ਪੰਜਾਬ ਦੀ ਕਾਨੂੰਨ-ਵਿਵਸਥਾ  ਰਸਾਤਲ ਵੱਲ ਕਿਉਂ ਤੇ ਜ਼ਿੰਮੇਵਾਰ ਕੋਣ?

ਪੰਜਾਬ ਦੀ ਕਾਨੂੰਨ-ਵਿਵਸਥਾ  ਰਸਾਤਲ ਵੱਲ ਕਿਉਂ  ਤੇ ਜ਼ਿੰਮੇਵਾਰ ਕੋਣ?

ਪੰਜਾਬ ਵਿਚ ਵਪਾਰ ਲਈ ਸੁਖਾਵੇਂ ਮਾਹੌਲ ਦਾ ਨਾ ਮਿਲਣਾ ਅਤੇ ਰੋਜ਼ਾਨਾ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਨੇ ਕਾਰੋਬਾਰੀਆਂ ਦੇ ਮਨ ਵਿਚ ਡਰ ਬਿਠਾ ਦਿੱਤਾ ਹੈ।

ਵਪਾਰੀ ਵਰਗ ਕਾਰੋਬਾਰ ਲਈ ਰਾਜ ਵਿਚ ਸ਼ਾਂਤੀ ਅਤੇ ਸੁਰੱਖਿਆ ਭਾਲਦਾ ਹੈ। ਪਰ ਇੱਥੇ ਆਏ ਦਿਨ ਵਾਪਰ ਰਹੀਆਂ ਗੋਲ਼ੀਕਾਂਡ ਦੀਆਂ ਘਟਨਾਵਾਂ ਅਤੇ ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ ਤੋਂ ਉਦਯੋਗਪਤੀ ਅਤੇ ਕਾਰੋਬਾਰੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਮੰਨ ਰਹੇ। ਅਜਿਹੀ ਹਾਲਤ ਵਿਚ ਉਹ ਰਾਜ ਵਿਚ ਪੂੰਜੀ ਨਿਵੇਸ਼ ਕਿਉਂ ਕਰਨਗੇ? ਵੱਡੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਰੰਗਦਾਰੀ ਤੇ ਅਗਵਾ ਕਰਨ ਦੀਆਂ ਧਮਕੀਆਂ ਦੇ ਕੇ ਫਿਰੌਤੀਆਂ ਮੰਗਣਾ ਇਕ ਧੰਦਾ ਬਣਦਾ ਜਾ ਰਿਹਾ ਹੈ।ਪੰਜਾਬ ਦੀ ਕਾਨੂੰਨ-ਵਿਵਸਥਾ ਏਨੀ ਤੇਜ਼ੀ ਨਾਲ ਰਸਾਤਲ ਵੱਲ ਜਾਵੇਗੀ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ। ਪੰਜਾਬ ਵਿਚ ਲਗਾਤਾਰ ਹੋ ਰਹੀਆਂ ਟਾਰਗੈਟ ਕਿਲਿੰਗ ਅਤੇ ਫਿਰੌਤੀਆਂ ਲਈ ਕਤਲ ਕਰਨ ਦੀਆਂ ਘਟਨਾਵਾਂ ਸੂਬੇ ਦੀ ਸ਼ਾਂਤੀ ਅਗੇ ਪ੍ਰਸ਼ਨ ਚਿੰਨ ਹਨ?

ਅਪਰਾਧੀਆਂ ਦੇ ਹੌਸਲੇ ਇੱਥੋਂ ਤੱਕ ਬੁਲੰਦ ਹਨ ਕਿ ਬਠਿੰਡਾ ਦੇ ਕਾਰੋਬਾਰੀ ਰੈਸਟੋਰੈਂਟ ਮਾਲਕ ਅਤੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਦੀ ਸਿਆਹੀ ਨਹੀਂ ਸੁੱਕੀ ਸੀ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਦੋ ਨੌਜਵਾਨਾਂ ਅੰਮ੍ਰਿਤਪਾਲ ਸਿੰਘ ਸਾਜਨ ਅਤੇ ਉਸ ਦੇ ਸਾਥੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਾਮ ਨਗਰ ਵਿਚ ਰਾਜੇਸ਼ ਕੁਮਾਰ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਫਿਰੌਤੀ ਨਾ ਦੇਣ ’ਤੇ ਨਕੋਦਰ ਦੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲ਼ੀਆਂ ਮਾਰ ਕੇ ਕੀਤਾ ਗਿਆ ਕਤਲ ਸੁਰਖੀਆਂ ਵਿਚ ਰਿਹਾ।

