ਚੋਣ ਝਟਕਿਆਂ ਬਾਅਦ ਭਾਜਪਾ ਦੀ ਹਿਲਣ ਲਗੀ ਸਿਆਸੀ ਜ਼ਮੀਨ

ਚੋਣ ਝਟਕਿਆਂ ਬਾਅਦ ਭਾਜਪਾ ਦੀ ਹਿਲਣ ਲਗੀ ਸਿਆਸੀ ਜ਼ਮੀਨ

 ਯੋਗੀ ਦਾ ਸਿਆਸੀ ਕੱਦ ਹਾਲੀਆ ਚੋਣਾਂ ਵਿਚ ਮਿਲੀ ਹਾਰ ਕਾਰਨ ਘਟਿਆ,ਬਗਾਵਤ ਫੈਲੀ

*ਉਪ ਚੋਣਾਂ ਦੇ ਨਤੀਜੇ ਤੈਅ ਕਰਨਗੇ ਯੋਗੀ ਦਾ ਭਵਿੱਖ

ਆਮ ਚੋਣਾਂ ਵਿੱਚ ਝਟਕੇ ਦਾ ਅਸਰ ਹੁਣ ਭਾਰਤੀ ਜਨਤਾ ਪਾਰਟੀ ਅਤੇ ਇੱਥੋਂ ਤੱਕ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ। ਉਥਲ-ਪੁਥਲ ਦਾ ਅਜਿਹਾ ਦ੍ਰਿਸ਼ ਹੈ, ਜਿਸ ਨੂੰ ਨਰਿੰਦਰ ਮੋਦੀ ਦੇ ਦੌਰ ਵਿਚ ਅਸਾਧਾਰਨ ਘਟਨਾ ਕਰਮ ਮੰਨਿਆ ਜਾਵੇਗਾ। ਸ਼ੁਰੂਆਤੀ ਦੌਰ ਵਿਚ ਹਾਈਕਮਾਂਡ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭ ਕੁਝ ਪਹਿਲਾਂ ਵਰਗਾ ਹੈ’ ਹੁਣ ਸਭ ਨਿਘਰਦਾ ਜਾਪਦਾ ਹੈ। 

ਪਰ ਹੁਣ ਵੀ ਭਾਜਪਾ/ਆਰਐਸਐਸ ਆਗੂ ਹਨੇਰੇ ਵਿੱਚ ਤੀਰ ਚਲਾ ਰਹੇ ਹਨ। ਉਹ ਅਸਲ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਦਿਖਾ ਸਕੇ । ਮੋਟੇ ਤੌਰ 'ਤੇ, ਸੰਘ ਨੇ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਹਾਰ ਅਤੇ ਕੁਝ ਰਾਜਾਂ ਵਿੱਚ ਝਟਕਿਆਂ ਦਾ ਕਾਰਨ ਭਾਜਪਾ ਦੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਦੱਸਿਆ। ਉਨ੍ਹਾਂ ਨੇ ਹੰਕਾਰ, ਪਾਰਟੀ ਆਗੂਆਂ ਵਿੱਚ ਵੱਧ ਆਤਮਵਿਸ਼ਵਾਸ, ਵਰਕਰਾਂ ਦੀ ਅਣਦੇਖੀ, ਵਰਕਰਾਂ ਨਾਲ ਸੰਪਰਕ ਟੁੱਟਣ ਅਤੇ ਟਿਕਟਾਂ ਦੀ ਵੰਡ ਵਿੱਚ ਗਲਤੀਆਂ ਦਾ ਜ਼ਿਕਰ ਕੀਤਾ ਹੈ। ਪਰ ਕਿਸੇ ਨੇ ਵੀ ਇਸ ਤੱਥ ਨੂੰ ਘੋਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੋਟਰਾਂ ਵਿੱਚ ਡੂੰਘੀ ਹੋ ਰਹੀ ਸੱਤਾ ਵਿਰੋਧੀ ਭਾਵਨਾ ਦਾ ਇਨ੍ਹਾਂ ਪਹਿਲੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੰਭਵ ਹੈ ਕਿ ਇਨ੍ਹਾਂ ਗੱਲਾਂ ਨੇ ਵੀ ਕੋਈ ਭੂਮਿਕਾ ਨਿਭਾਈ ਹੋਵੇ ਜਿਸਦਾ ਜਿਕਰ ਭਾਜਪਾ ਆਗੂ ਜਾਂ ਸੰਘੀ ਨੇਤਾ ਕਰ ਰਹੇ ਹਨ।

ਪਰ ਅਸਲ ਸਵਾਲ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਹੈ, ਜਿਨ੍ਹਾਂ ਕਾਰਨ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ ਅਤੇ ਜਿਸ ਦੇ ਖਿਲਾਫ ਅੱਜ ਜ਼ਮੀਨੀ ਪੱਧਰ 'ਤੇ ਵਿਆਪਕ ਅਸੰਤੋਸ਼ ਹੈ। ਪਿਛਲੇ ਹਫ਼ਤੇ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਵੀ ਇਨ੍ਹਾਂ ਭਾਵਨਾਵਾਂ ਦੀ ਪੁਸ਼ਟੀ ਹੋਈ ਹੈ। ਇਸ ਨੂੰ ਭਾਜਪਾ/ਆਰ.ਐਸ.ਐਸ. ਦੀ ਲੀਡਰਸ਼ਿਪ ਦੀ ਅਲਪ ਦ੍ਰਿਸ਼ਟੀ ਹੀ ਕਿਹਾ ਜਾਵੇਗਾ ਕਿ ਉਨ੍ਹਾਂ ਦਾ ਧਿਆਨ ਅਜੇ ਤੱਕ ਇਸ ਪਾਸੇ ਕੇਂਦਰਿਤ ਨਹੀਂ ਹੋਇਆ। 

 ਜੇਕਰ ਸੱਤਾਧਾਰੀ ਧਿਰ ਇਸ ਮੂਲ ਤੱਥ ਤੋਂ ਅਣਜਾਣ ਰਹਿੰਦੀ ਹੈ, ਜਾਂ ਇਸ ਨੂੰ ਅਣਗੌਲਿਆਂ ਕਰਦੀ ਰਹੀ ਤਾਂ ਇਹ ਕਿਹਾ ਜਾਵੇਗਾ ਕਿ ਇਸ ਦੇ ਆਗੂਆਂ ਦੇ ਹਨੇਰੇ ਵਿੱਚ ਚਲਾਏ ਜਾ ਰਹੇ ਤੀਰ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚਣਗੇ।

ਯੂਪੀ ਭਾਜਪਾ ਵਿਚ ਫੁਟ,ਯੋਗੀ ਦੀ ਸਿਆਸੀ ਜ਼ਮੀਨ ਖਿਸਕਣ ਲਗੀ

ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਵਿਚ ਸਭ ਕੁਝ ਠੀਕ ਨਹੀਂ ਹੈ। ਇਹ ਉਹੀ ਸੂਬਾ ਹੈ ਜਿਸ ਨੂੰ ਸਿਆਸੀ ਤੇ ਚੁਣਾਵੀ ਪੱਖ ਤੋਂ ਦੇਸ਼ ਦਾ ਸਭ ਤੋਂ ਮਹੱਤਵਪੂਰਨ ਰਾਜ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੀਤੇ ਦਿਨੀਂ ਪਾਰਟੀ ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਹ ਬਿਆਨ ਦੇ ਕੇ ਹਲਚਲ ਪੈਦਾ ਕਰ ਦਿੱਤੀ ਕਿ ‘ਲੋੜੋਂ ਵੱਧ ਆਤਮ-ਵਿਸ਼ਵਾਸ ਤੇ ਤਬਦੀਲ ਹੋਈਆਂ ਵੋਟਾਂ’ ਨੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਰਾਜ ਵਿਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਸੱਟ ਮਾਰੀ ਹੈ। 

ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਭਗਵਾਂ ਪਾਰਟੀ ਦੇ ਇਸ ਵਾਰ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਜਾਣ ਦਾ ਵੱਡਾ ਕਾਰਨ ਯੂਪੀ ਵਿੱਚ ਮਾੜੀ ਕਾਰਗੁਜ਼ਾਰੀ ਹੈ। ਭਾਜਪਾ ਨੇ ਹਾਲੀਆ ਲੋਕ ਸਭਾ ਚੋਣਾਂ ਵਿਚ ਯੂਪੀ ਵਿੱਚ ਸਿਰਫ਼ 33 ਸੀਟਾਂ ਜਿੱਤੀਆਂ ਹਨ (2019 ਵਿੱਚ 62 ਸੀਟਾਂ ਸਨ); ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਨੂੰ 43 ਸੀਟਾਂ ਨਾਲ ਵੱਡੀ ਸਫ਼ਲਤਾ ਮਿਲੀ ਹੈ। ਜਿ਼ਕਰਯੋਗ ਹੈ ਕਿ ਯੂਪੀ ਵਿੱਚੋਂ 80 ਮੈਂਬਰ ਚੁਣ ਕੇ ਲੋਕ ਸਭਾ ਜਾਂਦੇ ਹਨ ਜੋ ਕਾਫ਼ੀ ਵੱਡਾ ਅੰਕੜਾ ਹੈ। ਕੇਂਦਰ ਸਰਕਾਰ ਦੇ ਗਠਨ ਵਿਚ ਉੱਤਰ ਪ੍ਰਦੇਸ਼ ਦੀ ਅਹਿਮ ਭੂਮਿਕਾ ਰਹਿੰਦੀ ਹੈ। ਭਾਜਪਾ ਲਈ ਸਭ ਤੋਂ ਵੱਡਾ ਝਟਕਾ ਪਾਰਟੀ ਨੂੰ ਅਯੁੱਧਿਆ ਜਿ਼ਲ੍ਹੇ ਦੇ ਫੈਜ਼ਾਬਾਦ ਲੋਕ ਸਭਾ ਹਲਕੇ ਤੋਂ ਮਿਲੀ ਹਾਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਵਰੀ ਵਿਚ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਖ਼ੁਦ ਵੀ ਆਪਣੀ ਵਾਰਾਨਸੀ ਸੀਟ ਤੋਂ ਕਰੀਬ 1.52 ਲੱਖ ਵੋਟਾਂ ਦੇ ਫ਼ਰਕ ਨਾਲ ਹੀ ਜਿੱਤੇ ਹਨ। ਇਹ ਅੰਕੜਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਦੇ ਫ਼ਰਕ (4.79 ਲੱਖ ਵੋਟਾਂ) ਨਾਲੋਂ ਕਾਫ਼ੀ ਘੱਟ ਹੈ। 

ਆਮ ਜਨਤਾ ਵਿਚ ਇਸ ਦਾ ਬਾਕਾਇਦਾ ਅਸਰ ਗਿਆ ਹੈ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਬਤੌਰ ਲੀਡਰ ਉੱਭਰ ਕੇ ਅੱਗੇ ਆਏ ਹਨ। ਇਸ ਪ੍ਰਸੰਗ ਵਿਚ ਵਿਰੋਧੀ ਧਿਰ ਦੀ ਜ਼ਮੀਨ ਮੁਕਾਬਲਤਨ ਮਜ਼ਬੂਤ ਹੋਈ ਹੈ ਜੋ ਪਿਛਲੇ ਸਾਲਾਂ ਦੌਰਾਨ ਦੇਖਣ ਵਿੱਚ ਆਇਆ ਸਿਆਸੀ ਨਿਘਾਰ ਠੱਲ੍ਹਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ।

ਰਾਜ ਵਿੱਚ ਆਉਣ ਵਾਲੇ ਮਹੀਨਿਆਂ ’ਚ 10 ਵਿਧਾਨ ਸਭਾ ਸੀਟਾਂ ’ਤੇ ਜਿ਼ਮਨੀ ਚੋਣਾਂ ਹੋਣਗੀਆਂ। ਇਸ ਤੋਂ ਪਹਿਲਾਂ ਪਾਰਟੀ ਹਾਈਕਮਾਨ ਨੂੰ ਯੋਗੀ, ਮੌਰੀਆ ਅਤੇ ਚੌਧਰੀ ’ਚ ਸਹਿਮਤੀ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਬਦਲ ਵਜੋਂ ਦੇਖੇ ਜਾ ਰਹੇ ਮੁੱਖ ਮੰਤਰੀ ਯੋਗੀ ਦਾ ਸਿਆਸੀ ਕੱਦ ਹਾਲੀਆ ਚੋਣਾਂ ਵਿਚ ਮਿਲੀ ਹਾਰ ਕਾਰਨ ਘਟ ਗਿਆ ਹੈ। ਸਮਾਜਵਾਦੀ ਪਾਰਟੀ-ਕਾਂਗਰਸ ਗੱਠਜੋੜ ਦੇ ਉਭਾਰ ਨੂੰ ਵਿਚਾਰਿਆ ਜਾਵੇ ਤਾਂ ਭਾਜਪਾ ਲਈ ਯੂਪੀ ’ਚ ਇਸ ਸਮੱਸਿਆ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੋਵੇਗਾ, ਨਹੀਂ ਤਾਂ ਇਸ ਨੂੰ ਹੋਰ ਸਿਆਸੀ ਜ਼ਮੀਨ ਵੀ ਗੁਆਉਣੀ ਪੈ ਸਕਦੀ ਹੈ।

ਪਾਰਟੀ ਵਿਚ ਦਰਾੜ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆ ਗਈ ਜਦੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਮੀਟਿੰਗ ਵਿੱਚ ਕਿਹਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਹਮੇਸ਼ਾ ਸਰਕਾਰ ਤੋਂ ਵੱਡਾ ਹੁੰਦਾ ਹੈ। ਪਾਰਟੀ ਵਿਚ ਅੰਦਰਖਾਤੇ ਚੱਲ ਰਹੀ ਖਿੱਚੋਤਾਣ ਨੂੰ ਉਦੋਂ ਹੋਰ ਬਲ ਮਿਲਿਆ ਜਦ ਬੀਤੇ ਹਫਤੇ ਮੌਰੀਆ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ। ਇਸ ਮਾਮਲੇ ’ਚ ਇੱਕ ਹੋਰ ਮੁੱਖ ਹਿੱਤਧਾਰਕ ਸੂਬਾ ਪਾਰਟੀ ਪ੍ਰਧਾਨ ਭੁਪੇਂਦਰ ਸਿੰਘ ਚੌਧਰੀ ਹਨ ਜੋ ਇਸ ਹਫ਼ਤੇ ਵੱਖੋ-ਵੱਖਰੇ ਪੱਧਰ ’ਤੇ ਨੱਢਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤਾਂ ਕਰ ਚੁੱਕੇ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਹਟਾਉਣ ਦੀ ਜਿਸ ਯੋਜਨਾ ਦੀ ਚਰਚਾ ਹੋ ਰਹੀ ਹੈ, ਉਸ ਵਿਚ ਇਨ੍ਹਾਂ 10 ਸੀਟਾਂ ਦੀਆਂ ਚੋਣਾਂ ਦੀ ਵੱਡੀ ਭੂੁਮਿਕਾ ਹੋਵੇਗੀ। ਜੇਕਰ ਉਪ ਚੋਣ ਵਿਚ ਭਾਜਪਾ ਦਾ ਪ੍ਰਦਰਸ਼ਨ ਖਰਾਬ ਰਿਹਾ ਤਾਂ ਸੱਚਮੁੱਚ ਯੋਗੀ ਦੀ ਕੁਰਸੀ ਲਈ ਖ਼ਤਰਾ ਪੈਦਾ ਹੋ ਜਾਵੇਗਾ।