ਮੌਜੂਦਾ ਰਾਜਨੀਤੀ ਚਿੰਤਨ ਤੇ ਨੀਤੀ ਨੈਤਿਕਤਾ ਤੋਂ ਵਿਹੂਣੀ ਕਿਉਂ?

ਮੌਜੂਦਾ ਰਾਜਨੀਤੀ ਚਿੰਤਨ ਤੇ ਨੀਤੀ ਨੈਤਿਕਤਾ ਤੋਂ ਵਿਹੂਣੀ ਕਿਉਂ?

 ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਕੱਢ ਦੇਈਏ ਤਾਂ ਸਭ ਅਰਥਹੀਣ ਹੋ ਜਾਵੇਗਾ। ਇਹ ਵਿਚਾਰ ਡਾਕਟਰ ਇਕਬਾਲ ਨੇ ਲੋਕਾਂ ਸਾਹਮਣੇ ਰੱਖੇ ਸਨ, ਪਰ ਇਸ ਦਾ ਮਤਲਬ ਇਹ ਵੀ ਹੈ ਕਿ ਰਾਜਨੀਤੀ ਵਿਚ ਨੈਤਿਕਤਾ ਅਤੇ ਅਨੈਤਿਕਤਾ ਦੀ ਖੇਡ ਪੁਰਾਣੇ ਸਮਿਆਂ ਤੋਂ ਪ੍ਰਚੱਲਿਤ ਹੈ।

ਯੂਨਾਨ ਉਹ ਮੁਲਕ ਹੈ, ਜਿਸ ਨੇ ਦੁਨੀਆ ਨੂੰ ਸਭ ਤੋਂ ਵੱਧ ਦਾਰਸ਼ਨਿਕ ਦਿੱਤੇ ਅਤੇ ਉਨ੍ਹਾਂ ਦੀ ਸੁੱਘੜ ਸੋਚ ਨੇ ਦੁਨੀਆ 'ਚ ਆਪਣਾ ਲੋਹਾ ਮੰਨਵਾਇਆ। ਗੱਲ ਪਲੈਟੋ ਦੀ ਕਰਦੇ ਹਾਂ, ਜੋ ਸੁਕਰਾਤ ਦਾ ਸ਼ਗਿਰਦ ਸੀ, ਜਿਸ ਨੇ ਸੁਕਰਾਤ ਦੇ ਹਰ ਤਰਕ ਨੂੰ ਇਮਾਨਦਾਰੀ ਨਾਲ ਕਲਮਬੱਧ ਕਰਕੇ ਪੰਨਿਆਂ 'ਤੇ ਉਤਾਰਿਆ। ਸੁਕਰਾਤ ਦਾ ਵਿਚਾਰ ਸੀ ਕਿ ਕਿਸੇ ਵੀ ਮੁਲਕ ਦੀ ਤਰੱਕੀ ਕੇਵਲ ਰਾਜਾ ਹੀ ਕਰ ਸਕਦਾ ਹੈ। ਰਾਜਾ ਹੀ ਲੋਕਾਂ ਨੂੰ ਸਹੀ ਸੇਧ ਅਤੇ ਸਹੀ ਖੁਸ਼ੀ ਦੇ ਸਕਦਾ ਹੈ ਅਤੇ ਆਪਣੀ ਪਰਜਾ ਨਾਲ ਇਨਸਾਫ਼ ਕਰ ਸਕਦਾ ਹੈ।

ਪਰ ਸ਼ਾਇਦ ਪਲੈਟੋ ਨੂੰ ਇਹ ਮਹਿਸੂਸ ਹੋਇਆ ਕਿ ਰਾਜਾ ਲੋਕਾਂ ਨਾਲ ਸਹੀ ਇਨਸਾਫ਼ ਨਹੀਂ ਕਰ ਸਕਦਾ। ਇਸ ਲਈ ਉਸਨੇ ਆਪਣੀ ਪੁਸਤਕ 'ਰਿਪਬਲਿਕ' ਵਿਚ ਨਵਾਂ ਤਰਕ ਦਿੱਤਾ ਕਿ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਰਾਜ ਵਿਚ ਖੁਸ਼ ਰਹਿ ਸਕਦੇ ਹਨ ਅਤੇ ਆਪਣੀ ਤਰੱਕੀ ਬਾਰੇ ਸੋਚ ਸਕਦੇ ਹਨ, ਜੇਕਰ ਉਨ੍ਹਾਂ ਦਾ ਚੁਣਿਆ ਨੁਮਾਇੰਦਾ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰੇ।

ਪਲੈਟੋ ਜਿਸ ਨੂੰ ਅਫਲਾਤੂਨ ਵੀ ਕਹਿੰਦੇ ਹਨ, ਨੇ ਉਸ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਸ ਤਰਕ ਤੋਂ ਵੀ ਅੱਗੇ ਨਿਕਲ ਕੇ ਆਪਣੀ ਅਗਲੀ ਕਿਤਾਬ ਜਿਸ ਦਾ ਨਾਂ ਸੀ 'ਦ ਲਾਅਜ਼' ਦੀ ਰਚਨਾ ਕੀਤੀ। ਵੋਟਾਂ ਦੀ ਰਾਜਨੀਤੀ ਵਿਚ ਆਇਆ ਜ਼ਬਰਦਸਤ ਨਿਘਾਰ ਉਸਦੀ ਪਹਿਲੀ ਕਿਤਾਬ 'ਰਿਪਬਲਿਕ' ਨਾਲ ਸਹੀ ਇੰਨਸਾਫ ਨਹੀਂ ਕਰਦੀ ਸੀ। ਇਸ ਲਈ ਇਕ ਕਾਨੂੰਨ ਹੀ ਬਚਦਾ ਹੈ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨੱਥ ਪਾ ਕੇ ਰੱਖ ਸਕਦਾ ਹੈ। ਬੇਸ਼ੱਕ ਉਸਨੇ ਇਸੇ ਦੌਰਾਨ ਆਪਣੀ ਇੱਕ ਹੋਰ ਕਿਤਾਬ 'ਦੀ ਸਟੇਟਸਮੈਨ' ਵੀ ਲਿਖੀ ਜਿਸ ਦੀ ਗੱਲ ਬਾਅਦ ਵਿਚ ਕਰਾਂਗੇ। ਪਰ ਪਹਿਲਾਂ ਉਸ ਦੀ ਕਿਤਾਬ 'ਦ ਲਾਅਜ਼' ਨੂੰ ਆਪਣੇ ਮੁਲਕ ਦੀ ਕਾਨੂੰਨ ਵਿਵਸਥਾ, ਡਿੱਗ ਚੁੱਕੇ ਰਾਜਨੀਤਕ ਪੱਧਰ, ਲੋਕਾਂ ਦੀਆਂ ਤਕਲੀਫਾਂ ਦੇ ਹਵਾਲੇੇ ਨਾਲ ਵੇਖਣ ਦੀ ਕੋਸ਼ਿਸ਼ ਕਰੀਏ। ਰਾਜਨੀਤੀ ਇਸ ਪੱਧਰ 'ਤੇ ਜਾ ਚੁਕੀ ਹੈ ਕਿ ਜਿੱਤਣ ਲਈ ਜੋ ਵੀ ਕਰਨਾ ਪਵੇ, ਰਾਜਨੀਤਕ ਲੋਕ ਕਰ ਗੁਜ਼ਰਦੇ ਹਨ। ਉਨ੍ਹਾਂ ਲਈ ਵਿਚਾਰਧਾਰਾ, ਨੈਤਿਕਤਾ, ਅਨੈਤਿਕਤਾ ਕੋਈ ਅਰਥ ਨਹੀਂ ਰੱਖਦੀ। ਉਹ ਕੇਵਲ ਆਪਣੀ ਤਾਕਤ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਨੀਤੀ ਨੂੰ ਰੌਂਦ ਸਕਦੇ ਹਨ। ਮੌਜੂਦਾ ਦੇਸ਼ ਦੀਆਂ ਚੋਣਾਂ ਦੀ ਗੱਲ ਕਰੀਏ, ਤਾਂ ਰਾਤੀਂ ਨੇਤਾਵਾਂ ਦੀ ਵਿਚਾਰਧਾਰਾ ਹੋਰ ਹੁੰਦੀ ਹੈ ਅਤੇ ਸਵੇਰੇ ਉੱਠ ਕੇ ਵਿਚਾਰਧਾਰਾ ਬਦਲ ਜਾਂਦੀ ਹੈ। ਉਹ ਜਿਨ੍ਹਾਂ ਨੂੰ ਸੌ-ਸੌ ਗਾਲਾਂ ਕੱਢੀਆਂ ਹੁੰਦੀਆਂ ਹਨ, ਉਨ੍ਹਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਨਹੀਂ ਥੱਕਦੇ। ਅਜਿਹੇ ਵੀ ਉਮੀਦਵਾਰ ਹੁੰਦੇ ਹਨ ਜਿਨ੍ਹਾਂ ਦੀ ਸ਼ਾਇਦ ਕੋਈ ਕੁਰਬਾਨੀ ਨਹੀਂ ਹੁੰਦੀ, ਸਾਰੀ ਤਾਕਤ ਉਸ ਪਰਿਵਾਰ ਵਿਚ ਇਸ ਕਰਕੇ ਹੁੰਦੀ ਹੈ, ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਸੂਬੇ ਦੀ ਜਵਾਨੀ ਨੂੰ ਕੋਹ-ਕੋਹ ਕੇ ਉਸ ਦਾ ਘਾਣ ਕੀਤਾ ਹੁੰਦਾ ਹੈ। ਜਨਤਾ ਨੂੰ ਫਿਰ ਵੀ ਬੇਵਕੂਫ਼ ਬਣਾਉਣ ਵਿਚ ਉਹ ਅਨੇਕਾਂ ਵਾਰ ਸਫ਼ਲ ਹੋ ਜਾਂਦੇ ਹਨ।

ਬਹੁਤ ਸਾਰੇ ਲੋਕਾਂ ਅਤੇ ਨੇਤਾਵਾਂ ਦੀ ਰਾਜਨੀਤੀ ਪ੍ਰਤੀ ਕੋਈ ਹਾਂ-ਪੱਖੀ ਸੋਚ ਨਹੀਂ ਰਹੀ। ਜੇ ਸਾਡੇ ਸੰਸਦ ਮੈਂਬਰ ਨਾ-ਕਾਬਿਲ ਹੋਣਗੇ ਤਾਂ ਸਾਡੀ ਵਿਧਾਨ ਪਾਲਿਕਾ ਕਿਹੋ ਜਿਹੀ ਹੋਵੇਗੀ? ਇਸ ਦੇ ਜ਼ਿੰਮੇਵਾਰ ਅਸੀਂ ਵੀ ਹਾਂ। ਜਦੋਂ ਸਾਨੂੰ ਪਤਾ ਹੀ ਨਹੀਂ ਜਾਂ ਪਤਾ ਲੱਗਣ ਹੀ ਨਹੀਂ ਦਿੱਤਾ ਜਾਂਦਾ ਕਿ ਸਾਡਾ ਸੰਸਦ ਮੈਂਬਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਸੀਂ ਭਾਵੁਕਤਾ ਵੱਸ ਆਪਣੇ-ਆਪ ਨੂੰ ਅਤਿ ਗਰੀਬ ਦੱਸਣ ਵਾਲੇ, ਲੱਚਰ ਗੀਤ ਗਾਉਣ ਵਾਲੇ, ਫ਼ਿਲਮ ਕਲਾਕਾਰਾਂ ਦੀ ਚਮਕ-ਦਮਕ ਅਤੇ ਡੇਰਾਵਾਦ, ਧਰਮ ਤੇ ਨਸਲ ਤੋਂ ਪ੍ਰਭਾਵਿਤ ਹੋ ਕੇ ਵੋਟਾਂ ਪਾ ਦਿੰਦੇ ਹਾਂ। ਜੇਕਰ ਰਾਜਨੀਤਕ ਲੋਕਾਂ ਦੀ ਕੋਈ ਸੋਚ ਨਹੀਂ ਤਾਂ ਸਾਡੀ ਵੀ ਕੋਈ ਸੋਚ ਨਹੀਂ। ਅਸਲ ਨੇਤਾ ਕੋਲ ਕੀ ਯੋਗਤਾ ਹੋਣੀ ਚਾਹੀਦੀ ਹੈ? ਉਸ ਦੀ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਹੈ। ਲੋਕਾਂ ਦਾ ਨੁਮਾਇੰਦਾ ਸੰਸਦ ਜਾਂ ਵਿਧਾਨ ਸਭਾ ਵਿਚ ਲੋਕਾਂ ਦੇ ਮਸਲੇ ਠੀਕ ਢੰਗ ਨਾਲ ਰੱਖ ਸਕੇ ਤੇ ਉਸ ਨੂੰ ਲੋਕਾਂ ਦੇ ਮਸਲਿਆਂ ਦੀ ਸਮਝ ਵੀ ਹੋਣੀ ਚਾਹੀਦੀ ਹੈ।

