ਆਸਟ੍ਰੇਲੀਆ ਦੀ ਕ੍ਰਿਕਟ ਟੀਮ ‘ਚ 2 ਸਿੱਖ ਨੌਜਵਾਨਾਂ ਦੀ ਹੋਈ ਚੋਣ 

ਆਸਟ੍ਰੇਲੀਆ ਦੀ ਕ੍ਰਿਕਟ ਟੀਮ ‘ਚ 2 ਸਿੱਖ ਨੌਜਵਾਨਾਂ ਦੀ ਹੋਈ ਚੋਣ 

ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਨੂੰ ਆਸਟ੍ਰੇਲੀਆ ਦੀ ਅੰਡਰ -19 ਵਰਲਡ ਕੱਪ ਟੀਮ ਵਿੱਚ ਚੁਣਿਆ ਗਿਆ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਿਡਨੀ: ਵਰਲਡ ਚੈਂਪੀਅਨ ਆਸਟ੍ਰੇਲੀਆ ਕ੍ਰਿਕਟ ਟੀਮ ਵਿੱਚ ਹੁਣ ਜਲਦ 2 ਸਿੱਖ ਨੌਜਵਾਨ ਖੇਡਦੇ ਹੋਏ ਨਜ਼ਰ ਆਉਣਗੇ। ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਨੂੰ ਆਸਟ੍ਰੇਲੀਆ ਦੀ ਅੰਡਰ -19 ਵਰਲਡ ਕੱਪ ਟੀਮ ਵਿੱਚ ਚੁਣਿਆ ਗਿਆ ਹੈ ।ਪਹਿਲਾਂ ਟੂਰਨਾਮੈਂਟ ਸ਼੍ਰੀਲੰਕਾ ਵਿੱਚ ਹੋਣਾ ਸੀ ਪਰ ਹੁਣ ਇਸ ਨੂੰ ਦੱਖਣੀ ਅਫਰੀਕਾ ਵਿੱਚ ਕਰਵਾਇਆ ਜਾ ਰਿਹਾ ਹੈ । 19 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਅੰਡਰ-19 ਵਰਲਡ ਕੱਪ ਦਾ ਫਾਈਨਲ 11 ਫਰਵਰੀ ਨੂੰ ਹੋਵੇਗਾ ।

ਹਰੀਕਰਤ ਸਿੰਘ ਬਾਜਵਾ ਮੈਲਬਾਰਨ ਵਿੱਚ ਰਹਿੰਦੇ ਹਨ ਅਤੇ ਉਹ ਆਲ ਰਾਉਂਡਰ ਹਨ । ਬਾਜਵਾ ਸੱਜੇ ਹੱਥ ਦੇ ਬੱਲੇਬਾਜ਼ ਹਨ ਅਤੇ ਆਫ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ । ਬਾਜਵਾ ਦੇ ਪਿਤਾ ਮੈਲਬਾਰਨ ਵਿੱਚ ਟੈਕਸੀ ਚਲਾਉਂਦੇ ਹਨ । ਉਧਰ ਆਸਟ੍ਰੇਲੀਆ ਦੀ ਵਰਲਡ ਕੱਪ ਟੀਮ ਲਈ ਚੁਣੇ ਗਏ ਦੂਜੇ ਸਿੱਖ ਨੌਜਵਾਨ ਖੱਬੇ ਹੱਥ ਦੇ ਬਲੇਬਾਜ਼ ਹਨ ਅਤੇ ਉਹ ਇੰਗਲੈਂਡ ਦੇ ਖਿਲਾਫ ਖੇਡੀ ਗਈ ਅੰਡਰ -19 ਸੀਰੀਜ਼ ਦਾ ਹਿੱਸਾ ਵੀ ਸਨ । ਉਹ ਸਿਡਨੀ ਦੇ ਰਹਿਣ ਵਾਲੇ ਹਨ ਉਨ੍ਹਾਂ ਦੇ ਪਿਤਾ ਟਰੈਵਲ ਸਨਅਤ ਤੋਂ ਹਨ ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਵੱਲੋਂ ਇਸ ਵਕਤ ਪੰਜਾਬੀ ਨੌਜਵਾਨ ਜੈਸਨ ਸੰਘਾ ਖੇਡ ਰਹੇ ਹਨ । ਸੰਘਾ 2018 ਵਿੱਚ ਆਸਟ੍ਰੇਲੀਆ ਟੀਮ ਵਲੋਂ ਅੰਡਰ -19 ਵਰਲਡ ਕੱਪ ਦਾ ਹਿੱਸਾ ਸੀ । ਇਸ ਤੋਂ ਇਲਾਵਾ ਅਰਜੁਨ ਨਈਅਰ,ਤਨਵੀਰ ਸੰਘਾ ਨੇ ਵੀ ਪਹਿਲਾਂ ਆਸਟ੍ਰੇਲੀਆ ਟੀਮ ਵੱਲੋਂ ਖੇਡੇ ਹਨ ।

