ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਣ ਵਿਚ ਨਿਸਫਲ ਰਹੀ ਪੰਜਾਬ ਸਰਕਾਰ
*ਨਸ਼ਿਆਂ, ਬੇਰੁਜ਼ਗਾਰੀ, ਗੈਂਗਸਟਰਾਂ ਕਾਰਣ ਪ੍ਰਵਾਸ ਵਿਚ ਹੋਇਆ ਵਾਧਾ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਹਰ ਵਰਗ ਨੂੰ ਵੱਡੇ-ਵੱਡੇ ਸੁਫ਼ਨੇ ਦਿਖਾਏ ਗਏ ਸਨ, ਪਰ ਸਭ ਤੋਂ ਵੱਧ ਸੁਫ਼ਨੇ ਨੌਜਵਾਨ ਵਰਗ ਨੂੰ ਦਿਖਾਏ ਗਏ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਕੰਮ ਕਰਨ ਲਈ ਵਿਦੇਸ਼ ਨਹੀਂ ਜਾਣਾ ਪਵੇਗਾ ਸਗੋਂ ਪੰਜਾਬ ਵਿਚ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇਗਾ ਕਿ ਪੰਜਾਬ ਵਿਚ ਦੂਜੇ ਦੇਸ਼ਾਂ ਤੋਂ ਲੋਕ ਕੰਮ ਕਰਨ ਲਈ ਆਉਣਗੇ । 'ਆਪ' ਸਰਕਾਰ ਦੇ ਕਾਰਜਕਾਲ ਨੂੰ ਢਾਈ ਸਾਲ ਦੇ ਲਗਪਗ ਸਮਾਂ ਹੋ ਗਿਆ ਹੈ ਤੇ ਅਜੇ ਤੱਕ ਵਿਦੇਸ਼ਾਂ ਤੋਂ ਲੋਕ ਪੰਜਾਬ ਵਿਚ ਕੰਮ ਕਰਨ ਲਈ ਤਾਂ ਨਹੀਂ ਆਏ ਸਗੋਂ 'ਆਪ' ਸਰਕਾਰ ਦੇ ਇਸ ਕਾਰਜਕਾਲ ਵਿਚ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਕਿ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋ ਰਿਹਾ ਹੈ ਜਿਸ ਨੇ ਪੰਜਾਬ ਪ੍ਰੇਮੀਆਂ ਲਈ ਹੋਰ ਵੀ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਤੇ ਬੁੱਧੀਜੀਵੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਵਲੋਂ ਕਰਵਾਏ ਜਾਂਦੇ ਪ੍ਰੋਗਰਾਮ ਵਿਚ ਵੱਧ ਰਹੇ ਪ੍ਰਵਾਸ 'ਤੇ ਲਗਾਤਾਰ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ।
ਸਾਲ 2023 ਵਿਚ ਹੀ ਪੰਜਾਬ ਵਿਚ 12 ਲੱਖ ਦੇ ਕਰੀਬ ਪਾਸਪੋਰਟ ਬਣ ਚੁਕੇ ਹਨ ਜਦਕਿ ਇਸ ਤੋਂ ਬਾਅਦ ਵੀ ਪਾਸਪੋਰਟ ਬਣਨ ਦੀ ਗਿਣਤੀ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਰਹੀ ਹੈ ਤੇ ਹਰਿਆਣਾ ਵਿਚ ਪੰਜਾਬ ਦੇ ਮੁਕਾਬਲੇ ਅੱਧੀ ਗਿਣਤੀ ਵਿਚ ਹੀ ਪਾਸਪੋਰਟ ਬਣ ਰਹੇ ਹਨ ਤੇ ਚੇਤੇ ਰਹੇ ਕਿ ਹਰਿਆਣਾ ਤਰੱਕੀ ਵਜੋਂ ਪੰਜਾਬ ਤੋਂ ਕਿਧਰੇ ਜ਼ਿਆਦਾ ਅੱਗੇ ਨਿਕਲ ਗਿਆ ਹੈ ।ਨੌਜਵਾਨ ਪੀੜੀ ਤੋਂ ਹੁਣ ਪੰਜਾਬ ਦੇ ਪਿੰਡ ਸੱਖਣੇ ਨਜ਼ਰ ਆ ਰਹੇ ਹਨ। ਉਂਝ ਵੀ ਪਿੰਡਾਂ ਵਿੱਚ ਜੇ ਅਸੀਂ ਨਜ਼ਰ ਮਾਰੀਏ ਤਾਂ ਵੱਡੀਆਂ-ਵੱਡੀਆਂ ਕੋਠੀਆਂ ਖਾਲੀ ਪਈਆਂ ਹਨ ਅਤੇ ਉਨ੍ਹਾਂ ਦੇ ਮਾਲਕ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਕਈ ਹਾਲਾਤਾਂ ਵਿੱਚ ਤਾਂ ਕੇਵਲ ਬਜ਼ੁਰਗ ਲੋਕ ਹੀ ਪਿੰਡਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦਾ ਬੁਢਾਪਾ ਕੁੱਝ ਦਰਦ ਮਈ ਬਣ ਜਾਂਦਾ ਹੈ। ਬੱਚਿਆਂ ਤੋਂ ਬਿਨਾਂ ਮਾਪਿਆਂ ਦਾ ਇਕੱਲੇ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ। ਮੋਹ ਅਤੇ ਸਨੇਹ ਦੀਆਂ ਤੰਦਾਂ ਵੀ ਟੁੱਟਦੀਆਂ ਨਜ਼ਰ ਆਉਂਦੀਆਂ ਹਨ।
ਪਾਸਪੋਰਟ ਦਫ਼ਤਰਾਂ ਤੇ ਸੇਵਾ ਕੇਂਦਰ ਵਿਚ ਪਾਸਪੋਰਟ ਅਪਲਾਈ ਕਰਨ ਵਾਲਿਆਂ ਦੀ ਜ਼ਿਆਦਾ ਗਿਣਤੀ ਨੌਜਵਾਨ ਵਰਗ ਦੀ ਹੈ ਜਿਸ ਦਾ ਵਿਦੇਸ਼ ਜਾ ਕੇ ਕੰਮ ਕਰਨ ਦਾ ਰੁਝਾਨ ਨਹੀਂ ਘਟਿਆ ਹੈ । ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਲਗਾਤਾਰ ਵੱਧ ਰਹੀ ਮਜਬੂਰੀ ਕਈ ਕਾਰਨਾਂ ਕਰਕੇ ਹੈ ।ਲੋਕਾਂ ਦਾ ਵਿਦੇਸ਼ ਜਾ ਕੰਮ ਕਰਨ ਦਾ ਰੁਝਾਨ ਤਾਂ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਵੀ ਚੱਲਦਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰ ਬਣਨ 'ਤੇ ਨਸ਼ਾ ਕੁੱਝ ਹਫ਼ਤਿਆਂ ਵਿਚ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਨਸ਼ੇ ਤਾਂ ਖ਼ਤਮ ਨਹੀਂ ਹੋਏ ਪਰ ਅਜੇ ਵੀ ਪੰਜਾਬ ਦੇ ਅਨੇਕਾਂ ਨੌਜਵਾਨਾਂ ਵਲੋਂ ਨਸ਼ਿਆਂ ਕਰਕੇ ਆਪਣੀਆਂ ਜਾਨਾਂ ਗੁਆਉਣ ਦੇ ਮਾਮਲੇ ਸੁਰਖ਼ੀਆਂ ਬਣ ਰਹੇ ਹਨ ।
ਢਾਈ ਸਾਲ ਵਿਚ ਪੰਜਾਬ ਵਿਚ ਗੈਂਗਸਟਰਵਾਦ ਲਗਾਤਾਰ ਵਧ ਰਿਹਾ ਹੈ | ਮਾਪੇ ਲਗਾਤਾਰ ਵਧ ਰਹੇ ਨਸ਼ਿਆਂ, ਗੈਂਗਸਟਰ ਵਾਦ ਭਾਰੂ ਹੋਣ ਅਤੇ ਪੰਜਾਬ ਵਿਚ ਨੌਕਰੀਆਂ ਨਾ ਹੋਣ ਕਰਨ ਕੇ ਹੀ ਅਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭਿਜਵਾਉਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ ।ਨੌਜਵਾਨ ਵਰਗ ਤਾਂ ਵੱਡੀ ਗਿਣਤੀ ਵਿਚ ਨਾ ਸਿਰਫ਼ ਵਿਦੇਸ਼ ਜਾ ਰਿਹਾ ਹੈ ਸਗੋਂ ਉਸ ਦੇ ਨਾਲ ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਾਲਾ ਅਰਬਾਂ ਰੁਪਏ ਵੀ ਉਸ ਦੇ ਨਾਲ ਵਿਦੇਸ਼ ਜਾ ਰਹੇ ਹਨ ।