ਜਾਰਜ ਫਲਾਇਡ ਕਤਲ ਮਾਮਲੇ ਵਿਚ ਜੱਜ ਵੱਲੋਂ ਵੀਡੀਓ ਜਨਤਕ ਨਾ ਕਰਨ ਦੀ ਬੇਨਤੀ ਰੱਦ
ਅੰਮ੍ਰਿਤਸਰ ਟਾਈਮਜ਼ ਬਿਊਰੋ
*ਗਵਾਹਾਂ ਨੇ ਪੁਲਿਸ ਵਧੀਕੀ ਬਾਰੇ ਖੁੱਲ੍ਹ ਕੇ ਦਸਿਆ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) -ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਵਿਚ ਮਿਨੀਪੋਲਿਸ ਪੁਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਸ਼ੌਵਿਨ ਵਿਰੁੱਧ ਚੱਲ ਰਹੇ ਹੱਤਿਆ ਦੇ ਮੁਕੱਦਮੇ ਵਿਚ ਲੰਘੇ ਦਿਨ ਕੁੱਝ ਹੋਰ ਗਵਾਹੀਆਂ ਭੁਗਤੀਆਂ। ਇਨਾਂ ਵਿਚ ਇਕ ਅਹਿਮ ਗਵਾਹ ਇਕ ਨਬਾਲਗ ਵੀ ਸ਼ਾਮਿਲ ਸੀ ਜਿਸ ਨੇ ਘਟਨਾਕ੍ਰਮ ਦੀ ਵੀਡੀਓ ਬਣਾਈ ਸੀ। ਇਸ ਤੋਂ ਇਲਾਵਾ ਗਵਾਹੀਆਂ ਦੇਣ ਵਾਲਿਆਂ ਵਿਚ ਦੋ ਹਾਈ ਸਕੂਲ ਦੇ ਸੀਨੀਅਰਜ , ਇਕ ਮਾਰਸ਼ਲ ਆਰਟਸ ਫਾਈਟਰ ਤੇ ਇਕ ਫਾਇਰ ਫਾਈਟਰ ਬੀਬੀ ਵੀ ਸ਼ਾਮਿਲ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ 911 ਡਿਸਪੈਚਰ ਤੇ ਇਕ ਕੈਸ਼ੀਅਰ ਦੀ ਗਵਾਹੀ ਹੋਈ। ਜੱਜ ਪੀਟਰ ਕਾਹਿਲ ਨੇ ਰਾਜ ਦੀ ਉਹ ਬੇਨਤੀ ਰੱਦ ਕਰ ਦਿੱਤੀ ਜਿਸ ਵਿਚ ਕਿਹਾ ਗਿਆ ਸੀ ਕਿ ਪ੍ਰਮੁੱਖ 4 ਗਵਾਹਾਂ ਦੀਆਂ ਸਾਰੀਆਂ ਵੀਡੀਓ ਤੇ ਆਡੀਓ ਜਨਤਿਕ ਨਾ ਕੀਤੀਆਂ ਜਾਣ। 18 ਸਾਲਾ ਹਾਈ ਸਕੂਲ ਦੀ ਵਿਦਿਆਰਥਣ ਅਲੀਸਾ ਨਿਕੋਲ ਫਨਾਰੀ ਨੇ ਕਿਹਾ ਕਿ ਉਹ ਘਟਨਾ ਸਮੇ ਕੱਪ ਫੂਡਜ਼ ਸਟੋਰ ਜਾ ਰਹੇ ਸਨ। ਉਸ ਨੇ ਆਪਣੇ ਮਿੱਤਰ ਦੇ ਫੋਨ ਉਪਰ ਘਟਨਾ ਦੀਆਂ ਤਿੰਨ ਵੀਡੀਓਜ਼ ਬਣਾਈਆਂ। ਅਦਾਲਤ ਨੇ ਉਸ ਦੇ 17 ਸਾਲਾ ਮਿੱਤਰ ਦੀ ਗਵਾਹੀ ਵੀ ਲਈ। ਅਹਿਮ ਵੀਡੀਓ ਬਣਾਉਣ ਵਾਲੀ 9 ਸਾਲਾ ਕੁੜੀ ਦੀ ਗਵਾਹੀ ਵੀ ਹੋਈ ਉਸ ਨੇ ਕਿਹਾ ਕਿ ਇਸ ਘਟਨਾ ਨੇ ਮੇਰੀ ਜਿੰਦਗੀ ਬਦਲ ਦਿੱਤੀ ਹੈ। ਇਸ ਕੁੜੀ ਵੱਲੋਂ ਬਣਾਈ ਵੀਡੀਓ ਵਿਚ ਜਾਰਜ ਫਲਾਇਡ ਦੀ ਗ੍ਰਿਫਤਾਰੀ ਤੋਂ ਲੈ ਕੇ ਉਸ ਦੀ ਮੌਤ ਤੱਕ ਦੇ ਸਭ ਦ੍ਰਿਸ਼ ਸ਼ਾਮਿਲ ਹਨ।
ਜੇਨੇਵੀਵ ਹਨਸੇਨ
ਪੇਸ਼ਾਵਰ ਫਾਇਰ ਫਾਇਟਰ 27 ਸਾਲਾ ਜੇਨੇਵੀਵ ਹਨਸੇਨ ਨੇ ਆਪਣੀ ਗਵਾਹੀ ਵਿਚ ਕਿਹਾ ਕਿ ਉਹ ਹੱਥਕੜੀਆਂ ਵਿਚ ਜਕੜੇ ਇਕ ਵਿਅਕਤੀ ਦੀ ਗਰਦਨ ਉਪਰ ਆਪਣਾ ਪੂਰਾ ਭਾਰ ਪਾ ਕੇ ਬੈਠੇ ਇਕ ਪੁਲਿਸ ਅਧਿਕਾਰੀ ਨੂੰ ਵੇਖ ਕੇ ਚਿੰਤੁਤ ਹੋ ਗਈ ਸੀ। ਸਾਰੀ ਘਟਨਾ ਦਾ ਵੇਰਵਾ ਸੁਣਾਉਣ ਦੌਰਾਨ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਕਿਹਾ ਕਿ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਜਮੀਨ ਉਪਰ ਪਏ ਵਿਅਕਤੀ ਨੂੰ ਬਚਾਉਣ ਦਾ ਕੋਈ ਯਤਨ ਨਹੀਂ ਕੀਤਾ। ਉਸ ਨੇ ਕਿਹਾ ਮੈ ਜਮੀਨ ਉਪਰ ਪਏ ਵਿਅਕਤੀ ਦੀ ਨਬਜ਼ ਵੇਖਣਾ ਚਹੁੰਦੀ ਸੀ ਤੇ ਉਸ ਦੀ ਮੱਦਦ ਕਰਨਾ ਚਹੁੰਦੀ ਸੀ ਪਰ ਪੁਲਿਸ ਅਧਿਕਾਰੀਆਂ ਨੇ ਇਜਾਜ਼ਤ ਨਹੀਂ ਦਿੱਤੀ। ਹਨਸੇਨ ਨੇ ਕਿਹਾ ਮੈ ਘਟਨਾ ਦਾ ਵੇਰਵਾ ਦੱਸਣ ਲਈ 911 ਉਪਰ ਫੋਨ ਵੀ ਕੀਤਾ ਸੀ। ਉਸ ਦੀ ਗਵਾਹੀ ਕਲ ਵੀ ਜਾਰੀ ਰਹੇਗੀ। ਇਸਤਗਾਸਾ ਧਿਰ ਦੇ ਵਕੀਲ ਜੈਰੀਬਲੈਕਵੈਲ ਨੇ ਕਿਹਾ ਕਿ ਇਹ ਹੱਤਿਆ ਹੋਈ ਹੈ ਜਦ ਕਿ ਬਚਾਅ ਪੱਖ ਦੇ ਵਕੀਲ ਐਰਿਕ ਨੈਲਸਨ ਨੇ ਕਿਹਾ ਕਿ ਜੋ ਕੁੱਝ ਵੀਡੀਓ ਵਿਚ ਨਜਰ ਆ ਰਿਹਾ ਹੈ, ਮਾਮਲਾ ਉਸ ਤੋਂ ਵੀ ਗੰਭੀਰ ਹੈ। ਜਾਰਜ ਫਲਾਇਡ ਦੀ ਮੌਤ ਡਰੱਗ ਤੇ ਉਸ ਦੀਆਂ ਹੋਰ ਸਿਹਤ ਸਮੱਸਿਆਵਾਂ ਨਾਲ ਜੁੜੀ ਹੋਈ ਹੈ। ਜੇਕਰ ਸ਼ੌਵਿਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਸ ਨੂੰ 15 ਸਾਲ ਤੱਕ ਸਜ਼ਾ ਹੋ ਸਕਦੀ ਹੈ।
Comments (0)