ਦਿੱਲੀ ਗੁਰਦੁਆਰਾ ਚੋਣਾਂ ਵਿਚ ਹੋਣਗੇ ਬਹੁਪੱਖੀ ਮੁਕਾਬਲੇ

ਦਿੱਲੀ ਗੁਰਦੁਆਰਾ ਚੋਣਾਂ ਵਿਚ ਹੋਣਗੇ ਬਹੁਪੱਖੀ ਮੁਕਾਬਲੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

*ਚੋਣਾਂ  ਅਪ੍ਰੈਲ ਦੇ ਅੰਤ ਵਿਚ ਹੋਣਗੀਆਂ, 4 ਜਾਂ 6 ਕੋਨੇ ਮੁਕਾਬਲੇ ਹੋਣਗੇ

* ਹਾਲੇ ਤਕ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸਾਂਝਾ ਮੋਰਚਾ ਨਾ ਬਣਾ ਸਕੇ

* ਸਿਰਸਾ ਨੇ ਪੰਥਕ ਹਲਕਿਆਂ ਵਿਚ ਆਪਣਾ ਕਦ ਉਚਾ ਕੀਤਾ                           

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਪ੍ਰੈਲ ਦੇ ਅੰਤ ਵਿਚ ਹੋਣਗੀਆਂ। ਹਾਲਾਂ ਕਿ ਪਹਿਲਾਂ ਇਹ ਜਾਪਦਾ ਸੀ ਕਿ ਇਸ ਵਾਰ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਬਾਦਲ ਦਾ ਜਿੱਤਣਾ ਅਸੰਭਵ ਹੋ ਜਾਵੇਗਾ। ਕਿਉਂਕਿ ਇਕ ਤਾਂ ਜੀ.ਕੇ. ਬਾਦਲ ਦਲ ਵਿਚੋਂ ਬਾਹਰ ਹੋ ਗਏ ਸਨ ਤੇ ਦੂਸਰਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਜੀ.ਕੇ., ਸਰਨਾ ਭਰਾਵਾਂ ਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ 'ਆਪ' ਨਾਲ ਸਬੰਧਿਤ ਰਹੇ ਪੰਥਕ ਸੇਵਾ ਦਲ ਦਾ ਸਾਂਝਾ ਮੋਰਚਾ ਬਣਨ ਦੇ ਆਸਾਰ ਬਣ ਗਏ ਸਨ। ਪਰ ਇਸ ਦੀ ਸੰਭਾਵਨਾ ਹੁਣ ਲਗਪਗ ਖ਼ਤਮ ਹੈ। ਕਿਉਂਕਿ ਸਰਨਾ ਭਰਾ ਸਮਝਦੇ ਹਨ ਕਿ ਅਕਾਲੀ ਦਲ ਬਾਦਲ ਦੀਆਂ ਵੋਟਾਂ ਵੰਡੀਆਂ ਜਾਣੀਆਂ ਹਨ ਤੇ ਉਨ੍ਹਾਂ ਲਈ ਜਿੱਤਣਾ ਸੌਖਾ ਹੋਵੇਗਾ। ਦੂਜੇ ਪਾਸੇ ਪਿਛਲੇ ਕੁਝ ਮਹੀਨਿਆਂ ਵਿਚ ਸਿਰਸਾ ਵਲੋਂ ਪਹਿਲਾਂ ਕੋਰੋਨਾ ਕਾਲ ਵਿਚ ਲਾਏ ਲੰਗਰ ਤੇ ਹੁਣ ਕਿਸਾਨ ਅੰਦੋਲਨ ਵਿਚ ਨਿਭਾਈ ਭੂਮਿਕਾ ਜਿਸ ਵਿਚ 26 ਜਨਵਰੀ ਦੀਆਂ ਘਟਨਾਵਾਂ ਵਿਚ ਫੜੇ ਨੌਜਵਾਨਾਂ ਦੀ ਰਿਹਾਈ ਤੇ ਜ਼ਮਾਨਤਾਂ ਲਈ ਕੀਤਾ ਕੰਮ ਵੀ ਸ਼ਾਮਿਲ ਹੈ । ਇਸ ਕਾਰਣ ਪੰਥਕ ਹਲਕਿਆਂ ਵਿਚ    ਇਸ ਦੀ ਸ਼ਲਾਘਾ ਹੋ ਰਹੀ ਹੈ। 

ਦਿੱਲੀ ਵਿਚ 101 ਬੈੱਡ ਲਾ ਕੇ ਮੁਫ਼ਤ ਡਾਇਲਸਿਸ ਦੀ ਸਹੂਲਤ ਦੇਣੀ, ਦਿੱਲੀ ਕਮੇਟੀ ਦੇ ਸਕੂਲਾਂ ਦੇ ਮੁਲਾਜ਼ਮਾਂ ਦਾ ਕਰੀਬ 35 ਕਰੋੜ ਦਾ ਬਕਾਇਆ ਦੇਣਾ, ਕਰੀਬ 10 ਕਰੋੜ ਦੀ ਲਾਗਤ ਨਾਲ ਆਧੁਨਿਕ 32 ਸਲਾਈਸ ਮਸ਼ੀਨ ਲਾ ਕੇ ਸੀ.ਟੀ. ਸਕੈਨ ਸਿਰਫ 50 ਰੁਪਏ ਵਿਚ ਕਰਵਾਉਣ ਦੀ ਸਹੂਲਤ ਦੇਣੀ ਅਤੇ ਸਭ ਤੋਂ ਵੱਧ ਇਨ੍ਹਾਂ ਸਾਰੇ ਕੰਮਾਂ ਦਾ ਸੋਸ਼ਲ ਮੀਡੀਆ ਅਤੇ ਕੌਮੀ ਟੀ.ਵੀ. ਚੈਨਲਾਂ 'ਤੇ ਪ੍ਰਚਾਰ ਪ੍ਰਸਾਰ ਕਰਨ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਕੱਦ ਕਾਫੀ ਉੱਚਾ ਹੋ ਗਿਆ ਹੈ। ਸਿਆਸੀ ਮਾਹਿਰਾਂਂ ਦਾ ਮੰਨਣਾ ਹੈ ਕਿ ਸਿਰਸਾ ਦਿੱਲੀ ਗੁਰਦੁਆਰਾ ਚੋਣਾਂ ਵਿਚ ਲਗਪਗ ਉਸੇ ਸਥਿਤੀ ਵਿਚ ਆਣ ਖਲੋਤੇ ਹਨ, ਜਿਸ ਸਥਿਤੀ ਵਿਚ 2017 ਦੀਆਂ ਗੁਰਦੁਆਰਾ ਚੋਣਾਂ ਵਿਚ ਮਨਜੀਤ ਸਿੰਘ ਜੀ.ਕੇ. ਖੜ੍ਹੇ ਸਨ। ਹਾਲਾਂ ਕਿ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਖਿਲਾਫ਼ ਕਈ ਤਿੱਖੇ ਇਲਜ਼ਾਮ ਵੀ ਲਗਾਉਂਦੇ ਹਨ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਵਲੋਂ ਕੀਤੇ ਗਏ ਪ੍ਰਚਾਰ ਪ੍ਰਸਾਰ ਨੇ ਇਨ੍ਹਾਂ ਇਲਜ਼ਾਮਾਂ ਦੀ ਧਾਰ ਕਾਫੀ ਹੱਦ ਤੱਕ ਖੁੰਢੀ ਕਰ ਦਿੱਤੀ ਹੈ।

