ਲੋਕ ਨਾਇਕ ਕੌਣ ਹੁੰਦੇ ਹਨ?

ਲੋਕ ਨਾਇਕ ਕੌਣ ਹੁੰਦੇ ਹਨ?
ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ

ਬਲਤੇਜ
ਯੋਧਿਆਂ ਦੇ ਬਰਸੀ ਸਮਾਗਮ ਮਨਾਉਣੇ ਉਹਨਾਂ ਨੂੰ ਯਾਦ ਰੱਖਣ ਦਾ ਇੱਕ ਰਸਮੀਂ ਵਰਤਾਰਾ ਤਾਂ ਹੈ ਪਰ ਲੋਕਾਂ ਦੇ ਨਾਇਕ ਦਿਨਾਂ ਦੇ ਮੁਹਤਾਜ਼ ਨਹੀਂ ਹੁੰਦੇ। ਆਮ ਲੋਕ ਉਹਨਾਂ ਦੇ ਸ਼ਹੀਦੀ ਦਿਨ ਜਨਮ ਦਿਨ ਯਾਦ ਰੱਖਣ ਨਾ ਰੱਖਣ ਉਹਨਾਂ ਨਾਲ ਜੁੜੇ ਕਿੱਸੇ ਜਰੂਰ ਯਾਦ ਰੱਖਦੇ ਹਨ। ਇਵੇਂ ਹੀ ਬੀਤੇ ਦਿਨੀਂ ਮੈਂ ਪਿੰਡ ਦੀ ਇਕ ਸੁਆਣੀ ਨਾਲ 80 ਵਿਆਂ ਵੇਲੇ ਦੀ ਗੱਲ ਤੋਰ ਲਈ, 80 ਵਿਆਂ ਦੇ ਅੰਤ 'ਚ ਉਹਦਾ ਵਿਆਹ ਹੋਇਆ ਸੀ, ਤੇ ਉਹ ਜਲਦੀ ਹੀ ਆਪਣੇ ਸੁਹਰੇ ਪਰਿਵਾਰ ਨਾਲੋਂ ਅੱਡ ਹੋ ਗਈ ਸੀ। ਗੱਲ਼ਾਂ ਕਰਦੀ ਦੱਸਣ ਲੱਗੀ ਮੈਂ ਸੁਹਰੇ ਨਾਲ ਇੱਕੋ ਵਾਰ ਲੜੀਂ ਹਾਂ ਬੱਸ। ਫੇਰ ਉਹਨੇ ਮੈਨੂੰ ਕੁਝ ਨਹੀਂ ਕਿਹਾ ਤੇ ਉਹਨੂੰ ਮੈਂ ਕੁਝ ਨਹੀਂ ਕਿਹਾ। ਕਹਿੰਦੀ ਮੇਰਾ ਸੁਹਰਾ ਕਹਿੰਦਾ ਸੀ ਕਿ ਸਾਡੇ ਮੁੰਡੇ ਨੂੰ ਤਾਂ ਰਿਸ਼ਤਾ ਆਉਂਦਾ ਸੀ ਉਹ ਕੜਾ ਪਾਉਂਦੇ ਸੀ ਸੋਨੇ ਦਾ। ਬੀਬੀ ਕਹਿੰਦੀ ਮੈਨੂੰ ਚਾਰ ਪੰਜ ਆਰੀ ਸੁਣਾ 'ਤਾ ਸੀ। ਮੈਂ ਵੀ ਆਖ ਤਾ ਅੱਕੀ ਹੋਈ ਨੇ, "ਚੰਗਾ ਫੇਰ ਐਤਕੀਂ ਗੁੱਟ ਵੇਸਣ ਨਾਲ ਮਾਂਜ ਕੇ ਰੱਖੀਂ, ਕੜਾ ਤੇਰੇ ਗੁਰਦੇਵ ਸਿਓਂ ਪਾ ਕੇ ਜਾਊ ਕਾਓਂਕਿਆਂ ਵਾਲਾ।" ਆਂਹਦੀ ਫੇਰ ਨਾ ਮੇਰੇ ਸੁਹਰੇ ਨੇ ਕਦੇ ਤਿੰਨ ਪੰਜ ਕੀਤੀ ਤੇ ਨਾ ਮੈਂ ਹੀ ਕੀਤੀ। ਮੈਂ ਇਹ ਨਾਓਂ ਪਹਿਲਾਂ ਕਦੇ ਨਹੀਂ ਸੁਣਿਆ। ਬੀਬੀ ਨਾਲ ਗੱਲ ਕਰਕੇ ਪਤਾ ਲੱਗਿਆ ਕੋਈ ਖਾੜਕੂ ਸੀ ਸਾਡੇ ਪਿੰਡਾਂ ਵੱਲ ਦਾ। ਮੈਂ ਸੋਚਦਾ ਸੀ ਕਿ ਜਦ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਲੋਕ ਪੁਲਿਸ ਦਾ ਕਚਿਹਰੀਆਂ ਦਾ ਡਰਾਵਾ ਦਿੰਦੇ ਨੇ ਇਹ ਭਲਾ ਕੇਡਾ ਕੁ ਨਾਮ ਹੋਇਆ ਜਿਹੜਾ ਪੁਲਿਸ/ਕਚਿਹਰੀਆਂ ਦੇ ਬਰਾਬਰ ਸੱਤਾ ਚਲਾ ਰਿਹਾ ਹੋਵੇ। ਗੂਗਲ ਕਰੇ ਤੇ ਇਕ ਨਰਮ ਜਿਹੀ ਤਸਵੀਰ ਆਉਂਦੀ ਹੈ ਚਿਹਰੇ ਤੇ ਕੋਈ ਖਾਸ ਭਾਵ ਨਹੀਂ ਪਰ ਖਿੱਚ ਹੈ। ਚਿਹਰੇ ਤੇ ਮੁਸਕਾਨ ਨਹੀਂ ਹੈ, ਪਰ ਕਿਸੇ ਵੀ ਤਰ੍ਹਾਂ ਦੀ ਚਿੰਤਾ ਜਾਂ ਨਿਰਾਸ਼ਾ ਵੀ ਨਹੀਂ ਵਿਖਦੀ। ਗੋਲ ਕੇਸਰੀ ਪਰਨਾ ਬੰਨੀ ਸਿੱਖ ਦੀ ਤਸਵੀਰ ਹੈ, ਦਾਹੜਾ ਪ੍ਰਕਾਸ਼ ਹੈ ਤੇ ਹੱਥ ਵਿਚ ਸ਼ਾਇਦ ਕਿਰਪਾਨ ਹੈ ਅੱਧੀ ਕੁ ਵਿਖਦੀ ਹੈ। ਸ਼ਕਲ ਤੋਂ ਤਾਂ ਖੌਫਨਾਕ ਨਹੀਂ ਹੈ, ਤੇ ਉਹ ਬੰਦਾ ਖੌਫਨਾਕ ਹੋ ਵੀ ਨਹੀਂ ਸਕਦਾ ਜੋ ਕਿਸੇ ਨੂੰ ਦੁੱਖ ਦੀ ਘੜੀ ਯਾਦ ਆਵੇ। ਜਦ ਮੈਂ ਬੀਬੀ ਨੂੰ ਪੁੱਛਿਆ ਤੈਨੂੰ  ਕੀ ਪਤਾ ਸੀ ਵੀ ਗੁਰਦੇਵ ਸਿੰਘ ਆ ਹੀ ਜਾਊ। ਉਹਦੇ ਕੋਲ ਜਵਾਬ ਨਹੀਂ ਸੀ। ਮੈਂ ਬਚਪਨ ਵਿੱਚ ਕਿਸੇ ਵੇਲੇ ਖਾਲਿਸਤਾਨੀ ਲਹਿਰ ਦਾ ਸਮਰਥਕ ਸੀ ਜਿੰਨੇ ਕੁ ਪੰਜਾਬ ਦੇ ਬਹੁਤੇ ਮੁੰਡੇ ਚੜਦੀ ਉਮਰੇ ਹੁੰਦੇ ਹਨ। ਹੁਣ ਮੈਂ ਖਾਲਿਸਤਾਨੀ ਲਹਿਰ ਤੋਂ ਭਾਵੇਂ ਕਈ ਵਖਰੇਵੇਂ ਰੱਖਦਿਆਂ ਦੂਰ ਹਾਂ ਪਰ ਇਹਦੇ ਨਾਇਕਾਂ ਦੀਆਂ ਕੁਰਬਾਨੀਆਂ ਕੀਲਣ ਵਾਲੀਆਂ ਰਹੀਆਂ। ਪੰਜਾਬ ਵਰਗੇ ਸਮਤਲ ਖਿੱਤੇ ਵਿੱਚ ਗੁਰੀਲਾ ਯੁੱਧ ਲੜਣਾ ਤੇ ਏਨਾ ਲੰਮਾ ਚਿਰ ਲੜ ਸਕਣਾ, ਅਕਾਲ ਤਖਤ ਸਾਹਿਬ ਤੋਂ 72 ਘੰਟੇ ਕਿਸੇ ਦੇਸ਼ ਦੀ ਫੌਜ ਨੂੰ ਵਖ਼ਤ ਪਾਈ ਰੱਖਣਾ ਕਿਸੇ ਆਮ ਫੌਜ ਦੇ ਵੱਸ ਦੀ ਗੱਲ ਨਹੀਂ ਸੀ।