ਕੀ ਹੋਣ ਪੰਜਾਬ ਦੇ ਭਵਿੱਖ ਦੀਆਂ ਖੇਤੀ ਵਿਕਾਸ ਦਿਸ਼ਾਵਾਂ ?

ਕੀ ਹੋਣ ਪੰਜਾਬ ਦੇ ਭਵਿੱਖ ਦੀਆਂ ਖੇਤੀ ਵਿਕਾਸ ਦਿਸ਼ਾਵਾਂ ?

ਇਕ ਸਫ਼ਲ, ਆਦਰਸ਼ਕ ਅਤੇ ਵਿਕਸਿਤ (ਜਾਂ ਵਿਕਾਸਸ਼ੀਲ) ਸਟੇਟ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ 'ਪੰਘੂੜੇ ਤੋਂ ਕਬਰ' ਤੱਕ ਦੇ ਜੀਵਨ ਵਿਚ ਉਨ੍ਹਾਂ ਨੂੰ ਸਰਬਪੱਖੀ ਸਮਾਜਿਕ ਸੁਰੱਖਿਆ, ਖੁਸ਼ਹਾਲ ਸਿਰਜਣਾਤਮਕ ਜੀਵਨ, ਵਿਕਸਿਤ ਹੋਣ ਲਈ ਬਰਾਬਰ ਮੌਕੇ ਅਤੇ ਮੁਕੰਮਲ ਜੀਵਨ ਦੇਣ ਲਈ ਪਾਬੰਦ ਰਹਿਣੀ ਚਾਹੀਦੀ ਹੈ।

ਸਟੇਟ ਦੀ ਸਮੁੱਚੀ ਢਾਂਚਾਗਤ ਬਣਤਰ, ਰਾਜਕੀ ਪ੍ਰਬੰਧ, ਲੀਡਰਸ਼ਿਪ ਤੇ ਪ੍ਰਬੰਧਕੀ ਸਿਸਟਮ ਆਦਿ ਅਜਿਹੇ ਮਕਸਦਾਂ ਦੀ ਪੂਰਤੀ ਲਈ ਉੱਚ ਪੱਧਰ ਦੇ ਕੁਸ਼ਲ, ਪਾਰਦਰਸ਼ੀ, ਭ੍ਰਿਸ਼ਟਾਚਾਰ-ਮੁਕਤ ਅਤੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਆਗੂਆਂ ਦੀ ਅਗਵਾਈ ਹੇਠ ਕੰਮ ਕਰਦੇ ਰਹਿਣੇ ਜ਼ਰੂਰੀ ਹਨ। ਕੁਦਰਤ ਵਲੋਂ ਹਰ ਸੰਬੰਧਿਤ ਰਾਜ ਦੀਆਂ ਭੂਗੋਲਿਕ ਹੱਦਾਂ ਅੰਦਰ ਬਖਸ਼ੇ ਗਏ ਸਮੁੱਚੇ ਕੁਦਰਤੀ ਸਰੋਤਾਂ, ਮਨੁੱਖੀ ਸਰੋਤਾਂ ਦਾ ਪੱਧਰ, ਉਨ੍ਹਾਂ ਦੀ ਸੁਯੋਗ ਵਰਤੋਂ ਅਤੇ ਆਰਥਿਕ ਸੋਮਿਆਂ ਆਦਿ ਵਿਚ ਸੰਤੁਲਨ ਅਤੇ ਨਿਯਮਬੱਧਤਾ ਆਦਿ ਬਣਾਈ ਰੱਖ ਕੇ ਹੀ ਇਕ ਸਟੇਟ ਦੀ ਸਫ਼ਲਤਾ ਯਕੀਨੀ ਬਣਾਈ ਜਾ ਸਕਦੀ ਹੈ।

ਅਜਿਹੀ ਸਟੇਟ ਦੇ ਮਾਪਦੰਡਾਂ ਨੂੰ ਵਰਤਮਾਨ ਦੇ ਪੰਜਾਬ ਉੱਤੇ ਲਾਗੂ ਕਰਕੇ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਕੁਦਰਤ ਵਲੋਂ ਅਨੰਤ ਨਿਆਮਤਾਂ ਵਾਲੀ ਪੰਜਾਬ ਦੀ ਧਰਤੀ ਅਨੇਕ ਪ੍ਰਕਾਰ ਦੇ ਸੰਕਟਾਂ, ਸਮੱਸਿਆਵਾਂ ਅਤੇ ਚੁਣੌਤੀਆਂ ਵਿਚਕਾਰ ਘਿਰੀ ਹੋਈ ਹੈ। ਜਿਹੜੇ ਵੀ ਹਾਲਾਤ ਦਾ ਪੰਜਾਬ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਸਾਹਮਣਾ ਕਰਦਾ ਆ ਰਿਹਾ ਹੈ ਅਤੇ ਜਿਸ ਤਰ੍ਹਾਂ ਦੀ ਦੂਰ-ਦ੍ਰਿਸ਼ਟੀਹੀਣ ਕਮਜ਼ੋਰ ਲੀਡਰਸ਼ਿਪ ਤੇ ਸ਼ਾਸਕ ਵਰਗ ਇਸ ਨੂੰ ਮਿਲਦੇ ਆ ਰਹੇ ਹਨ ਅਤੇ ਵਰਤਮਾਨ ਦੀ ਲੀਡਰਸ਼ਿਪ ਵੀ ਇਨ੍ਹਾਂ ਤੋਂ ਘੱਟ ਨਹੀਂ ਹੈ, ਉਨ੍ਹਾਂ ਸਭ ਘਟਨਾਕ੍ਰਮਾਂ ਦਾ 2023 ਤੱਕ ਦਾ ਨਤੀਜਾ ਹੈ ਕਿ ਇਸ ਸਮੇਂ ਪੰਜਾਬ ਆਪਣੀਆਂ ਅਨੇਕ ਢਾਂਚਾਗਤ ਸਮੱਸਿਆਵਾਂ ਵਿਚ ਘਿਰਿਆ ਹੋਇਆ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਸਾਡੇ ਲਈ ਇਹੋ ਹੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਕਾਨੂੰਨ ਦੇ ਰਾਜ ਦੀ ਘਾਟ ਹੈ; ਸਮੁੱਚੇ ਪ੍ਰਸ਼ਾਸਨ ਦੀ ਸੰਸਥਾ ਡਾਵਾਂਡੋਲ ਹੋ ਰਹੀ ਹੈ; ਰਾਜਕੀ ਆਗੂਆਂ ਸਮੇਤ ਪ੍ਰਸ਼ਾਸਨਿਕ ਢਾਂਚਾ ਵੀ ਕਮਜ਼ੋਰ ਪੈ ਰਿਹਾ ਹੈ; ਲੋਕ ਮੁੱਦਿਆਂ ਨੂੰ ਇਨ੍ਹਾਂ ਦੀ ਪੂਰਨਤਾ ਤੱਕ ਹੱਲ ਨਾ ਕਰਨ ਕਾਰਨ ਇਹ ਢਾਂਚਾ ਵੀ ਡਾਵਾਂਡੋਲ ਹੋ ਰਿਹਾ ਹੈ। ਪੰਜਾਬ ਵਾਸੀਆਂ ਵਲੋਂ ਆਮ ਆਦਮੀ ਪਾਰਟੀ ਨੂੰ ਬਦਲਵੀਂ ਵਿਵਸਥਾ ਦੇਣ ਲਈ ਦਿੱਤੇ ਗਏ ਵੱਡੇ ਜਨ-ਆਦੇਸ਼ ਦੇ ਬਾਵਜੂਦ ਸਟੇਟ ਵਿਚ ਰਾਜਸੀ ਖ਼ਲਾਅ ਵਾਲੀ ਸਥਿਤੀ ਬਣੀ ਹੋਈ ਹੈ। ਅਕਾਲੀ ਖੇਤਰੀ ਪਾਰਟੀ ਦੇ ਕਮਜ਼ੋਰ ਚਲਦਿਆਂ ਕੇਂਦਰਵਾਦੀ ਪਾਰਟੀਆਂ ਪੰਜਾਬ ਨੂੰ ਗਿਰਝਾਂ ਵਾਂਗ ਚੰਬੜੀਆਂ ਹੋਈਆਂ ਹਨ। ਪੰਜਾਬ ਵਿਚ ਨਸ਼ਿਆਂ, ਬੇਰੁਜ਼ਗਾਰੀ, ਪਲਾਇਨ, ਬੌਧਿਕ ਕੰਗਾਲੀ, ਖੇਤੀਬਾੜੀ ਖੇਤਰਾਂ ਦੀ ਬਦਹਾਲੀ, ਵਪਾਰਕ, ਕਮਜ਼ੋਰ ਪੈਦਾਵਾਰ, ਸਮਾਜਿਕ ਤਾਣਾ-ਬਾਣਾ ਅਤੇ ਨੈਤਿਕ ਨਿਘਾਰ ਆਦਿ ਸੰਬੰਧੀ ਸਮਾਜਿਕ ਸੰਕਟ ਦਿਨ ਪ੍ਰਤੀ ਦਿਨ ਗਹਿਰੇ ਹੁੰਦੇ ਜਾ ਰਹੇ ਹਨ। ਸਿਵਲ ਸੁਸਾਇਟੀ ਤੇ ਲੋਕਤੰਤਰੀ ਕੀਮਤਾਂ ਦੀ ਠੀਕ ਪ੍ਰਸੰਗ ਵਿਚ ਜਾਗ੍ਰਤੀ ਕਮਜ਼ੋਰ ਹੋ ਗਈ ਹੈ। ਮਹਿਸੂਸ ਕੀਤਾ ਜਾ ਸਕਦਾ ਹੈ ਕਿ ਪੰਜਾਬ ਇਸ ਦੀਆਂ ਭਵਿੱਖ ਦੀਆਂ ਨਸਲਾਂ ਅਤੇ ਖੁਦ ਇਸ ਦਾ ਭਵਿੱਖ ਹੀ ਨਿਰਾਸ਼ਤਾ ਤੇ ਲਾਚਾਰੀ ਦੇ ਆਲਮ ਵਿਚ ਗੁਆਚ ਰਿਹਾ ਹੈ। ਪੰਜਾਬ ਦਾ ਸੰਕਟ ਇਤਨਾ ਗਹਿਰਾ ਹੋ ਗਿਆ ਹੈ ਕਿ ਪਿਛਲੇ ਦਹਾਕਿਆਂ ਤੋਂ ਇਸ ਉੱਤੇ ਚੜ੍ਹਿਆ ਤਿੰਨ ਲੱਖ ਪੰਜਾਹ ਹਜ਼ਾਰ ਕਰੋੜ ਦਾ ਕਰਜ਼ਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਕਰਜ਼ੇ ਦੇ ਵਿਆਜ ਦੀਆਂ ਕਿਸ਼ਤਾਂ ਉਤਾਰਨ ਲਈ ਹੀ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਨਾਗਰਿਕਾਂ ਨੂੰ ਚੰਗਾ ਜੀਵਨ, ਮਿਆਰੀ ਵਿੱਦਿਆ, ਸਿਹਤ ਸੇਵਾਵਾਂ, ਰੁਜ਼ਗਾਰ ਭਰਪੂਰ ਅਤੇ ਵਿਕਸਿਤ ਸਿਰਜਣਾਤਮਕ ਜੀਵਨ ਦੇਣਾ ਹੀ ਦੂਰ ਦਾ ਸੁਪਨਾ ਬਣ ਗਿਆ ਹੈ।

