ਅਮਰੀਕਾ 'ਚ  ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਧੀ

ਅਮਰੀਕਾ  'ਚ  ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਧੀ

 *ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 45 ਲੱਖ ਦਾ  ਹੋਇਆ ਵਾਧਾ

  ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿੰਗਟਨ : ਅਮਰੀਕਾ ਵਿਖੇ ਇਸ ਸਾਲ ਅਕਤੂਬਰ ਮਹੀਨੇ ਤੱਕ ਕਾਨੂੰਨੀ ਅਤੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 5 ਕਰੋੜ ਦੇ ਕਰੀਬ ਪਹੁੰਚ ਗਈ ਹੈ। ਇਕ ਸਟੱਡੀ ਮੁਤਾਬਕ ਇਸ ਅੰਕੜੇ 'ਚ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 45 ਲੱਖ ਦਾ ਵਾਧਾ ਹੋਇਆ ਹੈ। ਹੁਣ ਦੇਸ਼ ਵਿਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ 15 ਫ਼ੀਸਦੀ ਹਿੱਸਾ ਹੈ। 

ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹਰ ਮਹੀਨੇ ਔਸਤਨ 1,37,000 ਦੇ ਹਿਸਾਬ ਨਾਲ ਦੇਸ਼ ਵਿਚ ਵਿਦੇਸ਼ੀ ਨਾਗਰਿਕਾਂ ਦੀ ਆਬਾਦੀ ਵਧੀ ਹੈ, ਜਦਕਿ ਟਰੰਪ ਦੇ ਕਾਰਜਕਾਲ ਸਮੇਂ ਇਹ ਅੰਕੜਾ 42,000 ਦੇ ਕਰੀਬ ਸੀ। ਇਸ ਵਧਦੀ ਹੋਈ ਆਬਾਦੀ ਵਿਚ ਵੱਡਾ ਹਿੱਸਾ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦਾ ਹੈ। ਇਸ ਵਿਦੇਸ਼ੀ ਆਬਾਦੀ ਦਾ ਲਗਭਗ 75 ਫ਼ੀਸਦੀ ਹਿੱਸਾ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਰਹਿ ਰਿਹਾ ਹੈ। 

ਇਸ ਆਬਾਦੀ ਵਿਚ ਸਭ ਤੋਂ ਵੱਡਾ ਹਿੱਸਾ ਦੱਖਣੀ ਅਮਰੀਕਾ, ਸੈਂਟਰਲ ਅਮਰੀਕਾ, ਕੈਰੇਬੀਅਨ ਖੇਤਰ ਅਤੇ ਮਿਡਲ ਈਸਟ ਤੋਂ ਆਏ ਹੋਏ ਵਿਦੇਸ਼ੀ ਨਾਗਰਿਕਾਂ ਦਾ ਹੈ। ਦੱਖਣੀ ਅਮਰੀਕਾ ਤੋਂ ਆਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਸਾਲ 2021 ਤੋਂ ਬਾਅਦ 29 ਲੱਖ ਤੱਕ ਵਧੀ ਹੈ।