ਖੈਰ,  ਗੁਰਦੇਵ ਸਿੰਘ ਕਾਉਂਕੇ ਬਾਰੇ ਪੜਦਿਆਂ ਪਤਾ ਲੱਗਿਆ ਕਿ ਜਦ 1984 ਅਕਾਲ ਤਖਤ ਤੇ ਹਮਲਾ ਹੋਇਆ ਤਦ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਲੋਕਾਂ ਦਾ ਇੱਕ ਜੱਥਾ ਜਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਰੋਕ ਲਿਆ ਸੀ ਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਸੀ। ਰਿਹਾਅ ਹੋਣ ਮਗਰੋਂ 26 ਜਨਵਰੀ 1986 ਨੂੰ ਉਹਨਾਂ ਨੂੰ ਅਕਾਲ ਤਖਤ ਦਾ ਜੱਥੇਦਾਰ ਥਾਪਿਆ ਗਿਆ ਤੇ ਭਾਈ ਸਾਹਿਬ ਨੂੰ ਉਸ ਤੋਂ ਬਾਅਦ ਕਈ ਵਾਰ ਪੁਲਿਸ ਫੜ ਕੇ ਲਿਜਾਂਦੀ ਰਹੀ। ਭਾਵੇਂ ਉਹਨਾਂ ਦਾ ਕਦੇ ਵੀ ਕਿਸੇ ਖਾੜਕੂ ਕਾਰਵਾਈ ਵਿਚ ਸਿੱਧਾ ਜਾਂ ਅਸਿੱਧਾ ਸੰਬੰਧ ਸਾਬਿਤ ਨਹੀਂ ਕੀਤਾ ਜਾ ਸਕਿਆ, ਪਰ ਸਾਬਿਤ ਕਰਨਾ ਹੀ ਕਿਸ ਕੋਲ ਸੀ। ਜਗਰਾਓਂ ਸੀ.ਆਈ.ਏ ਸੈਲ ਵਿੱਚ ਉਨ੍ਹਾਂ ਤੇ ਅੰਨਾ ਤਸ਼ੱਦਦ ਹੋਇਆ। ਭਾਈ ਸਾਹਿਬ ਤੇ ਜੇਲ ਵਿੱਚ ਤਸ਼ੱਦਦ ਕਰਨ ਵਾਲੇ ਹੌਲਦਾਰ ਭਰਤੀ ਹੋਏ ਤੇ ਜਗਰਾਓਂ ਹਲਕਾ ਇੰਚਾਰਜ਼ ਤੱਕ ਦੀਆਂ ਤਰੱਕੀਆਂ ਮਾਣ ਗਏ। ਜੇ ਕਾਨੂੰਨੀ ਨਜ਼ਰਾਂ ਵਿਚ ਵੇਖੀਏ ਤਾਂ ਕਸੂਰ ਕੀ ਸੀ? 90 ਤੋਂ ਬਾਅਦ ਪਿੰਡ ਕਾਓਂਕੇ ਪਰਤ ਆਏ ਤੇ ਇੱਥੇ ਗੁਰਦੁਆਰੇ ਕਥਾ ਕਰਨ ਜਾਂਦੇ ਤੇ ਸੰਗਤਾਂ ਨੂੰ ਮਿਲਦੇ ਸਨ। ਉਥੋਂ ਪੁਲਿਸ ਦੋ ਤਿੰਨ ਵਾਰ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕਰਦੀ ਰਹੀ ਤੇ ਛੱਡਦੀ ਰਹੀ। ਅਸਲ ਵਿੱਚ ਬੇਅੰਤ ਸਿੰਘ ਦੀ ਸਰਕਾਰ ਨੇ ਖਾੜਕੂਆਂ ਤੇ ਉਹਨਾਂ ਦੇ ਹਰ ਕਿਸਮ ਦੇ ਨਰਮ ਤੋਂ ਨਰਮ ਹਮਾਇਤੀ ਨੂੰ ਵੀ ਜੇਲ੍ਹਾਂ ਵਿੱਚ ਜਾਂ ਮੁਕਾਬਲਿਆਂ ਵਿੱਚ ਮਾਰਨ ਦੀ ਸੋਚ ਰੱਖੀ ਸੀ ਤਾਂ ਫੇਰ ਗੁਰਦੇਵ ਸਿੰਘ ਨੂੰ ਸਰਕਾਰ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਸੀ ਚਾਹੁੰਦੀ ਕਿਉਂਕਿ ਗੁਰਦੇਵ ਸਿੰਘ ਕਾਉਂਕੇ ਜਦ 1992 'ਚ ਰਿਹਾਅ ਹੋ ਕੇ ਆਏ ਖਾਲਿਸਤਾਨੀ ਸਫ਼ਾਂ ਵਿੱਚ ਨਵੀਂ ਹਰਕਤ ਸ਼ੁਰੂ ਹੋ ਗਈ ਸੀ। ਭਾਵੇਂ ਗੁਰਦੇਵ ਸਿੰਘ ਆਪ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਵਿੱਚ ਸ਼ਾਮਿਲ ਨਹੀਂ ਸਨ, ਪਰ ਉਹ ਲਹਿਰ ਦਾ ਵੱਡਾ ਨਾਮ ਸੀ ਜੋ ਅਗਵਾਈ ਕਰਨ ਯੋਗ ਸੀ। 25 ਦਸੰਬਰ 1992 ਨੂੰ ਉਹਨਾਂ ਨੂੰ ਆਖਰੀ ਵਾਰ ਗ੍ਰਿਫਤਾਰ ਕੀਤਾ ਗਿਆ। ਖੌਰੇ ਗੁਰੂ ਦੇ ਸਾਹਿਬਜਾਦੇ ਨੇ ਠੰਡਾ ਬੁਰਜ਼ ਹੰਡਾਉਣਾ ਹੀ ਸੀ। ਉਹਨਾਂ ਨੂੰ ਪਹਿਲ਼ਾਂ ਜਗਰਾਓਂ ਸੀ.ਆਈ.ਏ ਵਿੱਚ ਰੱਖਿਆ ਤੇ ਫੇਰ ਪੁਲਿਸ ਭਾਈ ਸਾਹਿਬ ਨੂੰ ਵੱਖ ਵੱਖ ਥਾਵਾਂ ਤੇ ਲਿਜਾਂਦੀ ਰਹੀ ਕਿ ਕਿਸੇ ਨੂੰ ਥਾਂ ਦਾ ਪਤਾ ਨਾ ਲੱਗੇ। ਐਡਵੋਕੇਟ ਗੁਰਮੁਖ ਸਿੰਘ ਮਨੌਲੀ ਨੇ ਅਦਾਲਤ ਜ਼ਰੀਏ ਵਾਰੰਟ ਅਫ਼ਸਰ ਭਿਜਵਾਏ ਤੇ ਉਨ੍ਹਾਂ 2 ਜਨਵਰੀ ਨੂੰ ਸਦਰ ਥਾਣੇ ਛਾਪਾ ਮਰਵਾਇਆ ਪਰ ਕੋਈ ਨਹੀਂ ਲੱਭਿਆ। 3 ਜਨਵਰੀ 1993 ਦੇ ਅਖ਼ਬਾਰ ਵਿੱਚ ਖਬਰ ਛਪੀ ਕਿ ਖਾੜਕੂਆਂ ਨੇ ਪੁਲਿਸ ਦੀ ਜੀਪ ਤੇ ਹਮਲਾ ਕੀਤਾ ਤੇ ਗੁਰਦੇਵ ਸਿੰਘ ਕਾਉਂਕੇ ਫਰਾਰ ਹੋ ਗਿਆ। ਸ਼ਾਇਦ ਅੱਜ ਕਲ ਇਹ ਖਬਰ ਪੜ ਕੇ ਕੋਈ ਕੁਝ ਹੋਰ ਨਤੀਜ਼ਾ ਕੱਢੇ ਪਰ ਉਦੋਂ ਸਭ ਜਾਣਦੇ ਸਨ ਕਿ ਇਸ ਖਬਰ ਦਾ ਮਤਲਬ ਕੀ ਹੈ। ਹਾਲੇ ਵੀ ਸਰਕਾਰੀ ਕਾਗ਼ਜ਼ਾਂ ਵਿੱਚ ਗੁਰਦੇਵ ਸਿੰਘ ਕਾਉਂਕੇ ਫਰਾਰ ਹੈ। ਪਰ ਪਰਿਵਾਰ ਨੇ ਖਬਰ ਪੜਕੇ ਹੀ ਅੰਤਿਮ ਅਰਦਾਸ ਤੇ ਪਾਠ ਰਖਾ ਲਿਆ ਸੀ, ਉਹ ਜਾਣਦੇ ਸੀ ਕਿ ਗੁਰੂ ਦੇ ਰਾਹਾਂ ਤੇ ਚੱਲਣ ਵਾਲੇ ਮਤੀ ਦਾਸ ਵਾਂਗੂ ਬੰਦ ਬੰਦ ਕਟਵਾਉਂਦੇ ਨੇ। ਛੇ ਸਾਲਾਂ ਬਾਅਦ 14 