100 ਟਨ ਤੋਂ ਵਧੇਰੇ ਅੰਮ੍ਰਿਤਸਰੀ ਆਚਾਰ ਵਿਦੇਸ਼ ਵਿਚ ਹੁੰਦਾ ਹੈ ਸਪਲਾਈ

100 ਟਨ ਤੋਂ ਵਧੇਰੇ ਅੰਮ੍ਰਿਤਸਰੀ ਆਚਾਰ ਵਿਦੇਸ਼ ਵਿਚ ਹੁੰਦਾ ਹੈ ਸਪਲਾਈ

ਅੰਮ੍ਰਿਤਸਰ ਵਿਖੇ  60 ਤੋਂ ਵਧੇਰੇ ਆਚਾਰ ਦੀਆਂ ਫ਼ੈਕਟਰੀਆਂ ਤੇ ਦੁਕਾਨਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ-ਅੰਮ੍ਰਿਤਸਰੀ ਆਚਾਰ ਨੂੰ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਬਲਕਿ ਕੈਨੇਡਾ, ਅਮਰੀਕਾ, ਸਿੰਘਾਪੁਰ, ਨਿਊਜ਼ੀਲੈਂਡ, ਆਸਟ੍ਰੇਲੀਆ, ਸਾਊਦੀ ਅਰਬ, ਦੁਬਈ ਆਦਿ ਕਈ ਹੋਰ ਮੁਲਕਾਂ 'ਚ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇੱਥੋਂ ਇਕੱਲਾ ਅੰਬ ਦਾ ਹੀ ਨਹੀਂ ਬਲਕਿ 30 ਤਰ੍ਹਾਂ ਦਾ 100 ਟਨ ਤੋਂ ਵਧੇਰੇ ਆਚਾਰ ਤੇ ਚਟਣੀਆਂ ਤਿਆਰ ਕਰਕੇ ਹਰ ਸਾਲ ਮਹਾਂਰਾਸ਼ਟਰ ਭੇਜੀਆਂ ਜਾਂਦੀਆਂ ਹਨ। ਜਿੱਥੋਂ ਨਿਰਯਾਤਕਾਂ ਦੁਆਰਾ ਆਚਾਰ ਦੇ ਡੱਬਿਆਂ 'ਤੇ ਆਪਣੀ ਲੇਬਲਿੰਗ ਕਰਕੇ ਇਸ ਨੂੰ ਵਿਦੇਸ਼ਾਂ 'ਚ ਵੱਡੇ ਪੱਧਰ 'ਤੇ ਨਿਰਯਾਤ ਕੀਤਾ ਜਾਂਦਾ ਹੈ। ਅੰਮ੍ਰਿਤਸਰ ਵਿਖੇ ਮਿਸ਼ਰੀ ਬਾਜ਼ਾਰ 'ਚ ਹੋਲ਼ ਸੇਲ ਆਚਾਰ-ਮੁਰਬਾ ਬਾਜ਼ਾਰ, ਰਾਮ ਬਾਗ ਆਬਾਦੀ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 60 ਤੋਂ ਵਧੇਰੇ ਆਚਾਰ ਦੀਆਂ ਫ਼ੈਕਟਰੀਆਂ ਤੇ ਦੁਕਾਨਾਂ ਹਨ ਤੇ ਆਚਾਰ ਬਾਹਰੀ ਮੁਲਕਾਂ 'ਚ ਭੇਜਿਆ ਜਾ ਰਿਹਾ ਹੈ। ਵੱਲਾ ਮੰਡੀ, ਰਾਮ ਬਾਗ ਮੰਡੀ, ਗੇਟ ਹਕੀਮਾਂ ਮੰਡੀ, ਹਾਲ ਬਾਜ਼ਾਰ ਦੇ ਬਾਹਰ, ਪੁਤਲੀਘਰ, ਛੇਹਰਟਾ ਆਦਿ ਇਲਾਕਿਆਂ ਵਿਚ ਆਚਾਰ ਵਾਲੇ ਕੱਚੇ ਅੰਬ ਵੇਚਣ ਵਾਲੇ ਦੁਕਾਨਦਾਰਾਂ ਦਾ ਦਾਅਵਾ ਹੈ ਕਿ ਉਹ ਸੀਜ਼ਨ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਅੰਬ ਵੇਚਦੇ ਹਨ। ਉੱਤਰ ਪ੍ਰਦੇਸ਼ 'ਚ ਰਾਮ ਕੇਲਾ, ਗੋਲਾ, ਨੀਲਮ, ਫ਼ਜ਼ਲੀ ਅਤੇ ਗੁਲਾਬ ਜਾਮੁਨ ਅੰਬ ਦੀ ਜ਼ਿਆਦਾ ਮੰਗ ਰਹਿੰਦੀ ਹੈ। ਭਾਰਤੀ ਬਾਗ਼ਬਾਨੀ ਬੋਰਡ ਮੁਤਾਬਿਕ ਉੱਤਰ ਪ੍ਰਦੇਸ਼ 'ਚ ਹਰ ਸੀਜ਼ਨ ਦੌਰਾਨ ਰਾਮ ਕੇਲਾ ਅੰਬ ਦਾ 70 ਮੀਟ੍ਰਿਕ ਟਨ, ਫ਼ਜ਼ਲੀ 62 ਤੇ ਗੁਲਾਬ ਜਾਮੁਨ ਅੰਬ ਦਾ 43 ਮੀਟ੍ਰਿਕ ਟਨ ਉਤਪਾਦਨ ਹੁੰਦਾ ਹੈ।

260 ਸਾਲ ਪੁਰਾਣੀ ਹੈ ਅੰਮ੍ਰਿਤਸਰ ਦੀ ਆਚਾਰ ਮੰਡੀ

ਮਿਸਲ ਕਾਲ ਸਮੇਂ ਸੰਨ 1765 ਵਿਚ ਭੰਗੀ ਮਿਸਲ ਦੇ ਗੰਡਾ ਸਿੰਘ ਭੰਗੀ ਦੁਆਰਾ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਕਟੜਾ ਆਬਾਦ ਕਰਨ ਸਮੇਂ ਕਾਇਮ ਕੀਤੀ ਗਈ ਪਾਪੜ ਮੰਡੀ ਤੇ ਮਿਸ਼ਰੀ ਬਾਜ਼ਾਰ (ਮੁਰੱਬਾ ਤੇ ਸ਼ਰਬਤ ਬਾਜ਼ਾਰ) ਨੇ ਆਪਣੇ ਰਵਾਇਤੀ ਸੁਆਦ ਦੇ ਚੱਲਦਿਆਂ ਪਿਛਲੇ 260 ਵਰ੍ਹਿਆਂ 'ਚ ਵਿਸ਼ਵ ਦੇ ਲਗਭਗ ਹਰ ਮੁਲਕ, ਹਰ ਸ਼ਹਿਰ 'ਚ ਆਪਣੀ ਪਹਿਚਾਣ ਕਾਇਮ ਕੀਤੀ ਹੈ।