ਸਤਲੁਜ ਅਤੇ ਬਿਆਸ ਵਿਚਾਲੇ, ਸ਼ਿਵਾਲਿਕ ਪਹਾੜੀਆਂ ਦੇ ਪੈਰਾਂ 'ਚ ਵਸੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਬਾਤਾਂ

ਸਤਲੁਜ ਅਤੇ ਬਿਆਸ ਵਿਚਾਲੇ, ਸ਼ਿਵਾਲਿਕ ਪਹਾੜੀਆਂ ਦੇ ਪੈਰਾਂ 'ਚ ਵਸੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਬਾਤਾਂ

ਹਰਪ੍ਰੀਤ ਕੌਰ ਢੱਡਾ
ਪੰਜਾਬ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਜ਼ਿਲ੍ਹੇ ਹੁਸ਼ਿਆਰਪੁਰ ਦੀ ਗੱਲ ਕਰਦੇ ਹਾਂ ਜਿਹੜਾ ਦਰਿਆ ਸਤਲੁਜ ਤੇ ਬਿਆਸ ਦੇ ਵਿਚਕਾਰ ਅਤੇ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ 'ਚ ਵਸਿਆ ਹੋਇਆ ਹੈ ਤੇ ਆਪਣੇ ਇਤਿਹਾਸਕ ਪਿਛੋਕੜ ਦੇ ਨਾਲ-ਨਾਲ ਭੂਗੋਲਿਕ ਖੂਬਸੂਰਤੀ ਕਰਕੇ ਵੀ ਆਪਣੀ ਵੱਖਰੀ ਪਛਾਣ ਰੱਖਦਾ ਹੈ।

ਉੱਘੇ ਬਨਸਪਤੀ ਵਿਗਿਆਨੀ ਸਫ਼ਲ ਪ੍ਰਸ਼ਾਸਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਰਹੇ, ਸਾਹਿਤ ਅਤੇ ਕਲਾ ਦੇ ਪ੍ਰਸ਼ੰਸਕ ਤੇ ਪੰਜਾਬ ਦੀ ਮਿੱਟੀ ਨੂੰ ਦਿਲੋਂ ਪਿਆਰ ਕਰਨ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ 'ਆਪ ਬੀਤੀ' ਵਿਚ ਹੁਸ਼ਿਆਰਪੁਰ ਬਾਰੇ ਲਿਖਦੇ ਹਨ:-

''ਕਿੰਨੇ ਸੋਹਣੇ ਹਨ ਹੁਸ਼ਿਆਰਪੁਰ ਦੇ ਪਿੰਡ। ਸਾਰੇ ਹੁਸ਼ਿਆਰਪੁਰ 'ਚ ਇਹੀ ਇਲਾਕਾ ਹੈ ਜਿੱਥੇ ਮੈਦਾਨਾਂ ਤੋਂ ਹਿਮਾਲਿਆ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਸ਼ਿਵਾਲਿਕ ਦੀਆਂ ਉੱਚੀਆਂ ਨੀਲੀਆਂ ਪਹਾੜੀਆਂ ਨੇ ਤਾਂ ਸੀਹਰੋਵਾਲ ਦੇ ਉਪਜਾਊ ਇਲਾਕੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ ਹੈ। ਚਾਰੇ ਪਾਸੇ ਅੰਬਾਂ ਦੇ ਬਾਗ ਤੇ ਟਾਹਲੀਆਂ ਦੀਆਂ ਝਿੜੀਆਂ।''

ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦੇ ਉੱਤਰ ਪੂਰਬੀ ਭਾਗ ਵਿਚ ਸਥਿਤ ਹੈ। ਇਹ ਜਲੰਧਰ ਮਾਲ ਡਿਵੀਜ਼ਨ ਤੇ ਦੁਆਬਾ ਖੇਤਰ ਦੇ ਬਿਸਤ ਦੁਆਬ ਵਿੱਚ ਪੈਂਦਾ ਅਰਧ ਪਹਾੜੀ ਇਲਾਕਾ ਹੈ ਜਿਹੜਾ ਬਿਆਸ ਦਰਿਆ ਦੇ ਉੱਤਰੀ ਪੱਛਮ ਵਿਚ ਸਥਿਤ ਹੈ।

ਜੇ ਹੁਸ਼ਿਆਰਪੁਰ ਦੇ ਨਾਂ ਦੀ ਗੱਲ ਕਰੀਏ ਤਾਂ ਇਸ ਬਾਰੇ ਦੋ ਗੱਲਾਂ ਮਸ਼ਹੂਰ ਹਨ:-
ਪਹਿਲੀ ਅਨੁਸਾਰ:- ਇਸ ਦਾ ਨਾਮ ਬਜਵਾੜਾ ਪਿੰਡ ਦੇ (ਜਿਹੜਾ ਹੁਸ਼ਿਆਰਪੁਰ ਤੋਂ ਦੋ ਕਿ.ਮੀ. ਦੀ ਦੂਰੀ ਤੇ ਸਥਿਤ ਹੈ) ਉੱਥੋਂ ਦੇ ਵਸਨੀਕ 'ਹੁਸ਼ਿਆਰਖਾਨ' ਦੇ ਨਾਂ 'ਤੇ ਰੱਖਿਆ ਗਿਆ ਜਿਸ ਨੇ 600 ਸਾਲ ਪਹਿਲਾਂ ਇਹ ਕਸਬਾ ਵਸਾਇਆ ਸੀ।