ਮੁਹਾਲੀ ਵਿੱਚ ਪੈਦਾ ਹੋਏ ਹਰਕੀਰਤ ਸਿੰਘ ਬਾਜਵਾ ਇਸ ਤੋਂ ਪਹਿਲਾਂ 2022 ਵਿੱਚ ਵੈਸਟ ਇੰਡੀਜ਼ ਵਿੱਚ ਖੇਡੇ ਗਏ ਅੰਡਰ -19 ਵਰਲਡ ਕੱਪ ਦਾ ਹਿੱਸਾ ਰਹਿ ਚੁਕੇ ਹਨ । ਆਸਟ੍ਰੇਲੀਆ ਉਸ ਵੇਲੇ ਕੁਆਟਰ ਫਾਈਨਲ ਤੋਂ ਬਾਹਰ ਹੋ ਗਈ ਸੀ । ਬਾਜਵਾ ਨੂੰ ਉਮੀਦ ਹੈ ਕਿ ਟੀਮ ਇਸ ਵਾਰ ਆਪਣਾ ਰਿਕਾਰਡ ਸਹੀ ਕਰੇਗੀ ।ਉਸ ਨੇ ਕਿਹਾ ਅਸੀਂ ਇਸ ਵਾਰ ਫਾਈਨਲ ਜ਼ਰੂਰ ਜਿੱਤਾਗੇ ।

ਹਰਕੀਰਤ ਸਿੰਘ ਬਾਜਵਾ ਦੇ ਮਾਪੇ ਆਸਟ੍ਰੇਲੀਆ ਵਿੱਚ 2012 ਨੂੰ ਆਏ ਸਨ। ਬਾਜਵਾ ਨੇ ਕ੍ਰਿਕਟ ਨੂੰ ਮਸਤੀ ਦੇ ਰੂਪ ਵਿੱਚ 7 ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਸੱਟਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਨ੍ਹਾਂ ਨੇ ਆਪਣਾ ਟੀਚਾ ਕਦੇ ਨਹੀਂ ਛੱਡਿਆ। ਉਸ ਨੇ ਦੱਸਿਆ ਕਿ ਮੇਰੀ ਦਿਲਚਸਪੀ ਨੂੰ ਵੇਖ ਦੇ ਹੋਏ ਮੇਰੇ ਚਾਚੇ ਨੇ ਮੈਨੂੰ ਲੋਕਲ ਕ੍ਰਿਕਟ ਕਲੱਬ ਵਿੱਚ ਪਾ ਦਿੱਤਾ । ਉਸ ਤੋਂ ਬਾਅਦ ਮੈਂ ਆਪਣੇ ਖੇਡ ਨੂੰ ਪੂਰੀ ਤਰ੍ਹਾਂ ਨਾਲ ਸੰਜੀਦਗੀ ਨਾਲ ਲਿਆ । ਜਦੋਂ ਮੈਂ ਅੰਡਰ 15 ਵਿੱਚ ਚੁਣਿਆ ਮੈਂ ਸ਼ਾਨਦਾਰ ਪ੍ਰਦਰਸ਼ਨ ਕੀਤਾ । ਬਾਜਵਾ ਨੇ ਕਿਹਾ ਉਹ 7 ਸਾਲ ਪਹਿਲਾਂ ਭਾਰਤ ਗਿਆ ਸੀ । ਮੈਂ ਟੀਮ ਦੇ ਨਾਲ ਨਹੀਂ ਗਿਆ ਬਲਕਿ ਪਰਿਵਾਰਕ ਪ੍ਰੋਗਰਾਮ ਵਿੱਚ ਗਿਆ ਸੀ। ਬਾਜਵਾ ਨੇ ਦੱਸਿਆ ਕਿ ਉਹ ਟੀਮ ਇੰਡੀਆ ਦੇ ਬਲੇਬਾਜ਼ ਸ਼ੁਭਮਨ ਗਿੱਲ ਤੋਂ ਕਾਫੀ ਪ੍ਰਭਾਵਿਤ ਹਨ।

ਉਧਰ ਹਰਜਸ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਵਿੱਚ ਹੀ ਪੈਦਾ ਹੋਇਆ ਸੀ ਅਤੇ ਇੱਥੇ ਹੀ ਵੱਡਾ ਹੋਇਆ ਹੈ । ਉਹ ਆਪਣੇ ਆਪ ਨੂੰ ਆਸਟ੍ਰੇਲੀਅਨ ਮੰਨਦਾ ਹੈ ਪਰ ਹੁਣ ਵੀ ਉਸ ਨੂੰ ਆਪਣੇ ਪੰਜਾਬ ਦੀ ਜੜਾਂ ਨਾਲ ਪਿਆਰ ਹੈ,ਉਸ ਨੇ 2015 ਵਿੱਚ ਭਾਰਤ ਦਾ ਟੂਰ ਕੀਤਾ ਸੀ। ਹਰਜਸ ਨੇ ਦੱਸਿਆ ਉਸ ਨੇ ਟੈਨਿਸ ਦੀ ਗੇਂਦ ਨਾਲ ਖੇਡਣਾ ਸ਼ੁਰੂ ਕੀਤਾ ਪਰ ਜਦੋਂ ਰਾਬਸੀ ਵਰਕਰ ਕ੍ਰਿਕਟ ਕਲੱਬ ਵੱਲੋਂ ਖੇਡਣਾ ਸ਼ੁਰੂ ਕੀਤਾ ਤਾਂ ਉਸ ਦੇ ਖੇਡ ਵਿੱਚ ਨਿਖਾਰ ਆ ਗਿਆ । ਹਰਜਸ ਸਿੰਘ ਨੇ ਕਿਹਾ ਕਿ ਮੈਨੂੰ ਉਮੀਦ ਹੈ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਵਰਲਡ ਕੱਪ ਵਿੱਚ ਅਸੀਂ ਜ਼ਰੂਰ ਜਿੱਤ ਹਾਸਲ ਕਰਾਂਗੇ ।