ਭਾਰਤੀ ਫੌਜ ਨੇ ਮੰਨਿਆ ਕਿ ਫੌਜੀ ਅਫਸਪਾ ਦੀ ਨਜਾਇਜ਼ ਵਰਤੋਂ ਕਰਕੇ ਕਸ਼ਮੀਰੀਆਂ ਨੂੰ ਮਾਰਦੇ ਹਨ

ਭਾਰਤੀ ਫੌਜ ਨੇ ਮੰਨਿਆ ਕਿ ਫੌਜੀ ਅਫਸਪਾ ਦੀ ਨਜਾਇਜ਼ ਵਰਤੋਂ ਕਰਕੇ ਕਸ਼ਮੀਰੀਆਂ ਨੂੰ ਮਾਰਦੇ ਹਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜੰਮੂ ਕਸ਼ਮੀਰ ਵਿਚ ਭਾਰਤੀ ਫੌਜੀਆਂ ਵੱਲੋਂ ਬਣਾਏ ਜਾਂਦੇ ਝੂਠੇ ਮੁਕਾਬਲਿਆਂ ਦੀ ਹੁਣ ਭਾਰਤੀ ਫੌਜ ਨੇ ਵੀ ਪੁਸ਼ਟੀ ਕਰ ਦਿੱਤੀ ਹੈ। ਆਸ਼ੀਮਪੋਰਾ ਵਿਚ 18 ਜੁਲਾਈ ਨੂੰ 'ਅੱਤਵਾਦੀ' ਦੱਸ ਕੇ ਭਾਰਤੀ ਫੌਜ ਨੇ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਸੀ, ਜਦਕਿ ਬਾਅਦ ਵਿਚ ਇਹ ਸੱਚ ਸਾਹਮਣੇ ਆਇਆ ਸੀ ਕਿ ਇਹ ਤਿੰਨ ਨੌਜਵਾਨ ਜੋ ਰਿਸ਼ਤੇਦਾਰ ਸਨ, ਦਿਹਾੜੀਦਾਰ ਮਜ਼ਦੂਰ ਸੀ ਅਤੇ ਰੁਜ਼ਗਾਰ ਲਈ ਆਪਣੇ ਰਾਜੌਰੀ ਵਿਚਲੇ ਆਪਣੇ ਪਿੰਡ ਤੋਂ ਕਸ਼ਮੀਰ ਵੱਲ ਰੁਜ਼ਗਾਰ ਲੱਭਣ ਜਾ ਰਹੇ ਸੀ। 

ਇਸ ਸਬੰਧੀ ਬੀਤੇ ਕੱਲ੍ਹ ਭਾਰਤੀ ਫੌਜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਫੌਜੀਆਂ ਨੇ ਅਫਸਪਾ ਕਾਨੂੰਨ ਅਧੀਨ ਮਿਲੀਆਂ ਤਾਕਤਾਂ ਦੀ ਨਜਾਇਜ਼ ਵਰਤੋਂ ਕਰਦਿਆਂ ਇਹਨਾਂ ਮੁੰਡਿਆਂ ਨੂੰ ਕਤਲ ਕੀਤਾ। 

ਭਾਰਤੀ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਬਿਆਨ ਵਿਚ ਕਿਹਾ ਕਿ ਆਸ਼ੀਮਪੋਰਾ ਘਟਨਾ ਸਬੰਧੀ ਫੌਜ ਵੱਲੋਂ ਜਾਂਚ ਪੂਰੀ ਕਰ ਲਈ ਗਈ ਹੈ। ਜਾਂਚ ਵਿਚ ਸਪਸ਼ਟ ਹੋਇਆ ਹੈ ਕਿ ਫੌਜੀਆਂ ਨੇ ਅਪਰੇਸ਼ਨ ਦੌਰਾਨ ਅਫਸਪਾ ਅਧੀਨ ਮਿਲੀਆਂ ਤਾਕਤਾਂ ਦੀ ਨਜਾਇਜ਼ ਵਰਤੋਂ ਕੀਤੀ। 

ਫੌਜੀ ਬਿਆਨ ਵਿਚ ਹਲਾਂਕਿ ਮਾਰੇ ਗਏ ਕਸ਼ਮੀਰੀ ਨੌਜਵਾਨਾਂ ਨੂੰ ਅਜੇ ਵੀ 'ਅੱਤਵਾਦੀ' ਹੀ ਲਿਖਿਆ ਗਿਆ ਹੈ। ਬਿਆਨ ਵਿਚ ਕਿਹਾ ਗਿਆ ਕਿ ਮਰਨ ਵਾਲੇ ਤਿੰਨ ਨੌਜਵਾਨ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੋਹੱਮਦ ਇਬਰਾਰ ਰਾਜੌਰੀ ਨਾਲ ਸਬੰਧਿਤ ਸਨ ਅਤੇ ਇਹਨਾਂ ਦੀ ਡੀਐਨਏ ਰਿਪੋਰਟ ਉਡੀਕੀ ਜਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਕਿ ਇਹਨਾਂ ਦੇ ਅੱਤਵਾਦੀ ਕਾਰਵਾਈ ਨਾਲ ਸਬੰਧਾਂ ਦੀ ਜਾਂਚ ਫਿਲਹਾਲ ਚੱਲ ਰਹੀ ਹੈ। 

ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਕਾਰਕੁੰਨ ਦਾ ਕਹਿਣਾ ਹੈ ਕਿ ਭਾਰਤੀ ਫੌਜੀ ਤਰੱਕੀਆਂ ਅਤੇ ਮੈਡਲ ਲੈਣ ਲਈ ਆਮ ਕਸ਼ਮੀਰੀਆਂ ਦੇ ਝੂਠੇ ਮੁਕਾਬਲੇ ਬਣਾਉਂਦੇ ਹਨ। 

ਅਫਸਪਾ ਇਕ ਕਾਲਾ ਕਾਨੂੰਨ ਹੈ ਜੋ ਭਾਰਤੀ ਫੌਜ ਨੂੰ ਕਤਲ ਕਰਨ ਦੀਆਂ ਵਾਧੂ ਤਾਕਤਾਂ ਦਿੰਦਾ ਹੈ ਅਤੇ ਦੋਸ਼ੀ ਫੌਜੀਆਂ ਨੂੰ ਸਜ਼ਾਵਾਂ ਤੋਂ ਬਚਾਉਂਦਾ ਹੈ। ਭਾਰਤ ਵਿਚ ਅਫਸਪਾ ਅਤੇ ਯੂਏਪੀਏ ਵਰਗੇ ਕਈ ਕਾਲੇ ਕਾਨੂੰਨ ਲਾਗੂ ਹਨ ਜਿਹਨਾਂ ਨੂੰ ਖਾਸ ਕਰਕੇ ਧਾਰਮਿਕ ਘੱਟਗਿਣਤੀਆਂ ਜਿਵੇਂ ਕਸ਼ਮੀਰ, ਸਿੱਖ, ਨਾਗੇ ਅਤੇ ਹੋਰ ਸੰਘਰਸ਼ਸ਼ੀਲ ਕੌਮਾਂ ਦੇ ਮਨੁੱਖੀ ਹੱਕਾਂ ਨੂੰ ਦਬਾਉਣ ਲਈ ਵਰਤਿਆ ਜਾਂਦਾ ਹੈ। 

ਆਸ਼ੀਮਪੋਰਾ ਘਟਨਾ ਸਬੰਧੀ ਹੋਰ ਜਾਣਕਾਰੀ ਲਈ ਇਹ ਖ਼ਬਰ ਪੜ੍ਹੋ:
ਫੌਜ ਵੱਲੋਂ ਖਾੜਕੂ ਦਸ ਕੇ ਮਾਰੇ ਤਿੰਨ ਨੌਜਵਾਨ ਮਜ਼ਦੂਰ ਨਿੱਕਲੇ