ਖਾਲਸੇ ਦੀ ਸਾਜਨਾ

ਖਾਲਸੇ ਦੀ ਸਾਜਨਾ

ਮਨਜੀਤ ਸਿੰਘ ਟਿਵਾਣਾ

ਸਾਡੇ ਕੋਲ ਹੁਣ ਤਕ ਪ੍ਰਾਪਤ ਮਾਨਵੀ ਇਤਿਹਾਸ ਵਿਚ ਵਿਸ਼ਵ ਭਰ ਦੇ ਕਈ ਕੋਨਿਆਂ ਵਿਚ ਵਾਪਰੇ ਇਨਕਲਾਬਾਂ-ਕ੍ਰਾਂਤੀਆਂ ਤੇ ਲਹਿਰਾਂ ਦੇ ਹਵਾਲੇ ਮਿਲਦੇ ਹਨ। ਸੰਸਾਰ-ਤਵਾਰੀਖ ਵਿਚ ਦਰਜ ਸਿੱਖ-ਇਨਕਲਾਬ ਦਾ ਇਕ ਉਹ ਸੁਨਹਿਰੀ ਪੰਨਾ ਹੈ, ਜਿਸ ਵਰਗਾ ਇਸ ਧਰਤੀ ਉਤੇ ਨਾ ਤਾਂ ਕਦੇ ਪਹਿਲਾਂ ਲਿਖਿਆ ਗਿਆ ਤੇ ਨਾ ਕਿਤੇ ਬਾਅਦ ਵਿਚ ਹੀ ਵਾਪਰਿਆ। ਇਹ ਸਭ ਇਸ ਕਰ ਕੇ ਕਿਹਾ ਜਾਂ ਲਿਖਿਆ ਨਹੀਂ ਜਾ ਰਿਹਾ ਕਿ ਅਸੀਂ ਆਪਣੇ ਧਰਮ ਪ੍ਰਤੀ ਉਲਾਰ ਹਾਂ, ਇਸ ਦੀ ਤਾਈਦ ਦੂਜੇ ਧਰਮਾਂ, ਕੌਮਾਂ ਅਤੇ ਦੇਸ਼ਾਂ ਦੇ ਦਾਰਸ਼ਨਿਕ, ਇਤਿਹਾਸਕਾਰ, ਵਿਦਵਾਨ ਤੇ ਲੇਖਕ ਅਕਸਰ ਕਰਦੇ ਆਏ ਹਨ। ਸਿੱਖ-ਇਨਕਲਾਬ ਇਸ ਧਰਤੀ ਉਤੇ ਵਾਪਰਿਆ ਅਸਲੋਂ ਹੀ ਇਕ ਨਿਆਰਾ ਤੇ ਅਲੌਕਿਕ ਵਰਤਾਰਾ ਹੈ, ਜਿਸ ਦੇ ਨਾਲ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ। ਮਾਨਵੀ ਇਤਿਹਾਸ ਵਿਚ ਕਿਤੇ ਵੀ ਪਹਿਲਾਂ ਸਿੱਖ ਗੁਰੂਆਂ ਵਰਗੀਆਂ ਮਹਾਨ ਰੂਹਾਂ ਨੇ ਸਫਰ ਨਹੀਂ ਕੀਤਾ ਜੋ ਇਕੋ ਵੇਲੇ ਮਨ, ਸਰੀਰ, ਸਮਾਜ, ਰਾਜਨੀਤੀ, ਧਰਮ ਅਤੇ ਰੂਹਾਨੀਅਤ ਦੇ ਲੌਕਿਕ ਤੇ ਪਰਾਲੌਕਿਕ ਅਨੁਭਵਾਂ ਦੀ ਬੁਲੰਦ ਅਵਸਥਾ 'ਤੇ ਪਹੁੰਚ ਕੇ ਦੀਨ ਤੇ ਦੁਨੀਆ ਦੇ ਤਮਾਮ ਸਵਾਲਾਂ ਨੂੰ ਸੰਬੋਧਨ ਹੋਈਆਂ ਹੋਣ। ਸਿੱਖ ਗੁਰੂ ਸਾਹਿਬਾਨ ਮਨੁੱਖੀ ਜ਼ਿੰਦਗੀ ਨਾਲ ਜੁੜੇ ਤਮਾਮ ਸਵਾਲਾਂ ਨੂੰ ਸਿਰਫ ਸੰਬੋਧਨ ਹੀ ਨਹੀਂ ਹੋਏ, ਸਗੋਂ ਉਨ੍ਹਾਂ ਤਮਾਮ ਮੁਸ਼ਕਲਾਂ ਤੋਂ ਪਾਰ ਪਾਉਣ ਲਈ ਸੁਚੱਜੀ ਜੀਵਨ-ਜਾਚ ਦਾ ਇਕ ਸਿੱਖ ਮਾਡਲ ਵੀ ਪੇਸ਼ ਕੀਤਾ ਅਤੇ ਅਮਲ ਵਿਚ ਲਾਗੂ ਵੀ ਕਰ ਕੇ ਦਿਖਾਇਆ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਸ਼ੁਰੂ ਕੀਤੇ ਸਿੱਖ-ਇਨਕਲਾਬ ਦੇ ਸਿਖਰਲੇ ਮਰਹਲੇ ਉਤੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਜੋ ਸਿੱਖ ਫਲਸਫੇ ਨੂੰ ਇਸ ਧਰਤੀ ਉਤੇ ਅਮਲੀ ਰੂਪ ਵਿਚ ਲਾਗੂ ਕਰਨ ਦੇ ਆਖਰੀ ਪੜਾਅ ਦੀ ਸ਼ੁਰੂਆਤ ਸੀ। ਇਸ ਤੋਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਕਰਨ ਲਈ ਜੰਗਾਂ-ਯੁੱਧਾਂ ਤੇ ਲਾਸਾਨੀ ਕੁਰਬਾਨੀਆਂ ਦਾ ਇਕ ਅਮੁੱਕ ਸਿਲਸਿਲਾ ਸ਼ੁਰੂ ਹੋਇਆ। ਇਹ ਸਭ ਪੜ੍ਹਦਿਆਂ-ਸੁਣਦਿਆਂ ਤੇ ਮਹਿਸੂਸ ਕਰਦਿਆਂ ਅਸੀਂ ਇਕ ਅਜਬ-ਵਿਸਮਾਦ ਦੇ ਰੰਗ ਵਿਚ ਰੰਗੇ ਜਾਂਦੇ ਹਾਂ। ਸਿੱਖ ਫਲਸਫੇ ਵਿਚ ਖਾਲਸਾ ਗੁਰੂ ਤੇ ਗੁਰੂ ਖਾਲਸਾ ਹੋ ਜਾਣ ਦੇ ਰੂਹਾਨੀ ਮਿਲਣ ਦੀ ਬਾਤ ਪਾਈ ਗਈ ਹੈ। ਗੁਰੂ-ਖਾਲਸਾ ਦੇ ਆਪਸ ਵਿਚ ਇਕਮਿੱਕ ਹੋਣ ਵਿਚ ਹੀ ਖਾਲਸੇ ਦੀ ਆਤਮਿਕ ਤੇ ਆਚਰਣ-ਵਿਹਾਰ ਦੀ ਬੁਲੰਦੀ ਦਾ ਭੇਦ ਛੁਪਿਆ ਹੈ। ''ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।।” ਖਾਲਸੇ ਦਾ ਸਿੱਧਾ ਪਰਮ-ਸੱਤਾ (ਅਕਾਲ ਪੁਰਖ) ਦੀ ਅਧੀਨਗੀ ਵਿਚ ਜਾ ਕੇ ਸੰਸਾਰਕ ਸੱਤਾ ਤੇ ਗੁਲਾਮੀਆਂ ਤੋਂ ਭੈਅ-ਮੁਕਤ ਹੋ ਕੇ ਆਪਣੀ ਆਜ਼ਾਦ ਹਸਤੀ ਦਾ ਮਾਲਕ ਆਪ ਹੋ ਜਾਣ ਦਾ ਲਖਾਇਕ ਹੈ। ਭਾਈ ਗੁਰਦਾਸ ਜੀ ਦਾ ਇਹ ਕਥਨ 'ਗੁਰ ਸੰਗਤ ਕੀਨੀ ਖਾਲਸਾ' ਇਸੇ ਗੱਲ ਵੱਲ ਸੰਕੇਤ ਕਰਦਾ ਹੈ ਕਿ ਬਾਦਸ਼ਾਹ ਦੀ ਸਾਰੀ ਜਾਇਦਾਦ ਵਾਂਗੂ ਸਿੱਖ ਸੰਗਤ ਸਿੱਧੇ ਰੂਪ ਵਿਚ ਗੁਰੂ ਨਾਲ ਜੁੜ ਕੇ ਤੇ ਫਿਰ ਅਕਾਲ ਪੁਰਖ ਨਾਲ ਜੁੜ ਕੇ ਖਾਲਸਾ ਹੋ ਗਈ ਹੈ। ਇਸ ਭੇਦ ਨੂੰ ਬੁੱਝਣ ਵਾਲਾ ਗੁਰੂ ਦਾ ਖਾਲਸਾ ''ਕਬੀਰ ਮੁਹਿ ਮਰਨੈ ਕਾ ਚਾਉ” ਦਾ ਸੰਕਲਪ ਲੈ ਕੇ ਸ਼ਹਾਦਤ ਦੀ ਬੇਦੀ ਉਤੇ ਪਰਵਾਨ ਚੜ੍ਹਦਾ ਆਇਆ ਹੈ। ਤੱਤੀਆਂ ਤਵੀਆਂ ਉਤੇ ਬੈਠਣ, ਚਰਖੜੀਆਂ ਉਤੇ ਚੜ੍ਹਨ, ਦੇਗਾਂ ਵਿਚ ਉਬਲਣ, ਬੰਦ-ਬੰਦ ਕਟਵਾਉਣ ਅਤੇ ਨੀਹਾਂ ਵਿਚ ਚਿਣੇ ਜਾਣ ਦਾ ਸਾਡਾ ਇਤਿਹਾਸ ਇਸ ਦੀ ਸ਼ਾਹਦੀ ਭਰਦਾ ਹੈ।
