ਬਾਦਲ ਸਰਕਾਰ ਵਲੋਂ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਵਾਧਾ, ਬੁਲੇਟ ਪਰੂਫ ਕਾਰਾਂ ਦਿੱਤੀਆਂ

ਬਾਦਲ ਸਰਕਾਰ ਵਲੋਂ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਵਾਧਾ,  ਬੁਲੇਟ ਪਰੂਫ ਕਾਰਾਂ ਦਿੱਤੀਆਂ

ਲੁਧਿਆਣਾ/ਬਿਊਰੋ ਨਿਊਜ਼ :
ਸੂਬੇ ਵਿੱਚ ਹਿੰਦੂ ਆਗੂਆਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ਵਿੱਚ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ਬੁਲੇਟ ਪਰੂਫ ਕਾਰਾਂ ਦਿੱਤੀਆਂ ਹਨ। ਖ਼ੁਫ਼ੀਆ ਵਿਭਾਗ ਨੂੰ ਗ੍ਰਹਿ ਵਿਭਾਗ ਤੋਂ ਮਿਲੀ ਖ਼ਬਰ ਅਨੁਸਾਰ ਅਤਿਵਾਦੀ 11 ਮਾਰਚ ਤਕ ਹਿੰਦੂ ਆਗੂਆਂ ‘ਤੇ ਵੱਡਾ ਹਮਲਾ ਕਰ ਕੇ ਸੂਬੇ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ। ਇਸ ਪਿੱਛੋਂ ਸਰਕਾਰ ਨੇ ਲੁਧਿਆਣਾ, ਪਟਿਆਲਾ ਤੇ ਰੋਪੜ ਦੇ ਚਾਰ ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕਰ ਕੇ ਉਨ੍ਹਾਂ ਨੂੰ ਬੁਲੇਟ ਪਰੂਫ ਅੰਬੈਸਡਰ ਕਾਰਾਂ ਦਿੱਤੀਆਂ ਹਨ।
ਸਰਕਾਰ ਵੱਲੋਂ ਲੁਧਿਆਣਾ ਵਿੱਚ ਸ਼ਿਵ ਸੈਨਾ ਪੰਜਾਬ ਦੇ ਸੂਬਾ ਚੇਅਰਮੈਨ ਰਾਜੀਵ ਟੰਡਨ, ਰੋਪੜ ਤੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ, ਪਟਿਆਲਾ ਤੋਂ ਹਿੰਦੂ ਤਖ਼ਤ ਦੇ ਮੁਖੀ ਪੰਚਾਨੰਦ ਗਿਰੀ ਮਹਾਰਾਜ, ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਪਵਨ ਗੁਪਤਾ ਨੂੰ ਇਹ ਕਾਰਾਂ ਦਿੱਤੀਆਂ ਗਈਆਂ ਹਨ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੋਂ ਹੀ ਸੂਬੇ ਦੇ ਹਿੰਦੂ ਆਗੂ ਕੁਝ ਅਤਿਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਹਨ। ਪਿਛਲੇ ਸਮੇਂ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਆਗੂ ਦੁਰਗਾ ਪਾਂਡੇ ਨੂੰ ਖੰਨਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਗਰੋਂ ਜਲੰਧਰ ਵਿੱਚ ਆਰਐਸਐਸ ਦੇ ਸਹਿ ਸੰਚਾਲਕ ਜਗਦੀਸ਼ ਗਗਨੇਜਾ ਨੂੰ ਤੇ ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਸਾਹਮਣੇ ਅਮਿਤ ਨਾਂ ਦੇ ਇੱਕ ਹਿੰਦੂ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੱਟਰਪੰਥੀਆਂ ਵੱਲੋਂ ਹਿੰਦੂ ਆਗੂਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਸੀ। ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਰਾਜੀਵ ਟੰਡਨ ਤੇ ਰੋਪੜ ਵਿੱਚ ਸੰਜੀਵ ਘਨੌਲੀ ‘ਤੇ ਹਮਲਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਦੋਵਾਂ ਦੇ ਸੁਰੱਖਿਆ ਘੇਰੇ ਵਿੱਚ ਵਾਧਾ ਕਰ ਦਿੱਤਾ ਸੀ। ਇਸ ਪਿੱਛੋਂ ਗ੍ਰਹਿ ਵਿਭਾਗ ਨੇ ਹਿੰਦੂ ਆਗੂਆਂ ‘ਤੇ ਹਮਲਾ ਹੋਣ ਦੀ ਖ਼ਬਰ ਦੁਬਾਰਾ ਸਰਕਾਰ ਨੂੰ ਭੇਜੀ, ਜਿਸ ਤੋਂ ਬਾਅਦ ਚਾਰ ਹਿੰਦੂ ਆਗੂਆਂ ਨੂੰ ਬੁਲੇਟ ਪਰੂਫ਼ ਗੱਡੀਆਂ ਦਿੱਤੀਆਂ ਗਈਆਂ ਹਨ। ਰਾਜੀਵ ਟੰਡਨ ਨੇ ਕਿਹਾ ਕਿ ਸਰਕਾਰ ਨੇ ਸੁਰੱਖਿਆ ਘੇਰੇ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ਬੁਲੇਟ ਪਰੂਫ਼ ਕਾਰ ਭੇਜੀ ਹੈ।