ਭਵਿੱਖ ਦੀਆਂ ਖੇਤੀ ਵਿਕਾਸ ਦਿਸ਼ਾਵਾਂ

ਪੰਜਾਬ ਦੀ ਨਵ-ਉਸਾਰੀ ਲਈ ਲੋੜੀਂਦਾ ਆਰਥਿਕ ਵਿਕਾਸ ਮਾਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕਰਤਾਰਪੁਰੀ ਮਾਡਲ ਵਿਚ ਦਿੱਤੀਆਂ ਗਈਆਂ ਅੰਤਰ-ਦ੍ਰਿਸ਼ਟੀਆਂ ਅਤੇ ਪ੍ਰੇਰਨਾਵਾਂ ਉੱਤੇ ਸਿਰਜੇ ਗਏ ਵਿਸਮਾਦੀ ਸਮਾਜਿਕ ਪ੍ਰਬੰਧ ਦੇ ਅੰਤਰਗਤ ਹੋ ਸਕੇਗਾ, ਅਜਿਹਾ ਯਕੀਨ ਕਰਨਾ ਬਣਦਾ ਹੈ। ਜਦੋਂ ਕੁਝ ਉਲਟ ਸਥਿਤੀਆਂ ਨੂੰ ਸਾਕਾਰਾਤਮਕ ਰੂਪ ਦੇਣ ਅਤੇ ਨਵੇਂ ਬਦਲਾਓ ਲਿਆਉਣ ਲਈ ਯਤਨ ਕੀਤੇ ਜਾਂਦੇ ਹਨ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਕਾਰਨਾਂ ਨੂੰ ਖ਼ਤਮ ਕਰਨਾ ਪੈਂਦਾ ਹੈ, ਜਿਨ੍ਹਾਂ ਕਰਕੇ ਉਲਟ ਹਾਲਾਤ ਅਤੇ ਸਥਿਤੀਆਂ ਪੈਦਾ ਹੋਈਆਂ ਹੁੰਦੀਆਂ ਹਨ। ਇਸ ਲਈ ਖੇਤੀ ਉਤਪਾਦਨ ਦਾ ਬਦਲਵਾਂ ਰੂਪ-ਸਰੂਪ ਸਿਰਜਣ ਲਈ ਸਾਨੂੰ ਇਸ ਪ੍ਰਥਾਇ ਜਿੱਥੇ ਖੇਤੀ ਉਤਪਾਦਨ ਵਿਚ ਕੁਝ ਕ੍ਰਾਂਤੀਕਾਰੀ ਸੁਧਾਰ ਲਿਆਉਣੇ ਹੋਣਗੇ, ਉਥੇ ਕੁਝ ਨੀਤੀਆਂ ਅਤੇ ਵਰਤਾਰਿਆਂ ਨੂੰ ਬਿਲਕੁਲ ਖ਼ਤਮ ਕਰਕੇ ਜਾਂ ਨਵਾਂ ਰੂਪ ਦੇ ਕੇ ਯਤਨ ਕਰਨੇ ਹੋਣਗੇ। ਵਧੇਰੇ ਖੇਤੀ ਉਤਪਾਦਨ ਲੈਣ ਲਈ ਜ਼ਮੀਨ ਵਿਚ ਜਿਨ੍ਹਾਂ ਖਾਦਾਂ, ਬੀਜਾਂ, ਕੀਟਨਾਸ਼ਕਾਂ ਅਤੇ ਮਸ਼ੀਨੀ ਉਪਕਰਣਾਂ ਦੀ ਵਰਤੋਂ ਕੀਤੀ ਗਈ ਹੈ, ਉਸ ਦੇ ਕੁਝ ਲਾਭ ਜ਼ਰੂਰ ਹੋਏ ਹਨ। ਇਸ ਸੰਬੰਧੀ 1950 ਤੋਂ ਵਰਤਮਾਨ ਤੱਕ ਦੇ 75 ਸਾਲਾਂ ਦੇ ਵਕਫ਼ੇ ਦੌਰਾਨ ਫ਼ਸਲਾਂ ਦੀ ਮਾਤਰਾ ਵਿਚ ਹੋਏ ਅਥਾਹ ਵਾਧੇ ਨਾਲ ਵਿਸ਼ਵ ਦੀ 800 ਕਰੋੜ ਦੇ ਕਰੀਬ ਵਧੀ ਵੱਸੋਂ ਲਈ ਲੋੜੀਂਦੀ ਮਾਤਰਾ ਵਿਚ ਖਾਧ ਪਦਾਰਥ, ਫ਼ਲ, ਸਬਜ਼ੀਆਂ, ਦੁੱਧ, ਕੱਪੜਾ, ਤੇਲ, ਲੱਕੜ ਅਤੇ ਪਲਾਸਟਿਕ ਆਦਿ ਤਾਂ ਭਾਰੀ ਮਾਤਰਾ ਵਿਚ ਪ੍ਰਾਪਤ ਹੋ ਗਏ ਹਨ, ਪਰ ਇਸ ਨਾਲ ਖੇਤੀ ਉਤਪਾਦਾਂ ਵਿਚ ਅਸ਼ੁੱਧਤਾ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤ ਵੀ ਖਾਧ ਪਦਾਰਥਾਂ ਵਿਚ ਦਾਖ਼ਲ ਹੋ ਗਏ ਹਨ। ਸਰਕਾਰਾਂ ਦੀਆਂ ਨੀਤੀਆਂ ਅਤੇ ਹੋਰ ਕਈ ਕਾਰਨਾਂ ਕਰਕੇ ਖੇਤੀ ਉਤਪਾਦਨ ਜੋ ਘਾਟੇ ਵਾਲਾ ਕਿੱਤਾ ਬਣਾ ਦਿੱਤਾ ਗਿਆ ਹੈ, ਇਸ ਵਰਤਾਰੇ ਨੂੰ ਬਦਲਣਾ ਹੀ ਅਸਲ ਵਿਚ ਵੱਡੀ ਚੁਣੌਤੀ ਹੈ।

