ਼ਮੀਰੀ ਪਿਛੋਕੜ ਦਾ ਉਹ ਅੰਬਰਸਰੀਆ ਪਹਿਲਵਾਨ ਦੰਗਲ ’ਤੇ ਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਦਾ ਸੀ ਤੇ ਮੁੜ ਕੇ ਸ਼ੁਕਰਾਨਾ ਕਰਨ ਲਈ ਫਿਰ ਦਰਬਾਰ ਸਾਹਿਬ ਆਉਂਦਾ ਸੀ। ਗ਼ੁਲਾਮ ਦੇ ਉਲਟ ਕੱਲੂ ਚੱਕਵੀਂ ਗੱਲ ਕਰਦਾ ਸੀ। ਉਸ ਨੇ ਪੇਲੜੇ ਪਹਿਲਵਾਨ ਦੇ ਪੁੱਤਰ ਕਰੀਮ ਬਖ਼ਸ਼ ਨੂੰ ਤਨਜ਼ ਮਾਰੀ ਸੀ, ਔਹ ਪੇਲੜੇ ਦੀ ਬੁਲਬੁਲ ਚੱਲੀ ਏ! ਫਿਰ ਉਸੇ ਕਰੀਮ ਬਖ਼ਸ਼ ਨੇ ਇੰਨੀ ਮਿਹਨਤ ਕੀਤੀ ਕਿ ਇੰਗਲੈਂਡ ਦੇ ਟੌਮ ਕੈਨਨ ਨੂੰ ਢਾਹ ਕੇ ਰੁਸਤਮੇ-ਜ਼ਮਾਂ ਬਣਿਆ।
ਬਲਬੀਰ ਸਿੰਘ ਕੰਵਲ ਦੀ ਲਿਖਤ ਅਨੁਸਾਰ: ਕਿੱਕਰ ਸਿੰਘ ਸਾਬਤਾ ਬੱਕਰਾ ਖਾ ਜਾਂਦਾ ਸੀ ਪਰ ਖਾਂਦਾ ਉਹਲੇ ਨਾਲ ਸੀ। ਉਂਜ, ਉਹਦੀ ਰੋਜ਼ਾਨਾ ਖੁਰਾਕ ਵਿਚ ਇਕ ਸੇਰ (ਕਿਲੋ) ਬਦਾਮਾਂ ਦੀ ਸਰਦਾਈ ਸਵੇਰ ਨੂੰ, ਪੰਜ ਸੇਰ ਮਾਸ ਦੀ ਯਖਣੀ ਦੁਪਹਿਰ ਨੂੰ, ਇਕ ਸੇਰ ਭੁੰਨਿਆ ਮੀਟ ਅਤੇ ਕੁਝ ਮੁਰੱਬੇ ਤੇ ਕੁਸ਼ਤੇ ਬਗ਼ੈਰਾ ਹੁੰਦੇ ਸਨ। ਇਸ ਤੋਂ ਬਿਨਾਂ ਉਹ ਦੁੱਧ-ਦਹੀਂ ਤੇ ਮੱਖਣ-ਘਿਉ ਦੀ ਖੁੱਲ੍ਹੀ ਵਰਤੋਂ ਕਰਦਾ ਸੀ। ਇੰਨੀ ਖੁਰਾਕ ਪਚਾਉਣ ਲਈ ਉਹ ਪਹਿਰ ਦੇ ਤੜਕੇ ਉੱਠ ਖੜ੍ਹਦਾ ਤੇ ਪਹੁ ਫੁਟਦੀ ਤੱਕ ਡੰਡ ਬੈਠਕਾਂ ਕੱਢਦਾ, ਜ਼ੋਰ ਕਰਦਾ ਰਹਿੰਦਾ। ਪਹੁ ਫੁਟਾਲੇ ਦਾ ਚਾਨਣ ਹੁੰਦਿਆਂ ਦੋ ਮਣ ਭਾਰਾ ਖਰਾਸ ਦਾ ਪੁੜ ਗਲ਼ ’ਚ ਪਾ ਕੇ ਘਣੀਏਕੇ ਤੋਂ ਕਰਬਾਠ ਪਿੰਡ ਵਿਚਕਾਰ ਛੇ ਮੀਲ ਦੌੜਦਾ। ਕਦੇ ਕਦੇ ਖਰਾਸ ਦੀ ਗਾਧੀ ਜੁੜ ਕੇ ਮਣ ਮਣ ਦਾਣੇ ਪੀਹ ਦਿੰਦਾ ਤੇ ਖੂਹ ਦੀ ਗਾਧੀ ਜੁੜ ਕੇ ਵਿੱਘਾ ਪੈਲੀ ਪਿਆ ਦਿੰਦਾ। ਖਰਾਸ ਦਾ ਪੁੜ ਗਲ਼ ’ਚ ਪਾਉਣ ਨਾਲ ਉਹਦੀ ਧੌਣ ’ਤੇ ਕੰਨ੍ਹਾ ਪੈ ਗਿਆ ਸੀ। ਕੰਨ੍ਹੇ ’ਤੇ ਮਾਸ ਦੀਆਂ ਤਿੰਨ ਤਹਿਆਂ ਬੱਝ ਗਈਆਂ ਸਨ। ਉਹਦੇ ਹੱਥਾਂ ’ਤੇ ਵੀ ਰੱਟਣ ਸਨ ਜੋ ਖੁਰਦਰੇ ਹੋ ਗਏ ਸਨ। ਜਦੋਂ ਉਹ ਵਿਰੋਧੀ ਦੇ ਧੌਲ ਮਾਰਦਾ ਤਾਂ ਅਗਲੇ ਦੀ ਚਮੜੀ ਉਧੇੜ ਦਿੰਦਾ।
ਦੰਦਕਥਾ ਹੈ ਕਿ ਇਕ ਵਾਰ ਉਸ ਨੇ ਭੂਤਰੇ ਹੋਏ ਮਾਰਨਖੰਡੇ ਸਾਨ੍ਹ ਦੇ ਸਿੰਗ ਫੜ ਲਏ। ਫੇਰ ਕੀ ਸੀ, ਕਦੇ ਸਾਨ੍ਹ ਉਸ ਨੂੰ ਦਸ ਕਦਮ ਪਿੱਛੇ ਧੱਕ ਲਿਜਾਂਦਾ ਕਦੇ ਕਿੱਕਰ ਸਿੰਘ। ਚਰਾਂਦ ਦੀ ਮਿੱਟੀ ਸਾਨ੍ਹ ਦੇ ਖੁਰਾਂ ਨਾਲ ਇਉਂ ਪੁੱਟੀ ਗਈ ਜਿਵੇਂ ਕਹੀ ਨਾਲ ਅਖਾੜਾ ਪੁੱਟਿਆ ਹੋਵੇ। ਪਿੰਡ ਦੇ ਲੋਕ ਲਾਂਭੇ ਖੜ੍ਹੇ ਤਮਾਸ਼ਾ ਵੇਖਦੇ ਰਹੇ। ਧੱਕੋ-ਧੱਕੀ ਹੁੰਦਿਆਂ ਕਿੱਕਰ ਸਿੰਘ ਨੇ ਹੰਕਾਰੇ ਸਾਨ੍ਹ ਦੀ ਮੋਕ ਵਗਾ ਦਿੱਤੀ। ਅਖ਼ੀਰ ਲੋਕਾਂ ਦੇ ਕਹਿਣ ’ਤੇ ਕਿੱਕਰ ਸਿੰਘ ਨੇ ਸਾਨ੍ਹ ਦੇ ਸਿੰਗ ਛੱਡੇ। ਸਿੰਗ ਛੁੱਟਦਿਆਂ ਹੀ ਸਾਨ੍ਹ ਐਸਾ ਦੌੜਿਆ, ਮੁੜ ਕੇ ਘਣੀਏਕੇ ਦੀ ਜੂਹ ਵਿਚ ਨਾ ਵੜਿਆ।
ਦਿਉ ਵਰਗੇ ਇਸ ਪਹਿਲਵਾਨ ਦਾ ਜਨਮ ਮਾਝੇ ਦੇ ਪਿੰਡ ਘਣੀਏਕੇ, ਜ਼ਿਲ੍ਹਾ ਲਾਹੌਰ ਵਿਚ ਹੋਇਆ ਸੀ। ਉਹ ਗਦਰ ਵਾਲੇ ਸਾਲ 1857 ਵਿਚ ਜਵਾਲਾ ਸਿੰਘ ਸੰਧੂ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਕੱਤੇ ਦੇ ਮਹੀਨੇ ਜੰਮਿਆ ਸੀ। ਕਿਸਾਨ ਪਰਿਵਾਰਾਂ ਵਿਚ ਕੱਤੇ ’ਚ ਜੰਮੇ ਬਾਲ ਬਦਸ਼ਗਨੇ ਸਮਝੇ ਜਾਂਦੇ ਹਨ। ਇਹ ਮਹੀਨਾ ਸਾਉਣੀ ਸਾਂਭਣ ਤੇ ਹਾੜ੍ਹੀ ਬੀਜਣ ਦਾ ਹੁੰਦਾ ਹੈ। ਕਿਸਾਨਾਂ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੁੰਦੀ। ਕਹਾਵਤ ਹੈ ‘ਕੱਤੇ ਦੀ ਬਿਜਾਈ ਜੱਟ ਮਾਂ ਭੜੋਲੇ ਪਾਈ’ ਬਈ ਬੀਜ ਬਿਜਾਈ ਕਰ ਕੇ ਹੀ ਮਾਂ ਦਾ ਸਸਕਾਰ ਕਰਾਂਗੇ!
ਪੱਛਮੀ ਪੰਜਾਬ ਦੇ ਖੋਜੀ ਲੇਖਕ ਇਲਿਆਸ ਘੁੰਮਣ ਨੇ ਲਿਖਿਆ: ਕਿੱਕਰ ਸਿੰਘ ਬਾਰੇ ਹੋਰ ਜਾਣਕਾਰੀ ਉਹਦੀ ਜਨਮ ਭੂਮੀ ਤੋਂ ਲੱਭੀ। ਇਸ ਸਿਲਸਿਲੇ ਵਿਚ ਅਸੀਂ ਲਾਹੌਰ ਤੋਂ ਕੋਈ 34 ਕਿਲੋਮੀਟਰ ਦੀ ਵਾਟ ਉੱਤੇ ਵਸੇ ਪਿੰਡ ਘਣੀਏਕੇ ਗਏ। ਕਿੱਕਰ ਸਿੰਘ ਦੇ ਉੱਜੜੇ ਹੋਏ ਜਨਮ ਸਥਾਨ ਤੇ ਉਹਦੀ ਤਬਾਹ ਹਾਲ ਸਮਾਧ ਦੇ ਦਰਸ਼ਨਾਂ ਦੌਰਾਨ ਸਾਡੀ ਮੁਲਾਕਾਤ ਮੁਹੰਮਦ ਤੁਫ਼ੈਲ ਭੁੱਟਾ ਨਾਂ ਦੇ ਵਡੇਰੀ ਉਮਰ ਦੇ ਬਜ਼ੁਰਗ ਨਾਲ ਹੋਈ। ਇਹ ਉਹੀ ਬੰਦਾ ਸੀ ਜਿਹੜਾ ਕੁਝ ਸਾਲ ਪਹਿਲਾਂ ਸਰਕਾਰੀ ਕਰਿੰਦਿਆਂ ਨੂੰ ਕਿੱਕਰ ਸਿੰਘ ਦੀ ਸਮਾਧ ਤੋਂ ਸੰਗਮਰਮਰ ਦੀ ਚੌਗਾਠ ਉਖਾੜਦੇ ਵੇਖ ਉਨ੍ਹਾਂ ਅੱਗੇ ਡਟ ਗਿਆ ਸੀ ਤੇ ਉਸ ਨੇ ਛਾਤੀ ਨੰਗੀ ਕਰ ਕੇ ਆਖਿਆ ਸੀ, ‘‘ਮੈਨੂੰ ਗੋਲੀ ਮਾਰ ਦਿਉ ਪਰ ਸਾਡੇ ਮਹਾਂਬਲੀ ਭਲਵਾਨ ਦੀ ਯਾਦਗਾਰ ਨੂੰ ਨੁਕਸਾਨ ਨਾ ਪੁਚਾਓ।’’