ਅਸੀਂ ਸਦਨ ਵਿਚ ਆਪਣੇ ਮੀਡੀਆ ਰਾਹੀਂ ਆਪਣੇ-ਆਪ ਨੂੰ ਵਿਸ਼ਵ ਗੁਰੂ ਕਹਿੰਦੇ ਹੋਏ ਸ਼ਾਇਦ ਭੁੱਲ ਹੀ ਜਾਂਦੇ ਹਾਂ ਕਿ ਦੇਸ਼ ਦੀ 81 ਕਰੋੜ ਜਨਤਾ ਅਜੇ ਵੀ ਗ਼ਰੀਬੀ ਰੇਖਾ ਤੋਂ ਹੇਠਾਂ ਹੈ ਅਤੇ ਅਸੀਂ ਉਸ ਨੂੰ ਮੁਫ਼ਤ ਰਾਸ਼ਨ ਦਿੰਦੇ ਹਾਂ। ਲੋਕਾਂ ਨੂੰ ਰੋਜ਼ਗਾਰ ਦੇ ਵਸੀਲੇ ਮੁਹੱਈਆ ਕਰਾਉਣ ਦੀ ਬਜਾਏ ਉਨ੍ਹਾਂ ਨੂੰ ਮੁਫਤ ਬਿਜਲੀ, ਰਾਸ਼ਨ, ਬੱਸ ਸਫਰ ਦੀ ਚੇਟਕ, ਕੀ ਇਹ ਇੱਕ ਚੰਗੇ ਲੋਕਤੰਤਰ ਦੀਆਂ ਮਿਸਾਲਾਂ ਹਨ? ਬਿਲਕੁਲ ਨਹੀਂ। ਜਨਤਾ ਵੀ ਹੁੱਬ ਕੇ ਕਹਿੰਦੀ ਹੈ ਕਿ ਫਲਾਣੀ ਪਾਰਟੀ ਨੇ ਸਾਨੂੰ ਕੀ ਕੁਝ ਮੁਫ਼ਤ ਦਿੱਤਾ ਹੈ।

ਸਟੇਟਸਮੈਨ ਉਹ ਤਜਰਬੇਕਾਰ ਨੇਤਾ ਹੁੰਦੇ ਹਨ ਜੋ ਸਾਰਥਿਕ ਗੱਲ ਕਹਿਣ ਅਤੇ ਸੁਣਨ ਦਾ ਮਾਦਾ ਰੱਖਦੇ ਹੋਣ ਅਤੇ ਆਪਣੇ ਖਿੱਤੇ, ਆਪਣੀ ਕੌਮ ਨੂੰ ਬਲਦੀ ਅੱਗ ਵਿਚੋਂ ਕੱਢਣ ਦੇ ਵੀ ਸਮਰੱਥ ਹੋਣ।

ਜਦੋਂ ਮੈਂ ਪਲੈਟੋ ਦੀ ਰਚਨਾ 'ਦ ਲਾਅਜ਼' 'ਤੇ ਝਾਤ ਮਾਰ ਰਿਹਾ ਸੀ ਤਾਂ ਮੈਂ ਭਾਰਤ ਦੀ ਕਾਨੁੂੂੰਨ ਵਿਵਸਥਾ ਦੀਆਂ ਉਡ ਰਹੀਆਂ ਧੱਜੀਆਂ ਬਾਰੇ ਵੀ ਸੋਚ ਰਿਹਾ ਸੀ ਤੇ ਮੇਰਾ ਸਵਾਲ ਸੀ ਕਿ ਇਹ ਕਾਨੂੰਨ ਹੈ ਕਿੱਥੇ ਅਤੇ ਕਿੱਥੋਂ ਮਿਲਦਾ ਹੈ? ਜੇਕਰ ਅੱਜ ਪਲੈਟੋ ਜਿਉਂਦਾ ਹੁੰਦਾ ਤਾਂ ਸ਼ਾਇਦ 'ਰਿਪਬਲਿਕ', 'ਸਟੇਟਸਮੈਨ' ਅਤੇ 'ਦ ਲਾਅਜ਼' ਤੋਂ ਅੱਗੇ ਸੋਚਣ 'ਤੇ ਮਜਬੂਰ ਹੋ ਜਾਂਦਾ ਕਿ ਉਹ 'ਦ ਲਾਅਜ਼' ਦਾ ਲੋਕਾਂ ਨੂੰ ਕੀ ਬਦਲ ਦੇਵੇ? ਕਿਸ ਕਾਨੂੰਨ ਦੀ ਗੱਲ ਕਰੀਏ? ਜਿਸ ਮੁਲਕ ਦੀ ਉੱਚ ਅਦਾਲਤ ਦੇ ਚਾਰ ਜੱਜ ਮੀਡੀਆ ਵਿਚ, ਮੁੱਖ ਜੱਜ ਦੇ ਖ਼ਿਲਾਫ਼ ਜਾਣ ਲਈ ਮਜਬੂਰ ਹੋਣ ਤਾਂ ਸਥਿਤੀਆਂ ਨੂੰ ਸਮਝਿਆ ਹੀ ਜਾ ਸਕਦਾ ਹੈ।

ਸੁਕਰਾਤ ਦਾ ਕਥਨ ਹੈ ਕਿ ਮਨੁੱਖਤਾ ਪ੍ਰਮਾਤਮਾ ਦੀ ਧਰਤੀ ਉੱਤੇ ਸਭ ਤੋਂ ਸ਼ਾਹਕਾਰ ਰਚਨਾ ਹੈ। ਜੇਕਰ ਇਸ ਵਿਚੋਂ ਨੈਤਿਕਤਾ ਕੱਢ ਦਿੱਤੀ ਜਾਵੇ ਤਾਂ ਪ੍ਰਮਾਤਮਾ ਦੀ ਇਹ ਰਚਨਾ ਅਰਥਹੀਣ ਹੋ ਜਾਵੇਗੀ। ਸਾਡਾ ਲੋਕਤੰਤਰ ਸ਼ਾਇਦ ਲਚਕੀਲਾ ਅਤੇ ਅਣਲਚਕੀਲਾ ਹੋਣ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਚਲਾਕ ਲੋਕ ਇਸ ਦਾ ਦੋਵੇਂ ਹੱਥੀਂ ਫਾਇਦਾ ਉਠਾ ਰਹੇ ਹਨ। ਕਾਨੂੁੰਨ 'ਤੇ ਸਵਾਲ ਉੱਠ ਰਹੇ ਹਨ, ਲੋਕ ਕਹਿਣ ਲੱਗ ਪਏ ਹਨ ਕਿ ਗਰੀਬ ਲਈ ਕਾਨੂੰਨ ਦੀ ਪਰਿਭਾਸ਼ਾ ਹੋਰ ਹੈ ਅਤੇ ਅਮੀਰ ਲਈ ਹੋਰ। ਗਰੀਬ ਅਤੇ ਆਮ ਆਦਮੀ ਲਈ ਦੇਸ਼ ਦੀ ਉੱਚ ਅਦਾਲਤ ਤੋਂ ਇਨਸਾਫ਼ ਹਾਸਿਲ ਕਰਨਾ ਬੇਹੱਦ ਔਖਾ ਹੈ। ਆਰਥਿਕ ਤੌਰ 'ਤੇ ਉਸ ਲਈ ਉਥੇ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੈ। ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਬਹੁਤ ਸਾਰੇ ਸਿਆਸਤਦਾਨ ਅਤੇ ਧਾਰਮਿਕ ਆਗੂ ਹੀ ਸਭ ਤੋਂ ਵੱਧ ਅਨੈਤਿਕਤਾ ਫੈਲਾ ਰਹੇ ਹਨ। ਸਾਡੇ ਸਮਕਾਲੀ ਚਿੰਤਕਾਂ ਦੀ ਚਿੰਤਾ ਇਹੀ ਹੈ ਕਿ ਜੇਕਰ ਸੁਘੜ ਪ੍ਰਬੰਧ ਨਹੀਂ ਲਿਆਵਾਂਗੇ ਤਾਂ ਅਨੈਤਿਕਤਾ ਉਸ ਵਿਚ ਆਪਣੇ ਮੁਤਾਬਿਕ ਮੋਰੀ ਤਾਂ ਕੱਢ ਹੀ ਲਵੇਗੀ।

 

ਅਮਰਦੀਪ ਸਿੰਘ ਧਾਰਨੀ ਐਡਵੋਕੇਟ