ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਬਣਾਉਣ ਵਿਸ਼ਵ ਸਿੱਖ ਕਮੇਟੀ : ਪੁਰੇਵਾਲ, ਖ਼ਾਲਸਾ

ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਬਣਾਉਣ ਵਿਸ਼ਵ ਸਿੱਖ ਕਮੇਟੀ : ਪੁਰੇਵਾਲ, ਖ਼ਾਲਸਾ

ਅਕਾਲ ਤਖ਼ਤ  ਤੋਂ ਪਾਖੰਡੀ ਸਾਧਾਂ ਬਾਰੇ ਸਿਖ ਲੀਡਰਸ਼ਿਪ ਤੇ ਸਿਆਸਦਾਨਾਂ ਨੂੰ ਆਦੇਸ਼ ਜਾਰੀ ਕਰਨ  ਕਿ ਉਹ  ਡੇਰਿਆਂ ਵਿਚ ਨਾ ਜਾਣ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ : ਯੂਕੇ ਤੋਂ ਆਏ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਪ੍ਰਰੈੱਸ ਕਾਨਫਰੰਸ ਰਾਹੀਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਵਿਸ਼ਵ ਸਿੱਖ ਕਮੇਟੀ ਦੀ ਸਥਾਪਨਾ ਕਰਨ ਜੋ ਇਹ ਮਸਲੇ ਲੈ ਕੇ ਭਾਰਤ ਸਰਕਾਰ ਨਾਲ ਗੱਲਬਾਤ ਕਰੇ। ਇਸ ਸਬੰਧੀ ਅਕਾਲ ਤਖ਼ਤ ਵੱਲੋਂ ਗੁਰਦੁਆਰਿਆਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਸ ਮੁੱਦੇ ਬਾਰੇ ਮਤੇ ਪਾਸ ਕਰ ਕੇ ਅਕਾਲ ਤਖ਼ਤ ਸਾਹਿਬ ਭੇਜੇ ਜਾਣ। ਕਾਨਫਰੰਸਾਂ ਕਰ ਕੇ ਸੰਗਤ ਨੂੰ ਜਾਗਰੂਕ ਕੀਤਾ ਜਾਵੇ। ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਤੇ ਹੋਰ ਪੱਛਮੀ ਦੇਸ਼ਾਂ ਵਿਚ ਆਪਣਾ ਕੇਸ ਰੱਖ ਕੇ ਭਾਰਤ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਪੋ੍ਗਰਾਮ ਵਿਚ ਸਿੱਖ ਪੱਖੀ ਹਿੰਦੂ ਸੰਤਾਂ, ਬੁਧੀਜੀਵੀਆਂ, ਬੁੱਧ ਧਰਮ, ਦਲਿਤ ਆਗੂਆਂ, ਸਿਆਸੀ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣੀ ਲੋਕ ਨਿਆਂ ਦੇ ਵਿਰੁੱਧ ਹੈ। ਉਹ ਹੁਣ ਤੱਕ 8 ਵਾਰ ਉਹ ਪੈਰੋਲ 'ਤੇ ਬਾਹਰ ਆ ਚੁੱਕਾ ਹੈ ਜਦਕਿ ਆਪਣੀਆਂ ਸਾਰੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕੇਸ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।

ਪੁਰੇਵਾਲ ਤੇ ਖ਼ਾਲਸਾ ਨੇ ਕਰਤਾਰਪੁਰ ਸਾਹਿਬ ਦੀ ਘਟਨਾ ਬਾਰੇ ਕਿਹਾ ਕਿ ਇਸ ਘਟਨਾ ਬਾਰੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਨੇ ਸਥਿਤੀ ਸਪੱਸ਼ਟ ਕਰ ਕੇ ਯੋਗ ਕਾਰਜ ਕੀਤਾ ਹੈ ਕਿ ਵਿਵਾਦਤ ਚਰਚਿਤ ਪਾਰਟੀ ਗੁਰਦੁਆਰਾ ਸਾਹਿਬ ਤੋਂ ਡੇਢ-ਦੋ ਕਿਲੋਮੀਟਰ ਦੂਰ ਵੱਖਰੇ ਕੰਪਲੈਕਸ ਵਿਚ ਹੋਈ ਸੀ। ਉਹ ਪਾਕਿਸਤਾਨ ਦੀ ਗੁਰਦੁਆਰਾ ਕਾਰ ਸੇਵਾ ਕਮੇਟੀ ਦੇ ਮੈਂਬਰ ਰਹੇ ਹਨ, ਉਹ ਪੂਰੀ ਤਰ੍ਹਾਂ ਇਸ ਘਟਨਾ ਬਾਰੇ ਵਾਕਫ ਹਨ ਕਿ ਗੁਰਦੁਆਰੇ 'ਚ ਅਜਿਹੀ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਮੀਡੀਆ 'ਤੇ ਲੀਡਰਾਂ ਨੂੰ ਅਜਿਹੀ ਘਟਨਾ ਦੀ ਪਰਖ ਕਰਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਖੰਡੀ ਸਾਧਾਂ ਬਾਰੇ ਪੰਥਕ ਲੀਡਰਸ਼ਿਪ ਤੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੂੰ ਆਦੇਸ਼ ਜਾਰੀ ਹੋਣੇ ਚਾਹੀਦੇ ਹਨ ਕਿ ਉਹ ਪਾਖੰਡੀ, ਗੁਰੂ ਡੰਮੀ ਡੇਰਿਆਂ ਵਿਚ ਨਾ ਜਾਣ।

ਇਸ ਮੌਕੇ ਸੰਤੋਖ ਸਿੰਘ, ਮਨਜੀਤ ਸਿੰਘ ਗੱਤਕਾ ਮਾਸਟਰ ਸਾਹਿਬ ਸਿੰਘ ਆਰਟਿਸਟ, ਸੰਦੀਪ ਸਿੰਘ ਚਾਵਲਾ,   ਕਮਲਚਰਨਜੀਤ ਸਿੰਘ ਹੈਪੀ, ਬਾਵਾ ਖਰਬੰਦਾ, ਹਰਦੇਵ ਸਿੰਘ ਗਰਚਾ, ਹਰਿਭਜਨ ਸਿੰਘ ਬੈਂਸ, ਹਰਪ੍ਰਰੀਤ ਸਿੰਘ, ਦਲਬੀਰ ਸਿੰਘ ਰਿਹਾੜ, ਇੰਦਰਜੀਤ ਸਿੰਘ ਚੱਡਾ, ਨਵਤੇਜ ਸਿੰਘ ਟਿੰਮੀ, ਦਵਿੰਦਰ ਸਿੰਘ ਆਨੰਦ, ਸੰਦੀਪ ਸਿੰਘ ਚਾਵਲਾ, ਵਾਲੀਆ, ਗੁਰਮਤਿ ਕਾਲਜ ਸੁਰਜੀਤ ਸਿੰਘ ਸੇਵਕ ਗੁਰਮਤਿ ਸੰਗੀਤ ਵਿਦਿਆਲਿਆਂ ਆਦਿ ਹਾਜ਼ਰ ਸਨ।