ਅਖੰਡ ਕੀਰਤਨੀ ਜੱਥੇ ਵਲੋ ਸਿੱਖ ਕਤਲੇਆਮ ਪੀੜੀਤਾਂ ਦੀ ਯਾਦ ਵਿਚ ਬਣੀ ਸੱਚ ਦੀ ਕੰਧ ਤੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਟ

ਅਖੰਡ ਕੀਰਤਨੀ ਜੱਥੇ ਵਲੋ ਸਿੱਖ ਕਤਲੇਆਮ ਪੀੜੀਤਾਂ ਦੀ ਯਾਦ ਵਿਚ ਬਣੀ ਸੱਚ ਦੀ ਕੰਧ ਤੇ ਕੀਤੇ ਗਏ ਸ਼ਰਧਾ ਦੇ ਫੁੱਲ ਭੇਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਅਤੇ ਹੋਰ ਰਾਜਾਂ ਅੰਦਰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀੜੀਤਾਂ ਦੀ ਯਾਦ ਵਿਚ ਬਣਾਈ ਗਈ "ਸੱਚ ਦੀ ਕੰਧ" ਵਿਖੇ ਪਹੁੰਚ ਕੇ ਸ਼ਹੀਦ ਹੋਏ ਸਿੰਘ, ਸਿੰਘਣੀਆਂ, ਭੂੰਜਗੀਆਂ ਅਤੇ ਬਜ਼ੁਰਗਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਅਰਪਣ ਕੀਤੇ ਗਏ । ਜੱਥੇ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਅਤੇ ਸਾਬਕਾ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਤਕਰੀਬਨ 3 ਹਜਾਰ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜਿਨ੍ਹਾਂ ਅੰਦਰ 50 ਸਿੱਖ ਫੌਜੀ ਅਫਸਰਾਂ ਅਤੇ ਜਵਾਨਾਂ ਦਾ ਦਿੱਲੀ ਦੇ ਤੁਗਲਕਾਬਾਦ ਰੇਲਵੇ ਸਟੇਸ਼ਨ ਉਪਰ ਕਤਲੇਆਮ ਕੀਤਾ ਗਿਆ ਸੀ, ਜੋ ਕਿ ਦਿੱਲੀ ਅੰਦਰ ਹਿੰਸਾ ਫੈਲਣ ਕਾਰਨ ਸਟੇਸ਼ਨ 'ਤੇ ਫਸ ਗਏ ਸਨ। ਅੱਜ ਤੱਕ ਦੀ ਕਿਸੇ ਵੀ ਕੇਂਦਰ ਜਾਂ ਸੂਬਾ ਸਰਕਾਰ ਨੇ ਕਤਲੇਆਮ ਪੀੜੀਤਾਂ ਸਹਿਤ ਫੌਜੀਆਂ ਦੇ ਕਤਲ ਦਾ ਇਨਸਾਫ ਨਹੀਂ ਦਿਵਾਇਆ.? ਇਸ ਕਤਲੇਆਮ ਲਈ ਪੀੜਿਤ ਅਤੇ ਫੌਜੀ ਇਨਸਾਫ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਾ ਹੋਈ।

ਮੁਲਕ ਦੀ ਰਾਜਧਾਨੀ ਵਿੱਚ ਤਿੰਨ ਹਜ਼ਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਤਿੰਨ ਦਹਾਕੇ ਤੱਕ ਮੁਲਕ ਦੀਆਂ ਜਾਂਚ ਏਜੰਸੀਆਂ ਅਤੇ ਨਿਆਂਇਕ ਢਾਂਚਾ ਕਈ ਜਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਦੁਆ ਸਕੇ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ..?

ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਦਿੱਤੇ ਗਏ ਓਹ ਜਖਮ ਹਨ ਜੋ ਕਦੇ ਵੀ ਭਰੇ ਅਤੇ ਭੁੱਲੇ ਨਹੀਂ ਜਾ ਸਕਦੇ ਹਨ । ਇਸ ਜ਼ਖਮ ਤੇ ਮਲਹਮ ਲਗਾਉਣ ਲਈ ਕਿਸੇ ਵੱਡੇ ਉਪਰਾਲੇ ਦੀ ਲੋੜ ਸੀ ਪਰ ਅਫ਼ਸੋਸ ਹੈ ਕਿ ਕਿਸੇ ਨੇ ਅਜੇ ਤੱਕ ਉਸ ਪਾਸੇ ਕੋਈ ਕਦਮ ਉਠਾਉਣ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਸੁਆਲ ਉਠਾਉਂਦੀਆ ਕਿਹਾ ਕਿ ਸਾਨੂੰ ਦਸਿਆ ਜਾਏ ਦੇਸ਼ ਅੰਦਰ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਇਹ ਕਹਿਣਾ ਅਤਿਕਥਨੀ ਨਹੀਂ ਕਿ ਇਸ ਤਰਾਂ ਦੀਆਂ ਭਿਅੰਕਰ ਘਟਨਾਵਾਂ ਤੋਂ ਅਸੀਂ ਭਵਿੱਖ ਵਿੱਚ ਵੀ ਨਹੀਂ ਬਚ ਸਕਦੇ ਹਾਂ । ਭਾਰਤ ਵਿੱਚ ਨਿਆਂਇਕ ਪ੍ਰਕਿਰਿਆ ਦੇ ਅੰਗਾਂ ਵਿੱਚ ਕੁੱਝ ਅਜਿਹੀਆਂ ਕਮਜ਼ੋਰੀਆਂ ਹਨ, ਜਿਨ੍ਹਾਂ ਨੂੰ ਦਰੁਸਤ ਕੀਤੇ ਬਗੈਰ ਮੁਲਕ ਵਿੱਚ ਇੱਕ ਨਿਆਂਪੂਰਨ ਸਮਾਜ ਦੀ ਸਿਰਜਣਾ ਸੰਭਵ ਨਹੀਂ ਹੋ ਸਕਦੀ। ਇਸ ਮੌਕੇ ਮੁੱਖ ਸੇਵਾਦਾਰ ਭਾਈ ਅਰੁਣਪਾਲ ਸਿੰਘ, ਸਾਬਕਾ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਗੁਰਮੀਤ ਸਿੰਘ ਮਕੈਨੀਕ, ਭਾਈ ਗਗਨਦੀਪ ਸਿੰਘ, ਭਾਈ ਗੁਰਮੀਤ ਸਿੰਘ ਵਿਕਾਸਪੁਰੀ ਅਤੇ ਹੋਰ ਬਹੁਤ ਸਾਰੇ ਜੱਥੇ ਦੇ ਸਿੰਘ ਹਾਜਿਰ ਸਨ ।