ਸੱਜਣ ਕੁਮਾਰ ਵਿਰੁੱਧ ਸੁਣਵਾਈ ਟਲੀ, 23 ਅਗਸਤ ਨੂੰ ਹੋਣਗੇ ਦੋਸ਼ ਤੈਅ

ਸੱਜਣ ਕੁਮਾਰ ਵਿਰੁੱਧ ਸੁਣਵਾਈ ਟਲੀ, 23 ਅਗਸਤ ਨੂੰ ਹੋਣਗੇ ਦੋਸ਼ ਤੈਅ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 19 ਅਗਸਤ (ਮਨਪ੍ਰੀਤ ਸਿੰਘ ਖਾਲਸਾ):- 1984 ਦੇ ਦਿੱਲੀ ਸਿੱਖ ਕਤਲੇਆਮ ਦੇ ਮੁਲਜ਼ਮਾਂ ਵਿੱਚੋਂ ਇੱਕ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅੱਜ ਰੋਜ ਐਵੇਨਿਊ ਕੋਰਟ ਦੇ ਜੱਜ ਐਮਕੇ ਨਾਗਪਾਲ ਛੁੱਟੀ 'ਤੇ ਹੋਣ ਕਰਕੇ ਦੋਸ਼ ਆਇਦ ਨਹੀਂ ਹੋ ਸਕੇ । ਇਸ ਕਾਰਨ ਮਾਮਲੇ ਦੀ ਸੁਣਵਾਈ ਹੁਣ 23 ਅਗਸਤ ਤੱਕ ਟਾਲ ਦਿੱਤੀ ਗਈ ਹੈ। ਅਦਾਲਤ ਹੁਣ 23 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਾਂਗਰਸ ਨੇਤਾ ਦੇ ਖਿਲਾਫ ਦੋਸ਼ ਤੈਅ ਕਰੇਗੀ। ਦੱਸ ਦੇਈਏ ਕਿ ਐਸਆਈਟੀ ਨੇ 2015 'ਚ ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਦੇ ਖਿਲਾਫ ਜਨਕਪੁਰੀ ਅਤੇ ਵਿਕਾਸਪੁਰੀ 'ਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। 1 ਨਵੰਬਰ, 1984 ਨੂੰ ਜਨਕਪੁਰੀ ਵਿੱਚ ਦੋ ਸਿੱਖਾਂ ਸੋਹਣ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਜਦਕਿ ਗੁਰਚਰਨ ਸਿੰਘ ਨੂੰ ਥਾਣਾ ਵਿਕਾਸਪੁਰੀ ਦੇ ਖੇਤਰ ਵਿੱਚ ਜਲਾ ਦਿੱਤਾ ਗਿਆ।

ਇਸ ਪੂਰੇ ਮਾਮਲੇ ਵਿੱਚ ਐਸਆਈਟੀ ਨੇ ਮਈ 2018 ਵਿੱਚ ਸੱਜਣ ਕੁਮਾਰ ਦਾ ਪੌਲੀਗ੍ਰਾਫੀ ਟੈਸਟ ਵੀ ਕਰਵਾਇਆ ਸੀ। ਸੱਜਣ ਕੁਮਾਰ ਨੇ ਪੋਲੀਗ੍ਰਾਫ਼ ਟੈਸਟ ਦਾ ਵਿਰੋਧ ਕੀਤਾ ਸੀ ਤੇ ਸੱਜਣ ਕੁਮਾਰ ਦੇ ਵਕੀਲ ਨੇ ਉਸ ਸਮੇਂ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਸੱਜਣ ਕੁਮਾਰ ਨੂੰ ਮਾਮਲੇ 'ਚ ਕਈ ਵਾਰ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ। ਪਰ ਏਜੰਸੀ ਨੂੰ ਕੋਈ ਸਬੂਤ ਨਹੀਂ ਮਿਲਿਆ। ਸੱਜਣ ਕੁਮਾਰ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਐਸਆਈਟੀ ਕੋਲ ਕੋਈ ਸਬੂਤ ਨਹੀਂ ਹੈ।