ਮੁਹੰਮਦ ਤੁਫ਼ੈਲ ਤੇ ਘਣੀਏਕੇ ਦੇ ਬਜ਼ੁਰਗਾਂ ਤੋਂ ਪਤਾ ਲੱਗਾ ਕਿ ਅਕਬਰ ਦੇ ਜ਼ਮਾਨੇ ਵਿਚ ਤਰਨ ਤਾਰਨ ਲਾਗਿਓਂ ਬਸਤੀ ਦੁਧੀਰ ਤੋਂ ਜੱਬੂ ਨਾਂ ਦਾ ਸੰਧੂ ਜੱਟ ਆਪਣੇ ਪੁੱਤਰਾਂ ਘਣੀਆ, ਡਾਗਾਂ ਤੇ ਗੌਣੀਆ ਨੂੰ ਲੈ ਕੇ ਸੁਰ ਸਿੰਘ ਤੋਂ ਅੱਗੇ ਭੜਾਣੇ ਜਾ ਵਸਿਆ। ਸਬੱਬ ਦੀ ਗੱਲ ਹੈ ਕਿ ਪੰਜਾਬੀ ਕਹਾਣੀ ਦੇ ਰੁਸਤਮ ਦਾ ਪਿਛੋਕੜ ਵੀ ਭਡਾਣੇ ਦਾ ਹੈ। ਉੱਥੇ ਜੱਬੂ ਨੇ ਖੁੱਲ੍ਹੀ ਪਈ ਕਾਫ਼ੀ ਸਾਰੀ ਜ਼ਮੀਨ ਵਲ਼ ਲਈ। ਜੱਬੂ ਦੇ ਮਰਨ ਪਿੱਛੋਂ ਘਣੀਏ ਨੇ ਜ਼ਮੀਨ ਦੇ ਆਪਣੇ ਹਿੱਸੇ ਵਿਚ ਘਣੀਏਕੇ ਪਿੰਡ ਵਸਾ ਲਿਆ। ਪੀੜ੍ਹੀ ਅੱਗੇ ਤੁਰੀ ਤਾਂ ਘਣੀਏ ਦੀ ਅੱਠਵੀਂ ਪੀੜ੍ਹੀ ’ਚ ਕਾਹਮਾ ਹੋਇਆ। ਕਾਹਮੇ ਦਾ ਪੁੱਤਰ ਸਿੰਘ ਸਜ ਗਿਆ ਜਿਸ ਦਾ ਨਾਮ ਧਰਮ ਸਿੰਘ ਰੱਖਿਆ ਗਿਆ। ਧਰਮ ਸਿੰਘ ਦੀ ਪੀੜ੍ਹੀ ਅੱਗੇ ਤੁਰਦੀ ਦੀਵਾਨ ਸਿੰਘ, ਵਜ਼ੀਰ ਸਿੰਘ, ਕਰਤਾਰ ਸਿੰਘ, ਅਲੋਪ ਸਿੰਘ ਤੇ ਜੁਆਲਾ ਸਿੰਘ ਤੱਕ ਅੱਪੜੀ। ਉਸ ਵੇਲੇ ਤੱਕ ਪੀੜ੍ਹੀਆਂ ’ਚ ਵੰਡੀਦੀ ਜ਼ਮੀਨ ਥੋੜ੍ਹੀ ਥੋੜ੍ਹੀ ਰਹਿ ਗਈ ਜਿਸ ’ਤੇ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ। ਜੁਆਲਾ ਸਿੰਘ ਨੇ ਊਠ ਪਾਲ ਲਏ ਤੇ ਊਠਾਂ ਉੱਤੇ ਲਾਹੌਰ ਤੇ ਅੰਮ੍ਰਿਤਸਰ ਵਿਚਕਾਰ ਭਾੜਾ ਢੋਣ ਲੱਗਾ। ਜਿਨ੍ਹਾਂ ਰੁੱਖਾਂ ਥੱਲੇ ਉਹ ਊਠਾਂ ਨੂੰ ਦਮ ਦੁਆਉਂਦਾ ਉੱਥੇ ਰਾਤ ਬਰਾਤੇ ਡਾਕੂ ਵੀ ਆ ਬਹਿੰਦੇ।
ਉਨ੍ਹੀਂ ਦਿਨੀਂ ਅੰਮ੍ਰਿਤਸਰ ਕਿਸੇ ਵਪਾਰੀ ਦੇ ਘਰ ਡਾਕਾ ਪੈ ਗਿਆ। ਪੁਲੀਸ ਨੇ ਡਾਕੂਆਂ ਨੂੰ ਫੜਨ ਦੀ ਥਾਂ ਜੁਆਲਾ ਸਿੰਘ ਨੂੰ ਫੜ ਲਿਆ। ਉਸ ਨੂੰ ਸੱਤ ਸਾਲ ਦੀ ਸਜ਼ਾ ਹੋ ਗਈ। ਲਾਹੌਰ ਦੀ ਜੇਲ੍ਹ ਵਿਚ ਸਜ਼ਾ ਕੱਟਦਿਆਂ ਉਹ ਇਕ ਗੋਰੇ ਸਾਹਿਬ ਦੇ ਬੰਗਲੇ ’ਚ ਵਾੜੀ ਦਾ ਕੰਮ ਕਰਨ ਚਲਾ ਜਾਂਦਾ। ਇਕ ਦਿਨ ਅਚਾਨਕ ਬੰਗਲੇ ਨੂੰ ਅੱਗ ਲੱਗ ਗਈ। ਮੇਮ ਤੇ ਬੱਚੇ ਅੱਗ ’ਚ ਘਿਰ ਗਏ। ਬੰਗਲੇ ਅੰਦਰਲੀਆਂ ਚੀਕਾਂ ਸੁਣ ਕੇ ਜੁਆਲਾ ਸਿੰਘ ਅੱਗ ’ਚ ਕੁੱਦ ਪਿਆ ਅਤੇ ਮੇਮ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆਇਆ। ਫਿਰ ਖੂਹ ਜੁੜ ਕੇ ਪਾਣੀ ਕੱਢਣ ਲੱਗਾ ਤੇ ਲੋਕ ਪਾਣੀ ਦੀਆਂ ਬਾਲਟੀਆਂ ਭਰ ਕੇ ਅੱਗ ਬੁਝਾਉਣ ਲੱਗੇ। ਸਾਹਿਬ ਦੌਰੇ ਤੋਂ ਵਾਪਸ ਆਇਆ ਤਾਂ ਦੁਰਘਟਨਾ ਬਾਰੇ ਜਾਣ ਕੇ ਉਸ ਨੇ ਜੁਆਲਾ ਸਿੰਘ ਨੂੰ ਬੁਲਾਇਆ। ਜਦੋਂ ਉਸ ਨੂੰ ਡਾਕੇ ਦੇ ਜੁਰਮ ਬਾਰੇ ਪੁੱਛਿਆ ਤਾਂ ਜੁਆਲਾ ਸਿੰਘ ਨੇ ਦੱਸਿਆ ਕਿ ਉਸ ਨੂੰ ਡਾਕੇ ਦਾ ਕੁਝ ਵੀ ਪਤਾ ਨਹੀਂ। ਉਹ ਤਾਂ ਊਠਾਂ ’ਤੇ ਭਾੜਾ ਢੋਹਣ ਵਾਲਾ ਸੀ। ਪੁਲੀਸ ਨੇ ਐਵੇਂ ਫੜ ਲਿਆ ਤੇ ਅਦਾਲਤ ਨੇ ਗ਼ਰੀਬ ਨੂੰ ਸਜ਼ਾ ਦੇ ਦਿੱਤੀ। ਮੇਰੀ ਘਰਵਾਲੀ ਤੇ ਬੱਚਾ ਰੁਲਦੇ ਫਿਰਦੇ ਨੇ। ਭਰਾ ਪੁਲੀਸ ਤੋਂ ਡਰਦੇ ਭੱਜੇ ਹੋਏ ਨੇ। ਗੋਰੇ ਅਫ਼ਸਰ ਨੇ ਦੁਬਾਰਾ ਤਫਤੀਸ਼ ਕਰਵਾਈ ਤਾਂ ਜੁਆਲਾ ਸਿੰਘ ਸੱਚਮੁੱਚ ਨਿਰਦੋਸ਼ ਨਿਕਲਿਆ। ਸਾਹਿਬ ਨੇ ਨਾ ਸਿਰਫ਼ ਉਸ ਨੂੰ ਬਰੀ ਕੀਤਾ ਸਗੋਂ ਚਾਰ ਸੌ ਰੁਪਏ ਦਾ ਇਨਾਮ ਦੇ ਕੇ ਘਰ ਤੋਰਿਆ।
ਇਨਾਮ ਲੈ ਕੇ ਜੁਆਲਾ ਸਿੰਘ ਘਣੀਏਕੇ ਪਹੁੰਚਾ ਤਾਂ ਕਿੱਕਰ ਸਿੰਘ ਦੀ ਦਾਦੀ ਮਾਈ ਦੈਆਂ ਬੜੀ ਖ਼ੁਸ਼ ਹੋਈ ਕਿ ਇਹ ਪੈਸੇ ਸਾਨੂੰ ਰੱਬ ਨੇ ਘੱਲੇ ਨੇ। ਇਨ੍ਹਾਂ ’ਚੋਂ ਮੈਂ ਆਪਣੇ ਪੋਤੇ ਲਈ ਚੰਗੇ ਦੁੱਧ ਵਾਲੀ ਮੱਝ ਲਿਆਵਾਂਗੀ ਜੀਹਦਾ ਦੁੱਧ ਪੀ ਕੇ ਉਹ ਤਕੜਾ ਭਲਵਾਨ ਬਣੇਗਾ। ਇਉਂ ਕਿੱਕਰ ਸਿੰਘ ਨੂੰ ਚੋਖੀ ਖੁਰਾਕ ਮਿਲਣ ਲੱਗੀ ਜਿਸ ਨਾਲ ਉਹ ਹੋਰ ਤਕੜਾ ਹੋ ਗਿਆ। ਕਿੱਕਰ ਸਿੰਘ ਦੀ ਮਾਤਾ ਦਾ ਨਾਂ ਸਾਹਿਬ ਕੌਰ ਸੀ। ਜੁਆਲਾ ਸਿੰਘ ਦੇ ਜੇਲ੍ਹ ਜਾਣ ਪਿੱਛੋਂ ਉਹ ਪੁੱਤਰ ਨੂੰ ਆਪਣੇ ਪੇਕੀਂ ਨੂਰਪੁਰ ਲੈ ਗਈ ਸੀ ਜਿੱਥੇ ਪੁੱਤਰ ਨੂੰ ਗ਼ੁਲਾਮੀ ਘੁਮਾਰ ਦਾ ਪੱਠਾ ਬਣਾ ਦਿੱਤਾ। ਬਰੀ ਹੋਣ ਪਿੱਛੋਂ ਜੁਆਲਾ ਸਿੰਘ ਪਤਨੀ ਤੇ ਪੁੱਤਰ ਨੂੰ ਘਣੀਏਕੇ ਲੈ ਆਇਆ ਤੇ ਉਹ ਪਿੰਡ ਦੇ ਪਹਿਲਵਾਨ ਵਸਾਵਾ ਸਿੰਘ ਨਾਲ ਜ਼ੋਰ ਕਰਨ ਲੱਗ ਪਿਆ। ਉਡਾਰ ਹੋਇਆ ਤਾਂ ਲਾਹੌਰ ਦੇ ਉਸਤਾਦ ਬੂਟੇ ਪਹਿਲਵਾਨ ਰੁਸਤਮੇ ਹਿੰਦ ਦਾ ਸ਼ਾਗਿਰਦ ਬਣਾ ਦਿੱਤਾ। ਉਹਦਾ ਕੱਦ-ਕਾਠ ਕੌੜੀ ਵੇਲ ਵਾਂਗ ਵਧਿਆ ਤੇ ਉਹ ਕਹਿੰਦੇ ਕਹਾਉਂਦੇ ਭਲਵਾਨਾਂ ਨੂੰ ਢਾਹੁਣ ਲੱਗਾ।
ਇਕ ਵਾਰ ਉਹ ਜੰਮੂ ਤੋਂ ਕੁਸ਼ਤੀ ਜਿੱਤ ਕੇ ਘਰ ਮੁੜਿਆ ਤਾਂ ਮਾਂ ਚੁੱਲ੍ਹੇ ’ਚ ਫੂਕਾਂ ਮਾਰ ਰਹੀ ਸੀ। ਉਸ ਨੇ ਮਾਂ ਨੂੰ ਕੁਸ਼ਤੀ ਜਿੱਤਣ ਦੀ ਖੁਸ਼ਖ਼ਬਰੀ ਸੁਣਾਈ ਤਾਂ ਅੱਕੀ ਖਿਝੀ ਮਾਂ ਦੇ ਮੂੰਹੋਂ ਨਿਕਲਿਆ, “ਘਰ ’ਚ ਤਾਂ ਬਾਲਣ ਵੀ ਨਹੀਂ, ਮੈਂ ਤੇਰੀ ਕੁਸ਼ਤੀ ਨੂੰ ਅੱਗ ਲਾਵਾਂ?” ਉਨ੍ਹੀਂ ਪੈਰੀਂ ਉਹ ਖੇਤਾਂ ਵੱਲ ਗਿਆ ਤੇ ਕਿੱਕਰ ਦੇ ਰੁੱਖ ਨੂੰ ਸਬੂਤਾ ਹੀ ਜੜ੍ਹਾਂ ਤੋਂ ਧੂਹ ਲਿਆਇਆ। ਉਹਦਾ ਜਮਾਂਦਰੂ ਨਾਂ ਪ੍ਰੇਮ ਸਿੰਘ ਸੀ। ਕਿੱਕਰ ਪੁੱਟਣ ਕਰਕੇ ਪਿੰਡ ਦੇ ਲੋਕ ਉਸ ਨੂੰ ਕਿੱਕਰ ਸਿੰਘ ਕਹਿਣ ਲੱਗ ਪਏ ਤੇ ਬਚਪਨ ਦਾ ਨਾਂ ਪ੍ਰੇਮ ਸਿੰਘ ਭੁੱਲ ਭੁਲਾ ਗਿਆ।
ਕਿੱਕਰ ਸਿੰਘ ਨੇ ਆਪਣੇ ਜੀਵਨ ਵਿਚ ਸੈਂਕੜੇ ਕੁਸ਼ਤੀਆਂ ਲੜੀਆਂ ਤੇ ਜਿੱਤੀਆਂ। ਭਾਰਤ ਦੀਆਂ ਜਿਹੜੀਆਂ ਰਿਆਸਤਾਂ ਵਿਚ ਉਹ ਜ਼ਿਆਦਾ ਜਾਂਦਾ ਤੇ ਰਹਿੰਦਾ ਰਿਹਾ ਉਨ੍ਹਾਂ ਵਿਚ ਇੰਦੌਰ, ਗਵਾਲੀਅਰ, ਜੋਧਪੁਰ, ਬੜੌਦਾ, ਦੱਤੀਆ, ਮਗਧ, ਮਹੂ ਤੇ ਟੌਂਕ ਸਨ। ਉਸ ਨਾਲ ਟੱਕਰ ਲੈਣ ਵਾਲੇ ਅਸਲ ਵਿਚ ਦੋਵੇਂ ਭਰਾ ਗੁਲਾਮ ਤੇ ਕੱਲੂ ਹੀ ਸਨ। ਗੁਲਾਮ ਨਾਲ ਕਿੱਕਰ ਸਿੰਘ ਦੀਆਂ ਚਾਰ ਯਾਦਗਾਰੀ ਕੁਸ਼ਤੀਆਂ ਹੋਈਆਂ। ਪਹਿਲੀ ਕੁਸ਼ਤੀ ਲਾਹੌਰ ਸ਼ਾਹਦਰੇ ਦੀ ਸਰਾਂ ਵਿਚ ਹੋਈ। ਗੁਲਾਮ ਨੇ ਕਿੱਕਰ ਸਿੰਘ ਦੇ ਨੱਕ ’ਤੇ ਮੁੱਕੀ ਮਾਰੀ ਤਾਂ ਕਿੱਕਰ ਸਿੰਘ ਨੇ ਗੁਲਾਮ ਦੇ ਏਨੇ ਜ਼ੋਰ ਦੀ ਠਿੱਬੀ ਲਾਈ ਕਿ ਉਹ ਮੂਧੇ ਮੂੰਹ ਜਾ ਡਿੱਗਾ। ਡਿੱਗਦੇ ਹੀ ਕਿੱਕਰ ਸਿੰਘ ਨੇ ਗੁਲਾਮ ਦੀ ਗਰਦਨ ’ਤੇ ਗੋਡਾ ਰੱਖਿਆ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ। 26 ਮਿੰਟ ਬੇਸ਼ੱਕ ਕਿੱਕਰ ਸਿੰਘ ਦਾ ਹੱਥ ਉਪਰ ਰਿਹਾ, ਪਰ ਕੁਸ਼ਤੀ ਬਰਾਬਰ ਛੁਡਵਾ ਦਿੱਤੀ ਗਈ।
ਕਿੱਕਰ-ਗੁਲਾਮ ਦੀ ਦੂਜੀ ਕੁਸ਼ਤੀ ਜੰਮੂ ਵਿਚ ਹੋਈ। ਦੋ ਘੰਟੇ ਘੋਲ ਚਲਦਾ ਰਿਹਾ ਜੋ ਬਰਾਬਰੀ ’ਤੇ ਛਡਵਾਇਆ ਗਿਆ। ਤੀਜੀ ਕੁਸ਼ਤੀ ਫਿਰ ਲਾਹੌਰ ਵਿਚ ਕਰਾਈ ਗਈ ਜੋ ਫਿਰ ਬਰਾਬਰ ਛਡਵਾਈ ਗਈ। ਕਿੱਕਰ ਸਿੰਘ ਤੇ ਗੁਲਾਮ ਦੀ ਚੌਥੀ ਕੁਸ਼ਤੀ ਇੰਦੌਰ ਵਿਚ ਹੋਈ। ਉੱਥੇ ਅਖਾੜੇ ’ਚ ਉਤਰਦਿਆਂ ਹੀ ਕਿੱਕਰ ਸਿੰਘ ਨੇ ਗੁਲਾਮ ਦੇ ਦੋ ਧੌਲਾਂ ਅਜਿਹੀਆਂ ਜੜੀਆਂ ਕਿ ਗੁਲਾਮ ਬੇਹੋਸ਼ ਹੋ ਕੇ ਡਿੱਗ ਪਿਆ। ਗੁਲਾਮ ਦੇ ਸਮਰਥਕ ਭੱਜੇ ਆਏ ਤੇ ਗੁਲਾਮ ਨੂੰ ਕਿੱਕਰ ਸਿੰਘ ਦੇ ਹੇਠੋਂ ਕੱਢ ਕੇ ਲੈ ਗਏ। ਗੁਲਾਮ ਦੇ ਛੋਟੇ ਭਰਾ ਕੱਲੂ ਨਾਲ ਕਿੱਕਰ ਸਿੰਘ ਦੀਆਂ ਸੱਤ ਕੁਸ਼ਤੀਆਂ ਕਲਕੱਤੇ, ਅੰਮ੍ਰਿਤਸਰ, ਬੰਬਈ, ਮਦਰਾਸ, ਲਾਹੌਰ ਤੇ ਦਿੱਲੀ ਵਿਚ ਹੋਈਆਂ। ਇਨ੍ਹਾਂ ਵਿਚ ਹਰ ਥਾਂ ਕਿੱਕਰ ਸਿੰਘ ਦਾ ਹੱਥ ਉੱਚਾ ਰਿਹਾ। ਆਖ਼ਰੀ ਕੁਸ਼ਤੀ ਜੋ 13 ਦਸੰਬਰ 1911 ਨੂੰ ਦਿੱਲੀ ਦਰਬਾਰ ਵਿਖੇ ਹੋਈ ਉਸ ਵਿਚ ਕੱਲੂ ਨੂੰ ਰੌਲ਼ੇ ਗੌਲ਼ੇ ਵਿਚ ਜੇਤੂ ਕਰਾਰ ਦੇ ਦਿੱਤਾ ਗਿਆ। ਦਰਅਸਲ ਉਦੋਂ ਕਿੱਕਰ ਸਿੰਘ 54 ਸਾਲਾਂ ਦਾ ਹੋ ਚੁੱਕਾ ਸੀ ਤੇ ਕੱਲੂ 48 ਸਾਲਾਂ ਦਾ ਸੀ। ਉਂਜ ਵੀ ਕਵੀਸ਼ਰ ਸਰਦੂਲ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਉਹ ਕੁਸ਼ਤੀ ਸਾਫ਼ ਨਹੀਂ ਸੀ ਹੋਈ। ਮਿਲਖੀ ਰਾਮ ਨੇ ਕਿੱਕਰ ਸਿੰਘ ਦੀਆਂ ਕੁਸ਼ਤੀਆਂ ਦਾ ਕਿੱਸਾ ਲਿਖਿਆ:

 

ਕਿੱਕਰ ਸਿੰਘ ਤੇ ਕੱਲੂ ਭਲਵਾਨ ਦਾ ਜੀ,
ਕਿੱਸਾ ਜੋੜਿਆ ਨਾਲ ਧਿਆਨ ਯਾਰੋ
ਰੁਸਤਮ ਹਿੰਦ ਹੋ ਏਸ ਜਹਾਨ ਵਿਚੋਂ,
ਮਰ ਗਇਆ ਗੁਲਾਮ ਭਲਵਾਨ ਯਾਰੋ
ਕੱਲੂ ਓਸ ਦਾ ਸਕਾ ਭਰਾ ਹੋਵੇ,
ਦਿਸੇ ਸ਼ੇਰ ਦੇ ਵਾਂਗ ਜੁਆਨ ਯਾਰੋ
ਕਿੱਕਰ ਸਿੰਘ ਦੇ ਨਾਲ ਹੁਣ ਲੜਾਂਗਾ ਮੈਂ,
ਕੱਲੂ ਆਖਦਾ ਨਾਲ ਜਬਾਨ ਯਾਰੋ...
ਪਿੜ ਹੱਲਿਆ ਤੇ ਵਾਜਾ ਬੰਦ ਹੋਇਆ,
ਖ਼ਲਕਤ ਗਈ ਸਰਾਂ ਦੇ ਬਾਹਰ ਵਾਹਵਾ
ਧੌਲ ਮਾਰ ਕੇ ਕੱਲੂ ਨੂੰ ਸਿੱਖ ਨੇ ਜੀ,
ਅੱਗੇ ਰੱਖਿਆ ਨਾਲ ਬਲਕਾਰ ਵਾਹਵਾ
ਅੱਛੀ ਤਰ੍ਹਾਂ ਅਖਾੜੇ ’ਚ ਨਿੱਸਲ ਕਰ ਕੇ,
ਉਤੇ ਆਪ ਹੋਇਆ ਅਸਵਾਰ ਵਾਹਵਾ
ਹੇਠੋਂ ਜ਼ਰਾ ਵੀ ਕੱਲੂ ਨਾ ਨਜ਼ਰ ਆਵੇ,
ਹੈ ਸੀ ਸਿੱਖ ਦਾ ਬੜਾ ਆਕਾਰ ਵਾਹਵਾ
ਕੱਲੂ ਦਿਲ ਦੇ ਵਿਚ ਇਹ ਆਖਦਾ ਸੀ,
ਇੱਜ਼ਤ ਰੱਖੀਂ ਤੂੰ ਪਰਵਦਗਾਰ ਵਾਹਵਾ
ਕਿੱਕਰ ਸਿੰਘ ਸੀ ਓਸ ਤੋਂ ਬਹੁਤ ਤਕੜਾ,
ਇਹ ਜਾਣਦਾ ਸਾਰਾ ਸੰਸਾਰ ਵਾਹਵਾ
ਵਿਚੇ ਕਹਿਣ ਲੋਕੀਂ ਦਿਲ ਛਡ ਗਿਆ,
ਇਹ ਤਕਦੀਰ ਦੀਆਂ ਗੱਲਾਂ ਯਾਰ ਵਾਹਵਾ
ਮਿਲਖੀ ਰਾਮ ਮੌਲਾ ਜਿਸ ਦੀ ਵੱਲ ਹੋਵੇ,
