ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਦਾ ਨਾ ਕੱਟਣ ਵਾਲੇ ਨਿਜੀ ਸਕੂਲਾਂ ਦੀ ਰੱਦ ਕੀਤੀ ਜਾਵੇਗੀ ਐੱਨਓਸੀ

ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਦਾ ਨਾ ਕੱਟਣ ਵਾਲੇ ਨਿਜੀ ਸਕੂਲਾਂ ਦੀ ਰੱਦ ਕੀਤੀ ਜਾਵੇਗੀ ਐੱਨਓਸੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਿੱਖਿਆ ਦੇ ਮਾਮਲੇ ਵਿਚ ਇਕ ਅਹਿਮ ਫੈਂਸਲਾ ਕਰਦਿਆਂ ਐਲਾਨ ਕੀਤਾ ਹੈ ਕਿ ਵਧੀਆ ਨਤੀਜੇ ਬਣਾਉਣ ਦੇ ਇਰਾਦੇ ਨਾਲ ਬੋਰਡ ਦੇ ਪੇਪਰਾਂ ਤੋਂ ਪਹਿਲੀਆਂ ਜਮਾਤਾਂ ਵਿੱਚ ਹੀ ਪੜ੍ਹਾਈ ’ਚੋਂ ਕਮਜ਼ੋਰ ਵਿਦਿਆਰਥੀਆਂ ਦੇ ਨਾਮ ਕੱਟਣ ਦੀ ਕਾਰਵਾਈ ਚਲਾ ਰਹੇ ਨਿਜੀ ਸਕੂਲਾਂ ਦੇ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਰੱਦ ਕਰ ਦਿੱਤੇ ਜਾਣਗੇ। ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਨੇ ਸੀਬੀਐੱਸਈ, ਆਈਸੀਐੱਸਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਇਸ ਸਬੰਧ ਵਿੱਚ ਤਾੜਨਾ ਕਰਦਿਆਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ ਇਸ ਮਾਰੂ ਪ੍ਰਕਿਰਿਆ ਉਪਰ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ।

ਮੀਡੀਆ ਅਦਾਰਿਆਂ ਰਾਹੀਂ ਹਾਸਿਲ ਜਾਣਕਾਰੀ ਮੁਤਾਬਿਕ ਸਿੱਖਿਆ ਵਿਭਾਗ ਨੂੰ ਪਿਛਲੇ ਸਮੇਂ ਤੋਂ ਅਜਿਹੀਆਂ ਸ਼ਿਕਾਇਤਾਂ ਅਤੇ ਜਾਣਕਾਰੀ ਮਿਲ ਰਹੀ ਸੀ ਕਿ ਸੂਬੇ ਦੇ ਕੁਝ ਨਿਜੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ 9ਵੀਂ ਅਤੇ 11ਵੀਂ ਦੀਆਂ ਜਮਾਤਾਂ ਦੇ ਪੜ੍ਹਾਈ ਵਿੱਚੋਂ ਕਮਜ਼ੋਰ ਵਿਦਿਆਰਥੀਆਂ ਦੇ ਨਾਮ ਕੱਟ ਦਿੱਤੇ ਜਾਂਦੇ ਹਨ, ਕਿਉਂਕਿ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਦੀ ਬੋਰਡ ਦੀ ਪ੍ਰੀਖਿਆ ਹੋਣ ਕਾਰਨ ਸਕੂਲ ਦੇ ਨਤੀਜੇ ਮਾੜੇ ਨਾ ਆਉਣ ਅਤੇ ਸਕੂਲ ਦਾ ਵੱਕਾਰ ਕਾਇਮ ਰਹੇ। ਡੀਪੀਆਈ ਵੱਲੋਂ ਜਾਰੀ ਹੁਕਮਾਂ ਵਿਚ ਬਕਾਇਦਾ ਅੰਕਿਤ ਕੀਤਾ ਗਿਆ ਹੈ ਕਿ ਕੁਝ ਨਿਜੀ ਸਕੂਲਾਂ ਦਾ ਪ੍ਰਸ਼ਾਸਨ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਨਾਮ ਇਸੇ ਮਨਸ਼ੇ ਨਾਲ ਕੱਟਦਾ ਹੈ ਕਿ ਨਤੀਜੇ ਵਧੀਆ ਲਿਆਂਦੇ ਜਾ ਸਕਣ। 