21ਵੀਂ ਸਦੀ ਦੇ ਇਨ੍ਹਾਂ ਵਰਤਮਾਨ ਦਹਾਕਿਆਂ ਵਿਚ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਠੀਕ ਦਿਸ਼ਾ ਵੱਲ ਲਿਜਾਉਣ ਲਈ ਲੋਕਾਂ ਦੀ ਸਿਹਤ ਨੂੰ ਅਸ਼ੁੱਧ ਬਣਾ ਦਿੱਤੇ ਗਏ ਖਾਧ ਪਦਾਰਥਾਂ ਦੇ ਮਾਰੂ ਅਤੇ ਗੈਰ-ਕੁਦਰਤੀ ਖੇਤੀ ਪ੍ਰਭਾਵਾਂ ਤੋਂ ਬਚਾਉਣ ਲਈ ਇਥੇ ਬਦਲਵਾਂ ਖੇਤੀ ਵਿਕਾਸ ਮਾਡਲ ਵਿਕਸਿਤ ਕਰਨਾ ਹੋਏਗਾ। ਇਸ ਦੇ ਨਾਲ-ਨਾਲ ਮਸ਼ੀਨੀ ਉਪਕਰਣਾਂ ਅਤੇ ਤਕਨਾਲੋਜੀ ਨੂੰ ਵਰਤਦਿਆਂ ਹੋਇਆਂ ਸਾਨੂੰ 1950 ਤੋਂ ਪਹਿਲਾਂ ਵਾਲੀ ਸਥਿਤੀ ਅਤੇ ਵਾਤਾਵਰਨ ਵਿਚ ਖੇਤੀ ਉਤਪਾਦਨ ਨੂੰ ਲੈ ਕੇ ਜਾਣਾ ਹੋਏਗਾ, ਜਿੱਥੋਂ ਇਹ ਕੁਝ ਉਲਟ ਵਰਤਾਰਿਆਂ ਦੀ ਸ਼ੁਰੂਆਤ ਹੋਈ ਸੀ। ਇਹ ਕੁਝ ਤਲਖ਼ ਸੱਚਾਈਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਕੇ ਅਤੇ ਨਵੇਂ ਮਾਰਗ ਤਿਆਰ ਕਰਕੇ ਅਸੀਂ ਕੁਦਰਤ-ਮੁਖੀ ਖੇਤੀ ਉਤਪਾਦਨ ਦੀ ਸਫ਼ਲਤਾ ਦੀਆਂ ਉੱਜਵਲ ਸੰਭਾਵਨਾਵਾਂ ਨਿਯਤ ਕਰ ਸਕਦੇ ਹਾਂ। ਇਥੇ ਕੁਝ ਸੁਝਾਅ ਦਿੱਤੇ ਜਾ ਰਹੇ ਹਨ, ਜਿਨ੍ਹਾਂ ਬਾਰੇ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਦੇ ਸੰਬੰਧਿਤ ਮਾਹਿਰਾਂ, ਨੀਤੀ-ਘਾੜਿਆਂ ਅਤੇ ਸਰਕਾਰਾਂ ਨੂੰ ਫੌਰੀ ਤੌਰ 'ਤੇ ਕਾਰਗਰ ਉਪਾਅ ਕਰਨੇ ਹੋਣਗੇ। ਇਨ੍ਹਾਂ ਸੁਝਾਵਾਂ ਪਿੱਛੇ ਕੰਮ ਕਰਦੀ ਮੂਲ ਭਾਵਨਾ ਨੂੰ ਸਮਝ ਕੇ ਇਨ੍ਹਾਂ ਦੇ ਵਿਸਥਾਰ ਸਿਰਜੇ ਜਾਣੇ ਜ਼ਰੂਰੀ ਹਨ। ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਸੁਝਾਵਾਂ ਨੂੰ ਸੰਖੇਪ ਰੂਪ ਵਿਚ ਹੀ ਬਿਆਨਿਆ ਜਾ ਰਿਹਾ ਹੈ। ਪਾਠਕ ਇਨ੍ਹਾਂ ਦਾ ਵਿਸਥਾਰ ਸਾਡੀ ''ਬਦਲਵਾਂ ਵਿਕਾਸ ਮਾਡਲ'' ਪੁਸਤਕ ਵਿਚੋਂ ਵੇਖ ਸਕਦੇ ਹਨ।