ਉਸ ਦਾ ਬੇੜਾ ਹੋ ਜਾਂਵਦਾ ਪਾਰ ਵਾਹਵਾ

 

ਕਿੱਕਰ ਸਿੰਘ ਸਖੀ ਜਿਊੜਾ ਸੀ। ਉਹ ਪਿੰਡ ’ਚ ਆਏ ਸਾਲ ਬੜਾ ਵੱਡਾ ਜੱਗ ਕਰਦਾ ਅਤੇ ਗਊਆਂ ਮਨਸਦਾ। ਗਰੀਬ ਗੁਰਬੇ ਦੀ ਰੱਜ ਕੇ ਮਦਦ ਕਰਦਾ। ਉਹਦੇ ਘਰ ਬਾਰਾਂ ਮਹੀਨੇ ਲੰਗਰ ਚਲਦਾ ਰਹਿੰਦਾ ਜਿੱਥੇ ਰਾਹੀ ਪਾਂਧੀ ਪਰਸ਼ਾਦੇ ਛਕਦੇ। ਉਸ ਨੇ ਨਾਨਕੇ ਪਿੰਡ ਨੂਰਪੁਰ ’ਚ ਪਹਿਲਵਾਨ ਗੁਲਾਮ ਘੁਮਿਆਰ ਦੀ ਲੜਕੀ ਦਾ ਵਿਆਹ ਕੀਤਾ ਤੇ ਘਣੀਏਕੇ ਵਿਚ ਕਿਲੇ ਵਰਗੀ ਵੱਡੀ ਹਵੇਲੀ ਬਣਵਾਈ। ਉਹ ਵਧੇਰੇ ਸਮਾਂ ਆਪਣੇ ਖੇਤ ਵਾਲੇ ਚੁਬਾਰੇ ’ਚ ਰਹਿੰਦਾ। ਉਹਦੇ ਤਿੰਨੇ ਮਾਲਸ਼ੀਏ ਭਗਤੂ, ਕਮਾਲੂ ਤੇ ਮੌਲਾ ਬਖ਼ਸ਼ ਸੇਵਾ ’ਚ ਹਰ ਸਮੇਂ ਤਿਆਰ ਰਹਿੰਦੇ। ਉਹ ਭਾਰੀ ਕਹੀ ਨਾਲ ਅਖਾੜਾ ਗੋਡਦਾ ਤੇ ਭਾਰੇ ਡੰਬਲ ਫੇਰਦਾ। ਪਾਕਿਸਤਾਨ ਬਣਨ ਮਗਰੋਂ ਉਹਦੀ ਔਲਾਦ ਘਣੀਏਕੇ ਤੋਂ ਉੱਜੜ ਕੇ ਪਿੰਡ ਘੱਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਆ ਗਈ ਸੀ ਜਿੱਥੋਂ ਫਿਰ ਸਮੇਂ ਦੇ ਗੇੜ ਨਾਲ ਦੇਸ ਵਿਦੇਸ਼ ਥਾਉਂ ਥਾਈ ਖਿਲਰਦੀ ਗਈ। ਉਨ੍ਹਾਂ ’ਚੋਂ ਇਕ ਪਟਿਆਲੇ ਵਿਖੇ ਡਾਕਟਰ ਸੀ ਤੇ ਇਕ ਪੜਪੋਤਾ ਲੁਧਿਆਣੇ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਿਆ ਜਿਸ ਨਾਲ ਮੇਰੀਆਂ ਗੱਲਾਂ ਹੁੰਦੀਆਂ ਰਹੀਆਂ। ਪਰਿਵਾਰ ਦੇ ਕੁਝ ਮੈਂਬਰ ਸ੍ਰੀ ਮੁਕਤਸਰ ਸਾਹਿਬ ਰਹਿੰਦੇ ਹਨ।

ਕਿੱਕਰ ਸਿੰਘ ਦੀ ਜੱਦੀ ਜ਼ਮੀਨ ਤਾਂ ਥੋੜ੍ਹੀ ਸੀ, ਪਰ ਕੁਸ਼ਤੀ ਦੇ ਸਿਰੋਂ ਛੇ ਸੌ ਵਿੱਘੇ ਹੋਰ ਖਰੀਦੀ ਸੀ। ਉਸ ਨੇ ਇਕ ਬਾਗ ਵੀ ਲੁਆਇਆ ਸੀ ਜੋ ਬਾਅਦ ਵਿਚ ਉੱਜੜ ਗਿਆ। ਅੰਤਲੀ ਉਮਰੇ ਉਹ ਕੁਝ ਵਹਿਮੀ ਹੋ ਗਿਆ ਸੀ। ਜਿਸ ਨੂੰ ਵੀ ਮਿਲਦਾ ਹੱਥ ਜੋੜ ਕੇ ਮਾੜਾ ਬੋਲਣ ਦੀਆਂ ਮੁਆਫ਼ੀਆਂ ਮੰਗਦਾ। ਫਿਰ 18 ਫਰਵਰੀ 1914 ਦਾ ਦਿਨ ਆ ਗਿਆ। ਮਹਾਂਬਲੀ ਪਹਿਲਵਾਨ ਦਾ ਅੰਤਲਾ ਦਿਨ। ਉੱਦਣ ਦੇਵ-ਏ-ਹਿੰਦ ਨੇ ਆਪਣੇ ਮਹਿਰਮ ਮੀਆਂ ਸ਼ਾਹ ਨੂੰ ਦੱਸ ਦਿੱਤਾ ਕਿ ਅੱਜ ਆਪਣੇ ਆਖ਼ਰੀ ਮੇਲੇ ਹਨ। ਕਹਿ ਦਿੱਤਾ ਕਿ ਸਾਈਂ ਜੀ ਤੁਹਾਡੇ ਪਾਸੋਂ ਮੇਰੀ ਮੌਤ ਦਾ ਦੁੱਖ ਸਹਿਆ ਨਹੀਂ ਜਾਣਾ ਸੋ ਆਪਣੇ ਪਿੰਡ ਉਪਲ ਚਲੇ ਜਾਉ। ਪਰ ਸਾਈਂ ਦਾ ਦਿਲ ਜਾਨੀ ਯਾਰ ਕੋਲੋਂ ਜਾਣ ਨੂੰ ਨਹੀਂ ਸੀ ਮੰਨਦਾ। ਉਹ ਤੁਰ ਤਾਂ ਪਿਆ ਪਰ ਰਾਹ ’ਚ ਇਕ ਰੁੱਖ ਥੱਲੇ ਰੁਕ ਗਿਆ ਤੇ ਅਰਦਾਸ ਕਰਨ ਲੱਗਾ। ਪਿੱਛੋਂ ਕਿੱਕਰ ਸਿੰਘ ਦਾ ਸੁਨੇਹਾ ਆ ਗਿਆ, ਸਾਈਂ ਜੀ ਨੂੰ ਮੋੜ ਲਿਆਵੋ। ਸਾਈਂ ਮੁੜ ਆਇਆ ਤੇ ਥਾਪੜਾ ਦਿੱਤਾ ਕਿ ਪਹਿਲਵਾਨ ਜੀ ਤਕੜੇ ਹੋਵੋ ਮੈਂ ਆ ਗਿਆਂ। ਪਰ ਤਕੜੇ ਹੋਣ ਦੀ ਥਾਂ ਅਗਲੇ ਪਲ ਪਹਿਲਵਾਨ ਦੀ ਰੂਹ ਉਡਾਰੀ ਮਾਰ ਗਈ।
ਅੰਤਿਮ ਦਰਸ਼ਨਾਂ ਲਈ ਪਿੰਡਾਂ ਦੇ ਲੋਕ ਆਉਣੇ ਸ਼ੁਰੂ ਹੋ ਗਏ। ਉਸ ਦਿਨ ਘਣੀਏਕੇ ਤਾਂ ਕੀ, ਬਾਰਾਂ ਕੋਹਾਂ ਦੇ ਚੁੱਲ੍ਹਿਆਂ ਵਿਚ ਅੱਗ ਨਾ ਬਲੀ। ਉਹਦੀ ਮ੍ਰਿਤੂ ਚੁਬਾਰੇ ਵਿਚ ਹੋਈ ਸੀ। ਉਸ ਦੀ ਦੇਹ ਨੂੰ ਅੱਠ ਪੱਠਿਆਂ ਨੇ ਰਲ ਕੇ ਮਸੀਂ ਭੁੰਜੇ ਲਾਹਿਆ ਤੇ ਜਲੂਸ ਸਜਾ ਕੇ ਸ਼ਮਸ਼ਾਨਘਾਟ ਪੁਚਾਇਆ। ਜਦ ਉਸ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ ਤਾਂ ਲਾਟਾਂ ਦੇ ਨਾਲ ਹੀ ਲੋਕਾਂ ਦੀਆਂ ਭੁੱਬਾਂ ਵੀ ਉੱਚੀਆਂ ਹੋ ਗਈਆਂ। ਅੱਥਰੂਆਂ ਨੇ ਬੰਨ੍ਹ ਤੋੜ ਦਿੱਤੇ। ਕਿੱਕਰ ਸਿੰਘ ਦੀ ਯਾਦ ਵਿਚ ਉਦੋਂ ਦਸ ਹਜ਼ਾਰ ਰੁਪਈਆਂ ਦੀ ਸਮਾਧ ਉਸਾਰੀ ਗਈ ਜੋ ਹੁਣ ਵੀ ਉੱਜੜੀ ਪੁੱਜੜੀ ਹਾਲਤ ਵਿਚ ਦੇਵ-ਏ-ਹਿੰਦ ਪਹਿਲਵਾਨ ਦੀ ਯਾਦ ਤਾਜ਼ਾ ਕਰਾ ਰਹੀ ਹੈ। ਕਿੱਸਾਕਾਰ ਸੁਰੈਣ ਸਿੰਘ ਘਣੀਏਕੇ ਨੇ ਲਿਖਿਆ ਹੈ:

 

ਕਿੱਕਰ ਸਿੰਘ ਦੇ ਪਿੰਡ ਦਾ ਰਹਿਣ ਵਾਲਾ,
ਕਰਾਂ ਉਸ ਦੀ ਮੈਂ ਕੀ ਤਾਰੀਫ਼ ਭਾਈ
ਮਾੜਾ ਵੇਖ ਕੇ ਗ਼ਰੀਬ ਦੀ ਮਦਦ ਕੀਤੀ,
ਦਿੱਤੀ ਕਿਸੇ ਨੂੰ ਨਹੀਂ ਤਕਲੀਫ਼ ਭਾਈ
ਪਹਿਲਵਾਨ ਸੀ ਪਿੰਡ ਵਿਚ ਇਉਂ ਬਹਿੰਦਾ,
ਜਿਵੇਂ ਬਾਦਸ਼ਾਹ ਵਿਚ ਵਜ਼ੀਰ ਭਾਈ
ਭਾਈਆਂ ਵਿਚ ਸੀ ਅਦਬ ਅਦਾਬ ਉਹਦਾ,
ਲੋਕ ਮੰਨਦੇ ਵਾਂਗਰਾਂ ਪੀਰ ਭਾਈ
ਭੈਣ ਰੋਂਦੜੀ ਦਾ ਬੁਰਾ ਹਾਲ ਹੋਇਆ,
ਮਰ ਗਿਆ ਜਿਹਦਾ ਇਕੋ ਵੀਰ ਭਾਈ
ਕਿਹੜਾ ਮੁਲਕ ਜੋ ਨਾਮ ਥੀਂ ਨਹੀਂ ਵਾਕਫ਼,
ਕਿਹੜੇ ਸ਼ਹਿਰ ਨਾ ਗਲ਼ੀ ਤਸਵੀਰ ਭਾਈ
ਐਸਾ ਕੌਣ ਜਹਾਨ ’ਤੇ ਜੰਮਿਆ ਹੈ,
ਕਿੱਕਰ ਸਿੰਘ ਜੇਹਾ ਮੱਲ ਵੀਰ ਭਾਈ

 

ਪ੍ਰਿੰ. ਸਰਵਣ ਸਿੰਘ