ਹਨੇਰੇ ਵਿੱਚ ਹੈ ਪੰਥਕ ਪਾਰਟੀ ਦਾ ਭਵਿੱਖ
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੰਬਾ ਸਮਾਂ ਸਿੱਖਾਂ ਦੀ ਨੁਮਾਇੰਦਗੀ ਕਰਨ ਅਤੇ ਪੰਥਕ ਪਾਰਟੀ ਹੋਣ ਦਾ ਮਾਣ ਪ੍ਰਾਪਤ ਹੈ, ਪਰ ਇਸ ਸਮੇਂ ਇਹ ਪਾਰਟੀ ਦੋ ਖੇਮਿਆਂ ਵਿੱਚ ਵੰਡੀ ਗਈ ਹੈ, ਜਿਸ ਕਾਰਨ ਇਸ ਪਾਰਟੀ ਦਾ ਭਵਿੱਖ ਹਨੇਰੇ ਵਿੱਚ ਹੈ।
ਅਕਾਲੀ ਦਲ ਦੇ ਮੁੱਖ ਧੜੇ ਦੀ ਅਗਵਾਈ ਸੁਖਬੀਰ ਬਾਦਲ ਕਰ ਰਹੇ ਹਨ ਜਦੋਂ ਕਿ ਬਾਗੀ ਧੜੇ ਵਿੱਚ ਅਨੇਕਾਂ ਸੀਨੀਅਰ ਅਕਾਲੀ ਆਗੂ ਸ਼ਾਮਲ ਹਨ। ਬਾਗੀ ਆਗੂ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਜਦੋਂ ਕਿ ਸੁਖਬੀਰ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਗਿਆ ਹੈ।
ਪੰਜਾਬ ਦੀ ਸੱਤਾ ਦਾ ਅਨੇਕਾਂ ਸਾਲ ਸੁੱਖ ਮਾਣ ਚੁੱਕੇ ਅਕਾਲੀ ਦਲ ਲਈ ਇਸ ਤੋਂ ਵਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ ਕਿ ਲੋਕ ਸਭਾ ਚੋਣਾਂ ਦੌਰਾਨ ਇਹ ਪਾਰਟੀ ਸਿਰਫ਼ ਇੱਕ ਸੀਟ ’ਤੇ ਹੀ ਸੀਮਿਤ ਹੋ ਗਈ। ਬਾਦਲ ਪਰਿਵਾਰ ਨੇ ਇਸ ਚੋਣ ਵਿੱਚ ਬਠਿੰਡਾ ਪਰਿਵਾਰਕ ਸੀਟ ਤਾਂ ਬਚਾ ਲਈ ਪਰ ਪੂਰਾ ਪੰਜਾਬ ਗੁਆ ਲਿਆ। ਲੋਕ ਸਭਾ ਚੋਣਾਂ ਵਿੱਚ ਮਿਲੀ ਅਸਫਲਤਾ ਤੋਂ ਬਾਅਦ ਹੀ ਅਨੇਕਾਂ ਅਕਾਲੀ ਆਗੂ ਬਾਗੀ ਹੋ ਗਏ ਅਤੇ ਉਹਨਾਂ ਵੱਲੋਂ ਹੁਣ ਬਕਾਇਦਾ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
104 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਵਿੱਚ ਪਹਿਲੀ ਵਾਰ ਫੁੱਟ ਨਹੀਂ ਪਈ ਸਗੋਂ ਇਹ ਪਾਰਟੀ ਆਪਣੇ ਜਨਮ ਤੋਂ ਬਾਅਦ ਅਨੇਕਾਂ ਵਾਰ ਅੰਦਰੂਨੀ ਫੁੱਟ ਦਾ ਸ਼ਿਕਾਰ ਰਹੀ ਹੈ। 