ਇਸ ਹਾਲਤ ਵਿਚ ਦਿੱਲੀ ਗੁਰਦੁਆਰਾ ਚੋਣਾਂ ਵਿਚ ਹਾਲ ਦੀ ਘੜੀ ਅਕਾਲੀ ਦਲ ਬਾਦਲ ਦਾ ਹੱਥ ਉੱਪਰ ਨਜ਼ਰ ਆ ਰਿਹਾ ਹੈ। ਦਿਖਾਈ ਕੁਝ ਵੀ ਦੇ ਰਿਹਾ ਹੋਵੇ ਪਰ ਕਿਸੇ ਵੀ ਚੋਣ ਬਾਰੇ ਭਵਿੱਖਬਾਣੀ ਕਰਨੀ ਕਾਫੀ ਔਖੀ ਹੁੰਦੀ ਹੈ। ਕਿਉਂਕਿ ਚੋਣ ਵਿਚ ਅਜੇ ਕਰੀਬ ਡੇਢ ਮਹੀਨਾ ਬਾਕੀ ਹੈ। ਇਸ ਸਮੇਂ ਵਿਚ ਕਿਸ ਨੇਤਾ ਦੇ ਕਿਸ ਕਦਮ ਨੇ ਕਿੰਨਾ ਨੁਕਸਾਨ ਕਰ ਦੇਣਾ ਹੈ ਜਾਂ ਕਿਸ ਨੇ ਨਵੇਂ ਸਿਖ਼ਰ 'ਤੇ ਲੈ ਜਾਣਾ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਸਪੱਸ਼ਟ ਹੈ ਹੁਣ ਦਿੱਲੀ ਗੁਰਦੁਆਰਾ ਚੋਣਾਂ ਵਿਚ ਮੁਕਾਬਲੇ 4 ਤੋਂ 6 ਕੋਨੇ ਹੋਣ ਦੀ ਸੰਭਾਵਨਾ ਹੈ। ਇਸ ਵੇਲੇ 6 ਧਿਰਾਂ ਚੋਣ ਮੈਦਾਨ ਵਿਚ ਹਨ। ਅਕਾਲੀ ਦਲ ਬਾਦਲ, ਸਰਨਾ ਭਰਾਵਾਂ ਦਾ ਦਿੱਲੀ ਅਕਾਲੀ ਦਲ, ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ, ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ 'ਆਪ' ਨਾਲ ਸਬੰਧਿਤ ਰਿਹਾ ਪੰਥਕ ਸੇਵਾ ਦਲ ਚੋਣ ਮੈਦਾਨ ਵਿਚ ਹਨ। ਇਸ ਵੇਲੇ ਭਾਈ ਰਣਜੀਤ ਸਿੰਘ ਦੀ ਸਰਨਾ ਭਰਾਵਾਂ ਅਤੇ ਜੀ.ਕੇ. ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ ਜਦੋਂ ਕਿ ਜੀ.ਕੇ. ਤੇ ਪੰਥਕ ਸੇਵਾ ਦਲ ਵਿਚ ਵੀ ਸਮਝੌਤੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਤਰ੍ਹਾਂ ਜੇ ਸਮਝੌਤੇ ਹੋ ਗਏ ਤਾਂ 4 ਕੋਨੇ, ਜੇ ਨਾ ਹੋਏ ਤਾਂ 6 ਕੋਨੇ ਮੁਕਾਬਲੇ ਹੋਣਗੇ।

                                                      ਤਾਨਾਸ਼ਾਹੀ ਦੇ ਇਲਜ਼ਾਮ

ਬੇਸ਼ੱਕ ਮਨਜਿੰਦਰ ਸਿੰਘ ਸਿਰਸਾ ਦਾ ਕੱਦ ਉੱਚਾ ਹੋਇਆ ਹੈ ਪਰ ਦੂਜੇ ਪਾਸੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਕੁਝ ਹੋਰ ਕਾਰਜਕਾਰਨੀ ਦੇ ਮੈਂਬਰ ਸਿਰਸਾ ਖਿਲਾਫ਼ ਤਾਨਾਸ਼ਾਹੀ ਵਾਲਾ ਵਤੀਰਾ ਅਪਣਾਉਣ ਅਤੇ ਹਿਸਾਬ-ਕਿਤਾਬ ਪਬਲਿਕ ਡੋਮੈਨ 'ਤੇ ਨਾ ਪਾਉਣ ਦੇ ਇਲਜ਼ਾਮ ਵੀ ਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲੀਆਂ ਕਾਰਜਕਾਰਨੀ ਮੀਟਿੰਗਾਂ ਦੀ ਕਾਰਵਾਈ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪਿਛਲੇ ਇਕ ਸਾਲ ਤੋਂ ਕਾਰਜਕਾਰਨੀ ਦੀ ਮੀਟਿੰਗ ਹੀ ਕੀਤੀ ਗਈ ਹੈ, ਜਿਸ ਲਈ ਉਨ੍ਹਾਂ ਨੇ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਉਹ ਇਹ ਵੀ ਕਹਿੰਦੇ ਹਨ ਕਿ ਸਿਰਸਾ ਨੇ ਉਨ੍ਹਾਂ ਦਾ ਮੀਤ ਪ੍ਰਧਾਨਗੀ ਤੋਂ ਅਸਤੀਫ਼ਾ ਵੀ ਬਿਨਾਂ ਜਨਰਲ ਹਾਊਸ ਦੀ ਪ੍ਰਵਾਨਗੀ ਦੇ ਸਵੀਕਾਰ ਕਰ ਲਿਆ ਤੇ ਨਵਾਂ ਕਾਰਜਕਾਰੀ ਮੀਤ ਪ੍ਰਧਾਨ ਵੀ ਉਸ ਵਿਅਕਤੀ ਨੂੰ ਬਣਾ ਲਿਆ ਜਿਸ 'ਤੇ ਸਿਰਸਾ ਖ਼ੁਦ ਹੀ ਇਲਜ਼ਾਮ ਲਾਉਂਦੇ ਰਹੇ ਸਨ। ਉਹ ਇਹ ਵੀ ਕਹਿੰਦੇ ਹਨ ਕਿ ਸਿਰਸਾ ਪਾਰਟੀ ਪ੍ਰਧਾਨ ਅਤੇ ਪਾਰਟੀ ਦੀ ਰਣਨੀਤੀ ਤੋਂ ਪਰੇ ਚੱਲ ਕੇ ਸਿਰਫ ਆਪਣਾ ਕੱਦ ਉੱਚਾ ਕਰ ਰਹੇ ਹਨ। ਉਹ ਇਸ ਲਈ ਪਾਰਟੀ ਵਲੋਂ ਗੁਰਦੁਆਰਾ ਚੋਣਾਂ ਲਈ ਬੁਲਾਈਆਂ ਮੀਟਿੰਗਾਂ ਬਾਰੇ ਛਪੇ ਇਸ਼ਤਿਹਾਰਾਂ ਜਿਨ੍ਹਾਂ ਵਿਚ ਉਮੀਦਵਾਰ ਤੋਂ ਬਿਨਾਂ ਸਿਰਫ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀਆਂ ਛਪੀਆਂ ਤਸਵੀਰਾਂ ਹਨ, ਦੀ ਗੱਲ ਵੀ ਕਰਦੇ ਹਨ। ਫਿਰ ਉਹ ਦਿੱਲੀ ਵਿਚ ਮੁਫ਼ਤ 101 ਬਿਸਤਰਿਆਂ ਵਾਲਾ ਡਾਇਲਸਿਸ ਹਸਪਤਾਲ ਸ਼ੁਰੂ ਕਰਨ ਵੇਲੇ ਕਿਸੇ ਅਕਾਲੀ ਨੇਤਾ ਨੂੰ ਨਾ ਬੁਲਾਉਣ ਅਤੇ ਕਿਸਾਨ ਨੇਤਾ ਤੇ ਗ਼ੈਰ-ਅਕਾਲੀ ਰਾਕੇਸ਼ ਟਿਕੈਤ ਨੂੰ ਮਹੱਤਵ ਦੇਣ ਦੀ ਉਦਾਹਰਨ ਵੀ ਦਿੰਦੇ ਹਨ। ਜਦੋਂ ਕਿ ਸਿਰਸਾ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਟਿਕੈਤ ਨਹੀਂ, ਸਗੋਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਅਤੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਸਨ।

ਹਾਲਾਂ ਕਿ ਬਹੁਤ ਚਰਚਾ ਹੈ ਕਿ ਇਸ ਵਾਰ ਸਿਰਸਾ ਵੀ 2017 ਵਿਚ ਜੀ.ਕੇ. ਵਲੋਂ ਆਪਣੇ ਨਾਂਂ 'ਤੇ ਚੋਣਾਂ ਲੜਨ ਵਾਂਗ ਆਪਣੇ ਹੀ ਨਾਂਂ 'ਤੇ ਚੋਣਾਂ ਲੜਨਗੇ।