ਔਰਤ ਨਾਲ ਵਹਿਸ਼ੀਆਨਾ ਕੁੱਟਮਾਰ ਕਰਨ ਦੇ ਮਾਮਲੇ 'ਚ ਕਾਂਗਰਸੀ ਕੌਂਸਲਰ ਸਮੇਤ 10 ਖਿਲਾਫ ਮਾਮਲਾ ਦਰਜ; 6 ਗ੍ਰਿਫਤਾਰ

ਔਰਤ ਨਾਲ ਵਹਿਸ਼ੀਆਨਾ ਕੁੱਟਮਾਰ ਕਰਨ ਦੇ ਮਾਮਲੇ 'ਚ ਕਾਂਗਰਸੀ ਕੌਂਸਲਰ ਸਮੇਤ 10 ਖਿਲਾਫ ਮਾਮਲਾ ਦਰਜ; 6 ਗ੍ਰਿਫਤਾਰ

ਮੁਕਤਸਰ ਸਾਹਿਬ: ਬੀਤੇ ਕੱਲ੍ਹ ਸੋਸ਼ਲ ਮੀਡੀਆ 'ਤੇ ਕੁੱਝ ਮੁੰਡਿਆਂ ਵੱਲੋਂ ਇੱਕ ਔਰਤ ਦੀ ਜ਼ਾਲਮਾਨਾ ਢੰਗ ਨਾਲ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਔਰਤ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਦਰਅਸਲ ਸਥਾਨਕ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ ਸੰਨੀ ਚੌਧਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੜਾ ਗੁੱਜਰ ਇਲਾਕੇ ਦੀ ਵਾਸੀ ਮੀਨਾ ਰਾਣੀ ਪਤਨੀ ਬਲਵਿੰਦਰ ਸਿੰਘ ਨੂੰ ਉਸਦੇ ਘਰ ਵਿੱਚੋਂ ਧੂਹ ਕੇ ਸੜਕ ਵਿੱਚ ਸ਼ਰੇਆਮ ਕੁੱਟਿਆ। ਇਸ ਕੁੱਟਮਾਰ ਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਹ ਕੁੱਟਮਾਰ ਐਨੀ ਜ਼ਾਲਮਾਨਾ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬਦੀ ਸੀ। ਤਿੰਨ ਚਾਰ ਨੌਜਵਾਨ ਇੱਕ ਔਰਤ ਨੂੰ ਚਮੜੇ ਦੀਆਂ ਬੈਲਟਾਂ ਮਾਰ ਰਹੇ ਸਨ ਤੇ ਥੱਪੜ, ਮੁੱਕੇ, ਲੱਤਾਂ ਮਾਰਦਿਆਂ ਕੁੱਟ ਰਹੇ ਸਨ। ਇਸ ਦੌਰਾਨ ਜੋ ਔਰਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਸਨ ਉਹਨਾਂ ਨੂੰ ਵੀ ਇਹਨਾਂ ਮੁੰਡਿਆਂ ਵੱਲੋਂ ਕੁੱਟਿਆ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਮਾਮਲਾ ਪੈਸੇ ਦੇ ਲੈਣ ਦੇਣ ਦਾ ਸੀ, ਪਰ ਕਾਂਗਰਸੀ ਕੌਂਸਲਰ ਦੇ ਭਰਾ ਵੱਲੋਂ ਕੀਤੀ ਗਈ ਸ਼ਰੇਆਮ ਗੁੰਡਾਗਰਦੀ 'ਤੇ ਸਾਰਾ ਪੰਜਾਬ ਥੂ-ਥੂ ਕਰ ਰਿਹਾ ਹੈ। 

ਲੋਕਾਂ ਵਿੱਚ ਬਦਨਾਮੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਘਟਨਾ ਸਬੰਧੀ ਦਰਜ ਕੀਤੀ ਰਿਪੋਰਟ ਦੀ ਫੋਟੋ ਵੀ ਪਾਈ। 

ਪੁਲਿਸ ਨੇ ਮੀਨਾ ਰਾਣੀ ਦੇ ਬਿਆਨਾਂ ਦੇ ਅਧਾਰ 'ਤੇ 10 ਦੋਸ਼ੀਆਂ ਖਿਲਾਫ ਧਾਰਾ 307, 452, 354, 354ਬੀ, 148, 149, 506, 323, 120ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਵਿੱਚੋਂ ਸਨੀ ਚੌਧਰੀ ਪੁੱਤਰ ਸੋਹਨ ਲਾਲ, ਰੂਪ ਲਾਲ ਪੁੱਤਰ ਸੋਹਨ ਲਾਲ, ਸੁਰੇਸ਼ ਚੌਧਰੀ ਪੁੱਤਰ ਸੋਹਨ ਲਾਲ, ਗੁੱਡੀ ਪਤਨੀ ਸੋਹਨ ਲਾਲ, ਸੇਖੂ ਪੁੱਤਰ ਬਿੱਲਾ, ਜੈਬੋ ਪੁੱਤਰ ਲਛਮਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਕੌਂਸਲਰ ਰਾਕੇਸ਼ ਚੌਧਰੀ ਪੁੱਤਰ ਸੋਹਨ ਲਾਲ, ਹਸਨ ਪੁੱਤਰ ਸਨੀ, ਰੇਨੂੰ ਪਤਨੀ ਸਨੀ ਚੌਧਰੀ ਅਤੇ ਜੋਤੀ ਪਤਨੀ ਰਕੇਸ਼ ਚੌਧਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