ਕਿਸਾਨਾਂ ਉਪਰ ਡਰੋਨ ਤੇ ਜਾਨਲੇਵਾ ਹਮਲੇ ਅਕਾਲੀ ਦਲ ਸਹਿਣ ਨਹੀਂ ਕਰੇਗਾ-ਸਰਨਾ

ਕਿਸਾਨਾਂ ਉਪਰ ਡਰੋਨ ਤੇ ਜਾਨਲੇਵਾ ਹਮਲੇ ਅਕਾਲੀ ਦਲ ਸਹਿਣ ਨਹੀਂ ਕਰੇਗਾ-ਸਰਨਾ

ਪੰਜਾਬ ਸਰਕਾਰ ਹਰਿਆਣਾ ਸਰਕਾਰ ਉਪਰ ਕਾਰਵਾਈ ਕਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ-ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਉਪਰ ਡਰੋਨਾਂ, ਮਿਰਚੀ ਬੰਬਾਂ, ਸਮੋਕ ਬੰਬਾਂ ਤੇ ਪਾਬੰਦੀ ਸ਼ੁਦਾ ਪੈਲੇਟ ਗੰਨਾਂ ਦਾ ਕਿਸਾਨਾਂ 'ਤੇ ਪ੍ਰਯੋਗ ਕਰਕੇ ਮਨੁੱਖੀ ਅਧਿਕਾਰਾਂ ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਹਥਿਆਰ ਕਸ਼ਮੀਰ ਵਿਚ ਅੱਤਵਾਦੀ ਤੇ ਹਿੰਸਕ ਲਹਿਰ ਨੂੰ ਕੁਚਲਣ ਲਈ ਵਰਤੇ ਸਨ ਜਦਕਿ ਪੰਜਾਬ ਦੀ ਕਿਸਾਨੀ ਲਹਿਰ ਜਨਤਕ ਸ਼ਾਂਤਮਈ ਲਹਿਰ ਹੈ।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਜੰਗਾਂ 'ਚ ਮਨੁੱਖ ਰਹਿਤ ਜਹਾਜ਼ਾਂ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ ,ਪਰ ਭਾਰਤ 'ਚ ਵਿਰੋਧ ਪ੍ਰਦਰਸ਼ਨ 'ਤੇ ਅਧਿਕਾਰਤ ਤੌਰ 'ਤੇ ਡਰੋਨ ਹਮਲਾ ਕਰਨ ਵਾਲਾ ਹਰਿਆਣਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਹਰਿਆਣਾ ਸਰਕਾਰ ਤੋਂ ਪੁਛਿਆ ਕਿ ਕੀ ਕੋਈ ਪੁਲਿਸ, ਅਰਧ ਸੈਨਿਕ ਬਲ ਜਾਂ ਫੌਜ ਸਾਡੇ ਆਪਣੇ ਦੇਸ਼ ਦੀ ਕਿਸੇ ਸਟੇਟ ਵਿੱਚ ਲੋਕ ਲਹਿਰ ਉਪਰ ਹਵਾਈ ਹਮਲੇ ਕਰ ਸਕਦੀ ਹੈ? 

ਉਨਾਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਲੋਹੇ ਦੀਆਂ ਤਿਖੀਆਂ ਰਾਡਾਂ, ਬੈਰੀਕੇਡਾਂ ਅਤੇ ਕੰਕਰੀਟ ਦੀਆਂ ਕੰਧਾਂ ਬਣਾ ਕੇ ਹਾਈਵੇਅ ਨੂੰ ਬੰਦ ਕਰਨਾ ਸੰਵਿਧਾਨਕ ਉਲੰਘਣਾ ਹੈ ਤੇ ਲੋਕਾਂ ਤੋਂ ਅਜਾਦੀ ਦਾ ਅਧਿਕਾਰ ਖੋਹਣਾ ਹੈ।

ਸਰਨਾ ਨੇ ਕਿਹਾ ਕਿ ਆਜ਼ਾਦ ਦੇਸ਼ ਵਿੱਚ ਸਾਰੇ ਨਾਗਰਿਕਾਂ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ । ਉਨ੍ਹਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਲਈ ਕਿਹਾ ਤਾਂ ਜੋ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲ ਸਕੇ ਅਤੇ ਉਨ੍ਹਾਂ ਨੂੰ ਸੰਘਰਸ਼ ਦਾ ਸਹਾਰਾ ਨਾ ਲੈਣਾ ਪਵੇ।ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਕਾਲੀ ਦਲ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਖ ਮੰਤਰੀ ਭਗਵੰਤ ਮਾਨ ਹਰਿਆਣਾ ਸਰਕਾਰ ਪ੍ਰਤੀ ਨਰਮ ਰਵਈਆ ਰਖ ਰਿਹਾ ਹੈ,ਕਿਉਂਕਿ ਉਸਨੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਪਰ ਡਰੋਨ ਅਟੈਕ ਗੋਲੀਆਂ , ਅਥਰੂ ਗੈਸ ਬਾਰੇ ਕੋਈ ਕਨੂੰਨੀ ਕਾਰਵਾਈ ਨਹੀਂ ਕੀਤੀ।ਇਸ ਕਾਰਣ ਕਈ ਕਿਸਾਨ , ਪੱਤਰਕਾਰ ਗੰਭੀਰ ਜ਼ਖਮੀ ਹੋਏ ! ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੇਂਦਰ ਸਰਕਾਰ , ਹਰਿਆਣਾ ਸਰਕਾਰ ਨਾਲ ਮਿਲ ਕੇ ਕਿਸਾਨ ਸੰਘਰਸ਼ ਨੂੰ ਕੁਚਲ ਰਿਹਾ ਹੈ।