14 ਦਸੰਬਰ 1920 ਨੂੰ ਬਣਿਆ ਅਕਾਲੀ ਦਲ ਪਹਿਲੀ ਵਾਰ 1928 ਵਿੱਚ ਉਸ ਵੇਲੇ ਫੁੱਟ ਦਾ ਸ਼ਿਕਾਰ ਹੋਇਆ ਸੀ ਜਦੋਂ ਜਵਾਹਰ ਲਾਲ ਨਹਿਰੂ ਦੀ ਇੱਕ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਵਿਚਕਾਰ ਵਿਚਾਰਾਂ ਦੀ ਲੜਾਈ ਦੇ ਚੱਲਦਿਆਂ ਬਾਬਾ ਖੜਕ ਸਿੰਘ, ਗਿਆਨੀ ਸ਼ੇਰ ਸਿੰਘ ਅਤੇ ਮੰਗਲ ਸਿੰਘ ਦੇ ਵੱਖ-ਵੱਖ ਤਿੰਨ ਧੜੇ ਬਣ ਗਏ ਸਨ। 1939 ਵਿੱਚ ਦੂਜੀ ਵਰਲਡ ਵਾਰ ਸਮੇਂ ਵੀ ਅਕਾਲੀ ਦਲ ਵਿੱਚ ਗਿਆਨੀ ਕਰਤਾਰ ਸਿੰਘ ਅਤੇ ਉਧਮ ਸਿੰਘ ਨਾਗੋਕੇ ਦੀ ਲੀਡਰਸ਼ਿਪ ਹੇਠਾਂ ਅਕਾਲੀ ਦਲ ਦੇ ਦੋ ਵੱਖ-ਵੱਖ ਧੜੇ ਬਣ ਗਏ ਸਨ। ਇਸ ਤੋਂ ਇਲਾਵਾ ਭਾਰਤ ਵਿੱਚ ਕੁਇਟ ਇੰਡੀਆ ਮੂਵਮੈਂਟ ਵਿੱਚ ਹਿੱਸਾ ਲੈਣ ਦੇ ਮੁੱਦੇ ’ਤੇ ਅਕਾਲੀ ਦਲ ਵਿੱਚ ਪ੍ਰਤਾਪ ਸਿੰਘ ਕੈਰੋਂ ਅਤੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਦੋ ਵੱਖ ਵੱਖ ਧੜੇ ਬਣ ਗਏ ਸਨ। ਆਜ਼ਾਦੀ ਤੋਂ ਬਾਅਦ 1948 ਵਿੱਚ ਅਕਾਲੀ ਦਲ ਇਕਜੁਟ ਹੋ ਗਿਆ ਅਤੇ ਭਾਰਤੀ ਪੰਜਾਬ ਵਿੱਚ ਬਣੀ ਪਹਿਲੀ ਕਾਂਗਰਸੀ ਸਰਕਾਰ ਵਿੱਚ ਹਿੱਸੇਦਾਰ ਵੀ ਰਿਹਾ ਪਰ ਕੁਝ ਹੀ ਸਮੇਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਵੱਖਰੇ ਸਿੱਖ ਸੂਬੇ ਦੀ ਮੰਗ ਨੂੰ ਲੈ ਕੇ ਪੈਦਾ ਹੋਏ ਮਤਭੇਦ ਦੇ ਚੱਲਦਿਆਂ ਅਕਾਲੀ ਦਲ ਸਰਕਾਰ ਤੋਂ ਬਾਹਰ ਆ ਗਿਆ। ਉਸ ਤੋਂ ਬਾਅਦ ਵੀ ਅਕਾਲੀ ਦਲ ਕਈ ਵਾਰ ਫੁੱਟ ਦਾ ਸ਼ਿਕਾਰ ਹੋਇਆ। 1989 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ ਵੀ ਪੰਜਾਬ ਵਿੱਚ ਅਕਾਲੀ ਦਲ (ਲੌਂਗੋਵਾਲ), ਅਕਾਲੀ ਦਲ (ਤਲਵੰਡੀ) ਅਤੇ ਅਕਾਲੀ ਦਲ (ਮਾਨ) ਦੇ ਵੱਖ-ਵੱਖ ਧੜੇ ਸਨ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ (ਮਾਨ) ਅਸਲੀ ਅਕਾਲੀ ਦਲ ਦੇ ਤੌਰ ’ਤੇ ਉੱਭਰਿਆ ਪਰ ਜ਼ਿਆਦਾ ਦੇਰ ਤੱਕ ਮਜ਼ਬੂਤ ਨਹੀਂ ਰਹਿ ਸਕਿਆ। ਪ੍ਰਕਾਸ਼ ਸਿੰਘ ਬਾਦਲ ਅਤੇ ਬਾਬਾ ਜੋਗਿੰਦਰ ਸਿੰਘ ਨੇ ਅਕਾਲੀ ਦਲ ਮਾਨ ਨੂੰ ਛੱਡ ਕੇ ਦੋ ਨਵੇਂ ਅਕਾਲੀ ਦਲ ਬਣਾ ਲਏ। ਇਸ ਤੋਂ ਬਾਅਦ ਅਕਾਲੀ ਦਲ ਬਾਦਲ ਵਿੱਚ ਵੀ ਵਿਦਰੋਹ ਹੋਇਆ ਅਤੇ ਅਕਾਲੀ ਦਲ ਪੰਥਕ ਨਾਮ ਦੀ ਨਵੀਂ ਪਾਰਟੀ ਬਣੀ ਪਰ 1992 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਪੰਥਕ ਅਤੇ ਅਕਾਲੀ ਦਲ ਲੌਂਗੋਵਾਲ ਨੇ ਆਪਸ ਵਿੱਚ ਸਮਝੌਤਾ ਕਰ ਲਿਆ। ਇਸ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ 1997 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਪੰਜਾਬ ਵਿੱਚ ਪਹਿਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਬਣਾਈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵਿਚਾਲੇ ਸੱਤਾ ਦੀ ਜੰਗ ਚੱਲਦੀ ਰਹੀ ਅਤੇ ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਅਕਾਲੀ ਦਲ ਦੇ ਨਾਂ ਦੀ ਇੱਕ ਵੱਖਰੀ ਪਾਰਟੀ ਬਣਾਈ। ਇਸ ਤੋਂ ਬਾਅਦ ਵੀ ਅਨੇਕਾਂ ਵਾਰ ਅਕਾਲੀ ਦਲ ਵਿੱਚ ਫੁੱਟ ਪੈਣ ਦੇ ਆਸਾਰ ਬਣਦੇ ਗਏ ਅਤੇ ਅਨੇਕਾਂ ਟਕਸਾਲੀ ਆਗੂ ਵੱਖ ਵੱਖ ਸਮੇਂ ਅਕਾਲੀ ਦਲ ਤੋਂ ਅਲਹਿਦਾ ਹੁੰਦੇ ਗਏ। ਹੁਣ ਤਾਂ ਅਕਾਲੀ ਦਲ ਸਪਸ਼ਟ ਰੂਪ ਵਿੱਚ ਹੀ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ ਅਤੇ ਦੋਵੇਂ ਧੜੇ ਹੀ ਆਪੋ ਆਪਣੀ ਜਿੱਦ ’ਤੇ ਅੜ ਗਏ ਹਨ।
ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਅਤੇ ਪੰਥਕ ਸੋਚ ਵਾਲੀ ਪਾਰਟੀ ਵਜੋਂ ਪ੍ਰਸਿੱਧ ਅਕਾਲੀ ਦਲ ਦੀ ਮੌਜੂਦਾ ਸਥਿਤੀ ਕਾਰਨ ਆਮ ਅਕਾਲੀ ਵਰਕਰ ਅਤੇ ਅਕਾਲੀ ਹਮਾਇਤੀ ਦੁਖੀ ਹਨ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਅਕਾਲੀ ਦਲ ਦੇ ਮੌਜੂਦਾ ਦੋ ਧੜਿਆਂ ਵਿਚੋਂ ਕਿਸ ਦੀ ਹਮਾਇਤ ਕਰਨ। ਪੰਜਾਬ ਦੀ ਸਿਆਸਤ ਵਿੱਚ ਅਜੇ ਹੋਰ ਕੋਈ ਵੀ ਅਜਿਹੀ ਪਾਰਟੀ ਨਜ਼ਰ ਨਹੀਂ ਆ ਰਹੀ, ਜੋ ਕਿ ਅਕਾਲੀ ਦਲ ਦਾ ਬਦਲ ਬਣੇ। ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਉਠਾਏ ਜਾਂਦੇ ਰਹੇ ਸਿੱਖ ਮਸਲਿਆਂ ਕਾਰਨ ਇਸ ਦਾ ਸਰੂਪ ਪੰਥਕ ਪਾਰਟੀ ਵਾਲਾ ਰਿਹਾ ਹੈ, ਇਸ ਕਰਕੇ ਵੀ ਦੇਸ਼ ਵਿਦੇਸ਼ ਦੇ ਸਿੱਖ ਅਕਾਲੀ ਦਲ ਨੂੰ ਪੰਥਕ ਪਾਰਟੀ ਹੀ ਸਮਝਦੇ ਰਹੇ ਹਨ ਪਰ ਜਿਸ ਤਰੀਕੇ ਨਾਲ ਇਸ ਪਾਰਟੀ ਵਿੱਚ ਅੰਦਰੂਨੀ ਕਾਟੋ ਕਲੇਸ਼ ਹੋ ਰਿਹਾ ਹੈ, ਉਸ ਨੇ ਇਸ ਪਾਰਟੀ ਦੀ ਹੋਂਦ ਨੂੰ ਹੀ ਖਤਰਾ ਖੜ੍ਹਾ ਕਰ ਦਿੱਤਾ ਹੈ। ਅਸਲ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਅਕਾਲੀ ਦਲ ਵੀ ਪਰਿਵਾਰਵਾਦ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਰਕੇ ਹੀ ਮੌਜੂਦਾ ਮਸਲਾ ਸਾਹਮਣੇ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਕੁਰਬਾਨੀਆਂ ਵਾਲੀ ਪਾਰਟੀ ਕਿਹਾ ਜਾਂਦਾ ਹੈ। ਇਸ ਸਮੇਂ ਵੀ ਇਹ ਪਾਰਟੀ ਆਪਣੇ ਹੀ ਆਗੂਆਂ ਤੋਂ ਉਹਨਾਂ ਦੇ ਅਹੁਦਿਆਂ ਦੀਆਂ ਕੁਰਬਾਨੀਆਂ ਮੰਗ ਰਹੀ ਹੈ। ਸੁਖਬੀਰ ਬਾਦਲ ਸਮੇਤ ਸਾਰੇ ਬਾਗੀ ਆਗੂਆਂ ਨੂੰ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕਰਨਾ ਚਾਹੀਦਾ ਹੈ ਤਾਂ ਕਿ ਅਕਾਲੀ ਦਲ ਦੀ ਹੋਂਦ ਬਰਕਰਾਰ ਰਹਿ ਸਕੇ। ਅਕਾਲੀ ਦਲ ਦੀ ਮੁੜ ਮਜ਼ਬੂਤੀ ਲਈ ਸਾਰੇ ਸੀਨੀਅਰ ਅਕਾਲੀ ਆਗੂਆਂ ਨੂੰ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਅਤੇ ਪੰਥ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਕਬੂਲਣੀ ਚਾਹੀਦੀ ਹੈ। ਇਸੇ ਵਿੱਚ ਹੀ ਅਕਾਲੀ ਦਲ ਅਤੇ ਅਕਾਲੀ ਆਗੂਆਂ ਦੀ ਭਲਾਈ ਹੈ।
ਸੰਪਾਦਕੀ
Comments (0)