ਦੂਜੇ ਵੇਰਵੇ ਅਨੁਸਾਰ:- ਇਹ ਕਸਬਾ ਹੁਸ਼ਿਆਰਪੁਰ ਸਮਰਾਟ ਮੁਹੰਮਦ ਤੁਗਲਕ ਦੇ ਦੀਵਾਨ ਹਰਗੋਬਿੰਦ ਤੇ ਰਾਮਚੰਦ ਦੁਆਰਾ ਵਸਾਇਆ ਗਿਆ।

ਬ੍ਰਿਟਿਸ਼ ਕਾਲ ਵਿਚ ਇਹ ਜ਼ਿਲ੍ਹਾ ਅੰਗਰੇਜ਼ਾਂ ਨੇ ਪਹਿਲੇ ਸਿੱਖ ਯੁੱਧ ਦੇ ਖ਼ਤਮ ਹੋਣ 'ਤੇ ਜਲੰਧਰ ਦੁਆਬ ਦੇ ਨਾਲ ਹਥਿਆ ਲਿਆ ਸੀ।

ਹੁਸ਼ਿਆਰਪੁਰ ਜ਼ਿਲ੍ਹੇ ਦਾ ਇਲਾਕਾ ਸਿੰਧੂ ਘਾਟੀ ਦੀ ਸੱਭਿਆਤਾ ਦਾ ਹਿੱਸਾ ਸੀ। ਅਜੋਕੀਆਂ ਖ਼ੁਦਾਈਆਂ ਤੋਂ ਪਤਾ ਚੱਲਦਾ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਸਾਰਾ ਇਲਾਕਾ ਨਾ ਸਿਰਫ਼ ਮੁੱਢਲੇ ਪ੍ਰਾਚੀਨ ਪੱਥਰ ਕਾਲ ਦੇ ਲੋਕਾਂ ਨੇ ਬਲਕਿ ਆਰੰਭਕ ਇਤਿਹਾਸ ਦੇ ਲੋਕਾਂ ਨੇ ਵੀ ਵਸਣ ਵਾਸਤੇ ਚੁਣਿਆ। ਆਰੰਭਕ ਪੱਥਰ ਕਾਲ ਦੀਆਂ ਖੋਜ਼ਾਂ ਦੌਰਾਨ ਅਵਤਾਰਪੁਰ, ਰਹਿਮਾਨਪੁਰ ਤੇ ਰੱਖਣੀ, ਜਿਹੜੇ ਹੁਸ਼ਿਆਰਪੁਰ ਦੇ 30-40 ਕਿ.ਮੀ. ਦੇ ਉੱਤਰੀ ਭਾਗ ਵਿਚ ਹਨ, ਉੱਥੇ ਵੀ ਪੱਥਰ ਦੀਆਂ ਕਲਾ ਕ੍ਰਿਤੀਆਂ ਪ੍ਰਾਪਤ ਹੋਈਆਂ। ਹਰਿਆਣੇ ਤੋਂ 8 ਕਿ. ਮੀ. ਦੂਰ ਅਵਤਾਰਪੁਰ ਵਿਚ 80 ਸੰਦ ਮਿਲੇ ਹਨ ਜਿਨ੍ਹਾਂ ਵਿਚ 9 ਕੁਹਾੜੀਆਂ, 19 ਕੁਹਾੜੇ ਤੇ 17 ਵਧੀਆ ਬਿਲੌਰ ਕਿਸਮ ਦੇ ਪੱਥਰ ਦੇ ਸੰਦ ਮਿਲੇ ਹਨ। ਅਜੌਕੀਆਂ ਖੋਜਾਂ ਤੋਂ ਕੁਝ ਗੰਧਾਰ ਸ਼ੈਲੀ ਦੀਆਂ ਕਲਾਕ੍ਰਿਤੀਆਂ ਮਿਲੀਆਂ ਹਨ। ਹੁਸ਼ਿਆਰਪੁਰ ਦੇ 24 ਕਿ. ਮੀ. ਉੱਤਰ ਵਿਚ ਸਥਿਤ ਢੋਲਵਾਹਾ ਵਿਖੇ ਵੀ ਬਹੁਤ ਸਾਰੀਆਂ ਪੁਰਾਤਨ ਚੀਜ਼ਾਂ ਮਿਲੀਆਂ ਹਨ। ਜਿਹੜੀਆਂ ਇਸ ਜ਼ਿਲ੍ਹੇ ਦੇ ਪ੍ਰਾਚੀਨ ਇਤਿਹਾਸ 'ਤੇ ਕਾਫ਼ੀ ਰੋਸ਼ਨੀ ਪਾਉਂਦੀਆਂ ਹਨ।

ਲੋਕ ਕਥਾਵਾਂ ਅਨੁਸਾਰ:-
ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਥਾਵਾਂ ਦਾ ਸੰਬੰਧ ਪਾਂਡਵਾਂ ਨਾਲ ਜੁੜਦਾ ਹੈ। ਮਹਾਂਕਾਵਿ ਮਹਾਂਭਾਰਤ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ 'ਦਸੂਹੇ' ਦਾ ਜ਼ਿਕਰ ਆਉਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਇਹ ਰਾਜਾ ਵਿਰਾਟ ਦਾ ਰਾਜ ਸੀ ਜਿਸਦੀ ਸੇਵਾ ਵਿਚ ਪਾਂਡਵਾਂ ਨੇ 13 ਸਾਲ ਦਾ ਬਨਵਾਸ ਕੱਟਿਆ ਸੀ। ਇਸੇ ਜ਼ਿਲ੍ਹੇ ਦੇ ਕਸਬੇ 'ਮਾਹਲਪੁਰ' ਦੀ ਗੱਲ ਕਰੀਏ ਤਾਂ ਇੱਥੋਂ 11 ਕਿ. ਮੀ. ਦੀ ਦੂਰੀ ਤੇ ਸਥਿਤ ਭਾਮ ਵਿਖੇ ਵੀ ਪਾਂਡਵਾਂ ਨੇ ਆਪਣੇ ਬਨਵਾਸ ਦਾ ਸਮਾਂ ਗੁਜ਼ਾਰਿਆ ਸੀ।

ਚੀਨੀ ਯਾਤਰੀ ਹਿਊਨਾਂਸ ਦੇ ਅਨੁਸਾਰ:- 
ਹੁਸ਼ਿਆਰਪੁਰ ਦਾ ਇਲਾਕਾ ਚੰਦਰਵੰਸ਼ੀ ਰਾਜਪੂਤਾਂ ਦਾ ਇਲਾਕਾ ਸੀ , ਜਿਸ ਨੇ ਮੁਗਲਾਂ ਦੀ ਜਿੱਤ ਤੋਂ ਪਹਿਲਾਂ ਸਦੀਆਂ ਤੱਕ ਆਪਣੀ ਆਜ਼ਾਦ ਹੋਂਦ ਕਾਇਮ ਰੱਖੀ।

ਪੰਜਾਬ ਦੇ ਦੁਆਬਾ ਖਿੱਤੇ 'ਚ ਵਸੇ ਜ਼ਿਲਾ ਹੁਸ਼ਿਆਰਪੁਰ ਦੀਆਂ ਉੱਤਰੀ, ਦੱਖਣੀ ਹੱਦਾਂ ਨਾਲ ਦਰਿਆ ਬਿਆਸ ਤੇ ਸਤਲੁਜ ਵਗਦੇ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਚ ਦੋ ਵੇਈਆਂ ਹਨ। ਇਕ ਕਾਲੀ ਵੇਈਂ, ਦੂਜੀ ਸਫ਼ੇਦ ਵੇਈਂ।

ਕਾਲੀ ਵੇਈਂ:- ਟੇਰਕਿਆਣਾ ਛੰਭ ਦੇ ਇਲਾਕੇ ਵਿੱਚੋਂ ਨਿਕਲਦੀ ਹੈ, ਇਹ 12 ਮਹੀਨੇ ਚਲਦੀ ਰਹਿੰਦੀ ਹੈ ਤੇ ਇਸਦਾ ਬਹੁਤ ਸਾਰਾ ਹਿੱਸਾ ਕਪੂਰਥਲਾ ਜ਼ਿਲ੍ਹੇ ਵਿੱਚ ਵਗਦਾ ਹੈ।

ਸਫ਼ੇਦ ਵੇਈਂ:- ਗੜਸ਼ੰਕਰ ਦੇ ਨੇੜਿਓਂ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿਚ ਵਗਦੀ ਹੈ। ਇਨ੍ਹਾਂ ਦੋਵੇਂ ਵੇਈਆਂ ਦੀ ਚੌੜਾਈ ਭਾਵੇਂ ਘੱਟ ਹੈ ਪਰ ਇਹ ਡੂੰਘੀਆਂ ਹਨ ਤੇ ਇਨ੍ਹਾਂ ਨੂੰ ਪਾਰ ਕਰਨਾ ਔਖਾ ਹੈ।
 

