ਬੱਚਿਆਂ ਨੂੰ ਧਰਮ ਅਤੇ ਮਾਤ ਭਾਸ਼ਾ ਦੀ ਸਿੱਖਿਆ ਦੇਣੀ ਜ਼ਰੂਰੀ 

ਬੱਚਿਆਂ ਨੂੰ ਧਰਮ ਅਤੇ ਮਾਤ ਭਾਸ਼ਾ ਦੀ ਸਿੱਖਿਆ ਦੇਣੀ ਜ਼ਰੂਰੀ 

ਹਰ ਬੱਚੇ ਦਾ ਮਨ ਕੋਰੀ ਸਲੇਟ ਹੁੰਦਾ ਹੈ, ਇਸ ਬਾਲ ਮਨ ’ਤੇ ਬਚਪਣ ਵਿੱਚ ਹੀ ਜਿਹੜੀ ਇਬਾਰਤ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਲਿਖ ਦਿੱਤੀ ਜਾਂਦੀ ਹੈ, ਉਸ ਦਾ ਅਸਰ ਬੱਚੇ ਉੱਪਰ ਸਾਰੀ ਉਮਰ ਰਹਿੰਦਾ ਹੈ।

ਇਸੇ ਲਈ ਵਿਕਸਤ ਮੁਲਕਾਂ ਵਿੱਚ ਬੱਚਿਆਂ ਦੇ ਬਚਪਣ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਦੂਜੇ ਪਾਸੇ ਵੱਡੀ ਗਿਣਤੀ ਪਰਿਵਾਰ ਆਪਣੇ ਬੱਚਿਆਂ ਦੇ ਬਚਪਣ ਵੱਲ ਸਹੀ ਤਰੀਕਿਆਂ ਨਾਲ ਧਿਆਨ ਦੇਣ ਵਿੱਚ ਅਵੇਸਲੇ ਰਹਿੰਦੇ ਹਨ। ਵੱਡੀ ਗਿਣਤੀ ਪੰਜਾਬੀ ਆਪਣੇ ਬੱਚਿਆਂ ਨੂੰ ਕੌਨਵੈਂਟ ਅਤੇ ਇੰਗਲਿਸ਼ ਮੀਡੀਅਮ ਵਾਲੇ ਸਕੂਲਾਂ ਵਿੱਚ ਪੜਾਉਣਾ ਆਪਣੀ ਸ਼ਾਨ ਅਤੇ ਸਟੇਟਸ ਸਿੰਬਲ ਸਮਝਦੇ ਹਨ। ਇੰਗਲਿਸ਼ ਸਕੂਲਾਂ ਵਿੱਚ ਪੜ੍ਹਨ ਵਾਲੇ ਪੰਜਾਬੀਆਂ ਦੇ ਬੱਚੇ ਇੰਗਲਿਸ਼ ਤਾਂ ਸਿੱਖ ਜਾਂਦੇ ਹਨ ਪਰ ਆਪਣੀ ਮਾਂ ਬੋਲੀ ਪੰਜਾਬੀ ਤੋਂ ਅਕਸਰ ਕੋਰੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਇੰਗਲਿਸ਼ ਸਕੂਲਾਂ ਵਿੱਚ ਪੜ੍ਹਦੇ ਪੰਜਾਬੀਆਂ ਦੇ ਬੱਚਿਆਂ  ਨੂੰ ਅੰਗਰੇਜਾਂ ਦੇ ਧਾਰਮਿਕ ਤਿਉਹਾਰਾਂ ਦੀ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਇਹ ਤਿਉਹਾਰ ਇੰਗਲਿਸ਼ ਸਕੂਲਾਂ ਵਿੱਚ ਮਨਾਏ ਵੀ ਜਾਂਦੇ ਹਨ ਪਰ ਪੰਜਾਬੀਆਂ ਦੇ ਇਹਨਾਂ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਅਤੇ ਵਡਮੁੱਲੇ ਧਾਰਮਿਕ ਸਰਮਾਏ ਦੀ ਜਾਣਕਾਰੀ ਨਾਂਹ ਦੇ ਬਰਾਬਰ ਹੁੰਦੀ ਹੈ। ਹਰ ਸਾਲ ਦਸੰਬਰ ਮਹੀਨੇ ਦੇ ਅਖੀਰਲੇ ਦਿਨਾਂ ਦੌਰਾਨ ਵੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਵਿੱਚ ਇੱਕ ਪਾਸੇ ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਹਨ, ਦੂਜੇ ਪਾਸੇ ਇੰਗਲਿਸ਼ ਸਕੂਲਾਂ ਵਿੱਚ ਕ੍ਰਿਸਮਿਸ ਦੇ ਜਸ਼ਨ ਮਨਾਏ ਜਾਂਦੇ ਹਨ।

ਇੰਗਲਿਸ਼ ਸਕੂਲਾਂ ਵਿੱਚ ਪੜ੍ਹਦੇ ਪੰਜਾਬੀਆਂ ਦੇ ਬੱਚਿਆਂ ਨੂੰ ਕ੍ਰਿਸਮਿਸ ਦੀ ਪੂਰੀ ਜਾਣਕਾਰੀ ਹੁੰਦੀ ਹੈ ਪਰ ਸ਼ਹੀਦੀ ਜੋੜ ਮੇਲਿਆਂ ਬਾਰੇ ਉਹਨਾਂ ਨੂੰ ਜਾਣਕਾਰੀ ਨਾਂਹ ਦੇ ਬਰਾਬਰ ਹੁੰਦੀ ਹੈ। ਇਸੇ ਕਾਰਨ ਅਨੇਕਾਂ ਪੰਜਾਬੀਆਂ ਦੇ ਬੱਚੇ ਆਪਣੇ ਮਹਾਨ ਵਿਰਸੇ ਤੋਂ ਕੋਰੇ ਰਹਿ ਜਾਂਦੇ ਹਨ।
ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਤੇ ਨਾ ਹੀ ਅਸੀਂ ਕਿਸੇ ਧਰਮ ਦੇ ਵਿਰੁੱਧ ਹਾਂ। ਅਸੀਂ ਤਾਂ ਸਿਰਫ਼ ਏਨਾ ਕੁ ਚਾਹੁੰਦੇ ਹਾਂ ਕਿ ਹਰ ਧਰਮ ਦਾ ਬੱਚਾ ਆਪਣੇ ਧਰਮ ਦੇ ਵਿੱਚ ਪਰਿਪੱਕ ਹੋਵੇ ਅਤੇ ਹਰ ਧਰਮ ਦੇ ਬੱਚੇ ਨੂੰ ਉਸ ਦੇ ਧਰਮ ਦੀ ਸਹੀ ਸਿੱਖਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਇੰਗਲਿਸ਼ ਸਿਖਾਉਣ ਦੇ ਨਾਲ ਬੱਚਿਆਂ ਨੂੰ ਮਾਂ ਬੋਲੀ ਦੀ ਵੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਵਿਦਵਾਨ ਕਹਿੰਦੇ ਹਨ ਕਿ ਬੱਚਾ ਆਪਣੀ ਮਾਂ ਬੋਲੀ ਵਿੱਚ ਸਿੱਖਿਆ ਜਲਦੀ ਗ੍ਰਹਿਣ ਕਰਦਾ ਹੈ। ਇੰਗਲਿਸ਼ ਸਕੂਲਾਂ ਵਿੱਚ ਪੜ੍ਹਦੇ ਵੱਡੀ ਗਿਣਤੀ ਪੰਜਾਬੀ ਬੱਚੇ ਅਜਿਹੇ ਹਨ ਜੋ ਕਿ ਸੋਚਦੇ ਤਾਂ ਪੰਜਾਬੀ ਵਿੱਚ ਹਨ ਪਰ ਬੋਲਦੇ ਇੰਗਲਿਸ਼ ਹਨ। ਬੱਚਿਆਂ ਨੂੰ ਵੱਖ^ ਵੱਖ ਭਾਸ਼ਾਵਾਂ ਦਾ ਗਿਆਨ ਦੇਣਾ ਬਹੁਤ ਜ਼ਰੂਰੀ ਹੈ ਅਤੇ ਦੂਜੇ ਧਰਮਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦੇਣ ਨਾਲ ਉਹਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਬੱਚਿਆਂ ਵਿੱਚ ਆਪਸੀ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ।  