ਖੇਤੀ ਖੇਤਰ ਵਿਚ ਬਦਲਾਓ

ਖੇਤੀ ਜ਼ਮੀਨ ਦੀ ਤਾਸੀਰ ਵਿੱਚ ਸ਼ੁੱਧਤਾ ਲਿਆਉਣੀ; ਸਾਂਝੀ ਅਤੇ ਸਹਿਕਾਰੀ ਖੇਤੀ; ਯੋਜਨਾਬੱਧ ਖੇਤੀ ਅਤੇ ਫ਼ਸਲੀ ਵਿਭਿੰਨਤਾ; ਕਲੱਸਟਰ ਆਧਾਰਿਤ ਖੇਤੀ ਉਤਪਾਦਨ ਅਤੇ ਮਾਰਕੀਟਿੰਗ-ਟਰੇਡਿੰਗ; ਪਿੰਡਾਂ ਅਧਾਰਿਤ ਖੇਤੀ ਉਦਯੋਗ; ਕੁਦਰਤੀ-ਜੈਵਿਕ ਖੇਤੀ; ਨਵੀਆਂ ਸਿੰਚਾਈ ਤਕਨੀਕਾਂ; ਕਿਸਾਨ ਅਤੇ ਖੇਤੀ ਉਤਪਾਦਨ ਦੀ ਪ੍ਰਤਿਸ਼ਠਾ, ਸਤਿਕਾਰ ਅਤੇ ਗੌਰਵਮਈ ਪਹਿਚਾਣ ਨੂੰ ਬਹਾਲ ਕਰਨਾ; ਹਰੇਕ ਪਿੰਡ ਨੂੰ ਇੱਕ ਆਤਮ-ਨਿਰਭਰ ਇਕਾਈ ਵਜੋਂ ਵਿਕਸਿਤ ਕਰਨਾ।

ਸਰਕਾਰ ਦੀਆਂ ਜ਼ਿੰਮੇਵਾਰੀਆਂ

ਕਿਸਾਨ-ਕੇਂਦਰਿਤ ਨੀਤੀਆਂ; ਕੁਦਰਤੀ ਖੇਤੀ ਸਰਪ੍ਰਸਤੀ; ਰੁਜ਼ਗਾਰ-ਆਧਾਰਿਤ ਖੇਤੀ ਉਤਪਾਦਨ; ਬੇਅਬਾਦ ਜ਼ਮੀਨਾਂ ਤੋਂ ਉਤਪਾਦਨ ਅਤੇ ਰੁਜ਼ਗਾਰ ਪ੍ਰਾਪਤ ਕਰਨਾ; ਦਿਹਾਤੀ ਖੇਤਰਾਂ ਵਿਚ ਪ੍ਰਦੂਸ਼ਣ-ਰਹਿਤ ਖੇਤੀ ਉਦਯੋਗ ਸਥਾਪਤ ਕਰਨਾ; ਵਰਖਾ, ਦਰਿਆਵਾਂ ਦੇ ਪਾਣੀਆਂ ਦੀ ਦਿਹਾਤੀ ਖੇਤਰਾਂ ਵਿਚ ਸਟੋਰੇਜ ਅਤੇ ਚੈੱਕ ਡੈਮ ਬਣਾਉਣੇ; ਖੇਤੀ ਉਤਪਾਦਨ ਦੀਆਂ ਕੀਮਤਾਂ ਨੂੰ ਕਿਸਾਨੀ-ਮੁਖੀ ਬਣਾਉਣਾ; ਕੀਮਤਾਂ ਨਿਰਧਾਰਤ ਕਰਨ ਵਿੱਚ ਕਿਸਾਨ ਦੀ ਭਾਗੀਦਾਰੀ; ਖੇਤੀ ਉਤਪਾਦਨ ਦਾ ਨਵਾਂ ਸੰਸਾਰਕ ਸੋਚ ਅਮਲ ਸਿਰਜਣਾ ਆਦਿ ਮਹੱਤਵਪੂਰਨ ਜ਼ਿੰਮੇਵਾਰੀਆਂ ਹਨ।

ਪਿੰਡਾਂ ਆਧਾਰਿਤ ਘਰੇਲੂ ਖੇਤੀ ਉਦਯੋਗ

ਸਥਾਨਕ ਪੱਧਰ 'ਤੇ ਫੂਡ ਪ੍ਰੋਸੈਸਿੰਗ ਪਲਾਂਟ ਲਗਾਉਣਾ ਬੇਰੁਜ਼ਗਾਰੀ ਦਾ ਇਕ ਜਵਾਬ ਹੈ। ਆਖ਼ਰ ਵੱਡੇ ਉਦਯੋਗਪਤੀ, ਸਰਮਾਏਦਾਰ ਅਤੇ ਵਪਾਰੀ ਆਦਿ ਕਿਸਾਨ ਕੋਲੋਂ ਕੌਡੀਆਂ ਦੇ ਭਾਅ ਵਸਤੂਆਂ ਖਰੀਦ ਕੇ ਖੇਤੀ ਉਤਪਾਦਨ ਨਾਲ ਜੁੜੇ ਪਦਾਰਥਾਂ ਦੇ ਉਦਯੋਗ ਲਗਾਉਂਦੇ ਹਨ। ਉਹ ਤਿਆਰ ਮਾਲ ਨੂੰ ਖ਼ਪਤਕਾਰ ਤੱਕ ਪਹੁੰਚਾਉਣ ਦੌਰਾਨ ਅਸੰਤੁਲਿਤ ਮੁਨਾਫ਼ਾ ਕਮਾਉਂਦੇ ਜਾਂਦੇ ਹਨ। ਕਲੱਸਟਰਾਂ ਆਧਾਰਿਤ ਖੇਤੀ ਉਦਯੋਗਾਂ ਵਿਚ ਜੇਕਰ ਕਿਸਾਨ ਜੈਮ, ਸੌਸ, ਆਚਾਰ, ਜੂਸ, ਮੁਰੱਬੇ, ਸਾਫ਼ਟ ਡ੍ਰਿੰਕਸ, ਡੇਅਰੀ ਉਤਪਾਦਨ ਨਾਲ ਜੁੜੀਆਂ ਸਮੁੱਚੀਆਂ ਵਸਤੂਆਂ, ਸਬਜ਼ੀਆਂ ਦੀ ਪੈਕਿੰਗ, ਹਰਬਲ ਦਵਾਈਆਂ, ਬੇਕਰੀ, ਡ੍ਰਾਈ ਫਰੂਟਸ, ਮੀਟ ਅਤੇ ਮੀਟ ਪੈਕਿੰਗ, ਪੌਦਾ ਨਰਸਰੀਆਂ, ਫੁੱਲਾਂ ਦੀ ਕਾਸ਼ਤ ਅਤੇ ਵਿਕਰੀ, ਕੋਲਡ ਸਟੋਰੇਜ ਸਹੂਲਤਾਂ, ਵਾਤਾਨੁਕੂਲ ਟਰਾਂਸਪੋਰਟੇਸ਼ਨ ਅਤੇ ਹੋਰ ਅਜਿਹੇ ਅਨੇਕਾਂ ਖੇਤਰ ਹਨ, ਜਿਨ੍ਹਾਂ ਵਿਚ ਜੇਕਰ ਕਿਸਾਨ ਖੁਦ ਸ਼ਾਮਿਲ ਹੋ ਜਾਏ, ਤਾਂ ਵਰਤਮਾਨ ਖੇਤੀ ਉਤਪਾਦਨ ਵਿਚ ਸਹਿਜ ਪਰਿਵਰਤਨ ਯਕੀਨੀ ਆ ਜਾਏਗਾ। ਕਲੱਸਟਰਾਂ ਆਧਾਰਿਤ ਖੇਤੀ ਉਤਪਾਦਨ ਅਤੇ ਖੇਤੀ ਉਦਯੋਗਾਂ ਨਾਲ ਜਿੱਥੇ ਖੇਤੀ ਵਸਤੂਆਂ ਦੀ ਗੁਣਵੱਤਾ ਯਕੀਨੀ ਬਣੇਗੀ, ਲੋਕਾਂ ਦੀ ਸਿਹਤ ਵਿਚ ਗੁਣਾਤਮਕ ਸੁਧਾਰ ਆਏਗਾ, ਉਥੇ ਖੇਤੀ ਪੈਦਾਵਾਰ ਦਾ ਇਕ ਦੇਸ਼ ਦੀ ਘਰੇਲੂ ਉਤਪਾਦਨ ਦਰ ਵਿਚ ਵਰਤਮਾਨ ਤੋਂ ਉਲਟ ਵਧੇਰੇ ਯੋਗਦਾਨ ਪਏਗਾ। ਇਹ ਇਕ ਖੁੱਲ੍ਹਾ ਅਤੇ ਗੰਭੀਰ ਵਿਚਾਰ ਹੈ, ਜਿਸ ਬਾਰੇ ਸਰਕਾਰਾਂ ਅਤੇ ਕਿਸਾਨਾਂ ਸਮੇਤ ਹਰ ਸੰਬੰਧਿਤ ਵਿਅਕਤੀ ਅਤੇ ਧਿਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਹੋਏਗਾ। ਮੈਨੂੰ ਇਨ੍ਹਾਂ ਸਾਰੇ ਯਤਨਾਂ ਦੇ ਪਾਰਲੇ ਪਾਸੇ ਬਦਲਵੇਂ ਖੇਤੀ ਉਤਪਾਦਨ ਦੇ ਸਫ਼ਲ ਹੋਣ ਦੀਆਂ ਉੱਜਵਲ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ।

 

ਭਾਈ ਹਰਸਿਮਰਨ ਸਿੰਘ

-ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ।

ਮੋ. 9872591713