ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਦੀ ਜਿੱਤ: ਮੋਦੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਜਿੱਤ ਨੂੰ ‘ਵਿਕਸਿਤ ਭਾਰਤ’ ਦੇ ਸੰਕਲਪ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਦੇਸ਼ਵਾਸੀਆਂ ਨੇ ਭਾਜਪਾ ਤੇ ਉਸ ਦੀ ਅਗਵਾਈ ਵਾਲੇ ਗੱਠਜੋੜ ’ਤੇ ‘ਪੂਰਾ ਭਰੋਸਾ’ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ, ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਦੀ ਜਿੱਤ ਹਨ। ਚੋਣ ਨਤੀਜੇ ਸਪਸ਼ਟ ਹੋਣ ਮਗਰੋਂ ਭਾਜਪਾ ਮੁੱਖ ਦਫ਼ਤਰ ਵਿੱਚ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਆਪਣੇ ਦੋ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆਈ ਹੈ। ਉਧਰ, ਭਾਜਪਾ ਨੇ ਦਾਅਵਾ ਕੀਤਾ ਕਿ ਐੱਨਡੀਏ ਗੱਠਜੋੜ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੇ ‘ਵਿਕਸਿਤ ਭਾਰਤ’ ਦੇ ਨਜ਼ਰੀਏ ਵਿੱਚ ਲੋਕਾਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਜ਼ਾਹਿਰ ਕਰਦੀ ਹੈ। ਼
ਕਈ ਕੇਂਦਰੀ ਮੰਤਰੀ ਹਾਰੇ
ਲੋਕ ਸਭਾ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਮਗਰੋਂ ਕਈ ਕੇਂਦਰੀ ਮੰਤਰੀ ਆਪਣੇ ਵਿਰੋਧੀਆਂ ਤੋਂ ਹਾਰ ਗਏ ਹਨ, ਜਿਨ੍ਹਾਂ ਵਿੱਚ ਭਾਜਪਾ ਆਗੂ ਸਮ੍ਰਿਤੀ ਇਰਾਨੀ, ਅਜੈ ਮਿਸ਼ਰਾ ਟੈਨੀ, ਅਰਜੁਨ ਮੁੰਡਾ ਤੇ ਕੈਲਾਸ਼ ਚੌਧਰੀ ਸ਼ਾਮਲ ਹਨ। ਕੇਰਲਾ ਦੀ ਤਿਰੂਵਨੰਤਪੁਰਮ ਸੀਟ ਤੋਂ ਬਿਜਲੀ ਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ, ਕਾਂਗਰਸੀ ਉਮੀਦਵਾਰ ਸ਼ਸ਼ੀ ਥਰੂਰ ਤੋਂ 16,077 ਵੋਟਾਂ ਨਾਲ ਹਾਰ ਗਏ ਹਨ। ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਰਾਜਸਥਾਨ ਦੇ ਅਲਵਰ ਵਿੱਚ ਕਾਂਗਰਸੀ ਉਮੀਦਵਾਰ ਲਲਿਤ ਯਾਦਵ ਨੂੰ 48,282 ਵੋਟਾਂ ਨਾਲ ਹਾਰ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪੰਜਵੀਂ ਵਾਰ ਹਮੀਰਪੁਰ ਤੋਂ ਜਿੱਤ ਹਾਸਲ ਕਰਦਿਆਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸਤਪਾਲ ਰਾਏਜ਼ਾਦਾ ਨੂੰ 1,82,357 ਵੋਟਾਂ ਨਾਲ ਹਰਾਇਆ ਹੈ। ਝਾਰਖੰਡ ਦੀ ਕੁੰਤੀ ਲੋਕ ਸਭਾ ਸੀਟ ’ਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਬਾਰੇ ਕੇਂਦਰੀ ਰਾਜ ਮੰਤਰੀ ਐੱਲ ਮੁਰੂਗਨ ਡੀਐੱਮਕੇ ਦੇ ਏ. ਰਾਜਾ ਨਾਲੋਂ 2.40,585 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਗਏ ਹਨ।
ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਕਾਂਗਰਸੀ ਉਮੀਦਵਾਰ ਕਾਲੀਚਰਨ ਮੁੰਡਾ ਨਾਲੋਂ 1.49 ਲੱਖ ਵੋਟਾਂ ਨਾਲ ਹਾਰ ਗਏ ਹਨ। ਇਸੇ ਤਰ੍ਹਾਂ ਖੇਤੀਬਾੜੀ ਤੇ ਕਿਸਾਨ ਭਲਾਈ ਬਾਰੇ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਬਾੜਮੇਰ ਤੋਂ ਹਾਰ ਗਏ ਹਨ। ਕੇਂਦਰੀ ਰੱਖਿਆ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ ਲਖਨਊ ਸੀਟ ਤੋਂ 1,35,159 ਵੋਟਾਂ ਨਾਲ ਸਮਾਜਵਾਦੀ ਪਾਰਟੀ ਦੇ ਰਵੀਦਾਸ ਮੇਹਰੋਤਰਾ ਤੋਂ ਜਿੱਤ ਗਏ ਹਨ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਗਪੁਰ ਸੀਟ ’ਤੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਵਿਕਾਸ ਠਾਕਰੇ ਤੋਂ ਜਿੱਤ ਗਏ ਹਨ ਜਦਕਿ ਵਣਜ ਤੇ ਸਨਅਤ ਮੰਤਰੀ ਪਿਯੂਸ਼ ਗੋਇਲ ਮੁੰਬਈ ਉੱਤਰੀ ਸੀਟ ਤੋਂ ਜਿੱਤ ਗਏ ਹਨ। ਕੇਂਦਰੀ ਧਰਤੀ ਵਿਗਿਆਨ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੱਛਮੀ ਸੀਟ ’ਤੇ ਆਪਣੇ ਵਿਰੋਧੀ ਤੋਂ 1,00,738 ਵੋਟਾਂ ਨਾਲ ਜਿੱਤ ਗਏ ਹਨ। ਕੇਂਦਰੀ ਮੰਤਰੀ- ਅਰਜੁਨ ਰਾਮ ਮੇਘਵਾਲ (ਬੀਕਾਨੇਰ) ਤੇਂ 55.711 ਵੋਟਾਂ ਨਾਲ ਜਿੱਤ ਗਏ ਹਨ। ਗਜੇਂਦਰ ਸਿੰਘ ਸ਼ੇਖਾਵਤ (ਜੋਧਪੁਰ) 1.14,750 ਵੋਟਾਂ ਨਾਲ ਜਿੱਤ ਗਏ ਹਨ
Comments (0)