ਬਾਲੀਵੁੱਡ ਵਿਚ ਸਰਦਾਰ ਪਾਤਰ ਪ੍ਰਤੀ ਫਿਰਕਾਪ੍ਰਸਤੀ ਕਿਉਂ?

ਬਾਲੀਵੁੱਡ ਵਿਚ ਸਰਦਾਰ ਪਾਤਰ ਪ੍ਰਤੀ ਫਿਰਕਾਪ੍ਰਸਤੀ ਕਿਉਂ?

ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਵਿਚ ਵੀ ਦਸਤਾਰ ਵਾਲੇ ਪਾਤਰ ਨਜ਼ਰੀਂ ਪਏ। ਬਹੁਤ ਸਾਰਿਆਂ ਨੇ ਸਰਦਾਰ ਪਾਤਰ ਵਾਲੀਆਂ ਫ਼ਿਲਮਾਂ ਵਿਚ ਉਨ੍ਹਾਂ ਦੀ ਸੁੂਰਮਗਤੀ, ਕੰਮ ਕਰਨ ਦੀ ਭਾਵਨਾ, ਦੇਸ਼ ਪਿਆਰ ਅਤੇ ਵੈਰੀ ਦੇ ਛੱਕੇ ਛੁਡਾਉਣ ਵਾਲੇ ਕਿੱਸੇ ਦੇਖੇ ਪਰ ਬਹੁਤ ਫ਼ਿਲਮਕਾਰਾਂ ਨੇ ਸਰਦਾਰ ਪਾਤਰ ਨੂੰ ਬੜੇ ਹਲਕੇ ਢੰਗ ਨਾਲ ਵੀ ਲਿਆ। 

ਜੌਹਨ ਗਲੇਨ ਦੀ ਫ਼ਿਲਮ 'ਔਕਟੋਪਸੀ' (1983) ਵਿਚ ਕਬੀਰ ਬੇਦੀ (ਗੋਬਿੰਦਾ) ਇਕ ਅਹਿਮ ਕਿਰਦਾਰ ਨਿਭਾਉਂਦਾ ਦਿਖਾਈ ਦਿੰਦਾ ਹੈ। ਆਪਣੀ ਤਲਵਾਰ ਨਾਲ ਉਹ ਦੁਸ਼ਮਣ ਦੇ ਛੱਕੇ ਛੁਡਾ ਦਿੰਦਾ ਹੈ। ਇਸੇ ਤਰ੍ਹਾਂ ਇਸਾਬੇਲ ਕੋਈਕਸੈਟ ਦੀ ਫ਼ਿਲਮ 'ਲਰਨਿੰਗ ਟੂ ਡਰਾਈਵ' (2014) ਵਿਚ ਬੇਨ ਕਿੰਗਸਲੇ (ਦਰਵਾਨ ਸਿੰਘ ਤੂਰ) ਹੈ, ਜੋ ਕਿ ਸਿੱਖ ਡਰਾਈਵਰ ਹੈ ਅਤੇ ਫ਼ਿਲਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾਂ, ਅਤੇ ਹੋਰ ਸਰਦਾਰ ਪਾਤਰ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਪੌਲ ਵਰਹੋਵੇਨ ਦੀ ਫ਼ਿਲਮ 'ਰੋਬੋਕੌਪ' (1987) ਵਿਚ ਵੀ ਸਰਦਾਰ ਪਾਤਰ ਦਿਖਾਈ ਦਿੰਦਾ ਹੈ। ਇਸ ਦਾ ਭਾਵ ਹੈ ਕਿ ਸਰਦਾਰ ਪਾਤਰ ਹਾਲੀਵੁੱਡ ਵਿਚ ਵੀ ਆਪਣੀ ਹੋਂਦ ਰੱਖਦੇ ਹਨ।

