ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਨੂੰ ਸਦਮਾ

ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਨੂੰ ਸਦਮਾ

ਨੌਜਵਾਨ ਪੁੱਤਰ ਦੀ ਦਿਲ ਦੇ ਦੌਰੇ ਨਾਲ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੱਤਰਕਾਰ ਕੰਵਰ ਸੰਧੂ ਦੇ ਨੌਜਵਾਨ ਪੁੱਤਰ ਡਾਕਟਰ ਕਰਨ ਸਿੰਘ (35 ਸਾਲ) ਦੀ ਬੁੱਧਵਾਰ ਸਵੇਰੇ ਦਿਲ ਦੇ ਦੌਰੇ ਕਾਰਨ ਮੌਤ ਹੋਣ ਨਾਲ ਸੰਧੂ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ। ਕੰਵਰ ਸੰਧੂ ਪੰਜਾਬ ਵਿਧਾਨ ਸਭਾ ਦੇ ਹਲਕਾ ਖਰੜ ਤੋਂ ਆਮ ਆਦਮੀ ਦੇ ਉਮੀਵਾਰ ਵਜੋਂ ਚੋਣ ਲੜੀ ਹੈ। ਨਤੀਜੇ 11 ਮਾਰਚ ਨੂੰ ਆਉਣੇ ਹਨ।
ਕੈਨੇਡਾ ਰਹਿੰਦਾ ਕਰਨ ਸੰਧੂ ਚੋਣਾਂ ਕਾਰਨ ਅਪਣੀ ਪਤਨੀ ਸਮੇਤ ਪੰਜਾਬ ਆਇਆ ਹੋਇਆ ਸੀ। ਉਸਨੂੰ ਵੱਡੇ ਤੜਕੇ ਦਿਲ ਦੇ ਦਰਦ ਕਾਰਨ ਤੁਰੰਤ ਪੀਜੀਆਈ ਲਿਜਾਇਆ ਗਿਆ ਜਿੱਥੇ ਉਹ ਸਵੇਰੇ ਕਰੀਬ 5:00 ਵਜੇ ਦਮ ਤੋੜ ਗਿਆ।
ਕਰਨ ਸੰਧੂ ਨੇ ਅਪਣੀ ਮੁਢਲੀ ਚੰਡੀਗੜ੍ਹ ਦੇ ਸੇਂਟ ਸਟੀਫਨ ਸਕੂਲ ਤੋਂ ਕਰਨ ਬਾਅਦ ਸ੍ਰੀ ਗੁਰੁ ਰਾਮ ਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐੱਮਬੀਬੀਅਐੱਸ ਕੀਤੀ। ਉਸਦਾ ਅੰਤਮ ਸਸਕਾਰ ਸ਼ਾਮੀਂ 5:00 ਵਜੇ ਚੰਡੀਗੜ੍ਹ ਦੇ ਸ਼ਮਸ਼ਾਨ ਘਾਟ ਵਿਖੇ ਕਰਨ ਮੌਕੇ ਉੱਘੀਆਂ ਰਾਜਸੀ, ਸਮਾਜਿਕ ਤੇ ਧਾਰਮਿਕ ਹਸਤੀਆਂ ਤੋਂ ਇਲਾਵਾ ਦੋਸਤ, ਸਨੇਹੀ ਅਤੇ ਮੀਡੀਆ ਕਰਮੀ ਹਾਜ਼ਰ ਸਨ।
ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੇਵਕਤੀ ਤੇ ਦੁਖਦਾਈ ਮੌਤ ਉੱਤੇ ਕੰਵਰ ਸੰਧੂ ਨਾਲ ਗਹਿਰਾ ਸ਼ੋਕ ਪ੍ਰਗਟ ਕੀਤਾ ਹੈ।