ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਸ਼ੁਰੂ , 3 ਗਵਾਹਾਂ ਨੇ ਦਿੱਤੀਆਂ ਗਵਾਹੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਲੰਘੇ ਦਿਨ ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤੇ ਮੌਕੇ ਦੇ 3 ਗਵਾਹਾਂ ਨੇ ਗਵਾਹੀਆਂ ਦਿੱਤੀਆਂ। ਮਿਨੀਪੋਲਿਸ ਦੇ ਪੁਲਿਸ ਅਫਸਰ ਡੈਰਕ ਸ਼ੌਵਿਨ ਵਿਰੁੱਧ ਜਾਰਜ ਫਲਾਇਡ ਦਾ ਕਤਲ ਕਰਨ ਦੇ ਦੋਸ਼ ਲਾਏ ਗਏ ਹਨ। ਅਦਾਲਤ ਵਿਚ 9ਮਿੰਟ ਤੇ 29 ਸਕਿੰਟਾਂ ਦੀ ਉਹ ਪੂਰੀ ਵੀਡੀਓ ਵੀ ਵਿਖਾਈ ਗਈ ਜਿਸ ਦੌਰਾਨ ਜਾਰਜ ਫਲਾਇਡ ਦੀ ਧੌਣ ਉਪਰ ਗੋਡਾ ਰਖਕੇ ਡੈਰਕ ਸ਼ੌਵਿਨ ਬੈਠਾ ਨਜਰ ਆਇਆ ਤੇ ਮੌਕੇ ਦੇ ਗਵਾਹ ਉਸ ਨੂੰ ਧੌਣ ਤੋਂ ਗੋਡਾ ਚੁੱਕਣ ਲਈ ਬੇਨਤੀ ਕਰ ਰਹੇ ਹਨ। ਮੌਤ ਤੋਂ ਪਹਿਲਾਂ ਹਫਿਆ ਹੋਇਆ ਜਾਰਜ ਫਲਾਇਡ ਵਾਰ ਵਾਰ ਕਹਿ ਰਿਹਾ ਹੈ ਕਿ ਉਹ ਸਾਹ ਨਹੀਂ ਲੈ ਸਕਦਾ। ਇਹ ਸ਼ਬਦ ਉਸ ਨੇ 27 ਵਾਰ ਦੁਹਰਾਏ ਤੇ ਇਸ ਉਪਰੰਤ ਉਸ ਦੀ ਅਵਾਜ਼ ਸਦਾ ਲਈ ਬੰਦ ਹੋ ਗਈ। ਗਵਾਹ ਵਜੋਂ ਪੇਸ਼ ਹੋਏ ਰੈਸਲਰ ਡੋਨਲਡ ਵਿਲੀਅਮ ਨੇ ਕਿਹਾ ਕਿ ਉਹ ਨੇੜੇ ਦੀ ਲੰਘ ਰਿਹਾ ਸੀ ਜਿਥੇ ਉਸ ਨੇ ਫਲਾਇਡ ਨੂੰ ਪੁਲਿਸ ਹਿਰਾਸਤ ਵਿਚ ਵੇਖਿਆ। ਜਮੀਨ ਉਪਰ ਮੂਧੇ ਮੂੰਹ ਪਿਆ ਫਲਾਇਡ ਹੌਲੀ ਹੌਲੀ ਲਿਫਾਫੇ ਵਿਚ ਪਾਈ ਇਕ ਮੱਛੀ ਦੀ ਤਰਾਂ ਤੜਫ ਰਿਹਾ ਸੀ ਤੇ ਉਹ ਜਾਨ ਬਖਸ਼ ਦੇਣ ਦੀ ਵਾਰ ਵਾਰ ਗੁਹਾਰ ਲਾ ਰਿਹਾ ਸੀ। ਵਿਲੀਅਮ ਨੇ ਅਦਾਲਤ ਨੂੰ ਦਸਿਆ ਕਿ ਉਸ ਨੇ ਪੁਲਿਸ ਅਫਸਰ ਨੂੰ ਕਿਹਾ ਕਿ ਉਹ ਉਸ ਦਾ ਸਾਹ ਨਾ ਘੁੱਟੇ ਜਿਸ ਨਾਲ ਉਹ ਬੇਹੋਸ਼ ਹੋ ਸਕਦਾ ਹੈ ਪਰੰਤੂ ਸ਼ੌਵਿਨ ਨੇ ਹੋਰ ਜੋਰ ਨਾਲ ਉਸ ਦਾ ਸਾਹ ਬੰਦ ਕਰ ਦਿੱਤਾ। ਦੂਸਰੇ ਦੋ ਗਵਾਹਾਂ ਨੇ ਵੀ ਲਗਭੱਗ ਇਸ ਕਿਸਮ ਦੀਆਂ ਗਵਾਹੀਆਂ ਹੀ ਦਿੱਤੀਆਂ। ਕਲ ਵੀ ਗਵਾਹੀਆਂ ਜਾਰੀ ਰਹਿਣਗੀਆਂ। ਸ਼ੌਵਿਨ ਵਿਰੁੱਧ ਸੈਕੰਡ ਡਿਗਰੀ ਕਤਲ ਦੇ ਦੋਸ਼ ਲਾਏ ਗਏ ਹਨ ਜੇਕਰ ਉਹ ਦੋਸ਼ੀ ਸਿੱਧ ਹੋ ਜਾਂਦਾ ਹੈ ਤਾਂ ਉਸ ਨੂੰ 10 ਤੋਂ 15 ਸਾਲ ਤੱਕ ਸਜ਼ਾ ਹੋ ਸਕਦੀ ਹੈ। ਇਥੇ ਜਿਕਰਯੋਗ ਹੈ ਕਿ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਭਰ ਵਿਚ 'ਬਲੈਕ ਲਿਵਜ਼ ਮੈਟਰ' ਦੇ ਬੈਨਰ ਹੇਠ ਵਿਖਾਵੇ ਤੇ ਰੈਲੀਆਂ ਹੋਈਆਂ ਸਨ ਜਿਸ ਦੌਰਾਨ ਹਿੰਸਾ ਵੀ ਹੋਈ ਸੀ। ਅਮਰੀਕਾ ਦਾ ਸਮੁੱਚਾ ਪੁਲਿਸ ਢਾਂਚਾ ਸਵਾਲਾਂ ਦੇ ਘੇਰੇ ਵਿਚ ਆ ਗਿਆ ਸੀ। ਅਮਰੀਕਾ ਦੀ ਸਿਆਸਤ ਵੀ ਕਾਲੇ ਲੋਕਾਂ ਨਾਲ ਹੁੰਦੀਆਂ ਵਧੀਕੀਆਂ ਨੂੰ ਲੈ ਕੇ ਗਰਮਾ ਗਈ ਸੀ। ਤਤਕਾਲ ਰਾਸ਼ਟਰਪਤੀ ਡੋਨਲਡ ਟਰੰਪ ਦਬਵੀਂ ਆਵਾਜ਼ ਵਿਚ ਇਸ ਘਟਨਾ ਦੀ ਨਿੰਦਾ ਕਰਦੇ ਰਹੇ ਜਦ ਕਿ ਮੌਜੂਦਾ ਰਾਸ਼ਟਰਪਤੀ ਜੋਅ ਬਾਇਡੇਨ ਜੋ ਉਸ ਸਮੇ ਰਾਸ਼ਟਰਪਤੀ ਅਹੁੱਦੇ ਲਈ ਸੰਭਾਵੀ ਉਮੀਦਵਾਰ ਸਨ , ਨੇ ਸਪੱਸ਼ਟ ਤੌਰ 'ਤੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਪੀੜਤਾਂ ਨਾਲ ਇਨਸਾਫ ਕਰਨ ਉਪਰ ਜੋਰ ਦਿੱਤਾ ਸੀ।
Comments (0)