ਆਮ ਤੌਰ ਉੱਤੇ ਸਾਡੇ ਦੱਖਣੀ ਜਾਂ ਪੂਰਬੀ ਭਾਰਤੀਆਂ ਨੂੰ ਇਹ ਲਗਦਾ ਹੈ ਕਿ ਸਾਰੇ ਸਰਦਾਰ ਇਕ ਜਿਹੇ ਹੀ ਹੁੰਦੇ ਹਨ। ਇਸ ਗੱਲ ਨੂੰ ਮੂਹਰੇ ਰੱਖ ਕੇ ਕੋਈ ਵੀ ਕਿਰਦਾਰ ਜੇ ਉਸ ਨੇ ਭੇਸ ਬਦਲਣਾ ਹੋਵੇ, ਤਾਂ ਉਹ ਸਰਦਾਰ ਬਣ ਜਾਂਦੇ ਸਨ ਅਤੇ ਨਾਇਕ/ਖਲਨਾਇਕ/ਸਕੇ/ਸੰੰਬੰਧੀ ਨੂੰ ਇਸ ਬਦਲਵੇਂ ਭੇਸ ਵਿਚ ਧੋਖਾ ਦੇਣ ਵਿਚ ਸਫ਼ਲ ਹੋ ਜਾਂਦੇ ਹਨ। ਜਿਵੇਂ ਸੱਤਿਅਨ ਬੋਸ ਦੀ ਫ਼ਿਲਮ 'ਜੀਵਨ ਮ੍ਰਿਤੂ' (1970) ਵਿਚ ਧਰਮਿੰਦਰ (ਬਿਕਰਮ ਸ਼ੇਰ ਸਿੰਘ) ਭੇਸ ਬਦਲ ਕੇ ਗੁੰਡਿਆਂ ਦਾ ਖ਼ਾਤਮਾ ਕਰਦਾ ਹੈ ਅਤੇ ਰਾਮਾਨੰਦ ਸਾਗਰ ਦੀ ਫ਼ਿਲਮ 'ਚਰਸ' (1976) ਵਿਚ ਧਰਮਿੰਦਰ (ਸੂਰਜ) ਭੇਸ ਬਦਲ ਕੇ ਸਮਗਲਰਾਂ ਨੂੰ ਧੋਖਾ ਦਿੰਦਾ ਹੈ।

