ਅਮਰੀਕਾ ਵਿਚ ਪੁਲਿਸ ਅਫਸਰ ਦੀ ਗੰਨ ਖੋਹ ਕੇ ਚਲਾਈ ਗੋਲੀ,ਪੁਲਿਸ ਅਫਸਰ ਤੇ ਇਕ ਔਰਤ ਦੀ ਹੋਈ ਮੌਤ

ਅਮਰੀਕਾ ਵਿਚ ਪੁਲਿਸ ਅਫਸਰ ਦੀ ਗੰਨ ਖੋਹ ਕੇ ਚਲਾਈ ਗੋਲੀ,ਪੁਲਿਸ ਅਫਸਰ ਤੇ ਇਕ ਔਰਤ ਦੀ ਹੋਈ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੋਸਟਨ ਨੇੜੇ ਇਕ ਵਿਅਕਤੀ ਵੱਲੋਂ ਇਕ ਪੁਲਿਸ ਅਫਸਰ ਤੇ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁਲਿਸ ਅਨੁਸਾਰ ਵੇਮਾਊਥ ਦੇ ਪੁਲਿਸ ਅਫਸਰ ਮਾਈਕਲ ਚੇਸਨਾ (42) ਫੋਨ ਉਪਰ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜਾ ਤਾਂ ਇਕ ਵਿਅਕਤੀ ਇਕ ਘਰ ਦੀ ਭੰਨਤੋੜ ਕਰ ਰਿਹਾ ਸੀ। ਚੇਸਨਾ ਨੇ ਆਪਣੀ ਗੰਨ ਕੱਢ ਕੇ ਉਸ ਵਿਅਕਤੀ ਨੂੰ ਰੁਕ ਜਾਣ ਲਈ ਕਿਹਾ। ਨੋਰਫੋਲਕ ਕਾਊਂਟੀ ਅਸਿਸਟੈਂਟ ਡਿਸਟ੍ਰਿਕਟ ਅਟਰਾਨੀ ਗਰੇਗ ਕੋਨਰ ਅਨੁਸਾਰ ਈਮੈਨੂਏਲ ਲੋਪਸ ਨਾਮੀ ਵਿਅਕਤੀ ਨੇ ਰੁਕਣ ਦੀ ਬਜਾਏ ਇਕ ਪੱਥਰ ਚੇਸਨਾ ਦੇ ਮਾਰਿਆ ਜੋ ਉਸ ਦੇ ਸਿਰ ਵਿਚ ਵੱਜਾ । ਬਾਅਦ ਵਿਚ ਸ਼ੱਕੀ ਲੋਪਸ ਨੇ ਚੇਸਨਾ ਦੀ ਗੰਨ ਲੈ ਕੇ ਪੁਲਿਸ ਅਫਸਰ ਦੇ ਸਿਰ ਤੇ ਛਾਤੀ ਵਿਚ ਕਈ ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ੱਕੀ ਲੋਪਸ ਵੱਲੋਂ ਚਲਾਈਆਂ ਗੋਲੀਆਂ ਨਾਲ ਘਰ ਵਿਚ ਮੌਜੂਦ ਇਕ ਹੋਰ ਔਰਤ ਵੀ ਮਾਰੀ ਗਈ। ਕੋਨਰ ਨੇ ਕਿਹਾ ਕਿ ਮੌਕੇ 'ਤੇ ਪੁੱਜੇ ਹੋਰ ਪੁਲਿਸ ਅਫਸਰਾਂ ਵੱਲੋਂ ਚਲਾਈ ਗੋਲੀ ਨਾਲ ਸ਼ੱਕੀ ਲੋਪਸ ਵੀ ਜਖਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਹੈ। ਕੋਨਰ ਨੇ ਕਿਹਾ ਕਿ ਸ਼ੱਕੀ ਦੀ ਲੱਤ ਵਿਚ ਗੋਲੀ ਵੱਜੀ ਹੈ ਤੇ ਉਸ ਦੀ ਹਾਲਤ ਸਥਿਰ ਹੈ। ਵੇਮਾਊਥ ਦੇ ਪੁਲਿਸ ਮੁਖੀ ਰਿਚਰਡ ਗ੍ਰਿਮਜ ਨੇ ਦਸਿਆ ਕਿ ਚੇਸਨਾ ਦੇ 4 ਤੇ 9 ਸਾਲ ਦੇ ਦੋ ਬੱਚੇ ਹਨ। ਪੁਲਿਸ ਵਿਚ ਭਰਤੀ ਹੋਣ ਤੋਂ ਪਹਿਲਾਂ ਉਹ ਫੌਜ ਵਿਚ ਨੌਕਰੀ ਕਰਦਾ ਸੀ।