ਕੰਗਨਾ ਰਣੌਤ ਵੱਲੋਂ ਪੰਜਾਬ ਤੇ ਪੰਜਾਬੀਆਂ ਪ੍ਰਤੀ ਨਫ਼ਰਤੀ ਟਿੱਪਣੀ ਦੇਸ਼ਹਿਤ ਵਿੱਚ ਨਹੀਂ- ਐਡਵੋਕੇਟ ਧਾਮੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ, 6 ਜੂਨ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਇੱਕ ਪੰਜਾਬੀ ਸੁਰੱਖਿਆ ਕਰਮੀ ਨਾਲ ਹੋਈ ਬਹਿਸਬਾਜੀ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀ ਕਰਨਾ ਉਸਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਅਤਿਵਾਦ ਵਧ ਰਿਹਾ ਹੈ, ਇਹ ਉਸਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦਕਿ ਸੱਚ ਇਹ ਹੈ ਕਿ ਉਸ ਦੀ ਆਪਣੀ ਜਬਾਨ ਰਾਹੀਂ ਫੈਲਾਇਆ ਜਾ ਰਿਹਾ ਅਤਿਵਾਦ ਦੇਸ਼ ਦੇ ਮਹੌਲ ਨੂੰ ਦੂਸ਼ਿਤ ਕਰ ਰਿਹਾ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਜਿੰਦਾ ਹੈ ਤਾਂ ਉਸ ਪਿੱਛੇ ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਹਨ। ਇਤਿਹਾਸ ਨੂੰ ਭੁੱਲ ਕੇ ਕੇਵਲ ਚਰਚਿਤ ਹੋਣ ਲਈ ਦੇਸ਼ ਵਿੱਚ ਲੋਕਾਂ ਦੀ ਆਪਸੀ ਸਦਭਾਵਨਾ ਅਤੇ ਪਰਸਪਰ ਸਮਾਜਿਕ ਰਿਸ਼ਤਿਆਂ ਦੀ ਅਣਦੇਖੀ ਕਰਨਾ ਦੇਸ਼ ਲਈ ਚੰਗਾ ਨਹੀਂ ਹੈ। ਪਰੰਤੂ ਕੰਗਣਾ ਰਣੌਤ ਜਾਣਬੁੱਝ ਕੇ ਇਸ ਰਸਤੇ ਉੱਤੇ ਤੁਰ ਰਹੀ ਹੈ। ਐਡਵੋਕੇਟ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੰਗਨਾ ਰਣੌਤ ਨੂੰ ਜਾਬਤੇ ਵਿੱਚ ਰਹਿਣ ਦਾ ਪਾਠ ਪੜ੍ਹਾਉਣ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਣ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਵਾਪਰੀ ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਸ ਵਿੱਚ ਵੀ ਕੰਗਨਾ ਰਣੌਤ ਵੱਲੋਂ ਪੰਜਾਬ ਵਿਰੁੱਧ ਨਫ਼ਰਤੀ ਮਹੌਲ ਸਿਰਜਣ ਲਈ ਕੋਈ ਸ਼ਰਾਰਤੀ ਬਹਿਸਬਾਜੀ ਤਾਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰੀ ਸਰੁੱਖਿਆ ਬਲ ਵੱਲੋਂ ਕੀਤੀ ਜਾਣ ਵਾਲੀ ਜਾਂਚ ਬਿਨਾਂ ਕਿਸੇ ਦੇ ਸਿਆਸੀ ਤੇ ਸਖ਼ਸ਼ੀ ਪ੍ਰਭਾਵ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਅਨਿਆ ਨਾ ਹੋਵੇ।
Comments (0)