ਮਈ 1998 ਨੂੰ ਉਸ ਸਮੇਂ ਤੈਨਾਤ ਹੌਲਦਾਰ ਦਰਸ਼ਨ ਸਿੰਘ ਹਠੂਰ ਦੀ ਜ਼ਮੀਰ ਜਾਗੀ ਉਸ ਨੇ ਇਹ ਭੇਦ ਖੋਲਿਆ ਕਿ ਭਾਈ ਸਾਹਿਬ ਤੇ ਤਸ਼ੱਦਦ ਕਰਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਨ੍ਹਾਂ ਦੀ ਦੇਹ ਦੇ ਟੋਟੇ ਟੋਟੇ ਕਰਕੇ ਕੰਨੀਆ ਗੁਰਦੁਆਰੇ ਕੋਲ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਦਰਸ਼ਨ ਸਿੰਘ ਹਠੂਰ ਦੇ ਇਕਬਾਲਨਾਮੇ ਤੋਂ ਬਾਅਦ ਮਨੁੱਖੀ ਹੱਕਾਂ ਲਈ ਬਣੀ ਕਮੇਟੀ ਜਿਸ ਵਿੱਚ ਸ਼੍ਰੀ ਰਾਮ ਨਰਾਇਣ ਸਣੇ ਹੋਰ ਵਕੀਲ ਸ਼ਾਮਿਲ ਸਨ। ਇਨ੍ਹਾਂ ਦੇ ਕਹਿਣ ਤੇ ਸਰਕਾਰ ਨੇ ਇੱਕ ਜਾਂਚ ਕਮੇਟੀ ਬਣਾਈ ਜਿਸ ਨੇ ਤਿੰਨ ਮਹੀਨਿਆਂ ਵਿਚ ਰਿਪੋਰਟ ਦੇਣੀ ਸੀ ਪਰ ਸਵਾ ਸਾਲ ਮਗਰੋਂ ਬਾਦਲ ਸਰਕਾਰ ਨੂੰ ਰਿਪੋਰਟ ਦਿੱਤੀ। ਇਸ ਰਿਪੋਰਟ ਵਿੱਚ ਪੁਲਿਸ ਦੇ ਹਿਰਾਸਤੀ ਕਤਲਾਂ ਤੇ ਤਸ਼ੱਦਦਾਂ ਦਾ ਜ਼ਿਕਰ ਦਾ ਆਉਂਦਾ ਏ ਪਰ ਗੁਰਦੇਵ ਸਿੰਘ ਕਾਉਂਕੇ ਦੇ ਹਿਰਾਸਤੀ ਕਤਲ ਦੀ ਗੱਲ ਨਹੀਂ ਮੰਨੀ ਗਈ। ਜਿਵੇਂ ਅਕਸਰ ਹੁੰਦਾ ਹੀ ਹੈ ਬਾਅਦ ਵਿੱਚ ਰਿਪੋਰਟਾਂ ਬਣਦੀਆਂ ਤਫਤੀਸ਼ਾਂ ਹੁੰਦੀਆਂ ਇੱਕ ਨਿੱਕਾ ਮੋਟਾ ਪੁਲਸੀਆ ਬਰਖਾਸਤ ਹੁੰਦਾ ਏ ਹਾਕਮਾਂ ਲਈ ਇਹ ਬਿਲਕੁਲ ਆਮ ਜਿਹਾ ਵਰਤਾਰਾ ਹੈ। ਖੈਰ, ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਆਪਣੇ ਜਣੀ ਇੱਕ ਬਿਲਕੁਲ ਚੁੱਪ ਮੌਤ ਮਾਰ ਦਿੱਤਾ। ਪਰ ਕੌਣ ਜਾਣੇ ਉਸ ਵੇਲਿਆਂ ਦੇ ਲੋਕ ਅੱਜ ਵੀ ਗੁਰਦੇਵ ਸਿਓਂ ਨੂੰ ਇਵੇਂ ਯਾਦ ਕਰਦੇ ਜਿਵੇਂ ਉਹ ਉਹਨਾਂ ਦਾ ਆਪਣਾ ਹੀ ਕੋਈ ਧੀ ਪੁੱਤ ਭਰਾ ਹੋਵੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।