ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਣ ਦੇ ਭਾਰਤੀ ਦਾਅਵੇ ਦੀ ਫੂਕ ਨਿੱਕਲੀ; ਅਮਰੀਕੀ ਜਾਂਚ ਵਿਚ ਹੋਇਆ ਖੁਲਾਸਾ

ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਣ ਦੇ ਭਾਰਤੀ ਦਾਅਵੇ ਦੀ ਫੂਕ ਨਿੱਕਲੀ; ਅਮਰੀਕੀ ਜਾਂਚ ਵਿਚ ਹੋਇਆ ਖੁਲਾਸਾ

ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਦਰਮਿਆਨ ਫਰਵਰੀ 27 ਨੂੰ ਹੋਈ ਹਵਾਈ ਟੱਕਰ ਦੌਰਾਨ ਭਾਰਤ ਵੱਲੋਂ ਕੀਤੇ ਗਏ ਇਕ ਹੋਰ ਦਾਅਵੇ ਦੀ ਫੂਕ ਨਿੱਕਲ ਗਈ ਹੈ। ਭਾਰਤ ਨੇ ਦਾਅਵਾ ਕੀਤਾ ਸੀ ਕਿ ਜਦੋਂ ਪਾਕਿਸਤਾਨ ਹਵਾਈ ਫੌਜ ਨੇ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਸੁੱਟ ਕੇ ਭਾਰਤੀ ਪਾਇਲਟ ਅਭਿਨੰਦਨ ਨੂੰ ਫੜਿਆ ਤਾਂ ਉਸ ਤੋਂ ਪਹਿਲਾਂ ਪਾਕਿਸਤਾਨ ਹਵਾਈ ਫੌਜ ਦਾ ਇਕ ਐਫ-16 ਜਹਾਜ਼ ਵੀ ਇਸ ਲੜਾਈ ਵਿਚ ਭਾਰਤੀ ਫੌਜ ਨੇ ਮਾਰ ਸੁੱਟਿਆ ਸੀ। ਪਰ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਕਿਸਤਾਨ ਨੂੰ ਐਫ-16 ਜਹਾਜ਼ ਦੇਣ ਵਾਲੇ ਅਮਰੀਕਾ ਦੇ ਅਫਸਰਾਂ ਵੱਲੋਂ ਜਦੋਂ ਪਾਕਿਸਤਾਨ ਨੂੰ ਦਿੱਤੇ ਜਹਾਜ਼ਾਂ ਦੀ ਗਿਣਤੀ ਕੀਤੀ ਗਈ ਤਾਂ ਉਹ ਪੂਰੇ ਨਿੱਕਲੇ। 

ਇਸ ਹਵਾਈ ਟੱਕਰ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਭਾਰਤ ਦੇ ਮਿਗ 21 ਲੜਾਕੂ ਜਹਾਜ਼ ਨੇ ਪਾਕਿਸਤਾਨ ਹਵਾਈ ਫੌਜ ਦੇ ਇਕ ਜਹਾਜ਼ ਨੂੰ ਸੁੱਟ ਦਿੱਤਾ ਹੈ ਅਤੇ ਭਾਰਤੀ ਫੌਜੀਆਂ ਨੇ ਇਸ ਜਹਾਜ਼ ਨੂੰ ਪਾਕਿਸਤਾਨ ਵਾਲੇ ਪਾਸੇ ਡਿਗਦਾ ਵੀ ਵੇਖਿਆ ਹੈ।

ਉਸ ਸਮੇਂ ਹੀ ਪਾਕਿਸਤਾਨ ਫੌਜ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਭਾਰਤ ਸਰਕਾਰ ਦੇ ਇਹਨਾਂ ਦਾਅਵਿਆਂ ਨੂੰ ਰੱਦ ਕੀਤਾ ਸੀ ਤੇ ਕਿਹਾ ਸੀ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਹਵਾਈ ਕਾਰਵਾਈ ਵਿਚ ਕੋਈ ਐਫ-16 ਜਹਾਜ਼ ਵਰਤਿਆ ਹੀ ਨਹੀਂ ਗਿਆ। 

ਅਮਰੀਕਾ ਦੇ "ਫੋਰਨ ਪੋਲਿਸੀ" ਰਸਾਲੇ ਨਾਲ ਗੱਲ ਕਰਦਿਆਂ ਅਮਰੀਕਾ ਦੇ ਉੱਚ ਸਰੱਖਿਆ ਅਫਸਰ ਨੇ ਦੱਸਿਆ ਕਿ ਭਾਰਤ ਵੱਲੋਂ ਫੈਲਾਈਆਂ ਜਾ ਰਹੀਆਂ ਗੱਲਾਂ ਤੋਂ ਬਾਅਦ ਪਾਕਿਸਤਾਨ ਨੇ ਅਮਰੀਕਾ ਨੂੰ ਐਫ-16 ਜਹਾਜ਼ਾਂ ਦੀ ਜਾਂਚ ਕਰਨ ਲਈ ਸੱਦਾ ਦਿੱਤਾ ਸੀ। ਇਹ ਜਾਂਚ ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਐਫ-16 ਜਹਾਜ਼ਾਂ ਦੇ ਸੌਦੇ ਲਈ ਹੋਈ ਸੰਧੀ ਮੁਤਾਬਿਕ ਕੀਤੀ ਗਈ। ਇਸ ਜਾਂਚ ਵਿਚ ਸ਼ਾਮਿਲ ਇਸ ਅਫਸਰ ਨੇ ਮੀਡੀਆ ਨੂੰ ਦੱਸਿਆ ਕਿ ਐਫ-16 ਜਹਾਜ਼ਾਂ ਦੀ ਕੀਤੀ ਗਈ ਗਿਣਤੀ ਵਿਚ ਸਾਰੇ ਜਹਾਜ਼ ਪੂਰੇ ਪਾਏ ਗਏ ਹਨ। 
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸ ਟੱਕਰ ਦੌਰਾਨ ਭਾਰਤ ਵੱਲੋਂ ਬਾਲਾਕੋਟ ਵਿਚ ਕਥਿਤ 'ਅੱਤਵਾਦੀ ਟਿਕਾਣੇ' ਨੂੰ ਤਬਾਹ ਕਰਨ ਦੇ ਦਾਅਵੇ ਦੀ ਵੀ ਉਸ ਸਮੇਂ ਫੂਕ ਨਿੱਕਲ ਗਈ ਸੀ ਜਦੋਂ ਉਸ ਥਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਸਨ ਜਿਸ ਵਿਚ ਉਹ ਨਿਸ਼ਾਨੇ ਵਾਲੀ ਇਮਾਰਤ ਬਿਲਕੁਲ ਸਹੀ ਦਿੱਖ ਰਹੀ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