ਵਿਕੀਪੀਡੀਆ  ਵਿਚ ਖ਼ਾਲਸਾ ਸ਼ਬਦ ਦਾ ਮੂਲ ਅਰਬੀ ਭਾਸ਼ਾ ਦਾ ਸ਼ਬਦ ਖ਼ਾਲਿਸ ਦੱਸਿਆ ਗਿਆ ਹੈ ਜਿਸ ਦਾ ਅਰਥ ਪਾਕਿ, ਸ਼ੁੱਧ, ਬੇਐਬ ਜਾਂ ਬੇਦਾਗ਼ ਹੁੰਦਾ ਹੈ। ਖਾਲਸਾ ਦਾ ਅਰਥ ਉਹ ਜ਼ਮੀਨ ਵੀ ਲਿਆ ਜਾਂਦਾ ਹੈ ਜੋ ਨਿੱਜੀ ਬਾਦਸ਼ਾਹਤ ਵਾਲੀ ਹੋਵੇ। ਇਸ ਦਾ ਭਾਵ ਕਿ ਖਾਲਸਾ ਆਪਣੇ ਆਪ ਵਿਚ ਇਕ ਆਜ਼ਾਦ ਹਸਤੀ ਹੈ। ਮੈਕਾਲਿਫ ਅਨੁਸਾਰ 'ਖਾਲਸਾ' ਸ਼ਬਦ ਅਰਬੀ ਭਾਸ਼ਾ ਦੇ ਸ਼ਬਦ 'ਖਾਲਿਸ' ਅਰਥਾਤ 'ਸ਼ੁੱਧ' ਵਿਚੋਂ ਨਿਕਲਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਇਹ ਸ਼ਬਦ ਵਰਤਿਆ ਹੈ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛਕ ਲਈ ਭਾਵ ਸ਼ੁੱਧ ਹੋ ਗਏ ਅਤੇ ਸਿੱਧੇ ਤੌਰ 'ਤੇ ਅਕਾਲ ਪੁਰਖ ਨਾਲ ਜੁੜ ਗਏ ਜੋ ਕਿ 'ਖੁਦਮੁਖਤਿਆਰ' ਹੈ।  ਸਿੱਖ ਕੌਮ ਨੇ ਇਸ ਸ਼ਬਦ ਦੇ ਮੂਲ ਅਰਥਾਂ ਨੂੰ ਇੰਨੀ ਸ਼ਿੱਦਤ ਨਾਲ ਅਪਣਾਇਆ ਤੇ ਜੀਵਿਆ ਕਿ ਇਹ ਸ਼ਬਦ ਅੱਜ ਸਿੱਖਾਂ ਲਈ ਹੀ ਰਾਖਵਾਂ ਹੋ ਗਿਆ ਹੈ। ਤਵਾਰੀਖ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699 ਈ. ਦੀ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ ਸੀ। ਇਸ ਦਿਨ ਤੋਂ ਹੀ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ।
ਗੁਰੂ ਸਾਹਿਬ ਵੱਲੋਂ ਖਾਲਸੇ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੇ ਸਿੱਖ-ਇਨਕਲਾਬ ਦਾ ਇਕ ਅਹਿਮ ਉਦੇਸ਼ ਸੀ। ਖਾਲਸਾ ਪੰਥ ਦੀ ਸਾਜਨਾ ਇਕ ਅਜਿਹਾ ਇਨਕਲਾਬ ਸੀ ਜਿਸ ਨੇ ਸਾਡੀ ਸਦੀਆਂ ਦੀ ਮਾਨਸਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਗੁਲਾਮੀ ਦਾ ਸਦਾ-ਸਦਾ ਲਈ ਫਸਤਾ ਵੱਢਣਾ ਸੀ। ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਨੇ ਬਿਨਾ ਹੱਦਾਂ-ਸਰਹੱਦਾਂ ਦੇ ਅਜਿਹੇ ਰਾਜ ਭਾਗ ਦੀ ਸਥਾਪਨਾ ਕਰ ਦਿੱਤੀ ਸੀ, ਜਿਸ ਵਿਚ ਬਿਪਰਵਾਦੀ ਰਾਜ ਤੇ ਸਮਾਜ ਪ੍ਰਬੰਧ ਵਿਚ ਸਦੀਆਂ ਤੋਂ ਦੱਬੇ-ਕੁਚਲੇ ਅਤੇ ਲਿਤਾੜੇ ਗਏ ਲੋਕਾਂ ਨੂੰ ਇੱਜ਼ਤ ਤੇ ਸਵੈਮਾਣ ਨਾਲ ਜਿਉਣ ਦਾ ਮੌਕਾ ਮਿਲਿਆ। ਰਾਜਸੀ ਜਰਵਾਣਿਆਂ ਕੋਲੋਂ ਉਹ ਆਪਣੀ ਰਾਖੀ ਆਪ ਹੀ ਕਰ ਸਕਣ ਦੇ ਯੋਗ ਵੀ ਹੋਏ, ਸਗੋਂ ਦੂਜੇ ਪੀੜਤ ਲੋਕਾਂ ਦੀ ਮਦਦ ਕਰਨ ਦਾ ਮਾਣ ਵੀ ਖੱਟਿਆ। ਭਗਤੀ ਦੇ ਨਾਲ ਸ਼ਕਤੀ ਅਤੇ ਸ਼ਸਤਰਾਂ ਦੇ ਨਾਲ ਸ਼ਾਸਤਰਾਂ ਦੇ ਸੁਮੇਲ ਨੇ ਸਿੱਖਾਂ ਦੇ ਜੀਵਨ ਵਿਚ ਮੀਰੀ ਅਤੇ ਪੀਰੀ ਦਾ, ਸੰਤ ਅਤੇ ਸਿਪਾਹੀ ਦਾ ਅਨੂਠਾ ਜਲੌਅ ਭਰਿਆ। ਇਸ ਦੀ ਬਦੌਲਤ ਹੀ ਧਰਤੀ ਦੇ ਇਕ ਨਿੱਕੇ ਜਿਹੇ ਟੁਕੜੇ ਪੰਜਾਬ ਦੀ ਸਰਜ਼ਮੀਂ ਉਤੇ ਪੈਦਾ ਹੋਏ ਖਾਲਸੇ ਨੇ ਪੂਰੇ ਜਗਤ ਵਿਚ ਆਪਣੇ ਨਾਮ ਤੇ ਕਰਮ ਦਾ ਸਿੱਕਾ ਚਲਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਜਿਹੇ ਪੰਥ ਦੀ ਸਾਜਨਾ ਕੀਤੀ ਜੋ ਸਾਰੇ ਸੰਸਾਰ ਵਿਚ ਆਪਣੇ ਨਿਆਰੇਪਣ ਅਤੇ ਵਿਲੱਖਣਤਾ ਕਰ ਕੇ ਪਛਾਣਿਆ ਜਾਂਦਾ ਹੈ। 
ਗੁਰੂ ਪਿਤਾ ਨੇ ਸਾਨੂੰ ਸਰਬ ਸਾਂਝੀਵਾਲਤਾ ਵਾਲੀ ਵਿਸ਼ਵ ਵਿਆਪੀ ਸੋਚ ਅਤੇ ਆਜ਼ਾਦ ਹਸਤੀ ਵਾਲੀ ਖਿਆਤੀ ਬਖਸ਼ੀ ਹੋਈ ਹੈ। ਸੱਚ 'ਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਹੈ। ਇਸ ਵਿਸਾਖੀ ਦੇ ਦਿਹਾੜੇ ਉਤੇ ਸਾਨੂੰ ਸਭ ਨੂੰ ਸਰਬੰਸ ਦਾਨੀ ਗੁਰੂ ਦੇ ਬਚਨਾਂ ਨੂੰ ਆਤਮਸਾਤ ਕਰਦਿਆਂ ਆਪਣੇ ਇਤਿਹਾਸ ਨੂੰ ਗਹੁ ਨਾਲ ਪਰਖਣ ਅਤੇ ਭੈਅਮੁਕਤ ਹੋ ਕੇ ਸੱਚ ਦੇ ਮਾਰਗ ਉਤੇ ਤੁਰਨ ਦਾ ਅਹਿਦ ਕਰਨਾ ਹੀ ਸਹੀ ਮਾਅਨਿਆਂ ਵਿਚ ਖਾਲਸਾ ਸਾਜਨਾ ਦਿਵਸ ਮਨਾਉਣ ਦਾ ਸਾਰ ਤੱਤ ਹੈ।