ਹੁਸ਼ਿਆਰਪੁਰ ਜ਼ਿਲ੍ਹੇ ਦੇ ਖੇਤਰਫਲ ਬਾਰੇ ਜਾਣਾਕਰੀ ਦੇਈਏ ਤਾਂ 10,863 ਵਰਗ ਕਿਲੋਮੀਟਰ ਹੈ। 4 ਤਹਿਸੀਲਾਂ, 10 ਬਲਾਕ, 1625 ਦੇ ਕਰੀਬ ਪਿੰਡ, 15 ਪੁਲਿਸ ਸਟੇਸ਼ਨ, 24 ਬੈਂਕ, 16 ਕਾਲਜ/ਯੂਨੀਵਰਸਿਟੀਆਂ, 1 ਬਿਜਲੀ ਘਰ ਤੇ 14 ਦੇ ਕਰੀਬ ਹਸਪਤਾਲ ਮੌਜ਼ੂਦ ਹਨ।

ਪ੍ਰਮੁੱਖ ਸ਼ਹਿਰਾਂ ਵਿਚ:- ਦਸੂਹਾ, ਗੜਸ਼ੰਕਰ, ਹੁਸ਼ਿਆਰਪੁਰ, ਮੁਕੇਰੀਆ, ਮਾਹਲਪੁਰ, ਜੈਜੋਂ, ਢੋਲਵਾਰਾ, ਟਾਂਡਾ, ਤਲਵਾੜਾ, ਭੁੰਗਾ ਆਦਿ ਸ਼ਾਮਲ ਹਨ।

ਹੁਸ਼ਿਆਰਪੁਰ ਦੇ ਇਤਿਹਾਸਕ ਪਿਛੋਕੜ, ਪੁਰਾਤਨਤਾ ਬਾਰੇ ਆਪਾਂ ਸ਼ੁਰੂ ਵਿਚ ਗੱਲ ਕਰ ਆਏ ਹਾਂ ਤੇ ਹੁਣ ਗੱਲ ਕਰੀਏ ਖਾਸ ਨਾਂਵਾਂ 'ਤੇ ਥਾਵਾਂ ਦੀ ਜਿਹੜੇ ਇੱਕ ਮਹਾਨ ਇਤਿਹਾਸ ਨੂੰ ਆਪਣੇ ਕਲਾਵੇ ਵਿਚ ਸਮੋਈ ਬੈਠੇ ਹਨ:

ਹੁਸ਼ਿਆਰਪੁਰ ਦੇ ਕਸਬੇ ਦਸੂਹੇ ਵਿਚ ਇੱਕ ਪੁਰਾਤਨ ਤਲਾਬ ਮੌਜ਼ੂਦ ਹੈ, ਜਿਸ ਦਾ ਸੰਬੰਧ ਪਾਂਡਵਾਂ ਨਾਲ ਜੁੜਦਾ ਦੱਸਿਆ ਜਾਂਦਾ ਹੈ ਤੇ ਜਿੱਥੇ ਕਮਲ ਦੇ ਫੁੱਲ ਖਿੜਦੇ ਹਨ।

ਰਾਜਾ ਰਾਮ ਸਿੰਘ ਨੇ ਜੈਜੋਂ ਵਿਖੇ 1701 ਵਿਚ ਇੱਕ ਜੰਗੀ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਹੁਸ਼ਿਆਰਪੁਰ ਦਾ ਕਿਲ੍ਹਾ ਆਪਣੇ ਆਪ ਵਿਚ ਇੱਥੋਂ ਦੀ ਇੱਕ ਖਾਸੀਅਤ ਹੈ, ਜਿਹੜਾ ਭਾਵੇਂ 1884 ਵਿਚ ਬਰਬਾਦ ਕਰ ਦਿੱਤਾ ਗਿਆ ਸੀ ਪਰ ਉਸਦਾ ਇੱਕ ਮੀਨਾਰ ਅਜੇ ਵੀ ਸੁਰੱਖਿਅਤ ਹੈ। 
 

ਆਇਨੇ-ਅਕਬਰੀ ਵਿਚ ਵੀ ਇਸ ਕਿਲ੍ਹੇ ਦਾ ਜ਼ਿਕਰ ਆਉਂਦਾ ਹੈ। ਬਾਅਦ ਵਿਚ ਇਸ ਤੇ ਰਾਮਗੜ੍ਹੀਆ ਸਰਦਾਰਾਂ ਦਾ ਕਬਜ਼ਾ ਹੋ ਗਿਆ ਸੀ, ਫੇਰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਤੇ ਫਿਰ ਬ੍ਰਿਟਿਸ਼ ਕਾਲ ਵਿਚ ਇਹ ਕਿਲ੍ਹਾ ਅੰਗਰੇਜ਼ਾਂ ਦੀ ਸਮਾਰਾਜਵਾਦੀ ਨੀਤੀ ਦੀ ਭੇਟ ਚੜ ਗਿਆ ਸੀ। ਅੱਜ ਜਿੰਨ੍ਹਾਂ ਵੀ ਇਹ ਬਚਿਆ ਹੈ, ਉਸਨੂੰ ਸਾਂਭਣ ਦੀ ਲੋੜ ਹੈ।