 ਬੱਚਾ ਜਿਸ ਪਰਿਵਾਰ ਵਿੱਚ ਜਨਮ ਲੈਂਦਾ ਹੈ, ਉਸ ਪਰਿਵਾਰ ਦੇ ਧਰਮ ਅਤੇ ਮਾਂ ਬੋਲੀ ਦਾ ਗਿਆਨ ਬੱਚੇ  ਨੂੰ ਉਸ ਦੇ ਬਚਪਣ ਵਿੱਚ ਹੀ ਸਹੀ ਤਰੀਕੇ ਨਾਲ ਦੇਣਾ ਚਾਹੀਦਾ ਹੈ। ਇਸ ਮੌਕੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਕੱਟੜਪੰਥੀ ਵਿਚਾਰਾਂ ਦਾ ਧਾਰਨੀ ਨਾ ਬਣ ਜਾਵੇ। ਹਰ ਬੱਚੇ ਵਿੱਚ ਸਹਿਣਸ਼ੀਲਤਾ ਹੋਣੀ ਜ਼ਰੂਰੀ ਹੈ। ਬੱਚਿਆਂ ਨੂੰ ਵੀਡੀਓ ਮੋਬਾਇਲ ਗੇਮਾਂ ਅਤੇ ਮਾੜੀ ਸੰਗਤ ਤੋਂ ਬਚਾਉਣ ਲਈ ਚੰਗਾ ਰਾਹ ਇਹ ਹੀ ਹੈ ਕਿ ਉਹਨਾਂ ਨੂੰ ਧਰਮ ਅਤੇ ਮਾਂ ਬੋਲੀ ਦੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹ ਕੁਰਾਹੇ ਨਾ ਪੈ ਸਕਣ। ਇਸ ਲਈ ਬੱਚਿਆਂ ਨੂੰ ਹਫਤੇ ਵਿੱਚ ਇੱਕ ਦਿਨ ਜਾਂ ਛੁੱਟੀ ਵਾਲੇ ਦਿਨ ਕਿਸੇ ਧਾਰਮਿਕ ਸਥਾਨ ’ਤੇ ਜ਼ਰੂਰ ਲਿਜਾਉਣਾ ਚਾਹੀਦਾ ਹੈ। 
ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਤੋਂ ਪਹਿਲਾਂ ਸਬੰਧਿਤ ਸਕੂਲ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਅਤੇ ਚੰਗੇ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ ਅਤੇ ਉਸ  ਨੂੰ ਸਕੁੂਲ ਦੀ ਪੜ੍ਹਾਈ ਦੇ ਨਾਲ ਨਾਲ ਧਰਮ ਅਤੇ ਮਾਂ ਬੋਲੀ ਦੀ ਸਿੱਖਿਆ ਦੇਣ ਲਈ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਉਸ ਦੇ ਗਿਆਨ ਵਿੱਚ ਵਾਧਾ ਹੋ ਸਕੇ। ਇੱਕ ਚੰਗੀ ਕਿਤਾਬ ਕਈ ਵਾਰ ਬੱਚਿਆਂ ਦਾ ਜੀਵਨ ਬਦਲ ਦਿੰਦੀ ਹੈ। ਬੱਚਿਆਂ ਨੂੰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਅਤੇ ਕੁਰਬਾਨੀਆਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ।  ਜਦੋਂ ਅਸੀਂ ਵਿਕਸਤ ਦੇਸ਼ਾਂ ਦੇ ਬੱਚਿਆਂ ਵੱਲ ਵੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਵਿਕਸਤ ਦੇਸ਼ਾਂ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਉਹਨਾਂ ਮੁਲਕਾਂ ਵਿੱਚ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿੱਖਿਆ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਅੰਤਰਰਾਸ਼ਟਰੀ ਪੱਧਰ ’ਤੇ ਚੰਗੇ ਨਤੀਜੇ ਪਾ੍ਰਪਤ ਕਰਨ। ਜਦੋਂ ਅਸੀਂ ਭਾਰਤ ਵਿੱਚ ਜਾਂ ਪੰਜਾਬ ਵਿੱਚ ਬੱਚਿਆਂ ਦੀ ਸਥਿਤੀ ਵੇਖਦੇ ਹਾਂ ਤਾਂ ਸਾਨੂੰ ਦੁੱਖ ਹੁੰਦਾ ਹੈ ਕਿ ਅਸੀਂ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਵਿੱਚ ਕਾਮਯਾਬ ਨਹੀਂ ਹੋਏ। ਇਹ ਠੀਕ ਹੈ ਕਿ ਵੱਡੀ ਗਿਣਤੀ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਚੰਗੇਰੀ ਸਿੱਖਿਆ ਪ੍ਰਾਪਤ ਕਰਨ। ਇਸ ਲਈ ਉਹ ਆਪਣੇ ਬੱਚਿਆਂ ਨੂੰ ਮਹਿੰਗੇ ਅਤੇ ਵੱਡੇ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਹਨ। ਉਹਨਾਂ ਸਕੂਲਾਂ ਵਿੱਚ ਚੰਗੀ ਸਿੱਖਿਆ ਦੇਣ ਦੇ ਬਹਾਨੇ ਬੱਚਿਆਂ ਨੂੰ ਪੁੂਰੀ ਤਰ੍ਹਾਂ ਅੰਗ੍ਰੇਜੀ ਸੱਭਿਆਚਾਰ ਵਿੱਚ ਢਾਲਣ ਦੇ ਯਤਨ ਕੀਤੇ ਜਾਂਦੇ ਹਨ, ਜਿਸ ਕਾਰਨ ਬੱਚੇ ਪੰਜਾਬੀ ਸੱਭਿਆਚਾਰ ਅਤੇ ਮਾਤ ਭਾਸ਼ਾ ਤੋਂ ਕੋਰੇ ਰਹਿ ਜਾਂਦੇ ਹਨ। ਇਹ ਸਹੀ ਹੈ ਕਿ ਪੰਜਾਬ ਵਿੱਚ ਵੀ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦੇਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਹਰ ਪੱਖੋਂ ਵਿਦਵਾਨ ਬਣਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ਪਰ ਇਸ ਲਈ ਬੱਚਿਆਂ ਨੂੰ ਧਰਮ ਅਤੇ ਮਾਤ ਭਾਸ਼ਾ ਤੋਂ ਦੂਰ ਨਹੀਂ ਕਰਨਾ ਚਾਹੀਦਾ ਸਗੋਂ ਧਰਮ ਅਤੇ ਮਾਤ ਭਾਸ਼ਾ ਨਾਲ ਜੋੜ ਕੇ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਬੱਚੇ ਆਪਣੇ ਧਰਮ ਤੇ ਮਾਤ ਭਾਸ਼ਾ ਤੋਂ ਦੂਰ ਨਾ ਹੋ ਸਕਣ। ਬੱਚੇ ਹਰ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। 
ਬੱਚਿਆਂ ਵੱਲ ਜੇ ਬਚਪਣ ਵਿੱਚ ਹੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਉਹ ਚੰਗੇ ਇਨਸਾਨ ਬਣ ਜਾਂਦੇ ਹਨ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅੱਜ ਕੱਲ੍ਹ ਭਾਵੇਂ ਪੰਜਾਬ ਦੇ ਵੱਡੀ ਗਿਣਤੀ ਬੱਚੇ ਵਿਦੇਸ਼ ਜਾ ਰਹੇ ਹਨ। ਇਸ ਲਈ ਉਹਨਾਂ ਨੂੰ ਬਚਪਣ ਵਿੱਚ ਹੀ ਚੰਗੀ ਸਿੱਖਿਆ, ਧਰਮ ਤੇ ਮਾਂ ਬੋਲੀ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਕਿ ਉਹ ਜਿਸ ਦੇਸ਼ ਵਿੱਚ ਵੀ ਜਾਣ, ਉਥੇ ਜਾ ਕੇ ਆਪਣੇ ਧਰਮ ਅਤੇ ਮਾਂ ਬੋਲੀ ਦੀ ਸੇਵਾ ਕਰਨ।

 

​​​ ਸੰਪਾਦਕੀ