'ਸੁਹਾਗ' (ਮਨਮੋਹਨ ਦੇਸਾਈ 1979) ਵਿਚ ਅਮਿਤਾਭ ਬਚਨ ਸਰਦਾਰ ਦਾ ਭੇਸ ਬਦਲ ਕੇ ਗੀਤ ਗਾਉਂਦਾ ਹੈ, 'ਤੇਰੀ ਰੱਬ ਨੇ ਬਨਾ ਦੀ ਜੋੜੀ', 'ਸ਼ਾਲੀਮਾਰ' (ਕ੍ਰਿਸ਼ਨਾ ਸ਼ਾਹ, 1978) ਵਿਚ ਧਰਮਿੰਦਰ ਰਾਜਾ ਬਹਾਦਰ ਸਿੰਘ ਦਾ ਭੇਸ ਧਾਰਦਾ ਹੈ। 'ਗਹਿਰੀ ਚੋਟ' (ਅੰਬਰੀਸ਼ ਸੰਗਲ 1983) ਵਿਚ ਪ੍ਰਵੀਨ ਬਾਬੀ ਸਰਦਾਰ ਬਣ ਕੇ ਰਾਜ ਬੱਬਰ ਨੂੰ ਧੋਖਾ ਦਿੰਦੀ ਹੈ। ਅਜੈ ਕਸ਼ਿਅਪ ਦੀ ਦੋ ਕੈਦੀ (1989) ਵਿਚ ਫਰਹਾ ਆਪਣੀ ਭੈਣ ਨੀਲਮ ਨੂੰ ਲੱਭਣ ਲਈ ਪ੍ਰੇਮ ਸਿੰਘ ਬਣਦੀ ਹੈ। ਡੇਵਿਡ ਧਵਨ ਦੀ ਫ਼ਿਲਮ 'ਬੀਵੀ ਨੰਬਰ ਵੰਨ' (1991) ਵਿਚ ਅਨਿਲ ਕਪੂਰ (ਲਖਨ ਖੁਰਾਣਾ) ਸਰਦਾਰ ਬਣ ਕੇ ਆਪਣੇ ਦੋਸਤ ਪ੍ਰੇਮ ਨੂੰ ਭੁਲੇਖੇ ਵਿਚ ਰੱਖਦਾ ਹੈ। 'ਗੋਪੀ ਕਿਸ਼ਨ' (ਮੁਕੇਸ਼ ਦੁੱਗਲ 1994) ਵਿਚ ਸੁਨੀਲ ਸ਼ੈਟੀ (ਗੋਪੀ) ਭੇਸ ਬਦਲਦਾ ਹੈ ਪਰ ਫਿਰ ਸੁਨੀਲ ਸ਼ੈਟੀ (ਕਿਸ਼ਨ, ਡਬਲ ਰੋਲ ਹੈ) ਗੋਪੀ ਦੀ ਘਰਵਾਲੀ ਚੰਦਾ ਨੂੰ ਧੋਖਾ ਦਿੰਦਾ ਹੈ। 'ਹੱਦ ਕਰਦੀ ਆਪ ਨੇ' (ਮਨੋਜ ਅਗਰਵਾਲ 2000) ਵਿਚ ਗੋਵਿੰਦਾ (ਰਾਜ ਮਲਹੋਤਰਾ) ਸਰਦਾਰ ਬਣ ਕੇ ਜਹਾਜ਼ ਵਿਚ ਰਾਣੀ ਮੁਖਰਜੀ (ਅੰਜਲੀ ਖੰਨਾ) ਨੂੰ ਧੋਖੇ ਵਿਚ ਰੱਖਦਾ ਹੈ ਅਤੇ ਅੰਤ ਵਿਚ ਰਾਣੀ ਮੁਖਰਜੀ ਸਰਦਾਰ ਬਣ ਕੇ ਗੋਵਿੰਦਾ ਨੁੂੰ ਧੋਖਾ ਦਿੰਦੀ ਹੈ। ਅਨੀਸ ਬਜ਼ਮੀ ਦੀ ਫ਼ਿਲਮ 'ਨੋ ਪ੍ਰੌਬਲਮ' (2010) ਵਿਚ ਸਰਦਾਰਾਂ ਦਾ ਇਕ ਵਿਸ਼ੇਸ਼ ਸੀਨ ਰੱਖਿਆ ਗਿਆ ਹੈ। ਵਿਸਾਖੀ ਦਾ ਤਿਉਹਾਰ ਹੈ ਅਤੇ ਲਗਪਗ ਸਾਰੇ ਹੀ ਕਲਾਕਾਰ ਭੁਲੇਖਾ ਪਾਉਣ ਲਈ ਸਰਦਾਰ ਬਣ ਜਾਂਦੇ ਹਨ। ਸੰਜੇ ਦੱਤ, ਅਨਿਲ ਕਪੂਰ, ਸ਼ਕਤੀ ਕਪੂਰ, ਸੁਨੀਲ ਸ਼ੈਟੀ, ਪਰੇਸ਼ ਰਾਵਲ, ਰਣਜੀਤ, ਅਕਸ਼ੈ ਖੰਨਾ, ਮੁਕੇਸ਼ ਤਿਵਾੜੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਬੇਟੀ ਸਲੋਨੀ ਵੀ (ਟੁਕ ਟੁਕ) । ਇਕ ਗੀਤ ਵੀ ਸਮੂਹ ਸਰਦਾਰਾਂ ਨੇ ਗਾਇਆ ਹੈ, 'ਕੱਦ ਲੰਬਾ, ਚੌੜੀ ਚੈਸਟ ਚੈਸਟ, ਜਿਹੜਾ ਦੇਖੇ ਬੋਲੇ ਬੈਸਟ ਬੈਸਟ, ਓਏ ਵਾਹ ਵਾਹ ਜੱਟ ਦੀ ਨਵਾਬੀ, ਪੰਜਾਬੀ ਮਸਤ ਪੰਜਾਬੀ'। ਸਮੀਰ ਕਾਰਨਿਕ ਦੀ ਫ਼ਿਲਮ 'ਯਮਲਾ ਪਗਲਾ ਦੀਵਾਨਾ' (2011) ਵਿਚ ਵੀ ਭੇਸ ਬਦਲ ਕੇ ਬਾਬੀ ਦਿਓਲ (ਕਰਮਵੀਰ ਸਿੰਘ ਢਿੱਲੋਂ) ਅਤੇ ਧਰਮਿੰਦਰ (ਧਰਮ ਸਿੰਘ ਢਿੱਲੋਂ) ਇਹ ਕਿਰਦਾਰ ਨਿਭਾਉਂਦੇ ਹਨ। ਸੰਜੀਤ ਸ਼ਰਮਾ ਦੀ ਸਾਤ ਉਚੱਕੇ (2016) ਵਿਚ ਮਨੋਜ ਬਾਜਪਾਈ (ਪੱਪੀ) ਆਪਣੇ ਸਾਥੀਆਂ ਨਾਲ ਭੇਸ ਬਦਲ ਕੇ ਖ਼ਜ਼ਾਨਾ ਲੱਭਣ ਜਾਂਦਾ ਹੈ। ਸ਼ਾਂਤਨੂੰ ਬਾਗਚੀ ਦੀ ਫ਼ਿਲਮ 'ਮਿਸ਼ਨ ਮਜਨੂੰ' (2023) ਵਿਚ ਸਿਧਾਰਥ ਮਲਹੋਤਰਾ (ਅਮਨਦੀਪ ਸਿੰਘ ਅਤੇ ਤਾਰਿਕ) ਰਾਅ ਦਾ ਏਜੰਟ ਹੈ ਅਤੇ ਜਦੋਂ ਉਹ ਲਾਹੌਰ ਤੋਂ ਅੰਮ੍ਰਿਤਸਰ ਆਉਣ ਲਗਦਾ ਹੈ, ਤਾਂ ਉਹ ਸਰਦਾਰ ਦਾ ਭੇਸ ਧਾਰ ਕੇ ਸਭ ਨੂੰ ਧੋਖਾ ਦਿੰਦਾ ਹੈ। ਫ਼ਿਲਮ ਵਿਚ ਹੋਰ ਵੀ ਕਈ ਸਰਦਾਰ ਪਾਤਰ ਹਨ।