ਪੰਜਾਬ ਸੰਤਾਪ ਤੋਂ ਤਿੰਨ ਦਹਾਕਿਆਂ ਬਾਅਦ ਜਾਂ ਕਹਿ ਲਓ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਕਤਲਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਨ੍ਹਾਂ ਮਸ਼ਹੂਰ ਹਸਤੀਆਂ ਦੇ ਦਿਨ-ਦਿਹਾੜੇ ਕਤਲ, ਰਾਜ ਦੇ ਸਭ ਤੋਂ ਸੁਰੱਖਿਅਤ ਸਥਾਨ ਮੁਹਾਲੀ ਵਿਖੇ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ 9 ਮਈ 2022 ਨੂੰ ਅਤੇ 9 ਦਸੰਬਰ 2022 ਨੂੰ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਰਪੀਜੀ ਰਾਹੀਂ ਹਮਲੇ ਤੇ ਹੋਰ ਸੁਰੱਖਿਅਤ ਥਾਵਾਂ ’ਤੇ ਬੰਬ ਧਮਾਕੇ, ਨਸ਼ਿਆਂ ਦਾ ਪ੍ਰਸਾਰ ਅਤੇ ਲੁੱਟ-ਖੋਹ ਆਦਿ ਨੇ ਸੂਬੇ ਵਿਚ ਅਮਨ-ਕਾਨੂੰਨ ਨੂੰ ਭੰਗ ਕਰ ਕੇ ਅਰਾਜਕਤਾ ਵਿਚ ਵਾਧਾ ਕੀਤਾ ਪਰ ਇਸ ਸਭ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ। 

 ਜੇਲ੍ਹਾਂ ਅੰਦਰ ਅਪਰਾਧੀਆਂ ਦੇ ਹੋ ਰਹੇ ਇੰਟਰਵਿਊ ਦੇਖ ਕੇ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਪਰਦੇ ਪਿੱਛੇ ਗੈਂਗਸਟਰਾਂ ਨਾਲ ਅਪਰਾਧੀ ਦੀ ਥਾਂ ਨਾਇਕ ਵਜੋਂ ਵਰਤਾਰਾ ਕੀਤਾ ਜਾ ਰਿਹਾ ਹੈ। ਜੇਲ੍ਹਾਂ ਅੰਦਰ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਅਤੇ ਮੋਬਾਈਲ ਸਹੂਲਤਾਂ ਤੋਂ ਇਲਾਵਾ ਗੈਂਗਸਟਰਾਂ ਵੱਲੋਂ ਜੇਲ੍ਹਾਂ ਅੰਦਰ ਬੰਦ ਰਹਿ ਕੇ ਵੀ ਕਿਸੇ ਨਾ ਕਿਸੇ ਮਾਧਿਅਮ ਨਾਲ ਬਾਹਰ ਹੱਤਿਆਵਾਂ ਨੂੰ ਅੰਜਾਮ ਦੇਣਾ  ਅਤੇ ਸ਼ਰੇਆਮ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਵੀ ਚੁੱਕਣੀ ਕੀ ਇਹ ਅਪਰਾਧਕ ਅਨਸਰਾਂ ਦੀ ਸਿਆਸਤਦਾਨਾਂ ਤੇ ਅਧਿਕਾਰੀਆਂ ਨਾਲ ਸਾਂਝ ਦਾ ਪ੍ਰਮਾਣ ਨਹੀਂ? 

ਇਹ ਚਿੰਤਾ ਦੀ ਗੱਲ ਹੈ ਕਿ ਕਾਨੂੰਨ-ਵਿਵਸਥਾ ਭੰਗ ਕਰਨ ਵਿਚ ਲੱਗੇ ਗੈਂਗਸਟਰ ਨੈੱਟਵਰਕ ਨੂੰ ਸਰਹੱਦ ਪਾਰੋਂ ਦੁਸ਼ਮਣ ਤਾਕਤਾਂ ਦਾ ਖੁੱਲ੍ਹਾ ਸਮਰਥਨ ਹਾਸਲ ਹੈ।  ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸ਼ੂਟਰ ਪਿ੍ਰਯਾਵਰਤ ਉਰਫ਼ ਫ਼ੌਜੀ ਨੇ ਮੰਨਿਆ ਕਿ ਉਸ ਨੂੰ ਸਰਹੱਦ ਪਾਰ ਤੋਂ ਡ੍ਰੋਨ ਰਾਹੀਂ ਹਥਿਆਰ ਅਤੇ ਗੋਲਾ-ਬਾਰੂਦ ਮੁਹੱਈਆ ਕਰਵਾਇਆ ਗਿਆ ਸੀ।

ਕਤਲ ਦੇ ਮੁੱਖ ਸਾਜ਼ਿਸ਼ਕਰਤਾ ਤਿਹਾੜ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਕੈਨੇਡਾ ਵਿਚ ਰਹਿ ਰਿਹਾ ਸਾਥੀ ਗੈਂਗਸਟਰ ਗੋਲਡੀ ਬਰਾੜ ਹਨ। ਇਸੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਇਕ ਹੋਰ ਸ਼ੂਟਰ ਮਹਾਕਾਲ ਨੇ ਮੰਨਿਆ ਕਿ ਬਿਸ਼ਨੋਈ ਪਾਕਿਸਤਾਨ ਵਿਚ ਗੈਂਗਸਟਰ ਹਰਿੰਦਰ ਸਿੰਘ ਰਿੰਦਾ ਲਈ ਕੰਮ ਕਰਦਾ ਰਿਹਾ ਹੈ। ਜੋ ਆਈਐੱਸਆਈ ਦਾ ਚਹੇਤਾ ਰਿਹਾ।