ਪੰਜਾਬ ਵਿਚ ਕੰਮਕਾਜ, ਨੌਕਰੀਆਂ ਨਾ ਹੋਣ ਕਰੇ ਬੇਰੁਜ਼ਗਾਰ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ ਜਾ ਰਹੇ ਹਨ ਸਗੋਂ ਕਈ ਚੰਗੇ ਕਾਰੋਬਾਰੀ ਜਾਂ ਫ਼ੈਕਟਰੀਆਂ ਚਲਾਉਣ ਵਾਲੇ ਲੋਕ ਵੀ ਪਰਿਵਾਰ ਸਮੇਤ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ ਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ 'ਆਪ' ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਨੂੰ ਉਹ ਅਣਸੁਰੱਖਿਅਤ ਸਮਝ ਰਹੇ ਹਨ ।
ਗੈਂਗਸਟਰਾਂ ਕਾਰਣ ਕਾਰੋਬਾਰੀਆਂ ਨੇ ਵਿਦੇਸ਼ਾਂ ਵਲ ਪ੍ਰਵਾਸ ਕੀਤਾ
ਮੌਜੂਦਾ ਮਾਹੌਲ ਵਿਚ ਕਾਰੋਬਾਰੀਆਂ ਨੂੰ ਫਿਰੌਤੀਆਂ ਮੰਗਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ ਜਿਸ ਨੇ ਕਾਰੋਬਾਰੀਆਂ ਦੇ ਪ੍ਰਵਾਸ ਵਿਚ ਵਾਧਾ ਕੀਤਾ ਹੈ | ਇੰਡਸਟਰੀਅਲ ਐਂਡ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦਾ ਕਹਿਣਾ ਸੀ ਕਿ ਕਈ ਕੰਮਕਾਜ ਲਈ ਹੁਣ ਮਾਹੌਲ ਸੁਰੱਖਿਅਤ ਨਾ ਹੋਣ ਕਰਕੇ ਕਾਰੋਬਾਰੀ ਪਰਿਵਾਰ ਸਮੇਤ ਵਿਦੇਸ਼ਾਂ ਵਿਚ ਉਡਾਰੀ ਮਾਰ ਗਏ ਹਨ ਤੇ ਜੇਕਰ ਮਾਹੌਲ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਹੋਰ ਵੀ ਕਾਰੋਬਾਰੀ ਉਡਾਰੀ ਮਾਰ ਸਕਦੇ ਹਨ ।
ਸਿਹਤ ਸਹੂਲਤਾਂ ਦੇਣ ਤੋਂ ਸਰਕਾਰਾਂ ਅਸਮਰੱਥ ਰਹੀਆਂ ਹਨ। ਸਰਕਾਰੀ ਹਸਪਤਾਲਾਂ ਦਾ ਪ੍ਰਬੰਧ ਸੰਤੁਸ਼ਟੀ ਵਾਲਾ ਨਹੀਂ। ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਹੈ। ਪ੍ਰਾਈਵੇਟ ਇਲਾਜ ਬਹੁਤ ਮਹਿੰਗਾ ਹੈ। ਜਿੱਥੇ ਬੀਤੇ ਸਮਿਆਂ ਦੌਰਾਨ ਰਵਾਇਤੀ ਸੱਤਾਧਾਰੀ ਪਾਰਟੀਆਂ ਨੇ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ, ਉਥੇ ਕੌਮੀ ਸਰਕਾਰਾਂ ਦੀ ਨਿੱਜੀਕਰਨ ਦੀ ਨੀਤੀ ਨੇ ਵੀ ਲੋਕਾਂ ਦਾ ਘਾਣ ਕੀਤਾ ਤੇ ਬੇਰੁਜ਼ਗਾਰੀ ਵਿਚ ਵਾਧਾ ਕੀਤਾ।
ਇਹੀ ਉਹ ਕਾਰਨ ਹਨ ਜਿਨ੍ਹਾਂ ਕਰ ਕੇ ਨੌਜਵਾਨ ਵਿਦੇਸ਼ ਜਾ ਰਿਹਾ ਹੈ। ਅੱਜ ਦਾ ਨੌਜਵਾਨ ਚਾਹੁੰਦਾ ਹੈ ਕਿ ਉਸ ਨੂੰ ਲਾਲ ਪੀਲੇ ਕਾਰਡਾਂ, ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ ਸਮੇਤ ਹੋਰ ਸਬਸਿਡੀਆਂ ਦੀ ਜਗ੍ਹਾ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ ਅਤੇ ਇਕਸਾਰ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤਾਂ ਜੋ ਉਹ ਸਨਮਾਨ ਭਰੀ ਜ਼ਿੰਦਗੀ ਜੀਅ ਸਕੇ।
Comments (0)