ਬਿਨਾਂ ਜਾਂਚ ਤੋਂ ਕੁਲਵਿੰਦਰ ਕੌਰ ਨੂੰ  ਕੀਤਾ ਸਸਪੈਂਡ

ਬਿਨਾਂ ਜਾਂਚ ਤੋਂ ਕੁਲਵਿੰਦਰ ਕੌਰ ਨੂੰ  ਕੀਤਾ ਸਸਪੈਂਡ

ਮਾਮਲਾ ਕੰਗਨਾ ਵਲੋਂ ਏਅਰਪੋਰਟ ਉਪਰ  ਨਿਯਮਾਂ ਦੀ ਉਲੰਘਣਾ ਕਰਨ ਦਾ

ਸਿਪਾਹੀ ਕੁਲਵਿੰਦਰ ਕੌਰ ਉਪਰ ਕੰਗਨਾ ਨੇ ਥੱਪੜ ਮਾਰਨ ਦੇ ਦੋਸ਼ ਲਗਾਏ ,ਐਸਆਈਟੀ ਕਰੇਗੀ ਜਾਂਚ

*ਕਿਸਾਨ,ਕਾਂਗਰਸ,ਅਕਾਲੀ ਦਲ ,ਪੰਥਕ ਜਥੇਬੰਦੀਆਂ ਨੇ ਕੀਤਾ ਕੰਗਨਾ ਦਾ ਵਿਰੋਧ

*ਕੰਗਨਾ ਨੇ ਕੁਲਵਿੰਦਰ ਨੂੰ ਕਿਹਾ ਸੀ ਖਾਲਿਸਤਾਨੀ

 ਬੀਤੇ ਦਿਨੀ ਚੰਡੀਗੜ ਏਅਰਪੋਰਟ ਤੇ ਹਿਮਾਚਲ ਪਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਚੁਣੀ  ਗਈ ਬਹੁ ਚਰਚਿਤ ਫਿਲਮੀ ਅਭਿਨੇਤਰੀ ਕੰਗਨਾ ਰਣੌਤ ਨੂੰ ਲੈ ਕੇ  ਚਰਚਾਵਾਂ ਦਾ ਦੌਰ ਤੇਜੀ ਨਾਲ ਚੱਲ ਰਿਹਾ ਹੈ।ਉਹਦੇ ਵੱਲੋਂ ਏਅਰਪੋਰਟ ਤੇ ਤਾਇਨਾਤ ਸੀ ਆਈ ਐਸ ਐਫ ਦੀ ਮੁਲਾਜਮ ਬੀਬਾ ਕੁਲਵਿੰਦਰ ਕੌਰ ਨਾਲ ਜਾਮਾ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਝਗੜਾ ਵੱਡਾ ਤੂਲ ਫੜ ਗਿਆ ਹੈ।

ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਖ਼ਿਲਾਫ਼ ਮੁਹਾਲੀ ਪੁਲਿਸ ਦੇ ਏਅਰਪੋਰਟ ਸਟੇਸ਼ਨ ’ਤੇ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਆਈਪੀਸੀ ਦੀ ਧਾਰਾ 323 (ਹਮਲਾ) ਅਤੇ 341 (ਰਾਹ ਵਿੱਚ ਰੁਕਾਵਟ ਪਾਉਣ) ਦੇ ਤਹਿਤ ਦਰਜ ਕੀਤਾ ਗਿਆ ਹੈ।ਇਸ ਵਿੱਚ ਜਵਾਨ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ,ਕਿਉਂਕਿ ਦੋਵੇਂ ਧਾਰਾਵਾਂ ਜ਼ਮਾਨਤਯੋਗ ਹਨ। ਪਰ ਉਸਨੂੰ ਸਸਪੈਂਡ ਕਰ ਦਿਤਾ ਗਿਆ ਹੈ। ਹੁਣ ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ  ਕਰੇਗੀ। ਪੰਜਾਬ ਪੁਲਿਸ ਨੇ ਹਰਵੀਰ ਸਿੰਘ ਅਟਵਾਲ ਐਸਪੀ ਸਿਟੀ ਮੁਹਾਲੀ ਨੂੰ ਇਸ ਐਸਆਈਟੀ ਦਾ ਇੰਚਾਰਜ ਬਣਾਇਆ ਗਿਆ ਹੈ।  ਹੁਣ ਤਿੰਨ ਮੈਂਬਰੀ ਸਿੱਟ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਇਥੇ ਜ਼ਿਕਰਯੋਗ ਹੈ ਕਿ ਕੰਗਨਾ ਅਨੁਸਾਰ ਚੰਡੀਗੜ੍ਹ ਏਅਰਪੋਰਟ 'ਤੇ ਜੋ ਘਟਨਾ ਵਾਪਰੀ ਉਹ ਸਕਿਓਰਿਟੀ ਚੈੱਕ ਦੇ ਨਾਲ ਹੋਈ। ਉਸਨੇ ਟਰੇਅ ਵਿਚ ਮੋਬਾਈਲ ਰਖਣ ਤੋਂ ਇਨਕਾਰ ਕਰ ਦਿਤਾ ਸੀ ਤੇ ਸੀਆਈਐਸਐਫ ਦੀ  ਕਰਮਚਾਰੀ ਕੁਲਵਿੰਦਰ ਕੌਰ ਦੀ ਨੇ ਪਲੇਟ ਪੜ੍ਹਕੇ ਉਸਨੂੰ ਖਾਲਿਸਤਾਨੀ ਕਿਹਾ ਸੀ।ਕੰਗਨਾ ਦਾ ਕਹਿਣਾ ਹੈ ਕਿ ਕੁਲਵਿੰਦਰ ਨੇ ਮੇਰੇ ਚਿਹਰੇ 'ਤੇ ਹਿੱਟ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਪੱਤਰਕਾਰ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਕੰਗਨਾ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ।

 ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨੀਂ ਕਿਸਾਨ  ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ  ਉਤਰ ਆਏ ਹਨ।ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਕੇ ