ਭਾਰਤ ਚੀਨ ਦੀ ਇਸ ਝੜਪ ਦਾ ਮੁੱਖ ਕਾਰਨ ਜ਼ਮੀਨ ਨਹੀਂ ਹੈ

ਭਾਰਤ ਚੀਨ ਦੀ ਇਸ ਝੜਪ ਦਾ ਮੁੱਖ ਕਾਰਨ ਜ਼ਮੀਨ ਨਹੀਂ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਤੋਂ ਬਾਅਦ ਵੱਡੀਆਂ ਵਿਸ਼ਵ ਤਬਦੀਲੀਆਂ ਲਈ ਬਣੇ ਕਾਰਗਰ ਹਾਲਾਤਾਂ 'ਚ ਪਹਿਲਾਂ ਤੋਂ ਸੰਭਾਵਤ ਦੱਖਣੀ ਏਸ਼ੀਆ ਖਿੱਤੇ ਵਿਚ ਹਿਲਜੁੱਲ ਸ਼ੁਰੂ ਹੋ ਚੁੱਕੀ ਹੈ। ਚੀਨ ਅਤੇ ਭਾਰਤ ਦਰਮਿਆਨ ਚਾਰ ਦਹਾਕਿਆਂ ਮਗਰੋਂ ਲੱਦਾਖ ਵਿਚ ਹਿੰਸਕ ਝੜਪ ਹੋਈ ਜਿਸ ਵਿਚ 20 ਭਾਰਤੀ ਫੌਜੀ ਮਾਰੇ ਗਏ ਜਦਕਿ ਚੀਨ ਨੇ ਆਪਣੀ ਕਿਸੇ ਮੌਤ ਦਾ ਐਲਾਨ ਨਹੀਂ ਕੀਤਾ। ਓਪਰੀ ਨਜ਼ਰੀਂ ਦੇਖਿਆਂ ਪ੍ਰਤੀਤ ਹੁੰਦਾ ਹੈ ਕਿ ਇਹ ਲੜਾਈ ਲੱਦਾਖ ਵਿਚ ਗਲਵਾਨ ਵੈਲੀ ਨਾਂ ਦੇ ਇਕ ਜ਼ਮੀਨੀ ਟੋਟੇ ਦੀ ਹੈ। ਦਰਅਸਲ ਇਹ ਸੱਚ ਨਹੀਂ। ਸੱਚ ਕੀ ਹੈ, ਅਸੀਂ ਕ੍ਰਮਵਾਰ ਜਾਣਕਾਰੀਆਂ ਨਾਲ ਇਸ ਰਿਪੋਰਟ ਵਿਚ ਸਮਝਦੇ ਹਾਂ:

ਚੀਨ ਅਤੇ ਪੱਛਮ (ਅਮਰੀਕਾ) ਦਰਮਿਆਨ ਚੌਧਰੀ ਬਣਨ ਦਾ ਭੇੜ
ਪਿਛਲੇ ਕੁੱਝ ਸਾਲਾਂ ਵਿਚ ਵਿਸ਼ਵ ਦੀ ਵੱਡੀ ਤਾਕਤ ਬਣ ਕੇ ਉੱਭਰਿਆ ਚੀਨ ਅਮਰੀਕਾ ਦੀ ਅਗਵਾਈ ਵਾਲੀ ਪੱਛਮੀ ਚੌਧਰ ਨੂੰ ਚੁਣੌਤੀ ਦੇਣ ਦੀ ਸਮਰੱਥਾ ਵਿਚ ਹੈ। ਇਸ ਲਈ ਉਸ ਨੇ ਵੱਡੇ ਪੂੰਜੀ ਨਿਵੇਸ਼ ਨਾਲ ਚੀਨੀ ਸੱਭਿਅਤਾ ਦੇ ਇਤਿਹਾਸਕ "ਸਿਲਕ ਰੋਡ" ਦੀ ਤਰਜ 'ਤੇ "ਇਕ ਬੈਲਟ ਇਕ ਰੋਡ" ਨੀਤੀ ਲਿਆਂਦੀ ਹੈ। ਇਸ ਨੀਤੀ ਰਾਹੀਂ ਉਹ ਆਪਣੇ ਵਪਾਰਕ ਅਤੇ ਕੂਟਨੀਤਕ ਫੈਲਾਅ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਨੀਤੀ ਦੀ ਮਾਰ ਏਸ਼ੀਆ ਤੋਂ ਲੈ ਕੇ ਯੂਰਪ, ਅਫਰੀਕਾ ਤੇ ਦੱਖਣੀ ਅਮਰੀਕਨ ਮੁਲਕਾਂ ਤੱਕ ਹੈ। ਕੋਰੋਨਾਵਾਇਰਸ ਮਹਾਂਮਾਰੀ ਫੈਲਣ ਨਾਲ ਵਿਸ਼ਵ ਪ੍ਰਬੰਧ ਵਿਚ ਵਿਰਲਾਂ ਹੋਰ ਖੁੱਲ੍ਹ ਗਈਆਂ ਹਨ ਜਿਸ ਕਰਕੇ ਅਮਰੀਕਾ ਅਤੇ ਚੀਨ ਦਰਮਿਆਨ ਖਿੱਚ ਧੂਹ ਵਧ ਗਈ ਹੈ। 

ਭਾਰਤ ਦੀ ਸਥਿਤੀ
ਅਮਰੀਕਾ ਚੀਨ ਟਕਰਾਅ ਦੀ ਜੜ੍ਹ ਉਸ ਮਾਨਸਿਕਤਾ ਵਿਚ ਪਈ ਹੈ ਕਿ ਤਾਕਤਵਰ ਹੋ ਕੇ ਦੁਨੀਆ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਤੇ ਆਪਣੇ ਹਿੱਤਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰਨਾ। ਇਹ ਦੋਵੇਂ ਮੁਲਕ ਆਪਣੇ ਪ੍ਰਭਾਵ ਦੇ ਖੇਤਰ ਨੂੰ ਵਧਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਭਾਰਤ ਇਹਨਾਂ ਦੋਵਾਂ ਦੇ ਵਿਚਕਾਰ ਇਹ ਅਹਿਮ ਕੜੀ ਬਣ ਗਿਆ ਹੈ। ਅਮਰੀਕਾ ਭਾਰਤ ਨੂੰ ਆਪਣੇ ਪੱਖ ਵਿਚ ਭੁਗਤਾ ਕੇ ਚੀਨ ਸਾਹਮਣੇ ਖੇਤਰੀ ਚੁਣੌਤੀ ਖੜ੍ਹੀ ਕਰਨੀ ਚਾਹੁੰਦਾ ਹੈ। ਚੀਨ ਭਾਰਤ ਨਾਲ ਟਕਰਾਅ ਤੋਂ ਬਚਣਾ ਚਾਹੁੰਦਾ ਹੈ ਪਰ ਨਾਲ ਹੀ ਇਹ ਵੀ ਨਹੀਂ ਚਾਹੁੰਦਾ ਕਿ ਭਾਰਤ ਉਸ ਦੇ ਪ੍ਰਭਾਵ ਤੋਂ ਬਾਹਰ ਨਿੱਕਲ ਜਾਵੇ। ਕਿਉਂਕਿ ਕੋਰੋਨਾਵਾਇਰਸ ਤੋਂ ਬਾਅਦ ਹਾਲਾਤ ਕੁੱਝ ਅਜਿਹੇ ਹੋ ਗਏ ਹਨ ਜਿੱਥੇ ਭਾਰਤ ਪਹਿਲਾਂ ਤੋਂ ਚੱਲੀ ਆ ਰਹੀ ਦੋਵਾਂ ਪਾੜ੍ਹਿਆਂ 'ਚ ਖੇਡਣ ਦੀ ਨੀਤੀ ਨੂੰ ਲਗਾਤਾਰ ਨਹੀਂ ਚਲਾ ਸਕਦਾ। ਭਾਰਤ ਦੇ ਨੀਤੀਵਾਨਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਇਕ ਪਾੜਾ ਤੈਅ ਕਰਨਾ ਹੀ ਪਵੇਗਾ। ਇਹ ਫੈਂਸਲਾ ਕਰਨ ਵਿਚ ਭਾਰਤ ਦੀ ਸੱਤਾ 'ਤੇ ਮੋਜੂਦਾ ਸਮੇਂ ਬੈਠੀ ਧਿਰ ਦੀ ਮਾਨਸਿਕਤਾ ਬਹੁਤ ਅਹਿਮ ਯੋਗਦਾਨ ਪਾ ਰਹੀ ਹੈ। ਮੋਦੀ ਦੀ ਅਗਵਾਈ ਵਿਚ ਚੱਲ ਰਹੀ ਭਾਰਤ ਸਰਕਾਰ 'ਮਹਾਨ ਹਿੰਦੂ ਰਾਸ਼ਟਰ' ਬਣਾਉਣ ਦਾ ਸੁਪਨਾ ਸੰਜੋਈ ਬੈਠੀ ਹੈ। ਇਸ ਲਈ ਉਸ ਵਾਸਤੇ ਆਪਣੇ ਖਿੱਤੇ ਵਿਚ ਗੁਆਂਢੀ ਚੀਨ ਦੀ ਚੜ੍ਹਾਈ ਨੂੰ ਰੋਕਣਾ ਜ਼ਰੂਰੀ ਹੈ। ਪਰ ਭਾਰਤ ਚੀਨ ਦੀ ਫੌਜੀ ਸਮਰੱਥਾ ਸਾਹਮਣੇ ਬਹੁਤ ਕਮਜ਼ੋਰ ਹੈ, ਜਿਸ ਦਾ ਪਤਾ ਪਿਛਲੇ ਕੁੱਝ ਦਿਨਾਂ ਵਿਚ ਭਾਰਤੀ ਆਗੂਆਂ ਦੀ ਪਹੁੰਚ ਤੋਂ ਹੀ ਲੱਗ ਗਿਆ ਹੈ। 

ਚੀਨ ਵਿਰੋਧੀ ਭਾਰਤ ਦੀ ਗਠਜੋੜ ਰਣਨੀਤੀ
ਭਾਰਤ ਨੇ ਅਮਰੀਕਾ, ਅਸਟ੍ਰੇਲੀਆ ਅਤੇ ਜਪਾਨ ਨਾਲ ਮਿਲ ਕੇ ਚੀਨ ਸਾਹਮਣੇ ਇਕ ਚਹੁੰ ਦੇਸ਼ਾਂ ਦਾ ਸਮੂਹ ਖੜ੍ਹਾ ਕੀਤਾ ਹੈ। ਭਾਰਤ ਨੂੰ ਆਸ ਹੈ ਕਿ ਚੀਨ ਨਾਲ ਕਿਸੇ ਵੀ ਟਕਰਾਅ ਵਿਚ ਇਹ ਸਮੂਹ ਉਸਦੀ ਤਾਕਤ ਬਣੇਗਾ। ਪਿਛਲੇ ਦਿਨੀਂ ਭਾਰਤ ਨੇ ਅਸਟ੍ਰੇਲੀਆ ਨਾਲ ਫੌਜੀ ਟਿਕਾਣਿਆਂ ਨੂੰ ਵਰਤਣ ਦੀ ਇਕ ਅਹਿਮ ਸੰਧੀ ਵੀ ਕੀਤੀ ਹੈ। ਪਿਛਲੇ ਦਿਨਾਂ ਦੌਰਾਨ ਭਾਰਤ ਨੂੰ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਵਿਸ਼ਵ ਸਿਹਤ ਸੰਸਥਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਅਹਿਮ ਅਹੁਦੇਦਾਰੀਆਂ ਵੀ ਮਿਲੀਆਂ ਹਨ। ਇਹਨਾਂ ਸੰਸਥਾਵਾਂ ਵਿਚ ਰਹਿੰਦਿਆਂ ਭਾਰਤ ਅਮਰੀਕੀ ਨੀਤੀ ਨੂੰ ਮਜ਼ਬੂਤ ਕਰਦਾ ਨਜ਼ਰ ਆਉਂਦਾ ਹੈ। 

ਭਾਰਤ ਦੀ ਚੀਨ ਨੂੰ ਵਪਾਰਕ ਚੁਣੌਤੀ
ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਜਿੱਥੇ ਅਮਰੀਕਾ ਦੀ ਅਗਵਾਈ ਵਿਚ ਉਸਦੇ ਸਹਿਯੋਗੀਆਂ ਨੇ ਚੀਨ ਨੂੰ ਇਸ ਮਹਾਂਮਾਰੀ ਦਾ ਜ਼ਿੰਮੇਵਾਰ ਸਾਬਿਤ ਕਰਨ ਦੀ ਮੁਹਿੰਮ ਚਲਾਈ ਅਤੇ ਇਸ ਮੁਹਿੰਮ ਦੇ ਪ੍ਰਭਾਵ ਹੇਠ ਚੀਨ ਵਿਚ ਸਥਾਪਤ ਉਦਯੋਗਿਕ ਇਕਾਈਆਂ ਨੂੰ ਉੱਥੋਂ ਤਬਦੀਲ ਕਰਕੇ ਹੋਰ ਦੇਸ਼ਾਂ ਵਿਚ ਸਥਾਪਤ ਕਰਨ ਲਈ ਅਮਲ ਅਰੰਭੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨਾਂ ਕੀਤੇ ਖਾਸ ਸੰਬੋਧਨ ਤੋਂ ਸਪਸ਼ਟ ਹੋ ਰਿਹਾ ਸੀ ਕਿ ਇਸ ਉਦਯੋਗਿਕ ਤਬਦੀਲੀ ਦਾ ਇਕ ਵੱਡਾ ਹਿੱਸਾ ਭਾਰਤ ਵਿਚ ਲਿਆਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸੇ ਭਰੋਸੇ ਨੂੰ ਮੋਦੀ ਨੇ ਭਾਰਤ ਲਈ ਕੋਰੋਨਾਵਾਇਰਸ ਮਹਾਂਮਾਰੀ ਵਿਚੋਂ ਨਿੱਕਲਿਆ ਇਕ ਅਹਿਮ ਮੌਕਾ ਦੱਸਿਆ ਤੇ ਆਤਮ ਨਿਰਭਰ ਭਾਰਤ ਦਾ ਨਾਅਰਾ ਦਿੱਤਾ। ਮੋਦੀ ਦੇ ਇਸ ਭਾਸ਼ਣ ਤੋਂ ਕੁੱਝ ਘੰਟਿਆਂ ਬਾਅਦ ਹੀ ਭਾਰਤ ਚੀਨ ਸਰਹੱਦ 'ਤੇ ਫੌਜਾਂ ਦਰਮਿਆਨ ਝੜਪਾਂ ਸ਼ੁਰੂ ਹੋ ਗਈਆਂ ਸੀ। ਅਮਰੀਕਾ ਵੱਲੋਂ ਚੀਨ ਨੂੰ ਵਾਪਰਕ ਸੱਟ ਮਾਰਨ ਦੀ ਇਸ ਨੀਤੀ ਵਿਚ ਭਾਰਤ ਦਾ ਅਮਰੀਕਾ ਦੇ ਪੱਖ ਵਿਚ ਭੁਗਤਣਾ ਚੀਨ ਲਈ ਵੱਡਾ ਖਤਰਾ ਬਣ ਸਕਦਾ ਹੈ। ਚੀਨ ਹੁਣ ਆਪਣੀ ਫੌਜੀ ਤਾਕਤ ਰਾਹੀਂ ਭਾਰਤ ਨੂੰ ਅਮਰੀਕੀ ਭਾਈਵਾਲਤਾ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਵਿਚ ਚੀਨ ਕਿੰਨਾ ਕੁ ਕਾਮਯਾਬ ਹੁੰਦਾ ਹੈ ਇਹ ਆਉਂਦੇ ਦਿਨਾਂ ਵਿਚ ਸਪਸ਼ਟ ਹੋ ਸਕਦਾ ਹੈ।