ਚੇਤ ਮਹੀਨੇ ਦੀ ਚੌਦਸ ਨੂੰ ਹੁਸ਼ਿਆਰਪੁਰ  ਤਹਿਸੀਲ ਦੇ ਪਿੰਡ ਸਲੇਰਨ ਵਿਖੇ ਇੱਕ ਮੇਲਾ ਲਗਦਾ ਹੈ ਜਿੱਥੇ ਸੰਤ ਜੈਮਲ ਨੂੰ ਸਮਰਪਿਤ ਇੱਕ ਮਕਬਰਾ ਬਣਿਆ ਹੋਇਆ ਹੈ ਜਿਹੜਾ 1250 ਵਿਚ ਉਸਾਰਿਆ ਗਿਆ ਸੀ। ਲੋਕ ਕਥਾਵਾਂ ਅਨੁਸਾਰ ਸੰਤ ਜੈਮਲ ਇੱਕ ਫ਼ਕੀਰ ਸੀ ਜਿਹੜਾ ਇਸਲਾਮ ਦਾ ਪ੍ਰਚਾਰ ਕਰਦਾ ਸੀ ਪਰ ਇੱਥੋਂ ਦੇ ਹਿੰਦੂਆਂ ਨੇ ਉਸਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਸੀ। ਇੱਕ ਹੋਰ ਕਥਾ ਅਨੁਸਾਰ ਸੰਤ ਜੈਮਲ ਇੱਥੇ ਹੀ ਧਰਤੀ ਵਿਚ ਸਮਾ ਗਏ ਸਨ। ਇਸ ਮੇਲੇ ਉੱਤੇ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਵੀ ਬਹੁਤ ਸਾਰੇ ਲੋਕ ਆਉਂਦੇ ਹਨ।

ਹੁਸ਼ਿਆਰਪੁਰ ਵਿਚ ਵੀ ਬਾਕੀ ਪੰਜਾਬ ਵਾਂਗ ਹੀ ਬਹੁਤ ਸਾਰੇ ਮੇਲੇ ਲਗਦੇ ਹਨ। ਹੁਸ਼ਿਆਰਪੁਰ ਵਿਚ ਸੀਕਰੀ ਦਾ ਮੇਲਾ, ਰੱਖੜ ਪੁੰਨਿਆਂ ਦਾ ਮੇਲਾ, ਭੇਖੋਵਾਲ, ਰਾਮਪੁਰ ਖੇੜਾ, ਗੁਰਦੁਆਰਾ ਗਰਨਾ ਸਾਹਿਬ ਤੇ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ, ਮੁਨਕ ਕਲਾਂ ਵਿਖੇ ਹਰ ਮੱਸਿਆ-ਪੁੰਨਿਆਂ ਨੂੰ ਮੇਲੇ ਲਗਦੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ, ਗੁਰਦੁਆਰਾ ਹਰੀਆਂਵਾਲਾ, ਗੁਰਦੁਅਰਾ ਭਾਈ ਜੋਗਾ ਸਿੰਘ, ਗੁਰਦੁਆਰਾ ਭਾਈ ਮੰਝ ਜੀ ਸਾਹਿਬ ਕੰਗਮਾਈ, ਗੁਰਦੁਆਰਾ ਸ੍ਰੀ ਜ਼ਾਹਰਾ ਜ਼ਹੂਰ ਸਾਹਿਬ, ਹਰਿਗੋਬਿੰਦਪੁਰ ਹੀਰਾਂ ਵਿਖੇ ਮੌਜ਼ੂਦ ਹੈ।

ਇਸ ਤੋਂ ਇਲਾਵਾ ਟਾਂਡਾ ਉੜਮੁੜ ਵਿਖੇ ਬਾਬਾ ਬੂਟਾ ਭਗਤ ਦਾ ਮੇਲਾ ਤੇ ਮਿਆਨੀ ਅਫ਼ਗਾਨਾ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰੀ ਮੇਲਾ ਲਗਦਾ ਹੈ। ਦਸੂਹੇ ਲਾਗੇ ਪਿੰਡ ਲੋਧੀ ਚੱਕ ਵਿਖੇ ਬਾਬਾ ਭਾਹਚਾਈ ਦੀ ਜਗ੍ਹਾ ਤੇ ਹਰ ਸਾਲ ਕਵਾਲੀਆਂ ਗਾਈਆਂ ਜਾਂਦੀਆਂ ਹਨ।

