ਯਾਰੀਆਂ 2 ਫਿਲਮ ਵਿਚ ਗੈਰ ਅੰਮ੍ਰਿਤਧਾਰੀ ਐਕਟਰ ਨੂੰ ਕ੍ਰਿਪਾਨ ਪਾ ਕੇ ਵਿਖਾਉਣ ’ਤੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਦਿੱਲੀ ਕਮੇਟੀ ਨੇ ਭੇਜਿਆ ਨੋਟਿਸ

ਯਾਰੀਆਂ 2 ਫਿਲਮ ਵਿਚ ਗੈਰ ਅੰਮ੍ਰਿਤਧਾਰੀ ਐਕਟਰ ਨੂੰ ਕ੍ਰਿਪਾਨ ਪਾ ਕੇ ਵਿਖਾਉਣ ’ਤੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਦਿੱਲੀ ਕਮੇਟੀ ਨੇ ਭੇਜਿਆ ਨੋਟਿਸ

3 ਦਿਨਾਂ ਵਿਚ ਮੁਆਫੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਕਰਾਂਗੇ: ਕਾਲਕਾ, ਕਾਹਲੋਂ, ਕਰਮਸਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 30 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਯਾਰੀਆਂ 2 ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਲੀਗਲ ਨੋਟਿਸ ਭੇਜ ਕੇ ਆਖਿਆ ਹੈ ਕਿ ਉਹਨਾਂ ਨੇ ਗੈਰ ਅੰਮ੍ਰਿਤਧਾਰੀ ਐਕਟਰ ਨੂੰ ਕ੍ਰਿਪਾਨ ਧਾਰਨ ਕਰ ਕੇ ਵਿਖਾਕੇ ਬੇਅਦਬੀ ਕਰਨ ਦੀ ਤੁਰੰਤ 3 ਦਿਨਾਂ ਵਿਚ ਮੁਆਫੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਫਿਲਮ ਦੇ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੇ ਐਕਟਰ ਮੀਜ਼ਨ ਜਾਫਰੀ ਨੂੰ ਪਵਿੱਤਰ ਕ੍ਰਿਪਾਨ ਧਾਰਨ ਕੀਤਾ ਹੋਇਆ ਵਿਖਾ ਕੇ ਬੇਅਦਬੀ ਵਾਲੀ ਕਾਰਵਾਈ ਕੀਤੀ ਹੈ ਤੇ ਇਸ ਫਿਲਮ ਦਾ ਟਰੇਲਰ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਗਿਆ ਹੈ ਤੇ ਸਾਰੇ ਭਾਰਤ ਵਿਚ ਚਲ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਲੀਗਲ ਨੋਟਿਸ ਰਾਹੀਂ ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਇਸ ਟਰੇਲਰ ਦੀ ਬਰੋਡਕਾਸਿੰਗ ਰੋਕਣ ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਸਿੱਖ ਕੌਮ ਤੋਂ ਮੁਆਫੀ ਮੰਗਣ, ਸਿੱਖ ਕੌਮ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਸਪਸ਼ਟੀਕਰਨ ਦੇਣ ਅਤੇ ਭਵਿੱਖ ਵਿਚ ਅਜਿਹੀ ਕੁਤਾਹੀ ਕਰਨ ਤੋਂ ਗੁਰੇਜ਼ ਕਰਨ ਦਾ ਭਰੋਸਾ ਦੁਆਉਣ।

ਉਹਨਾਂ ਕਿਹਾ ਕਿ ਜੇਕਰ ਇਹਨਾਂ ਨੇ ਤਿੰਨ ਦਿਨਾਂ ਦੇ ਅੰਦਰ-ਅੰਦਰ ਮੁਆਫੀ ਨਾ ਮੰਗੀ ਤਾਂ ਅਸੀਂ ਅਦਾਲਤ ਵਿਚ ਕਾਨੂੰਨ ਅਨੁਸਾਰ ਇਹਨਾਂ ਖਿਲਾਫ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ।