ਸੰਘ ਪਰਿਵਾਰ ਨੂੰ ਖੁਸ਼ ਕਰਨ ਲਗੀ ਭਾਜਪਾ

ਸੰਘ ਪਰਿਵਾਰ ਨੂੰ ਖੁਸ਼ ਕਰਨ ਲਗੀ ਭਾਜਪਾ

ਭਾਜਪਾ ਹਿੰਦੂ ਕਾਰਡ ਦੇ ਸਹਾਰੇ

ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੂ-ਮੁਸਲਿਮ ਕਰਨ ਵਿਚ ਕੋਈ ਕੁਤਾਹੀ ਨਹੀਂ ਕੀਤੀ। ਹਰ ਥਾਂ ਹਿੰਦੂਆਂ ਨੂੰ ਡਰਾਇਆ ਗਿਆ ਕਿ ਕਾਂਗਰਸ ਆ ਗਈ ਤਾਂ ਸਭ ਕੁਝ ਮੁਸਲਮਾਨਾਂ ਨੂੰ ਦੇ ਦੇਵੇਗੀ। ਪਰ ਇਹ ਨੈਰੇਟਿਵ ਕੰਮ ਨਹੀਂ ਆਇਆ। ਮੋਦੀ ਨੇ ਰਾਜਸਥਾਨ ਤੋਂ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਉੱਥੇ ਭਾਜਪਾ 11 ਸੀਟਾਂ ਹਾਰ ਗਈ। ਉੱਤਰ ਪ੍ਰਦੇਸ਼ ਵਿਚ ਵੀ ਇਹੀ ਦਾਅ ਚੱਲਿਆ, ਪਰ ਉੱਥੇ ਵੀ ਭਾਜਪਾ 62 ਸੀਟਾਂ ਤੋਂ ਘਟ ਕੇ 33 ਸੀਟਾਂ 'ਤੇ ਆ ਗਈ ਅਤੇ ਸਮਾਜਵਾਦੀ ਪਾਰਟੀ 37 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਗਈ। 

ਇਸ ਲਈ ਇਹ ਗੱਲ ਸਮਝ ਤੋਂ ਦੂਰ ਹੈ ਕਿ ਭਾਜਪਾ ਕਿਉਂ ਫਿਰ ਹਿੰਦੂ-ਮੁਸਲਿਮ ਦਾ ਹੀ ਨੈਰੇਟਿਵ ਰਾਜਾਂ ਦੇ ਚੋਣਾਂ 'ਚ ਬਣਾ ਰਹੀ ਹੈ? ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਦਿਨੀਂ ਹਰਿਆਣਾ ਗਏ ਤਾਂ ਉਨ੍ਹਾਂ ਨੇ ਉਹੀ ਰਾਗ ਅਲਾਪਿਆ, ਜੋ ਲੋਕ ਸਭਾ ਚੋਣਾਂ ਦੌਰਾਨ ਅਲਾਪ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆ ਗਈ ਤਾਂ ਉਹ ਪਛੜੀਆਂ ਜਾਤੀਆਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦੇਵੇਗੀ। ਉਨ੍ਹਾਂ ਨੇ ਕਰਨਾਟਕ ਦਾ ਹਵਾਲਾ ਦਿੱਤਾ ਤਾਂ ਕਾਂਗਰਸ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੀ ਗੱਲ ਕਰੋ, ਜਿੱਥੇ ਭਾਜਪਾ ਅਤੇ ਉਸ ਦੀ ਸਹਿਯੋਗੀ ਤੇਲਗੂ ਦੇਸ਼ਮ ਪਾਰਟੀ ਦੀ ਸਰਕਾਰ ਹੈ। ਤੇਲਗੂ ਦੇਸ਼ਮ ਪਾਰਟੀ ਨੇ ਖੁੱਲ੍ਹ ਕੇ ਮੁਸਲਮਾਨਾਂ ਦੇ ਰਾਖਵਾਂਕਰਨ ਦਾ ਸਮਰਥਨ ਕੀਤਾ ਹੈ। ਫਿਲਹਾਲ, ਹਰਿਆਣਾ ਵਿਚ ਭਾਜਪਾ ਪਛੜੀਆਂ ਜਾਤੀਆਂ, ਬ੍ਰਾਹਮਣ ਅਤੇ ਪੰਜਾਬੀ ਦਾ ਜਾਤੀ ਸਮੀਕਰਨ ਬਣਾ ਰਹੀ ਹੈ। ਉਸ ਨੇ ਜਾਟ ਅਤੇ ਦਲਿਤ ਨੂੰ ਛੱਡਿਆ ਹੋਇਆ ਹੈ ਪਰ ਨਾਲ ਹੀ ਇਹ ਵੀ ਚਾਹੁੰਦੀ ਹੈ ਕਿ ਹਿੰਦੂ ਧਰੁਵੀਕਰਨ ਹੋ ਜਾਵੇ। 

ਜ਼ਿਕਰਯੋਗ ਹੈ ਕਿ ਇਸੇ ਨੈਰੇਟਿਵ 'ਤੇ ਭਾਜਪਾ ਰਾਜ ਵਿਚ ਲੋਕ ਸਭਾ ਚੋਣ ਹਾਰੀ ਹੈ। ਉਸ ਨੇ 10 ਵਿਚੋਂ ਅੱਧੀਆਂ ਸੀਟਾਂ ਗੁਆ ਦਿੱਤੀਆਂ ਹਨ।

ਆਰਐੱਸਐੱਸ ਦੀਆਂ ਸਰਗਰਮੀਆਂ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਹਿੱਸਾ ਲੈਣ ਤੋਂ ਪਾਬੰਦੀ ਹਟਾਉਣ ਦਾ ਕੀਤਾ ਫ਼ੈਸਲਾ

*ਕਾਂਗਰਸ ਨੇ ਕਿਹਾ ਕਿ ਪਾਬੰਦੀ ਹਟਾਉਣੀ ਗਲਤ ,ਇਹ ਫਿਰਕੂ ਫੈਸਲਾ

ਕੇਂਦਰ ਵਿੱਚ ਐੱਨਡੀਏ ਦੀ ਅਗਵਾਈ ਵਾਲੀ ਸਰਕਾਰ ਦਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੀਆਂ ਸਰਗਰਮੀਆਂ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਹਿੱਸਾ ਲੈਣ ਤੋਂ ਪਾਬੰਦੀ ਹਟਾਉਣ ਦਾ ਫ਼ੈਸਲਾ ਸੱਤਾਧਾਰੀ ਪਾਰਟੀ ਦੇ ਇਸ ਹਿੰਦੂਤਵੀ ਸੰਗਠਨ ਤੱਕ ਪਹੁੰਚ ਬਣਾ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਜਾਪਦਾ ਹੈ ਕਿ ਸੰਘ ਪਰਿਵਾਰ ਅੰਦਰ ਇਸ ਵਕਤ ‘ਸਭ ਅੱਛਾ’ ਚੱਲ ਰਿਹਾ ਹੈ।ਭਾਜਪਾ ਨੇ ਚੋਣਾਂ ਵਿਚ ਸਫਲਤਾ ਨਾ ਮਿਲਣ ਕਾਰਣ ਸੰਘ ਦੀ ਨਰਾਜਗੀ ਦੂਰ ਕਰਨ ਲਈ ਇਹ ਫੈਸਲਾ ਲਿਆ ਹੈ।

 ਆਰਐੱਸਐੱਸ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਦੇਸ਼ ਦੀ ਲੋਕਰਾਜੀ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਇਸ ਨੇ ਇਹ ਦੋਸ਼ ਵੀ ਲਾਇਆ ਹੈ ਕਿ ਪਿਛਲੀ ਸਰਕਾਰ (ਭਾਵ ਕਾਂਗਰਸ) ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪਾਬੰਦੀ ਆਇਦ ਕੀਤੀ ਸੀ। ਦੂਜੇ ਪਾਸੇ, ਕਾਂਗਰਸ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਆਖਿਆ ਹੈ ਕਿ ਇਸ ਨਵੇਂ ਫ਼ੈਸਲੇ ਨਾਲ ਸਰਕਾਰੀ ਮੁਲਾਜ਼ਮਾਂ ਦੀ ਨਿਰਪੱਖਤਾ ਅਸਰ ਅੰਦਾਜ਼ ਹੋਵੇਗੀ। ਆਰਐੱਸਐੱਸ ਭਾਵੇਂ ਆਪਣੇ ਆਪ ਨੂੰ ਸੱਭਿਆਚਾਰਕ ਸੰਗਠਨ ਦੇ ਤੌਰ ’ਤੇ ਪੇਸ਼ ਕਰਦੀ ਹੈ ਪਰ ਚੋਣਾਂ ਵਿੱਚ ਇਸ ਦੀ ਭੂਮਿਕਾ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ ਜਿਸ ਨੂੰ ਲੈ ਕੇ ਕਈ ਹਲਕਿਆਂ ਵਿੱਚ ਚਿੰਤਾਵਾਂ ਉਜਾਗਰ ਕੀਤੀਆਂ ਜਾਂਦੀਆਂ ਰਹੀਆਂ ਹਨ।

ਪਿਛਲੇ ਕੁਝ ਸਮੇਂ ਤੋਂ ਖ਼ਾਸਕਰ ਹਾਲੀਆ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਬਹੁਮਤ ਦੇ ਅੰਕੜੇ ਤੋਂ ਕਾਫ਼ੀ ਥੱਲੇ ਰਹਿ ਜਾਣ ਤੋਂ ਬਾਅਦ ਪਾਰਟੀ ਅਤੇ ਆਰਐੱਸਐੱਸ ਵਿਚਕਾਰ ਰਿਸ਼ਤੇ ਵੀ ਖਰਾਬ ਦੌਰ ਵਿਚੋਂ ਲੰਘ ਰਹੇ ਸਨ। ਪਾਰਲੀਮਾਨੀ ਚੋਣਾਂ ਵਿੱਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਰਹਿਣ ਕਰ ਕੇ ਆਰਐੱਸਐੱਸ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਸਰਕਾਰ ’ਤੇ ਹਮਲੇ ਕਰਨ ਦਾ ਵਾਹਵਾ ਵਧੀਆ ਮੌਕਾ ਮਿਲ ਗਿਆ ਸੀ। ਆਰਐੱਸਐੱਸ ਦੇ ਆਗੂ ਇੰਦਰੇਸ਼ ਕੁਮਾਰ ਨੇ ਆਖਿਆ ਕਿ ਭਗਵਾਨ ਰਾਮ ਨੇ ਆਪਣੇ ਆਪ ਨੂੰ ‘ਰਾਮ ਭਗਤ’ ਕਹਾਉਣ ਦਾ ਦਾਅਵਾ ਕਰਨ ਵਾਲੀ ‘ਹੰਕਾਰੀ ਪਾਰਟੀ’ ਨੂੰ ਬਹੁਮਤ ਹਾਸਿਲ ਕਰਨ ਤੋਂ ਰੋਕ ਦਿੱਤਾ ਹੈ। ਇਸੇ ਦੌਰਾਨ ਆਰਐੱਸਐੱਸ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ਨੇ ਮਤ ਜ਼ਾਹਿਰ ਕੀਤਾ ਕਿ ਚੋਣ ਨਤੀਜਿਆਂ ਨੇ ਅਤਿ ਉਤਸ਼ਾਹੀ ਭਾਜਪਾ ਵਰਕਰਾਂ ਦੀ ‘ਹੋਸ਼ ਟਿਕਾਣੇ’ ਲਿਆਉਣ ਦਾ ਕੰਮ ਕੀਤਾ ਹੈ। ਪਿਛਲੇ ਹਫ਼ਤੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਜ਼ਾਹਿਰਾ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਇਸ਼ਾਰਾ ਕਰਦਿਆਂ ਆਖਿਆ ਸੀ ਕਿ ਇਨਸਾਨ ਦੀ ‘ਸੁਪਰਮੈਨ’ ਅਤੇ ਫਿਰ ‘ਰੱਬ’ ਬਣ ਜਾਣ ਦੀ ਖਾਹਿਸ਼ ਹੁੰਦੀ ਹੈ। ਇਸ ਤੋਂ ਇਲਾਵਾ ਸੰਘ ਦੇ ਨੇਤਾਵਾਂ ਨੇ ਸੁਨੇਹਾ ਵੀ ਦਿੱਤਾ ਹੈ ਕਿ ਉਨ੍ਹਾਂ ਦਾ ਸੰਗਠਨ ਭਾਜਪਾ ਦੀ ਅਧੀਨਗੀ ਨਹੀਂ ਸਵੀਕਾਰੇਗਾ।

ਦਹਾਕੇ ਵਿੱਚ ਪਹਿਲੀ ਵਾਰ ਸਹਿਯੋਗੀ ਦਲਾਂ ’ਤੇ ਨਿਰਭਰ ਹੋਈ ਭਾਜਪਾ ਸੱਤਾ ਵਿੱਚ ਰਹਿਣ ਖ਼ਾਤਿਰ ਹੁਣ ਰਿਆਇਤਾਂ ਦੇਣ ਦੀ ਇੱਛੁਕ ਜਾਪਦੀ ਹੈ। ਅਗਲੇ ਸਾਲ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਤਾਬਦੀ ਵਰ੍ਹੇ ਨੂੰ ਧਿਆਨ ਵਿੱਚ ਰੱਖਦਿਆਂ ਸੱਤਾਧਾਰੀ ਪਾਰਟੀ ਮੋਹਨ ਭਾਗਵਤ ਅਤੇ ਬਾਕੀ ਸੰਘ ਨੇਤਾਵਾਂ ਨੂੰ ਖ਼ੁਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।