ਯੂਪੀ ਵਿਚ 8 ਪੁਲਸੀਆਂ ਨੂੰ ਮਾਰਨ ਵਾਲਾ ਵਿਕਾਸ ਦੂਬੇ ਮੰਦਿਰ ਤੋਂ ਫੜ੍ਹਿਆ ਗਿਆ

ਯੂਪੀ ਵਿਚ 8 ਪੁਲਸੀਆਂ ਨੂੰ ਮਾਰਨ ਵਾਲਾ ਵਿਕਾਸ ਦੂਬੇ ਮੰਦਿਰ ਤੋਂ ਫੜ੍ਹਿਆ ਗਿਆ
ਵਿਕਾਸ ਦੂਬੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਉੱਤਰ ਪ੍ਰਦੇਸ਼ ਵਿਚ ਕੁੱਝ ਦਿਨ ਪਹਿਲਾਂ ਛਾਪਾ ਮਾਰਨ ਗਈ ਪੁਲਸ 'ਤੇ ਹਮਲਾ ਕਰਕੇ 8 ਪੁਲਸੀਆਂ ਨੂੰ ਕਤਲ ਕਰਨ ਵਾਲੇ ਬਦਮਾਸ਼ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਵਿਚ ਸਥਿਤ ਮਹਾਕਾਲ ਮੰਦਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗ੍ਰਿਫਤਾਰੀ ਦੀ ਪੁਸ਼ਟੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕੀਤਾ ਹੈ। ਦੱਸ ਦਈਏ ਕਿ ਵਿਕਾਸ ਦੂਬੇ ਪਹਿਲਾਂ ਤੋਂ ਹੀ ਬਦਮਾਸ਼ ਅਨਸਰ ਹੈ ਅਤੇ ਉਸ ਖਿਲਾਫ ਕਤਲ ਸਮੇਤ ਕਈ ਹੋਰ ਸੰਗੀਨ ਦੋਸ਼ਾਂ ਅਧੀਨ 60 ਦੇ ਕਰੀਬ ਮਾਮਲੇ ਚੱਲ ਰਹੇ ਹਨ। ਪਰ ਉਸਦੇ ਭਾਜਪਾ ਅਤੇ ਆਰ.ਐਸ.ਐਸ ਨਾਲ ਨੇੜਲੇ ਸਬੰਧਾਂ ਦੀਆਂ ਚਰਚਾਵਾਂ ਵੀ ਭਖੀਆਂ ਹੋਈਆਂ ਹਨ।

ਵਿਕਾਸ ਦੂਬੇ ਵੱਲੋਂ ਪੁਲਸੀਆਂ ਨੂੰ ਕਤਲ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਸੀ ਤੇ ਉਸਦੇ ਸਿਰ 'ਤੇ 5 ਲੱਖ ਦਾ ਇਨਾਮ ਰੱਖਿਆ ਗਿਆ ਸੀ। ਅੱਜ ਸਵੇਰੇ ਯੂਪੀ ਵਿਚ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਪੁਲਸ ਨੇ ਕਤਲ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਨੇ ਪੁਲਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਇਲਾਵਾ ਵਿਕਾਸ ਦੂਬੇ ਦੇ 6 ਹੋਰ ਸਾਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਿਹਨਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਪਿਛਲੇ ਸ਼ੁਕਰਵਾਰ ਜਦੋਂ 8 ਪੁਲਸੀਆਂ ਦਾ ਕਤਲ ਕੀਤਾ ਗਿਆ ਸੀ ਤਾਂ ਉਸ ਤੋਂ ਕੁੱਝ ਸਮਾਂ ਬਾਅਦ ਪੁਲਸ ਨੇ ਵਿਕਾਸ ਦੂਬੇ ਦੇ ਰਿਸ਼ਤੇਦਾਰ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਅਤੁਲ ਦੁਬੇ ਨੂੰ ਕਤਲ ਕਰ ਦਿੱਤਾ ਸੀ।