ਕੋਰੋਨਾਵਾਇਰਸ: ਸਰਬੱਤ ਦੇ ਭਲੇ 'ਚ ਲੱਗੇ ਸਿੱਖਾਂ ਨੂੰ ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਦੀ ਵੱਡੀ ਸਾਜਿਸ਼

ਕੋਰੋਨਾਵਾਇਰਸ: ਸਰਬੱਤ ਦੇ ਭਲੇ 'ਚ ਲੱਗੇ ਸਿੱਖਾਂ ਨੂੰ ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਦੀ ਵੱਡੀ ਸਾਜਿਸ਼

ਸੁਖਵਿੰਦਰ ਸਿੰਘ
ਕੋਰੋਨਾਵਾਇਰਸ ਮਹਾਂਮਾਰੀ ਦੀ ਬਿਪਤਾ 'ਚ ਘਿਰੀ ਮਾਨਵ ਜਾਤੀ ਦੀ ਸੇਵਾ ਵਿਚ ਆਪਣੇ ਅਬਾਦੀ ਦੇ ਅਨੁਪਾਤ ਤੋਂ ਬਹੁਤ ਵੱਡਾ ਹਿੱਸਾ ਪਾ ਰਹੇ ਸਿੱਖ ਭਾਈਚਾਰੇ ਨੂੰ ਅਜਿਹੇ ਸਮੇਂ ਵੀ ਬਦਨਾਮ ਕਰਨ ਦੀਆਂ ਅਤੇ ਕਮਜ਼ੋਰ ਕਰਨ ਦੀ ਸਾਜਿਸ਼ਾਂ ਕੌਮਾਂਤਰੀ ਪੱਧਰ 'ਤੇ ਚੱਲ ਰਹੀਆਂ ਹਨ। ਇਸ ਲਈ ਇਕ ਪੂਰੀ ਮੀਡੀਆ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਕੇਂਦਰ ਵਿਚ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਪਠਲਾਵਾ ਪਿੰਡ ਦੇ ਬਲਦੇਵ ਸਿੰਘ ਨੂੰ ਰੱਖਿਆ ਗਿਆ ਹੈ। ਬਲਦੇਵ ਸਿੰਘ ਮਾਰਚ ਦੇ ਸ਼ੁਰੂਆਤੀ ਦਿਨਾਂ 'ਚ ਇਟਲੀ ਤੋਂ ਵਾਪਸ ਪੰਜਾਬ ਪਰਤਿਆ ਸੀ, ਜਿਵੇਂ ਭਾਰਤ ਦੇ ਹੋਰ ਲੱਖਾਂ ਲੋਕ ਵਿਦੇਸ਼ਾਂ ਤੋਂ ਭਾਰਤ ਆਏ। ਕੁੱਝ ਦਿਨਾਂ ਬਾਅਦ ਬਲਦੇਵ ਸਿੰਘ ਦੀ ਸਿਹਤ ਖਰਾਬ ਹੋਈ ਤੇ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸਦੀ ਜਾਂਚ ਵਿਚ ਸਪਸ਼ਟ ਹੋਇਆ ਕਿ ਉਹ ਕੋਰੋਨਾਵਾਇਰਸ ਨਾਲ ਪੀੜਤ ਸੀ। ਭਾਵ ਕਿ ਉਸਨੂੰ ਜਿਉਂਦੇ ਜੀਅ ਖੁਦ ਨੂੰ ਵੀ ਨਹੀਂ ਪਤਾ ਸੀ ਕਿ ਉਹ ਇਸ ਵਾਇਰਸ ਨਾਲ ਪੀੜਤ ਹੈ। ਉਸਦੇ ਪਰਿਵਾਰ ਅਤੇ ਰਿਸ਼ਤੇਦਾਰੀ ਦੇ ਲਗਭਗ ਦੋ ਦਰਜਨ ਲੋਕ ਇਸ ਵਾਇਰਸ ਤੋਂ ਪੀੜਤ ਪਾਏ ਗਏ। ਪਰ ਪੰਜਾਬ ਦੇ ਪ੍ਰਸ਼ਾਸਨ ਅਤੇ ਭਾਰਤ ਦੇ ਮੀਡੀਆ ਨੇ ਬੜੀ ਬੇਸ਼ਰਮੀ ਨਾਲ ਬਿਮਾਰੀ ਦੇ ਪੀੜਤ ਇਸ ਪਰਿਵਾਰ ਨੂੰ ਜ਼ਲੀਲ ਕਰਨ ਦੀ ਅਣਮਨੁੱਖੀ ਮੁਹਿੰਮ ਸ਼ੁਰੂ ਕੀਤੀ। ਬਲਦੇਵ ਸਿੰਘ ਪਠਲਾਵਾ ਨੂੰ ਅਧਾਰ ਬਣਾ ਸਿੱਖ ਵਿਰੋਧੀ ਕਈ ਧਿਰਾਂ ਨੇ ਮਸ਼ਕਰੀਆਂ ਕੀਤੀਆਂ। ਇਹਨਾਂ ਵਿਚ ਪੰਜਾਬ ਦਾ ਪ੍ਰਸ਼ਾਸਨ, ਪੰਜਾਬ ਦੇ ਕਈ ਕਾਮਰੇਡ ਅਤੇ ਭਾਰਤ ਦੀਆਂ ਖੂਫੀਆ ਏਜੰਸੀਆਂ ਸ਼ਾਮਲ ਹਨ, ਇਹਨਾਂ ਤਿੰਨਾਂ ਵਰਗਾਂ ਨੇ ਆਪਣੇ ਆਪਣੇ ਅਜੇਂਡੇ ਲਈ ਇਸ ਪੀੜਤ ਪਰਿਵਾਰ ਦੀ ਤਕਲੀਫ ਦਾ ਸੋਸ਼ਣ ਕੀਤਾ। 

ਪੰਜਾਬ ਦੇ ਪ੍ਰਸ਼ਾਸਨ ਨੇ ਆਪਣੀ ਨਲਾਇਕੀ ਨੂੰ ਲੁਕਾਉਣ ਲਈ ਸਾਰਾ ਦੋਸ਼ ਇਕ ਮਰੀਜ਼ 'ਤੇ ਪਾ ਦਿੱਤਾ ਜਦਕਿ ਮਰੀਜ਼ ਨੂੰ ਮਰਨ ਤਕ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੈ। ਸਰਕਾਰ ਦੀ ਨਲਾਇਕੀ ਬਾਰੇ ਪੜ੍ਹਨ ਲਈ ਤੁਸੀਂ ਇਸ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਵਿਸਤਾਰ ਨਾਲ ਪੜ੍ਹ ਸਕਦੇ ਹੋ: ਸਿਸਟਮ ਨੂੰ ਕਲੀਨ ਚਿੱਟ ਦੇਣ ਲਈ ਪੂਰੇ ਤੰਤਰ ਨੇ ਪੀੜ੍ਹਤ ਬਲਦੇਵ ਸਿੰਘ ਨੂੰ ਦੋਸ਼ੀ ਬਣਾਇਆ

ਪੰਜਾਬ ਦੇ ਕੁੱਝ ਕਾਮਰੇਡਾਂ ਨੂੰ ਲੱਗਿਆ ਕਿ ਇਹ ਉਨ੍ਹਾਂ ਲਈ ਧਾਰਮਿਕ ਬੰਦਿਆਂ ਨੂੰ ਭੰਡਣ ਦਾ ਇਕ ਮੌਕਾ ਹੈ। ਉਹਨਾਂ ਬਲਦੇਵ ਸਿੰਘ ਦੀ ਧਾਰਮਿਕ ਪਛਾਣ ਨੂੰ ਅਧਾਰ ਬਣਾ ਕੇ ਉਸਦੀ ਕਿਰਦਾਰਕੁਸ਼ੀ ਕੀਤੀ ਤੇ ਉਸਨੂੰ ਪੰਜਾਬ ਵਿਚ ਕੋਰੋਨਾਵਾਇਰਸ ਫੈਲਾਉਣ ਦਾ ਇਸ ਤਰ੍ਹਾਂ ਜ਼ਿੰਮੇਵਾਰ ਪੇਸ਼ ਕੀਤਾ ਜਿਵੇਂ ਕੋਰੋਨਾਵਾਇਰਸ ਦੀ ਬਿਮਾਰੀ ਦਾ ਮੁੱਢ ਚੀਨ ਤੋਂ ਨਹੀਂ ਪਠਲਾਵਾ ਪਿੰਡ ਤੋਂ ਬੱਝਿਆ ਹੋਵੇ। ਹਰ ਵੇਲੇ ਤਰਕ-ਤਰਕ ਦੀ ਗੱਲ ਕਰਨ ਵਾਲੇ ਗਿਆਨ ਹੀਣ ਇਹਨਾਂ ਲੋਕਾਂ ਨੂੰ ਇਹ ਵੀ ਪੜ੍ਹ ਲੈਣਾ ਚਾਹੀਦਾ ਹੈ ਕਿ ਇਹ ਵਾਇਰਸ ਅਜਿਹਾ ਹੈ ਜਿਸ ਦਾ ਪੀੜਤ ਵਿਅਕਤੀ ਨੂੰ ਲੰਬੇ ਸਮੇਂ ਤਕ ਪਤਾ ਨਹੀਂ ਚਲਦਾ ਕਿ ਉਹ ਇਸ ਤੋਂ ਪੀੜਤ ਹੈ ਜੋ ਬਲਦੇਵ ਸਿੰਘ ਨਾਲ ਵੀ ਹੋਇਆ। ਦੂਜਾ ਹਰ ਮੌਕੇ ਸਰਕਾਰ ਨੂੰ ਭੰਡਣ ਵਾਲੇ ਇਸ ਵਰਗ ਨੇ ਹਮੇਸ਼ਾ ਵਾਂਗ ਜਦੋਂ ਸਰਕਾਰ ਜਾਂ ਸਿੱਖਾਂ ਵਿਚੋਂ ਕਿਸੇ ਇਕ ਨਾਲ ਖੜ੍ਹਨ ਦਾ ਫੈਂਸਲਾ ਕਰਨਾ ਹੋਵੇ ਤਾਂ ਇਹ ਸਰਕਾਰ ਨਾਲ ਖੜ੍ਹਨ ਦੀ ਆਪਣੀ ਰੀਤ ਨੂੰ ਹੀ ਨਿਭਾਉਂਦੇ ਹਨ। ਇਸ ਵਾਰ ਵੀ ਸਰਕਾਰ ਦੀ ਨਲਾਇਕੀ ਨੂੰ ਲਕੋ ਕਿ ਇਹਨਾਂ ਸਿੱਖਾਂ ਨੂੰ ਭੰਡਣ 'ਤੇ ਜ਼ੋਰ ਦਿੱਤਾ। 

ਤੀਜੀ ਧਿਰ ਖੂਫੀਆ ਏਜੰਸੀਆਂ ਦੀ ਹੈ, ਜਿਸ ਨੇ ਇਸ ਪੀੜਤ ਪਰਿਵਾਰ ਦਾ ਸੋਸ਼ਣ ਕਰਕੇ ਆਪਣੇ ਦੋ ਹਿੱਤ ਪੂਰੇ। ਇਕ ਸਿੱਖਾਂ ਦੇ ਕੌਮਾਂਤਰੀ ਪੱਧਰ 'ਤੇ ਉੱਭਰ ਰਹੇ ਅਕਸ ਨੂੰ ਢਾਹ ਲਾ ਕੇ ਸਿੱਖਾਂ ਦੀ ਸੋਫਟ ਪਾਵਰ ਨੂੰ ਕਮਜ਼ੋਰ ਕਰਨਾ ਅਤੇ ਦੂਜਾ ਵਿਦੇਸ਼ੀ ਸਿੱਖਾਂ ਪ੍ਰਤੀ ਨਕਾਰਾਤਮਕ ਮਾਹੌਲ ਸਿਰਜਣਾ। ਪਹਿਲੇ ਹਿੱਤ ਨੂੰ ਪੂਰਨ ਲਈ ਬਲਦੇਵ ਸਿੰਘ ਦੀ ਸਿੱਖ ਪਛਾਣ ਨੂੰ ਅਧਾਰ ਬਣਾ ਭਾਰਤੀ ਅਤੇ ਕੌਮਾਂਤਰੀ ਮੀਡੀਆ ਵਿਚ ਇਹ ਸਥਾਪਤ ਕੀਤਾ ਗਿਆ ਕਿ ਇਕ ਸਿੱਖ ਧਾਰਮਿਕ ਆਗੂ ਤੋਂ ਇਹ ਬਿਮਾਰੀ ਫੈਲੀ। ਇਹਨਾਂ ਖਬਰਾਂ ਵਿਚ ਸਿੱਖ ਪਛਾਣ ਨੂੰ ਬਹੁਤ ਕਾਰਗਰ ਤਰੀਕੇ ਨਾਲ ਸ਼ਬਦਾਂ ਦੀ ਵਰਤੋਂ ਕਰਦਿਆਂ ਬਲਦੇਵ ਸਿੰਘ ਨਾਲ ਜੋੜਿਆ ਗਿਆ। ਦੁਨੀਆ ਵਿਚ ਫੈਲੀਆਂ ਮਹਾਮਾਰੀਆਂ ਦੀ ਜੜ੍ਹ ਨੂੰ ਕਿਸੇ ਪਛਾਣ ਨਾਲ ਜੋੜਨਾ ਇਕ ਵੱਡਾ ਨਸਲੀ ਹਮਲਾ ਹੁੰਦਾ ਹੈ ਤੇ ਕਿਸੇ ਪਛਾਣ ਦਾ ਅਜਿਹੇ ਵਰਤਾਰੇ ਨਾਲ ਜੁੜਨਾ ਉਸ 'ਤੇ ਵੱਡੇ ਅਸਰ ਪਾਉਂਦਾ ਹੈ। ਇਸ ਨੂੰ ਸਮਝਣ ਲਈ ਤੁਸੀਂ ਚੀਨ ਅਤੇ ਅਮਰੀਕਾ ਦਰਮਿਆਨ ਕੋਰੋਨਾਵਾਇਰਸ ਨੂੰ ਲੈ ਕੇ ਚੱਲੀ ਸ਼ਬਦੀ ਜੰਗ ਨੂੰ ਦੇਖ ਸਕਦੇ ਹੋ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੋਰੋਨਾਵਾਇਰਸ ਨੂੰ 'ਚਾਈਨੀਸ ਵਾਇਰਸ' ਕਹਿਣ 'ਤੇ ਚੀਨ ਵੱਲੋਂ ਬਹੁਤ ਸਖਤ ਪ੍ਰਤੀਕਰਮ ਦਿੱਤਾ ਗਿਆ ਤੇ ਸਾਰੇ ਦੇਸ਼ਾਂ ਨੂੰ ਕਿਹਾ ਗਿਆ ਕਿ ਇਹ ਸ਼ਬਦ ਨਾ ਵਰਤਿਆ ਜਾਵੇ। ਖੂਫੀਆ ਏਜੰਸੀਆਂ ਦੇ ਇਸ ਹਿੱਤ ਨੂੰ ਪੂਰਨ ਲਈ ਪੰਜਾਬ ਪੁਲਸ ਅਤੇ ਸਿੱਧੂ ਮੂਸੇਵਾਲੇ ਨੇ ਪੂਰਾ ਸਾਥ ਦਿੱਤਾ। 

