ਕਮਲਾ ਹੈਰਿਸ ਦੀ ਪ੍ਰਸਿੱਧੀ ਦਾ ਗਰਾਫ਼ ਤੇਜੀ ਨਾਲ ਉਪਰ ਵੱਲ ਨੂੰ ਚੜਿਆ, ਇਕ ਤਾਜ਼ਾ ਸਰਵੇ ਅਨੁਸਾਰ ਟਰੰਪ ਲਈ ਬਣ ਸਕਦੀ ਹੈ ਖਤਰਾ

ਕਮਲਾ ਹੈਰਿਸ ਦੀ ਪ੍ਰਸਿੱਧੀ ਦਾ ਗਰਾਫ਼ ਤੇਜੀ ਨਾਲ ਉਪਰ ਵੱਲ ਨੂੰ ਚੜਿਆ, ਇਕ ਤਾਜ਼ਾ ਸਰਵੇ ਅਨੁਸਾਰ ਟਰੰਪ ਲਈ ਬਣ ਸਕਦੀ ਹੈ ਖਤਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਚੋਣ ਮੈਦਾਨ ਛੱਡ ਗਏ ਜੋ ਬਾਈਡਨ ਵੱਲੋਂ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਅਮਰੀਕਾ ਵਿਚ ਰਾਜਸੀ ਦ੍ਰਿਸ਼ ਤੇਜੀ ਨਾਲ ਬਦਲਦਾ ਨਜਰ ਆ ਰਿਹਾ ਹੈ। ਕਮਲਾ ਹੈਰਿਸ ਦੀ ਪ੍ਰਸਿੱਧੀ ਦਾ ਗਰਾਫ਼ ਉਪਰ ਚੜ ਰਿਹਾ ਹੈ ਤੇ ਇਕ ਤਾਜ਼ਾ ਸਰਵੇ ਵਿਚ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਲਈ ਕਮਲਾ ਹੈਰਿਸ ਮੁਸ਼ਕਿਲਾਂ ਖੜੀਆਂ ਕਰ ਸਕਦੀ ਹੈ।

ਜੋ ਬਾਈਡਨ ਨਾਲ ਬਹਿਸ ਉਪਰੰਤ ਵਿਸ਼ਵਾਸ਼ ਕੀਤਾ ਜਾ ਰਿਹਾ ਸੀ ਕਿ ਟਰੰਪ ਜਿੱਤ ਜਾਣ ਦੀ ਸਥਿੱਤੀ ਵਿਚ ਹਨ ਪਰੰਤੂ ਤੇਜੀ ਨਾਲ ਬਦਲਦੇ ਰਾਜਸੀ ਹਾਲਾਤ ਦੇ ਮੱਦੇਨਜਰ ਹੁਣ ਉਨਾਂ ਦੀ ਸਥਿੱਤੀ ਪਹਿਲਾਂ ਵਾਲੀ ਨਹੀਂ ਰਹੀ। ਰਾਈਟਰਜ-ਇਪਸੋਸ ਦੇ ਤਾਜ਼ਾ ਸਰਵੇਖਣ ਜੋ 22 ਜੁਲਾਈ ਤੇ 23 ਜੁਲਾਈ ਨੂੰ ਕੀਤਾ ਗਿਆ, ਅਨੁਸਾਰ ਹੈਰਿਸ ਰਜਿਸਟਰਡ ਵੋਟਰਾਂ ਦੇ 44% ਸਮਰਥਨ ਨਾਲ ਟਰੰਪ ਤੋਂ ਅੱਗੇ ਹੈ। ਟਰੰਪ ਨੂੰ 42% ਵੋਟਰਾਂ ਦਾ ਸਮਰਥਨ ਮਿਲਿਆ ਹੈ। 5% ਵੋਟਰਾਂ ਨੇ ਕਿਹਾ ਹੈ ਕਿ ਉਹ ਕਿਸੇ ਹੋਰ ਉਮੀਦਵਾਰ ਨੂੰ ਵੋਟ ਪਾਉਣਗੇ। 4% ਵੋਟਰ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦੇ ਹੱਕ ਵਿਚ ਹਨ ਜਦ ਕਿ 5% ਨੇ ਕਿਹਾ ਹੈ ਕਿ ਉਹ ਕੁਝ ਨਹੀਂ ਕਹਿ ਸਕਦੇ। ਇਸ ਸਰਵੇ ਵਿਚ 3% ਗਲਤੀ ਦੀ ਸੰਭਾਵਨਾ ਰਖੀ ਗਈ ਹੈ। ਇਸ ਸਰਵੇ ਦੀਆਂ ਲੱਭਤਾਂ ਅਨੁਸਾਰ ਹੈਰਿਸ ਤੇਜੀ ਨਾਲ ਸਾਬਤ ਕਦਮਾਂ ਨਾਲ ਅੱਗੇ ਵਧ ਰਹੀ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਹੀ ਕੀਤੇ ਇਕ ਸਰਵੇ ਵਿਚ ਹੈਰਿਸ ਤੇ ਟਰੰਪ ਨੂੰ ਬਰਾਬਰ 44% ਵੋਟਰਾਂ ਨੇ ਸਮਰਥਨ ਦਿੱਤਾ ਸੀ ਜਦ ਕਿ ਜੂਨ ਵਿਚ ਕੀਤੇ ਸਰਵੇ ਵਿਚ ਟਰੰਪ ਨੂੰ 1% ਵੋਟਾਂ ਦੀ ਬੜਤ ਹਾਸਲ ਸੀ। ਇਸੇ ਦੌਰਾਨ ਵੱਖ ਵੱਖ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਮਲਾ ਹੈਰਿਸ ਨੇ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਲਈ ਲੋੜੀਂਦੇ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕਰ ਲਿਆ ਹੈ ਤੇ ਉਸ ਨੂੰ ਅਗਲੇ ਮਹੀਨੇ ਪਾਰਟੀ ਵੱਲੋਂ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਐਲਾਨ ਦਿੱਤਾ ਜਾਵੇਗਾ। ਡੈਲੀਗੇਟਾਂ ਬਾਰੇ ਏ ਪੀ ਵੱਲੋਂ ਕੀਤੇ ਇਕ ਸਰਵੇ ਵਿਚ ਕਿਹਾ ਗਿਆ ਹੈ ਕਿ ਹੈਰਿਸ ਨੂੰ 2538 ਡੈਲੀਗੇਟਾਂ ਦਾ ਸਮਰਥਨ ਹਾਸਲ ਹੈ ਜਦ ਕਿ ਉਸ ਨੂੰ ਪਾਰਟੀ ਉਮੀਦਵਾਰ ਬਣਨ ਲਈ 1976 ਡੈਲੀਗੇਟਾਂ ਦੀ ਲੋੜ ਹੈ। ਡੈਮੋਕਰੈਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਜੈਮ ਹੈਰੀਸਨ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਦਾ ਐਲਾਨ 7 ਅਗਸਤ ਤੱਕ ਕਰ ਦਿੱਤਾ ਜਾਵੇਗਾ।