ਪੰਜਾਬ ਅਤੇ ਮਹਾਰਾਸ਼ਟਰ ਵਿਚ ਇਸ ਵਿਰੁੱਧ 27 ਤੋਂ ਵੱਧ ਅਪਰਾਧਕ ਮਾਮਲੇ ਦਰਜ ਸਨ। ਗਾਇਕ ਪਰਮੀਸ਼ ਵਰਮਾ ’ਤੇ ਹਮਲਾ ਕਰਨ ਵਾਲਾ ਦਿਲਪ੍ਰੀਤ ਸਿੰਘ ਬਾਬਾ ਅਤੇ ਪੱਛਮੀ ਬੰਗਾਲ ਦੇ ਕਲਕੱਤਾ ਵਿਚ ਐਨਕਾਊਂਟਰ ਦੌਰਾਨ ਮਾਰਿਆ ਗਿਆ ਬਦਨਾਮ ਗੈਂਗਸਟਰ ਜੈਪਾਲ ਭੁੱਲਰ ਵਰਗੇ ਰਿੰਦਾ ਦੇ ਕਰੀਬੀ ਸਾਥੀਆਂ ਵਿਚ ਸ਼ਾਮਲ ਸਨ।

ਇੱਥੇ ਹੀ ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਗੈਂਗਸਟਰਾਂ ਵੱਲੋਂ ਹੁਣ ਡਰੱਗ ਮਾਰਕੀਟ ਨੂੰ ਸੰਭਾਲ ਲੈਣ ਨਾਲ ਪੰਜਾਬ ਵਿਚ ਨਸ਼ਾ ਤਸਕਰੀ ਵਧ ਰਹੀ ਹੈ। ਗੈਂਗਸਟਰ, ਸਮੱਗਲਰ ਤੇ ਆਈਐੱਸਆਈ ਦੇ ਆਪਸੀ ਗੱਠਜੋੜ ਨਾਲ ਹਥਿਆਰ, ਗੋਲਾ-ਬਾਰੂਦ ਸਮੇਤ ਡਰੱਗਜ਼ ਡ੍ਰੋਨ ਅਤੇ ਹੋਰ ਸਾਧਨਾਂ ਰਾਹੀਂ ਲਗਾਤਾਰ ਸਰਹੱਦ ਪਾਰੋਂ ਆ ਰਹੇ ਹੋਣ ਨਾਲ ਸੁਰੱਖਿਆ ਏਜੰਸੀਆਂ ਵੀ ਚਿੰਤਤ ਹਨ।

ਨਿੱਤ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਕਾਰੋਬਾਰੀ ਹਿਜਰਤ ਕਰਨ ਲਈ ਮਜਬੂਰ ਹਨ ਤਾਂ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਨੂੰ ਪਹਿਲ ਦੇ ਰਹੇ ਹਨ। ਬਿਨਾਂ ਸ਼ੱਕ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਸਖ਼ਤੀ ਨਾਲ ਰੋਕ ਨਹੀਂ ਲਗਾਈ ਜਾਂਦੀ, ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਕਿੰਨੀ ਤੇਜ਼ੀ ਨਾਲ ਰਸਾਤਲ ਵੱਲ ਜਾਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋਵੇਗਾ।ਸੰਵਿਧਾਨ ਅਤੇ ਕਾਨੂੰਨ ਵਿੱਚ ਯਕੀਨ ਰੱਖਣ ਵਾਲੇ ਸਿਆਸੀ, ਪ੍ਰਸ਼ਾਸਨਿਕ, ਨਿਆਂਇਕ ਅਤੇ ਉੱਚ ਪੁਲੀਸ ਅਹੁਦਿਆਂ ਉੱਤੇ ਬੈਠੇ ਵਿਅਕਤੀ ਵੀ ਜੇਕਰ ਗ਼ੈਰ-ਕਾਨੂੰਨੀ ਵਰਤਾਰਿਆਂ ਦੇ ਪੱਖ ਵਿੱਚ ਭੁਗਤਦੇ ਹਨ ਤਾਂ ਸੱਭਿਅਕ ਸਮਾਜ ਦਾ ਸੁਪਨਾ ਕਲਪਨਾ ਤੋਂ ਅੱਗੇ ਨਹੀਂ ਜਾ ਸਕਦਾ।

 

-ਪ੍ਰੋ. ਸਰਚਾਂਦ ਸਿੰਘ ਖਿਆਲਾ

-ਮੋਬਾਈਲ : 97813-55522