ਖੂਫੀਆ ਏਜੰਸੀਆਂ ਨੇ ਦੂਜਾ ਹਿੱਤ ਪੂਰਾ ਕਰਨ ਲਈ ਇਹ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿਚ ਇਸ ਬਿਮਾਰੀ ਨੂੰ ਵਿਦੇਸ਼ਾਂ ਤੋਂ ਆ ਰਹੇ ਲੋਕ ਲੈ ਕੇ ਆਏ ਹਨ ਅਤੇ ਉਹਨਾਂ ਬਾਰੇ ਪੰਜਾਬ ਦੇ ਲੋਕਾਂ 'ਚ ਇਕ ਨਕਾਰਾਤਮਕ ਮਾਹੌਲ ਸਿਰਜਿਆ। ਜਦਕਿ ਸਭ ਤੋਂ ਵੱਧ ਵਿਦੇਸ਼ਾਂ ਤੋਂ ਪਰਤੇ ਲੋਕ ਉੱਤਰ ਪ੍ਰਦੇਸ਼ ਵਿਚ ਹਨ। ਪਰ ਜਿਹੜਾ ਮਾਹੌਲ ਪੰਜਾਬ ਦੇ ਵਿਦੇਸ਼ੀਆਂ ਬਾਰੇ ਸਿਰਜਿਆ ਗਿਆ ਉਹ ਕਿਸੇ ਹੋਰ ਸੂਬੇ ਵਿਚ ਨਹੀਂ ਦਿਖਿਆ। ਇਸ ਦਾ ਕਾਰਨ ਇਹ ਹੈ ਕਿ ਵਿਦੇਸ਼ਾਂ ਵਿਚ ਵਸੇ ਪੰਜਾਬ ਦੇ ਸਿੱਖ ਭਾਰਤੀ ਰਾਜ ਪ੍ਰਬੰਧ ਲਈ ਇਕ ਵੱਡੀ ਚੁਣੌਤੀ ਹਨ ਅਤੇ ਵਿਦੇਸ਼ੀ ਪੰਜਾਬੀਆਂ ਅਤੇ ਪੰਜਾਬ ਦੇ ਲੋਕਾਂ ਦਰਮਿਆਨ ਆਪਸੀ ਸਾਂਝ ਭਾਰਤ ਦੇ ਰਾਸ਼ਟਰਵਾਦੀ ਅਜੇਂਡੇ ਦੇ ਰਾਹ ਵਿਚ ਵੱਡਾ ਰੋੜਾ ਹੈ ਜੋ ਪੰਜਾਬ ਵਿਚ ਲਾਗੂ ਕਰਨ ਦੇ ਯਤਨ ਬਹੁਤ ਹੋ ਰਹੇ ਹਨ, ਪਰ ਭਾਰਤ ਨੂੰ ਉਸ ਪੱਧਰ ਦੀ ਕਾਮਯਾਬੀ ਨਹੀਂ ਮਿਲ ਰਹੀ। 

ਇਸ ਲਈ ਅਜਿਹੀ ਬਿਪਤਾ ਸਮੇਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਧਿਰਾਂ ਵੱਲੋਂ ਸਥਾਪਤ ਕੀਤੇ ਜਾ ਰਹੇ ਵਿਚਾਰਾਂ ਨੂੰ ਨਕਾਰਦਿਆਂ ਆਪਣੀ ਆਪਸੀ ਸਾਂਝ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ ਅਤੇ ਗੁਰੂ ਸਿਧਾਂਤ 'ਤੇ ਚਲਦਿਆਂ ਮਨੁੱਖਤਾ ਦੀ ਸੇਵਾ ਦੇ ਕਾਰਜ ਜਾਰੀ ਰੱਖਣੇ ਚਾਹੀਦੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।