ਗੁਰਸਿੱਖ ਸ਼ੈਰਫ ਇਕਰਾਜ਼ ਸਿੰਘ ਉੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਵਿਸ਼ੇਸ਼ ਸਨਮਾਨ

ਗੁਰਸਿੱਖ ਸ਼ੈਰਫ ਇਕਰਾਜ਼ ਸਿੰਘ ਉੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰਿਜਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ):ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਸ਼ੈਰਫ ਡਿਪਾਰਟਮੈਂਟ ਵਿੱਚ ਪੁਲਿਸ ਅਫਸਰ ਭਰਤੀ ਹੋਏ ਸਾਬਤ ਸੂਰਤ ਸਿੱਖ ਨੌਜਵਾਨ ਇਕਰਾਜ਼ ਸਿੰਘ ਉੱਭੀ, ਸਪੁੱਤਰ ਪੱਤਰਕਾਰ ਕੁਲਵੰਤ ਸਿੰਘ ਧਾਲੀਆਂ ਅਤੇ ਗਗਨਦੀਪ ਸਿੰਘ ਸਿੱਧੂ, ਸਪੁੱਤਰ ਬਾਬਾ ਅਵਤਾਰ ਸਿੰਘ ਠੀਕਰੀਵਾਲ ਨੂੰ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੇਫੋਰਨੀਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਰਹਿੰਦਿਆਂ ਗੁਰਸਿੱਖ ਸਰੂਪ ਵਿੱਚ ਸੇਵਾਵਾ ਨਿਭਾਉਣ ਬਦਲੇ ਸਿਰੋਪੇ ਅਤੇ ਪਲੈਕ ਦੇ ਕੇ ਸਨਮਾਨ ਦਿੱਤਾ ਗਿਆ ਗਿਆ। ਇਸ ਮੌਕੇ ਸ਼ੈਰਫ ਡਿਪਾਰਟਮੈਂਟ ਦੀ ਸੀਨੀਅਰ ਅਫ਼ਸਰਾਂ ਟੀ. ਹੈਲਾਮੋਂ ਨੂੰ ਵੀ ਸਿਰੋਪਾਓ ਬਖ਼ਸ਼ਿਆ ਗਿਆ। ਇਸ ਸਮੇਂ ਸਟੇਜ਼ ਤੋਂ ਬੋਲਦਿਆਂ ਸ਼ੈਰਫ ਇਕਰਾਜ ਸਿੰਘ ਉੱਭੀ ਅਤੇ ਗਗਨਦੀਪ ਸਿੰਘ ਸਿੱਧੂ ਨੇ ਸੰਗਤਾਂ ਨਾਲ ਆਪਣੀ ਪੜਾਈ ਅਤੇ ਇਸ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਜਦ ਕਿ ਸ਼ੈਰਫ ਵਿਭਾਗ ਦੀ ਸੀਨੀਅਰ ਅਧਿਕਾਰੀ ਟੀ. ਹਲਾਮੋਂ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ। ਇਸ ਸਮੇਂ ਬਾਬਾ ਅਵਤਾਰ ਸਿੰਘ ਜੀ ਅਤੇ ਪੱਤਰਕਾਰ ਨੀਟਾ ਮਾਛੀਕੇ ਨੇ ਵੀ ਮੀਡੀਆਂ ਰਾਹੀਂ ਬੋਲਦਿਆਂ ਹੋਇਆਂ ਇੰਨ੍ਹਾਂ ਦੋਨਾਂ ਨੌਜਵਾਨਾਂ ਨੂੰ ਵਧਾਈ ਅਤੇ ਚੜਦੀਕਲਾ ਦੀ ਅਰਦਾਸ ਕਰਦੇ ਹੋਏ, ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰਤ ਕਰਨ ਵਾਲੇ ਅਜਿਹੇ ਪ੍ਰੋਗਰਾਮ ਉਲੀਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਬੋਲਦੇ ਹੋਏ ਸ. ਜਗਰੂਪ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਉਪਰਾਲੇ ਜ਼ਰੀਏ ਅਸੀ ਨਵੀਂ ਪੀੜ੍ਹੀ ਨੂੰ ਸਿੱਖ ਸਿਧਾਂਤਾ ਨਾਲ ਜੋੜਨ ਲਈ ਯਤਨਸ਼ੀਲ ਹਾਂ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੱਤਰਕਾਰ ਕੁਲਵੰਤ ਧਾਲੀਆਂ ਤੇ ਬਾਬਾ ਅਵਤਾਰ ਸਿੰਘ ਫਰਿਜਨੋ ਇਲਾਕੇ ਦੀਆਂ ਜਾਣੀਆਂ ਪਛਾਣੀਆਂ ਸਖਸ਼ੀਅਤਾ ਨੇ, ਇਹਨਾਂ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਧਾਲੀਆਂ ਅਤੇ ਸਿੱਧੂ ਪਰਿਵਾਰ ਪੰਜਾਬੀ ਭਾਈਚਾਰੇ ਵੱਲੋ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਗਗਨਦੀਪ ਸਿੰਘ ਸਿੱਧੂ ਅਤੇ ਇਕਰਾਜ਼ ਸਿੰਘ ਊੱਭੀ ਨੇ ਗੁਰੂ ਸਹਿਬ ਦਾ ਸ਼ੁਕਰਾਨਾ ਕੀਤਾ ਅਤੇ ਨਵੀਂ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਕੇ ਗੁਰੂ ਦੇ ਸਿਧਾਂਤ ਨਾਲ ਜੁੜਨ ਲਈ ਕਿਹਾ । ਇਸ ਮੌਕੇ ਸੁਪੀਰੀਅਰ ਕੋਰਟ ਫਰਿਜ਼ਨੋ ਵਿੱਚ ਨਿਯੁਕਤ ਜੱਜ ਹੋਏ ਗੁਰਸਿੱਖ ਨੌਜਵਾਨ ਸ. ਰਾਜ ਸਿੰਘ ਬਦੇਸ਼ਾ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਸ. ਜਗਰੂਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਸਮੁੱਚੇ ਭਾਈਚਾਰੇ ਦੁਆਰਾ ਅਜਿਹੇ ਉਲੀਕੇ ਅਜਿਹੇ ਪ੍ਰੋਗਰਾਮ ਜਿੱਥੇ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਂਦੇ ਹਨ, ਉੱਥੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਦੂਸਰੇ ਭਾਈਚਾਰਿਆਂ ਵਿੱਚ ਪਹਿਚਾਣ ਵੀ ਬਣਦੇ ਹਨ। ਇਸ ਪ੍ਰੋਗਰਾਮ ਦੀ ਸਫਲਤਾਂ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ।