ਵਿਦੇਸ਼ਾਂ ’ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ 

ਵਿਦੇਸ਼ਾਂ ’ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ 

 ਪਿਛਲੇ ਦਿਨੀਂ ਬਰਤਾਨੀਆ ਦੇ ਕੈਂਟ ਇਲਾਕੇ ’ਚ ਗ੍ਰੇਵਸੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ’ਚ ਇੱਕ ਨਾਬਾਲਗ ਵੱਲੋਂ ਉੱਥੇ ਮੌਜੂਦ ਸੰਗਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਘਟਨਾ ਨੇ ਵਿਦੇਸ਼ਾਂ ਵਿੱਚ ਸਿੱਖਾਂ ’ਤੇ ਵੱਖ- ਵੱਖ ਸਮੇਂ ਹੋ ਰਹੇ ਨਸਲੀ ਹਮਲਿਆਂ ਦਾ ਮਾਮਲਾ ਮੁੜ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ।

ਵਿਦੇਸ਼ਾਂ ਵਿੱਚ ਸਿੱਖਾਂ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਦੀ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।    9/11 ਦੇ ਅਮਰੀਕੀ ਵਿਸ਼ਵ ਵਪਾਰ ਕੇਂਦਰ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਨੂੰ ਮੁਸਲਮਾਨਾਂ ਦੇ ਭੁਲੇਖੇ ਵੱਡੀ ਪੱਧਰ ’ਤੇ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂ ਕਿ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇਹ ਹਮਲਾ ਓਸਾਮਾ ਬਿਨ ਲਾਦੇਨ ਨੇ ਕਰਵਾਇਆ ਸੀ ਪਰ ਬਹੁਤੇ ਗੋਰੇ ਲੋਕ ਹਾਲੇ ਵੀ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫ਼ਰਕ ਨੂੰ ਸਮਝ ਨਹੀਂ ਸਕੇ। ਉਹ ਪਗੜੀਧਾਰੀ ਅਤੇ ਦਾਹੜੀ ਵਾਲੇ ਸਿੱਖਾਂ ਨੂੰ ਵੀ ਮੁਸਲਮਾਨ ਸਮਝ ਲੈਂਦੇ ਹਨ।
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੇ ਵਿਦੇਸ਼ਾਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਦਰਸਾਉਣ ਲਈ ਕਾਫ਼ੀ ਉਪਰਾਲੇ ਕੀਤੇ ਹਨ ਪਰ ਅਸਲੀਅਤ ਇਹ ਵੀ ਹੈ ਕਿ ਪੰਜਾਬ ਆਧਾਰਿਤ ਸਿੱਖਾਂ ਦੀਆਂ ਸਮਰੱਥ ਸੰਸਥਾਵਾਂ ਵੀ ਸਿੱਖ ਧਰਮ ਪ੍ਰਤੀ ਵਿਦੇਸ਼ੀ ਭਾਈਚਾਰਿਆਂ ਨੂੰ ਜਾਗਰੂਕ ਨਹੀਂ ਕਰ ਸਕੀਆਂ। ਬੇਸ਼ੱਕ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਸਿੱਖਾਂ ਨੇ ਰਾਜਨੀਤੀ ਤੋਂ ਲੈ ਕੇ ਸਿਵਲ ਸੇਵਾਵਾਂ ਤੱਕ ਅਹਿਮ ਰੁਤਬੇ ਹਾਸਲ ਕੀਤੇ ਹਨ ਪਰ ਸਿੱਖ ਅਜੇ ਤੱਕ ਗੋਰਿਆਂ ਨੂੰ ਸਿੱਖ ਧਰਮ ਦੀ ਵੱਖਰੀ ਹੋਂਦ ਅਤੇ ਵਿਲੱਖਣ ਸਿਧਾਂਤਾਂ ਤੋਂ ਜਾਣੂ ਨਹੀਂ ਕਰਵਾ ਸਕੇ। ਭਾਵੇਂ ਕਿ ਅਮਰੀਕਾ ਵਿੱਚ ਭਾਰਤ ਤੋਂ ਬਾਅਦ ਸਿੱਖਾਂ ਦੀ ਆਬਾਦੀ ਤੀਜੇ ਨੰਬਰ ’ਤੇ (ਪੰਜ ਲੱਖ) ਹੈ ਪਰ ਅਮਰੀਕਾ ਦੀ ‘ਸਿੱਖ ਅਮਰੀਕਨ ਲੀਗਲ ਡਿਫ਼ੈਂਸ ਐਂਡ ਐਜੂਕੇਸ਼ਨ’  ਸੰਸਥਾ ਅਤੇ ‘ਸਟੈਨਫੋਰਡ ਯੂਨੀਵਰਸਿਟੀ’ ਵਲੋਂ ਸਾਂਝੇ ਤੌਰ ’ਤੇ ‘ਟਰਬਨ ਮਾਈਥਸ’ ਨਾਂਅ ਦੇ ਕੀਤੇ ਗਏ ਅਧਿਐਨ ਵਿੱਚ ਇਹ ਗੱਲ ਉਭਰ ਕੇ ਆਈ ਸੀ ਕਿ ਬਹੁਤੇ ਅਮਰੀਕੀ ਲੋਕ ਸਿੱਖਾਂ ਨੂੰ ਅਲਕਾਇਦਾ ਦੇ ਮਾਰੇ ਗਏ ਮੁਖੀ ਓਸਾਮਾ ਬਿਨ ਲਾਦੇਨ ਨਾਲ ਜੋੜ ਕੇ ਦੇਖਦੇ ਹਨ। 49 ਫ਼ੀਸਦੀ ਅਮਰੀਕੀ ਲੋਕ ਸਿੱਖਾਂ ਨੂੰ ਮੁਸਲਮਾਨ ਧਰਮ ਦਾ ਹਿੱਸਾ ਸਮਝਦੇ ਹਨ ਜਦੋਂਕਿ 70 ਫ਼ੀਸਦੀ ਗੋਰੇ ਕਿਸੇ ਸਿੱਖ ਦੀ ਸਹੀ ਪਛਾਣ ਨਹੀਂ ਕਰ ਸਕਦੇ। ਜਦੋਂ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਸਨ ਤਾਂ ਉਹਨਾਂ ਨੇ ਵੀ ਮੰਨਿਆ ਸੀ ਕਿ ਸਿੱਖਾਂ ’ਤੇ ਭੁਲੇਖੇ ਵਿੱਚ ਹੀ ਕਈ ਵਾਰ ਹਮਲੇ ਹੋ ਜਾਂਦੇ ਹਨ। 
ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਦੁਨੀਆਂ ਵਿੱਚ ਕਿਤੇ ਵੀ ਆਈ ਮੁਸੀਬਤ ਸਮੇਂ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਮੋਹਰੀ ਭੂਮਿਕਾ ਨਿਭਾਉਂਦੀ ਹੈ। ਹਰ ਦਿਨ ਸਿੱਖ ਆਪਣੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਨ। ਸਿੱਖ ਹਰ ਧਰਮ ਦਾ ਸਤਿਕਾਰ ਕਰਦੇ ਹਨ। ਵਿਦੇਸ਼ ਦੀ ਧਰਤੀ ’ਤੇ ਵੱਸਦਿਆਂ ਸਿੱਖ ਭਾਈਚਾਰੇ ਨੇ ਉਥੋਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਵੱਖ- ਵੱਖ ਮੁਲਕਾਂ ਵਿੱਚ ਵਸੇ ਹੋਏ ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਉਹਨਾਂ ਮੁਲਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ ਅਤੇ ਅਨੇਕਾਂ ਮੁਲਕਾਂ ਵਿੱਚ ਸਿੱਖ ਚੰਗੇ ਅਹੁਦਿਆਂ ’ਤੇ ਬੈਠੇ ਹਨ। ਇਸ ਸਭ ਦੇ ਬਾਵਜੂਦ ਸਿੱਖਾਂ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਹੋ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। 
ਭਾਰਤ ਦੇ ਵੱਖ- ਵੱਖ ਇਲਾਕਿਆਂ ਵਿੱਚ ਵੀ ਅਕਸਰ ਸਿੱਖਾਂ ’ਤੇ ਹਮਲੇ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੰਗਣਾ ਥੱਪੜ ਕਾਂਡ ਤੋਂ ਬਾਅਦ ਸਿੱਖਾਂ ਨੂੰ ਜਾਣ ਬੁੱਝ ਕੇ ਭਾਰਤ ਦੇ ਵੱਖ- ਵੱਖ ਇਲਾਕਿਆਂ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਨੇਕਾਂ ਥਾਂਵਾਂ ’ਤੇ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਜੇ ਬੇਅਦਬੀ ਦੇ ਦੋਸ਼ੀਆਂ ਨੂੰ  ਸੰਗਤ ਫੜ ਕੇ ਪੁਲਿਸ ਹਵਾਲੇ ਕਰ ਦਿੰਦੀ ਹੈ ਤਾਂ ਪੁਲਿਸ ਇਹਨਾਂ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਆਪਣਾ ਪੱਲਾ ਝਾੜ ਲੈਂਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਇਹ ਦੋਸ਼ੀ ਸੱਚਮੁੱਚ ਮਾਨਸਿਕ ਰੋਗੀ ਹਨ ਤਾਂ ਇਹ ਸਿਰਫ਼ ਗੁਰਧਾਮਾਂ ਵਿੱਚ ਜਾ ਕੇ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਕਿਉਂ ਅੰਜਾਮ ਦਿੰਦੇ ਹਨ। ਅਜਿਹੇ ਮਾਨਸਿਕ ਰੋਗੀ ਆਪਣੇ ਘਰ ਵਿੱਚ ਜਾਂ ਆਪਣੇ ਪਰਿਵਾਰ ਦਾ ਕੋਈ ਨੁਕਸਾਨ ਕਿਉਂ ਨਹੀਂ ਕਰਦੇ?  
 ਅਸਲ ਵਿੱਚ ਸਿੱਖਾਂ ਖ਼ਿਲਾਫ਼ ਦੇਸ਼ ਵਿਦੇਸ਼ ਵਿੱਚ ਅਜਿਹੀਆਂ ਘਟਨਾਵਾਂ ਤਾਂ ਵੀ ਵਾਪਰ ਰਹੀਆਂ ਹਨ ਕਿਉਂਕਿ ਵਿਦੇਸ਼ਾਂ ਵਿੱਚ ਅੱਜ ਵੀ ਗੋਰੇ ਲੋਕ ਸਿੱਖਾਂ ਨੂੰ ਮੁਸਲਮਾਨ ਸਮਝ ਲੈਂਦੇ ਹਨ। ਸਿੱਖਾਂ ਦੀ ਵੱਖਰੀ ਪਹਿਚਾਣ ਦਰਸਾਉਣ ਸਬੰਧੀ ਵਿਦੇਸ਼ਾਂ ਵਿੱਚ ਸਹੀ ਤਰੀਕੇ ਨਾਲ ਪ੍ਰਚਾਰ ਕਰਨ ਵਿੱਚ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਮਯਾਬ ਹੋਈ ਹੈ ਅਤੇ ਨਾ ਹੀ ਸਿੱਖਾਂ ਦੀ ਕੋਈ ਹੋਰ ਧਾਰਮਿਕ ਸੰਸਥਾ ਇਹ ਕੰਮ ਕਰ ਸਕੀ ਹੈ। ਜਿਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ। ਵਿਦੇਸ਼ਾਂ ਵਿੱਚ ਉਂਝ ਵੀ ਤੱਤ ਦੀ ਥਾਂ ਪਦਾਰਥ ਨੂੰ ਮੁੱਖ ਰੱਖਿਆ ਜਾਂਦਾ ਹੈ, ਇਸੇ ਕਾਰਨ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਆਪੋ ਧਾਪੀ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਕਾਰਨ ਮਨੁੱਖ ਵਿੱਚ ਸਹਿਣਸ਼ੀਲਤਾ ਦੀ ਘਾਟ ਹੁੰਦੀ ਜਾ ਰਹੀ ਹੈ ਤੇ ਉਹ ਤਨਾਓ ਦਾ ਸ਼ਿਕਾਰ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਅਜਿਹੇ ਸਿਰਫਿਰੇ ਇਨਸਾਨ ਅਸਲ ਵਿੱਚ ਪੂਰੇ ਸਮਾਜ ਲਈ ਹੀ ਖਤਰਾ ਹੁੰਦੇ ਹਨ।
ਚਾਹੀਦਾ ਤਾਂ ਇਹ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣ ਅਤੇ ਗੋਰੇ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਵੀ ਉਪਰਾਲੇ ਕੀਤੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਸਿੱਖ ਧਰਮ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਤਾਂ ਕਿ ਵਿਦੇਸ਼ੀ ਲੋਕਾਂ ਨੂੰ ਵੀ ਸਿੱਖਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹੋ ਸਕੇ। ਇਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਵੀ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਸਿੱਖਾਂ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਕਰਨੀ ਉਥੋਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਸਿੱਖਾਂ ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

 

ਸੰਪਾਦਕੀ