ਇੰਡੋ ਯੂ.ਐਸ. ਹੈਰੀਟੇਜ ਫਰਿਜਨੋ ਵੱਲੋ ਕਰਵਾਇਆ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਯਾਦਗਾਰੀ ਹੋ ਨਿੱਬੜਿਆ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰਿਜਨੋ (ਕੈਲੀਫੋਰਨੀਆਂ):ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ :ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ, ਉਹ ਹਰ ਸਮੇਂ ਪੰਜਾਬ ਨਾਲ ਜੁੜੇ ਰਹਿੰਦੇ ਹਨ। ਇਸੇ ਲੜੀ ਅਤੇ ਸਮਰਪਣ ਤਹਿੱਤ ਗਦਰ ਲਹਿਰ ਦੀ ਸੁਰੂਆਤ 1913 ਵਿੱਚ ਅਮਰੀਕਾ ਤੋਂ ਹੋਈ ਸੀ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਭਾਰਤ ਦੀ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਲਈ ਤਕਰੀਬਨ 8000 ਹਜ਼ਾਰ ਦੇ ਕਰੀਬ ਗ਼ਦਰੀ ਬਾਬੇ ਭਾਰਤ ਪਰਤੇ ਸਨ। ਜਿੰਨਾ ਵਿੱਚੋਂ ਬਹੁਤਾਤ ਪੰਜਾਬੀਆਂ ਦੀ ਸੀ। ਗਦਰ ਦੀ ਗੂੰਜ ਅਖਬਾਰ ਕੈਲੀਫੋਰਨੀਆਂ ਦੀ ਧਰਤੀ ਸਾਨਫਰਾਸਸਕੋ ਤੋਂ ਨਿਕਲਦਾ ਰਿਹਾ, ਜਿਸ ਦੀ ਗੂੰਜ ਨੇ ਗੋਰਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਇਸੇ ਲਹਿਰ ਨੂੰ ਸਮਰਪਿਤ ਭਾਰਤ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਛੇ ਹੋਰ ਸੂਰਮਿਆਂ ਨੂੰ ਯਾਦ ਕਰਦੇ ਹੋਏ ਸਥਾਨਿਕ “ਇੰਡੋ ਯੂ.ਐਸ. ਹੈਰੀਟੇਜ਼ ਫਰਿਜਨੋ, ਦੇ ਸਮੂੰਹ ਮੈਬਰਾਂ ਦੇ ਸਿਰਤੋੜ ਯਤਨਾਂ ਸਦਕੇ ਲੰਘੇ ਐਤਵਾਰ ਫਰਿਜਨੋ ਦੇ ਪੰਜਾਬੀ ਸੈਂਟਰ ਵਿੱਚ ਗਦਰੀ ਬਾਬਿਆਂ ਦਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।
ਇਸ ਵਾਰ ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਦਲਜੀਤ ਸਿੰਘ ਸਾਬਕਾ ਪ੍ਰੈਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਉਹਨਾਂ ਸਭ ਤੋਂ ਪਹਿਲਾ ਸੰਸਥਾ ਦੇ ਸਮੂਹ ਮੈਂਬਰਾਂ ਨਾਲ ਸ਼ਹੀਦਾਂ ਨੂੰ ਨਮਨ ਕਰਦਿਆਂ ਸ਼ਮਾਂ ਰੌਸ਼ਨ ਕੀਤੀ। ਉਹਨਾਂ ਇਸ ਮੌਕੇ ਬੋਲਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਜੀਵਨ ਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ।ਇਸ ਮੌਕੇ ਸਰੋਤਿਆਂ ਨੇ ਉਹਨਾਂ ਦੇ ਵਿਚਾਰ ਸਾਹ ਰੋਕਕੇ ਸੁਣੇ ਤੇ ਆਪ ਮੁਹਾਰੇ ਤਾੜੀਆਂ ਮਾਰੀਆਂ । ਉਹਨਾਂ ਬੜੇ ਤਫ਼ਸੀਲ ਨਾਲ ਗਦਰ ਇਤਿਹਾਸ ਬਾਰੇ ਚਾਨਣਾ ਪਾਇਆ। ਉਪਰੰਤ ਡਾ. ਦਲਜੀਤ ਸਿੰਘ ਨੇ ਸੰਸਥਾ ਦਾ ਸੋਵੀਨੀਅਰ ਰਲੀਜ਼ ਕੀਤਾ। ਕਿਰਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ, ਅਤੇ ਉਹਨਾਂ ਕਿਸਾਨੀ ਸੰਘਰਸ਼ ਅਤੇ ਕਿਸਾਨਾਂ ਦੀਆਂ ਮਜੂਦਾ ਮੰਗਾਂ ਬਾਰੇ ਗੱਲਬਾਤ ਕੀਤੀ। ਸੰਸਥਾ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸੰਸਥਾ ਦੇ ਕੰਮਾਂ ਕਾਰਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਸੈਕਟਰੀ ਹੈਰੀ ਮਾਨ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਗਦਰ ਲਹਿਰ ਬਾਰੇ ਬੇਸਕੀਮਤੀ ਜਾਣਕਾਰੀ ਸਾਂਝੀ ਕੀਤੀ।
ਇਸ ਤੋੰ ਇਲਾਵਾ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਅਤੇ ਗਾਇਕ ਕਮਲਜੀਤ ਬੈਨੀਪਾਲ ਨੇ ਸ਼ਾਨਦਾਰ ਕਵਿੱਸ਼ਰੀ ਗਾਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਗਾਇਕ ਪੱਪੀ ਭਦੌੜ, ਰਾਜ ਬਰਾੜ, ਗੁਰਦੀਪ ਕੁੱਸਾ, ਗੋਗੀ ਸੰਧੂ ਨੇ ਇਨਕਲਾਬੀ ਗੀਤਾਂ ਨਾਲ ਬਹਿਜਾ ਬਹਿਜਾ ਕਰਵਾ ਦਿੱਤੀ। ਹਰਨੇਕ ਸਿੰਘ ਲੋਹਗੜ ਨੇ ਵੀ ਜੋਸ਼ੀਲੇ ਭਾਸ਼ਨ ਨਾਲ ਦਰ਼ਸ਼ਕਾਂ ਨੂੰ ਕੀਲਿਆ। ਸੁਖਵਿੰਦਰ ਸਿੰਘ ਚੀਮਾਂ ਨੇ ਇੱਕ ਕਵਿਤਾ ਨਾਲ ਹਾਜ਼ਰੀ ਭਰੀ। ਉੱਘੇ ਕਾਰੋਬਾਰੀ ਗੁਲਿੰਦਰ ਗਿੱਲ ਨੇ ਖਾਸ ਤੌਰ ਤੇ ਸੈਕਰਾਮੈਂਟੋ ਤੋਂ ਚੱਲਕੇ ਮੇਲੇ ਵਿੱਚ ਪਰਿਵਾਰ ਸਮੇਤ ਸ਼ਿਰਕਤ ਕੀਤੀ।ਸੈੰਟਰਲਵੈਲੀ ਭੰਗੜਾ ਕਲੱਬ ਦੇ ਬੱਚਿਆਂ ਨੇ ਸ਼ਾਨਦਾਰ ਭੰਗੜਾ ਪਾਕੇ ਮੇਲੇ ਨੂੰ ਚਰਮ ਸੀਮਾਂ ਤੱਕ ਪਹੁੰਚਾਇਆ। 4.0 ਗ੍ਰੇਡ ਪੁਆਇੰਟ ਵਾਲੇ ਬੱਚਿਆਂ ਨੂੰ ਸੰਸਥਾ ਵੱਲੋਂ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਥਲੀਟ ਗੁਰਬਖਸ਼ ਸਿੰਘ ਸਿੱਧੂ, ਸੁਖਨੈਣ ਸਿੰਘ, ਹਰਦੀਪ ਸਿੰਘ ਸੰਘੇੜਾ ਅਤੇ ਕਮਲਜੀਤ ਬੈਨੀਪਾਲ ਨੂੰ ਵੀ ਉਹਨਾਂ ਦੁਆਰਾ ਖੇਡਾ ਵਿੱਚ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੇਲੇ ਵਿੱਚ ਗਦਰੀ ਬਾਬਿਆਂ ਦੀ ਫੋਟੋ ਪ੍ਰਦਰਸ਼ਨੀ ਨੇ ਵੀ ਸਰੋਤਿਆਂ ਦਾ ਧਿਆਨ ਖਿੱਚਿਆ। ਇਸ ਮੌਕੇ ਇੰਡੋ ਅਮੈਰਕਿਨ ਹੈਰੀਟੇਜ, ਵਿਰਸਾ ਫਾਊਡੇਸ਼ਨ,ਪੀਸੀਏ ਤੋ ਬਿਨਾਂ ਸਾਰੀਆਂ ਹੀ ਭਰਾਤਰੀ ਜਥੇਬੰਦੀਆਂ ਮਜੂਦ ਰਹੀਆ। ਚਾਹ ਪਕੌੜਿਆਂ ਦੀ ਸੇਵਾ ਵਰਿੰਦਰ ਸਿੰਘ ਵੱਲੋ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਸਿਰਕੱਢ ਸਖਸ਼ੀਅਤਾ ਹਾਜ਼ਰ ਰਹੀਆਂ। ਸਟੇਜ ਸੰਚਾਨਲ ਨੀਟਾ ਮਾਛੀਕੇ ਨੇ ਕੀਤਾ। ਅੰਤ ਵਿੱਚ ਪ੍ਰਬੰਧਕਾਂ ਨੇ ਪੰਜਾਬੀ ਰੇਡੀਓ ਯੂਐਸਏ ਅਤੇ ਸਮੂਹ ਮੀਡੀਏ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪੰਜਾਬੀ ਰੇਡੀਓ ਯੂਐਸਏ ਦੀ ਟੀਮ ਦਾ ਮੇਲੇ ਲਈ ਖਾਸ ਸਹਿਯੋਗ ਰਿਹਾ, ਉਹ ਮੇਲੇ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ, ਪ੍ਰਬੰਧਕਾਂ ਨੇ ਉਹਨਾਂ ਦੇ ਉਪਰਾਲੇ ਲਈ ਉਹਨਾਂ ਦਿਲੋਂ ਸ਼ੁਕਰੀਆ ਅਦਾ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਮੇਲਾ ਪ੍ਰਬੰਧਕ ਵੀਰਾਂ ਦੀ ਮਿਹਨਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਯਾਦਗਾਰੀ ਹੋ ਨਿਬੜਿਆ।
Comments (0)