ਇਨ੍ਹਾਂ ਫ਼ਿਲਮਾਂ ਨੂੰ ਦੇਖਣ ਤੋਂ ਬਾਅਦ ਪਤਾ ਲਗਦਾ ਹੈ ਕਿ ਇਨ੍ਹਾਂ ਵੱਖ-ਵੱਖ ਫ਼ਿਲਮਾਂ ਵਿਚ ਸਰਦਾਰ ਪਾਤਰ ਦਿਖਾਕੇ ਸਿਖਾਂ ਦਾ ਮਜ਼ਾਕ ਉਡਾਇਆ ਗਿਆ। ਕੁਝ ਫਿਲਮਾਂ ਵਿਚ ਬਹੁਤ ਹੀ ਹਾਸੋ ਹੀਣੇ ਅਤੇ ਊਲ-ਜਲੂਲ ਹਰਕਤਾਂ ਕਰਨ ਵਾਲੇ ਸਰਦਾਰ ਪਾਤਰ ਦਿਖਾਏ ਗਏ। ਅਜਿਹੇ ਪਾਤਰਾਂ ਵਿਚ ਧਰਮੇਸ਼ ਦਰਸ਼ਨ ਦੀ 'ਰਾਜਾ ਹਿੰਦੁਸਤਾਨੀ' (1996) ਵਿਚ ਜਾਨੀ ਲੀਵਰ (ਬਲਵੰਤ ਸਿੰਘ), ਡੇਵਿਡ ਧਵਨ ਦੀ 'ਬੀਵੀ ਨੰਬਰ 1' (1999) ਵਿਚ ਅਨਿਲ ਕਪੂਰ (ਲਖਨ ਖੁਰਾਣਾ), ਡੇਵਿਡ ਧਵਨ ਦੀ 'ਕੁੰਵਾਰਾ' (2000) ਵਿਚ ਜੌਨੀ ਲੀਵਰ (ਗੋਪਾਲ ਆਹੂਜਾ), ਕੁੱਕੂ ਕੋਹਲੀ ਦੀ ਅਨਾੜੀ ਨੰਬਰ 1 (1999) ਵਿਚ ਜੌਹਨੀ ਲੀਵਰ (ਗੁਲੇਰ ਮਹਿੰਦੀ), ਰਾਜ ਕੰਵਰ ਦੀ 'ਬਾਦਲ' (2000) ਵਿਚ ਜਾਨੀ ਲੀਵਰ (ਗੁਲੇਰ ਮਹਿੰਦੀ), ਪ੍ਰਿਆਦਰਸ਼ਨ ਦੀ 'ਹੇਰਾ ਫੇਰੀ' (2000) ਵਿਚ ਓਮ ਪੁਰੀ (ਖੜਕ ਸਿੰਘ), ਡੇਵਿਡ ਧਵਨ ਦੀ 'ਚੋਰ ਮਚਾਏ ਸ਼ੋਰ' (2002) ਵਿਚ ਸ਼ੇਖਰ ਸੁਮਨ (ਗੁਰੂ) ਅਤੇ ਅਬਾਸ ਮਸਤਾਨ ਦੀ 'ਅਜਨਬੀ' (2001) ਵਿਚ ਨਰਿੰਦਰ ਬੇਦੀ (ਲਖਨਪਾਲ)। ਇਹ ਉਦਾਹਰਨਾਂ ਹਨ, ਅਜਿਹੀਆਂ ਹੋਰ ਵੀ ਬਹੁਤ ਫ਼ਿਲਮਾਂ ਹਨ।