'ਗੇਟਵੇ ਆਫ਼ ਕਾਂਗੜਾ' ਦੇ ਨਾਂ ਨਾਲ ਜਾਣਿਆ ਜਾਂਦਾ ਪੁਰਾਤਨ ਤੇ ਇਤਿਹਾਸਕ ਨਗਰ 'ਜੈਜੋਂ' ਜੋ ਕਿਸੇ ਵੇਲੇ ਸਮਾਜਿਕ, ਸੱਭਿਆਚਾਰਕ ਤੇ ਤਜ਼ਾਰਤੀ ਗਤੀਵਿਧੀਆਂ ਦਾ ਗੜ੍ਹ ਹੁੰਦਾ ਸੀ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮੌਜ਼ੂਦ ਹੈ। ਕਿਹਾ ਜਾਂਦਾ ਹੈ ਕਿ ਇਹ ਕਸਬਾ ਇੱਥੋਂ ਦੇ ਬਜ਼ੁਰਗ ਜ਼ੇਜੂ ਸ਼ਾਹ ਦੇ ਨਾਂ ਉੱਪਰ ਵਸਿਆ ਸੀ। 1947 ਤੋਂ ਪਹਿਲਾਂ ਇੱਥੇ ਹਰ ਜ਼ਾਤ, ਮਜ਼ਹਬ, ਫਿਰਕੇ, ਕੰਮ ਤੇ ਜਮਾਤ ਦੇ ਲੋਕ ਇੱਥੇ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਸਨ। ਕਹਿੰਦੇ ਨੇ ਕਿ ''ਬਜਵਾੜਿਓਂ ਕੋਠੇ ਚੜੀ ਬੱਕਰੀ ਕੋਠੇ ਦਰ ਕੋਠੇ ਹੁੰਦੀ ਜੈਜੋਂ ਜਾ ਉੱਤਰਦੀ ਸੀ।''

ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਇਹ ਨਗਰ ਵੱਖੋ-ਵੱਖਰੀਆਂ ਵਪਾਰਕ ਚੀਜ਼ਾਂ ਪ੍ਰਦਾਨ ਕਰਨ ਕਰਕੇ ਸਮੁੱਚੇ ਭਾਰਤ ਵਿਚ ਪ੍ਰਸਿੱਧ ਸੀ। ਇੱਥੋਂ ਧਾਗੇ, ਕੱਪੜੇ, ਸੂਤੀ ਕੱਪੜੇ, ਵੰਗਾਂ, ਦੇਸੀ ਜੁੱਤੀਆਂ ਤੇ ਬਾਰੀਕ ਰੇਤਾ ਜਿਸਨੂੰ ਸਿਲਕਾ ਪੱਥਰ ਵੀ ਕਿਹਾ ਜਾਂਦਾ ਸੀ, ਦਾ ਵਪਾਰ ਹੁੰਦਾ ਸੀ। ਜੈਜੋਂ ਦੇ ਪੇੜੇ ਅੱਜ ਵੀ ਬਹੁਤ ਮਸ਼ਹੂਰ ਹਨ। ਪਰ ਅੱਜ, ਆਪਣਿਆਂ ਤੇ ਸਰਕਾਰਾਂ ਦੀ ਬੇਮੁੱਖਤਾ ਕਰਕੇ ਜੈਜੋਂ ਸਿਰਫ਼ ਇਤਿਹਾਸਕ ਵਰਕਿਆਂ ਵਿਚ ਸਿਮਟ ਕੇ ਰਹਿ ਗਿਆ ਹੈ।

ਕਿਹਾ ਜਾਂਦਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਪੜਾਕੂ ਹੁੰਦੇ ਹਨ ਤੇ ਹੈਗੇ ਵੀ ਨੇ ਕਿਉਂਕਿ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ ਹੈ। ਇੱਥੋਂ ਦੇ ਲੋਕਾਂ ਦਾ ਸੁਭਾਅ ਨਰਮ ਤੇ ਸ਼ਾਂਤਮਈ ਮੰਨਿਆ ਜਾਦਾ ਹੈ ਕਿਉਂਕਿ ਦੋਹਾਂ ਪਾਸਿਆਂ ਤੋਂ ਦਰਿਆਵਾਂ ਨਾਲ ਘਿਰਿਆ ਹੋਣ ਕਰਕੇ ਇਹ ਇਲਾਕਾ ਹਮਲਾਵਾਰਾਂ ਤੋਂ ਸੁਰੱਖਿਅਤ ਰਿਹਾ। ਪਰ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੱਬਰ ਅਕਾਲੀ ਲਹਿਰ ਦਾ ਗੜ੍ਹ ਦੁਆਬਾ ਸੀ।