ਡੀਪੀਆਈ ਨੇ ਆਪਣੀਆਂ ਹਦਾਇਤਾਂ ਵਿੱਚ ਕਿਹਾ ਹੈ ਕਿ ਇਸ ਕਾਰਵਾਈ ਨਾਲ ਜਿਥੇ ਰਵਾਇਤੀ ਵਿਦਿਆਰਥੀਆਂ ਦੇ ਭਵਿੱਖ ਉਤੇ ਮਾੜਾ ਅਸਰ ਪੈਂਦਾ ਹੈ, ਉਥੇ ਉਨ੍ਹਾਂ ਦੇ ਮਾਪਿਆਂ ਵਿਚ ਰੋਸ ਪਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਡੀਪੀਆਈ ਨੇ ਇਸ ਨਾਕਾਰਾਤਮਕ ਕਾਰਵਾਈ ਨੂੰ ਠੱਲ੍ਹਣ ਦੇ ਇਰਾਦੇ ਨਾਲ ਸਮੂਹ ਨਿਜੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ 9ਵੀਂ ਅਤੇ 11ਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਨਾਮ ਕੱਟਣ ਤੋਂ ਪਹਿਲਾਂ ਨਵੇਂ ਤਿਆਰ ਕੀਤੇ ਪ੍ਰੋਫਾਰਮੇ ਵਿੱਚ ਸਬੰਧਤ ਵਿਦਿਆਰਥੀ ਦੇ ਪੂਰੇ ਵੇਰਵੇ ਭਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਇਸ ਦੀ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।  ਡੀਪੀਆਈ ਨੇ ਹਦਾਇਤਾਂ ਵਿੱਚ ਸਪਸ਼ਟ ਤਾੜਨਾ ਕੀਤੀ ਹੈ ਕਿ ਜਿਹੜੇ ਸਕੂਲ ਦਾ ਪ੍ਰਸ਼ਾਸਨ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ, ਉਸ ਸਕੂਲ ਦੀ ਐੱਨਓਸੀ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਹ ਫੈਸਲਾ ਕੁਝ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਜਿਥੇ ਵਿਦਿਆਰਥੀਆਂ ਦੇ ਤਬਾਹ ਕੀਤੇ ਜਾ ਰਹੇ ਭਵਿੱਖ ਨੂੰ ਬਚਾਉਣ ਲਈ ਕੀਤਾ ਹੈ, ਉਥੇ ਮਾਪਿਆਂ ਦੀ ਹੋ ਰਹੀ ਵਿੱਤੀ ਲੁੱਟ ਨੂੰ ਵੀ ਰੋਕਣ ਲਈ ਲਿਆ ਹੈ। ਸਕੱਤਰ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਝ ਸਕੂਲਾਂ ਦੀਆ ਸ਼ਿਕਾਇਤਾਂ ਮਿਲੀਆਂ ਸਨ ਕਿ ਬੋਰਡ ਦੀ ਪ੍ਰੀਖਿਆ ਵਾਲੀਆਂ ਜਮਾਤਾਂ ਤੋਂ ਪਹਿਲੀ ਜਮਾਤ ਦੀ ਜਦ ਸਕੂਲੀ ਪ੍ਰੀਖਿਆ ਹੁੰਦੀ ਹੈ ਤਾਂ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਇਸ ਸ਼ਰਤ ’ਤੇ ਪਾਸ ਕੀਤਾ ਜਾਂਦਾ ਹੈ ਕਿ ਇਸ ਤੋਂ ਬਾਅਦ ਉਹ ਸਕੂਲ ਵਿਚੋਂ ਆਪਣਾ ਨਾਮ ਕਟਵਾ ਲਵੇਗਾ ਤਾਂ ਜੋ ਉਹ ਅਗਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀ ਪ੍ਰੀਖਿਆ ਵਾਲੀਆਂ ਜਮਾਤਾਂ ਤਕ ਨਾ ਜਾ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਪੜ੍ਹਾਈ ਤੋਂ ਕਮਜ਼ੋਰ ਬੱਚਿਆਂ ਦਾ ਨਾਮ ਕੱਟ ਕੇ ਉਨ੍ਹਾਂ ਦਾ ਭਵਿੱਖ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