ਮਾਮਲਾ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਸੁੱਟਣ ਦਾ; ਭਾਰਤ ਨੇ ਅਮਰੀਕੀ ਰਿਪੋਰਟ ਮੰਨਣ ਤੋਂ ਨਾਹ ਕੀਤੀ

ਮਾਮਲਾ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਸੁੱਟਣ ਦਾ; ਭਾਰਤ ਨੇ ਅਮਰੀਕੀ ਰਿਪੋਰਟ ਮੰਨਣ ਤੋਂ ਨਾਹ ਕੀਤੀ

ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦਰਮਿਆਨ ਫਰਵਰੀ ਮਹੀਨੇ ਹੋਈ ਹਵਾਈ ਟੱਕਰ ਵਿਚ ਭਾਰਤ ਵੱਲੋਂ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਣ ਦੇ ਦਾਅਵਿਆਂ ਨੂੰ ਰੱਦ ਕਰਦੀ ਸਾਹਮਣੇ ਆਈ ਅਮਰੀਕੀ ਜਾਂਚ ਨੂੰ ਭਾਰਤੀ ਹਵਾਈ ਫੌਜ ਨੇ ਮੰਨਣ ਤੋਂ ਨਾਹ ਕਰਦਿਆਂ ਮੁੜ ਕਿਹਾ ਕਿ 27 ਫਰਵਰੀ ਨੂੰ ਹੋਈ ਹਵਾਈ ਟੱਕਰ ਵਿਚ ਭਾਰਤੀ ਮਿਗ-21 ਬਿਸੋਨ ਜਹਾਜ਼ ਨੇ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਿਆ ਸੀ। 

ਜ਼ਿਕਰਯੋਗ ਹੈ ਕਿ ਅਮਰੀਕੀ ਰਸਾਲੇ "ਫੋਰਨ ਪਾਲਿਸੀ" ਵੱਲੋਂ ਉੱਚ ਅਮਰੀਕੀ ਸੁਰੱਖਿਆ ਅਫਸਰ ਦੇ ਹਵਾਲੇ ਨਾਲ ਛਾਪੀ ਖਬਰ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਦਿੱਤੇ ਗਏ ਐਫ-16 ਜਹਾਜ਼ਾਂ ਦੇ ਸੌਦੇ ਮੁਤਾਬਿਕ ਅਮਰੀਕੀ ਅਫਸਰਾਂ ਵੱਲੋਂ ਪਾਕਿਸਤਾਨ ਦੇ ਐਫ-16 ਜਹਾਜ਼ਾਂ ਦੀ ਗਿਣਤੀ ਕਰਨ 'ਤੇ ਗਿਣਤੀ ਪੂਰੀ ਪਾਈ ਗਈ। ਇਸ ਜਾਂਚ ਰਿਪੋਰਟ ਨੇ ਭਾਰਤ ਦੇ ਫੌਜੀ ਦਾਅਵਿਆਂ 'ਤੇ ਵੱਡਾ ਸਵਾਲ ਖੜ੍ਹਾ ਕੀਤਾ ਹੈ। 

ਸਬੰਧਿਤ ਖ਼ਬਰ: ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਣ ਦੇ ਭਾਰਤੀ ਦਾਅਵੇ ਦੀ ਫੂਕ ਨਿੱਕਲੀ; ਅਮਰੀਕੀ ਜਾਂਚ ਵਿਚ ਹੋਇਆ ਖੁਲਾਸਾ

ਬੀਤੇ ਕੱਲ੍ਹ ਕੌਮਾਂਤਰੀ ਮੀਡੀਆ ਵਿਚ ਇਹ ਖੁਲਾਸਾ ਹੋਣ ਮਗਰੋਂ ਭਾਰਤੀ ਹਵਾਈ ਫੌਜ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਉਸ ਦਿਨ ਹੋਈ ਟੱਕਰ ਦੌਰਾਨ ਦੋ ਵੱਖਰੇ ਜਹਾਜ਼ਾਂ ਵਿਚੋਂ ਪਾਇਲਟਾਂ ਨੇ ਬਾਹਰ ਉਡਾਰੀ ਮਾਰੀ। ਬਿਜਲਈ ਚਿੰਨ੍ਹਾਂ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦਾ ਹਵਾਈ ਜਹਾਜ਼ ਐਫ-16 ਹੀ ਸੀ। ਇਸ ਟੱਕਰ ਵਿਚ ਧਰਤੀ 'ਤੇ ਡਿਗਿਆ ਭਾਰਤੀ ਜਹਾਜ਼ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਉਡਾ ਰਿਹਾ ਸੀ, ਜੋ ਜਹਾਜ਼ ਵਿਚੋਂ ਬਾਹਰ ਨਿਕਲਣ ਮਗਰੋਂ ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ ਵਿਚ ਉਤਰਿਆ ਤੇ 1 ਮਾਰਚ ਨੂੰ ਵਾਪਿਸ ਭਾਰਤ ਪਰਤਿਆ।"

ਇਸ ਟੱਕਰ ਤੋਂ ਬਾਅਦ ਭਾਰਤ ਨੇ ਏਐਮਆਰਏਏਐਮ ਮਿਸਾਈਲ ਦੇ ਕੁਝ ਟੁਕੜੇ ਪੇਸ਼ ਕੀਤੇ ਸੀ ਜਿਹਨਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਹ ਪਾਕਿਸਤਾਨ ਦੇ ਐਫ-16 ਜਹਾਜ਼ਾਂ ਵੱਲੋਂ ਵਰਤੀਆਂ ਗਈਆਂ ਹਨ। 

ਜ਼ਿਕਰਯੋਗ ਹੈ ਕਿ ਭਾਰਤ ਨੇ ਅਮਰੀਕਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਵੱਲੋਂ ਦਿੱਤੇ ਐਫ-16 ਜਹਾਜ਼ਾਂ ਨੂੰ ਪਾਕਿਸਤਾਨ ਭਾਰਤ ਖਿਲਾਫ ਵਰਤ ਕੇ ਸੰਧੀ ਦੇ ਨਿਯਮਾਂ ਨੂੰ ਤੋੜ ਰਿਹਾ ਹੈ ਪਰ ਪਾਕਿਸਤਾਨ ਦੀ ਆਈਐਸਆਈ ਦੇ ਡਾਇਰੈਕਟਰ ਜਨਰਲ ਨੇ 1 ਅਪ੍ਰੈਲ ਨੂੰ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਕੋਲ ਆਪਣੀ ਸੁਰੱਖਿਆ ਲਈ ਹਰ ਹੀਲਾ ਵਰਤਣ ਦਾ ਪੂਰਾ ਹੱਕ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