ਇਹ ਲਹਿਰ ਮੁੱਖ ਰੂਪ ਵਿਚ ਹੁਸ਼ਿਆਰਪੁਰ ਤੇ ਜਲੰਧਰ ਵਿਚ ਕੇਂਦਰਿਤ ਰਹੀ। ਬੱਬਰ ਬਾਬਾ ਹਰਬੰਸ ਸਿੰਘ (ਛੋਟੇ ਨੰਗਲ ਤੋਂ) ਅਤੇ ਧੰਨਾ ਸਿੰਘ ਬੱਬਰ (ਬਹਿਬਲ ਕਲਾਂ) ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਪੜ੍ਹੇ ਲਿਖੇ ਹਨ ਪਰ ਜ਼ਮੀਨਾਂ ਥੋੜ੍ਹੀਆਂ ਹੋਣ ਕਰਕੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿਚ ਗਏ ਹੋਏ ਹਨ। ਵਿਦੇਸ਼ ਜਾਣ ਦਾ ਸਿਲਸਿਲਾ ਲਗਪਗ 100 ਸਾਲ ਪਹਿਲਾਂ ਦੁਆਬੇ ਵਿਚੋਂ ਹੀ ਸ਼ੁਰੂ ਹੋਇਆ ਸੀ ਤੇ ਦੁਆਬੇ ਵਾਲਿਆਂ ਨੇ ਬਾਹਰਲੇ ਮੁਲਕਾਂ ਵਿਚ ਮੱਲਾਂ ਵੀ ਬਹੁਤ ਮਾਰੀਆਂ ਹਨ। ਕਹਿੰਦੇ ਨੇ ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਹਨ। ਹੁਸ਼ਿਆਰਪੁਰੀਆਂ ਨੇ ਕੈਨੇਡਾ ਦੀ ਪਾਰਲੀਮੈਂਟ ਤੱਕ ਨੂੰ ਸਰ ਕਰ ਲਿਆ ਹੈ। ਕੈਨੇਡਾ ਵਿਚ 5 ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਨ ਜਿਨ੍ਹਾਂ ਵਿਚ:-
1. ਹਰਜੀਤ ਸਿੰਘ ਸੱਜਣ, ਪਿੰਡ ਬੰਬੇਲੀ, ਤਹਿ. ਮਾਹਲਪੁਰ।
2. ਨਵਦੀਪ ਸਿੰਘ ਬੈਂਸ, ਪਿੰਡ ਬੰਬੇਲੀ, ਮਾਹਲਪੁਰ।
3. ਅੰਜੂ ਢਿੱਲੋਂ ਗੜ੍ਹਦੀਵਾਲਾ ਤੋਂ।
4. ਹੁਸ਼ਿਆਰਪੁਰ ਦੇ ਵਿਜੇ ਨਗਰ ਦੇ ਰਹਿਣ ਵਾਲੇ ਰੂਬੀ ਸਹੋਤਾ।
5. ਸੁੱਖ ਧਾਲੀਵਾਲ, ਜਿਨ੍ਹਾਂ ਦਾ ਬਚਪਨ ਤਲਵਾੜਾ, ਤਹਿ. ਮੁਕੇਰੀਆਂ ਵਿਚ ਬੀਤਿਆ ਸੀ, ਦੇ ਨਾਂ ਜ਼ਿਕਰਯੋਗ ਹਨ।

ਗੁਰੂ ਘਰ ਦੇ ਸੇਵਕ ਭਾਈ ਮੰਝ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ-
''ਮੰਝ ਪਿਆਰਾ ਗੁਰੂ ਕੋ
ਗੁਰੂ ਮੰਝ ਪਿਆਰਾ
ਮੰਝ ਗੁਰੂ ਬੋਹਿਥਾ
ਜੱਗ ਲੰਘਣਹਾਰਾ''
ਵੀ ਹੁਸ਼ਿਆਰਪੁਰ ਦੇ ਪਿੰਡ ਕੰਗਮਾਈ ਦੇ ਵਾਸੀ ਸਨ।

ਪੰਜਾਬ ਦੇ ਹੀ ਨਹੀਂ, ਸੰਸਾਰ ਵਿਚ ਵਸਦੇ ਲੋਕਾਂ ਦੇ ਦਿਲਾਂ ਦੀ ਧੜਕਣ, ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਹੁਰਾਂ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਬਜਰੌਰ ਵਿਚ ਹੋਇਆ ਸੀ।

ਸੰਗੀਤ ਘਰਾਣਾ ਸ਼ਿਆਮ ਚੁਰਾਸੀ ਤੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਸੰਬੰਧ ਵੀ ਹੁਸ਼ਿਆਰਪੁਰ ਨਾਲ ਜੁੜਦਾ ਹੈ।

ਰਵੀ ਸਿੰਘ ਖ਼ਾਲਸਾ ਏਡ, ਜਿਨ੍ਹਾਂ ਨੂੰ ਦੁਨੀਆਂ ਜਾਣਦੀ ਹੈ, ਤੁਆਰਫ਼ ਕਰਵਾਉਂਣ ਦੀ ਵੀ ਲੋੜ ਨਹੀਂ, ਉਹ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੰਮਪਲ ਹਨ। ਪ੍ਰੋ: ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਜ਼ਿੰਦਗੀ ਦਾ ਵੱਡਾ ਸਮਾਂ ਗੜਦੀਵਾਲ ਵਿਖੇ ਗੁਜ਼ਾਰਿਆ, ਉੱਥੇ ਹੀ ਖਾਲਸਾ ਕਾਲਜ ਵਿਚ ਉਹ ਬਤੌਰ ਅੰਗਰੇਜ਼ੀ ਦੇ ਪ੍ਰੋਫੈਸਰ ਉਹ ਪੜਾਉਂਦੇ ਰਹੇ।

ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹਾ ਜਿੱਥੇ ਅੰਬਾਂ ਦੇ ਬਾਗਾਂ ਕਰਕੇ ਮਸ਼ਹੂਰ ਹੈ, ਉੱਥੇ ਹੀ ਬਜਵਾੜੇ ਦੇ ਘੋੜੇ, ਜ਼ਿਨ੍ਹਾਂ ਦਾ ਜ਼ਿਕਰ ਅਪੰਦਨੇ-ਅਕਬਰੀ ਵਿਚ ਵੀ ਆਉਂਦਾ ਹੈ, ਹੁਸ਼ਿਆਰਪੁਰ ਦੇ ਨਕਲੀਏ, ਦਸੂਹੇ ਦੇ ਚੌਲ, ਜੈਜੋਂ ਦੇ ਪੇੜ, ਪੌਂਗ ਡੈਮ ਆਪ ਆਪਣੀ ਖ਼ਾਸ ਮਹੱਤਤਾ ਰੱਖਦੇ ਹਨ।

ਅਖ਼ੀਰ ਤੇ ਹੁਸ਼ਿਆਰਪੁਰ ਜ਼ਿਲੇ ਬਾਰੇ ਡਾ. ਮਹਿੰਦਰ ਸਿੰਘ ਰੰਧਾਵਾ ਦੇ ਇਨ੍ਹਾਂ ਸ਼ਬਦਾਂ ਨਾਲ ਅੱਜ ਦੇ ਏਸ ਲਿਖਤ ਦੇ ਸਿਖ਼ਰ ਵੱਲ ਵੱਧਦੇ ਹਾਂ-
''ਸਾਡੇ ਹੁਸ਼ਿਆਰਪੁਰੀਆਂ ਦੇ ਬਹਿਸ਼ਤ ਵਿਚ ਤਾਂ ਮਿੱਠੇ ਅੰਬ ਹੀ ਹਨ ਤੇ ਇਨ੍ਹਾਂ ਨੂੰ ਕਿਹੜੀ ਚੀਜ਼ ਮਾਤ ਕਰ ਸਕਦੀ ਹੈ? ਸਾਡੇ ਮੁਸਲਮਾਨ ਭਰਾਵਾਂ ਨੂੰ, ਪਤਾ ਨਹੀਂ ਅਗਲੇ ਜਨਮ 'ਚ ਹੂਰਾਂ ਲੱਭਣ ਕਿ ਨਾ ਲੱਭਣ ਪਰ ਸਾਡਾ ਬਹਿਸ਼ਤ ਤਾਂ ਸਾਡੇ ਕੋਲ ਹੈ ਤੇ ਹਰ ਤੀਸਰੇ ਸਾਲ ਸਾਵਣ ਭਾਦਰੋਂ ਦਿਆਂ ਮਹੀਨਿਆਂ ਵਿਚ ਅਸੀਂ ਇਨ੍ਹਾਂ ਨੂੰ ਮਾਣ ਸਕਦੇ ਹਾਂ। ਕੰਮ ਤੇ ਫ਼ਿਕਰਾਂ ਦੇ ਭੰਨੇ ਹੋਏ ਤੇ ਸ਼ਹਿਰਾਂ ਤੋਂ ਅੱਕੇ ਹੋਏ ਆਦਮੀ ਮੈਥੋਂ ਪੁੱਛਦੇ ਹਨ ਕਿ ਸਾਡੀ ਬਿਮਾਰੀ ਦਾ ਕੀ ਇਲਾਜ਼ ਹੈ ਤੇ ਸਾਡੀ ਰੂਹ ਨੂੰ ਸਕੂਨ ਕਿਵੇਂ ਹੋਵੇ? ਇਨ੍ਹਾਂ ਨੂੰ ਮੈਂ ਇਹੋ ਸਲਾਹ ਦਿੰਦਾ ਹਾਂ ਕਿ ਜਾਓ ਹੁਸ਼ਿਆਰਪੁਰ ਦੇ ਬਾਗਾਂ 'ਚ ਅੰਬ ਚੂਪੋ ਤੇ ਭੁੱਲ ਜਾਓ ਕਿ ਤੁਸੀਂ ਪੜ੍ਹੇ ਲਿਖੇ ਹੋ...।''

ਹਰਪ੍ਰੀਤ ਕੌਰ ਢੱਡਾ
8284961771