ਅਜਿਹੀਆਂ ਫਿਲਮਾਂ ਬਣਾਉਣ ਵਾਲੇ ਫਿਰਕਾਪ੍ਰਸਤ ਹਨ ਜੋ ਸਿਖਾਂ ਦਾ ਮਜਾਕ ਉਡਾਉਣ ਵਿਚ ਆਪਣੀ ਕਾਮਯਾਬੀ ਸਮਝਦੇ ਹਨ। ਵਿਧੂ ਵਿਨੋਦ ਚੋਪੜਾ ਦੀ ਫ਼ਿਲਮ 'ਮਿਸ਼ਨ ਕਸ਼ਮੀਰ' (2000) ਵਿਚ ਸਰਦਾਰ ਪਾਤਰ ਨੁੂੰ ਬਹੁਤ ਹੀ ਡਰਪੋਕ ਦਿਖਾਇਆ ਗਿਆ । ਇਸੇ ਤਰ੍ਹਾਂ ਅਪੂਰਵਾ ਲਖੀਆ ਦੀ ਫ਼ਿਲਮ 'ਸ਼ੂਟ ਐਟ ਲੋਖੰਡਵਾਲਾ' (2007) ਵਿਚ ਜੂਨ84 ਘਲੂਘਾਰੇ ਤੋਂ ਬਾਅਦ ਕੁਝ ਸਿੱਖ ਖਾੜਕੂਆਂ ਦੇ ਮੁੰਬਈ ਵਿਚ ਬਣਾਏ ਬੇਸ ਕੈਂਪ ਨੂੰ ਖ਼ਤਮ ਕਰਨ ਅਤੇ ਉਨ੍ਹਾਂ ਦੇ ਮੁਕਾਬਲੇ ਨੂੰ ਦਿਖਾਇਆ ਗਿਆ ਹੈ। ਇਸ ਦੀ ਸਿੱਖ ਸੰਗਠਨਾਂ ਵਲੋਂ ਆਲੋਚਨਾ ਵੀ ਕੀਤੀ ਗਈ ਸੀ ਅਤੇ ਫ਼ਿਲਮ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਗਈ ਸੀ।

 

ਰਾਬਿੰਦਰ ਸਿੰਘ