1984 ਦੇ ਸਿੱਖ ਕਤਲੇਆਮ ਦੇ ਹਰ ਦੋਸ਼ੀ ਨੂੰ ਸਲਾਖ਼ਾਂ ਪਿੱਛੇ ਪਹੁੰਚਾਉਣ ਤੱਕ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਮੌਮਬਤੀਆਂ ਜਲਾ ਕੇ ਲੜਨਗੇ ਡੱਟ ਕੇ ਲੜਾਈ
ਸ਼ਸਤਰਧਾਰੀ ਖਾਲਸਾ ਸ਼ਸਤਰ ਛੱਡ ਮੌਮਬਤੀਆਂ ਰਾਹੀਂ ਲਵੇਗਾ ਇਨਸਾਫ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਹਰ ਕਾਤਲ ਨੂੰ ਜੇਲ੍ਹ ਵਿਚ ਸਲਾਖ਼ਾਂ ਪਿੱਛੇ ਪਹੁੰਚਾਉਣ ਤੱਕ ਇਹ ਲੜਾਈ ਡੱਟ ਕੇ ਲੜੇਗੀ।
ਇਥੇ ਸੱਚ ਦੀ ਕੰਧ ਵਿਖੇ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਮੇਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ 1984 ਕਤਲੇਆਮ ਦੇ ਕੇਸਾਂ ਦੀ ਲੜਾਈ ਵਿਚ ਸਿੱਖ ਕੌਮ ਨੂੰ 39 ਸਾਲਾਂ ਬਾਅਦ ਵੀ ਇਨਸਾਫ ਦੀ ਉਡੀਕ ਹੈ। ਉਹਨਾਂ ਕਿਹਾ ਕਿ ਜਿਹੜੇ ਕੇਸਾਂ ਵਿਚ ਇਨਸਾਫ ਮਿਲਿਆ ਹੈ ਉਹ ਵੀ ਤਾਂ ਮਿਲਿਆ ਹੈ ਕਿਉਂਕਿ ਕੇਸਾਂ ਦੇ ਪੀੜਤਾਂ ਨੇ ਡੱਟ ਕੇ ਅਦਾਲਤਾਂ ਵਿਚ ਗਵਾਹੀਆਂ ਭੁਗਤਾਈਆਂ ਹਨ ਜਿਸਦੀ ਬਦੌਲਤ ਦੋਸ਼ੀ ਸਲਾਖ਼ਾਂ ਪਿੱਛੇ ਹੋਏ ਹਨ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਹਨਾਂ ਕੇਸਾਂ ਦੀ ਹੋਰ ਵੀ ਸੁਚੱਜੇ ਢੰਗ ਨਾਲ ਪੈਰਵੀ ਨਾਲ ਸੀਨੀਅਰ ਵਕੀਲ ਐਡਵੋਕੇਟ ਐਚ ਐਸ ਫੂਲਕਾ ਦੀਆਂ ਸੇਵਾਵਾਂ ਵੀ ਕੇਸਾਂ ਵਾਸਤੇ ਲਈਆਂ ਹਨ ਤਾਂ ਜੋ ਕਿਸੇ ਵੀ ਤਰੀਕੇ ਦੀ ਢਿੱਲ ਮੱਠ ਨਾ ਰਹਿ ਜਾਵੇ।
ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਕੌਮ ਦੀ ਸੇਵਾ ਵਿਚ ਲੱਗੀ ਹੈ ਤੇ ਇਸ ਵਾਸਤੇ ਪੂਰੀ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਐਮ ਪੀ ਪਦਮਸ੍ਰੀ, ਸਰਦਾਰ ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਸਰਦਾਰ ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ, ਸਰਦਾਰ ਭੁਪਿੰਦਰ ਸਿੰਘ ਭੁੱਲਰ, ਸਰਦਾਰ ਗੁਰਦੇਵ ਸਿੰਘ, ਸਰਦਾਰ ਪਰਵਿੰਦਰ ਸਿੰਘ ਲੱਕੀ, ਸਰਦਾਰ ਹਰਜੀਤ ਸਿੰਘ ਪੱਪਾ, ਸਰਦਾਰ ਸੁਖਬੀਰ ਸਿੰਘ ਸਾਰੇ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ, ਸਰਦਾਰ ਪਰਮਜੀਤ ਸਿੰਘ ਚੰਢੋਕ, ਸਰਦਾਰ ਕੁਲਵਿੰਦਰ ਸਿੰਘ, ਸਰਦਾਰ ਬਲਜਿੰਦਰ ਸਿੰਘ ਅਤੇ ਸਰਦਾਰ ਜਗਸ਼ੇਰ ਸਿੰਘ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
Comments (0)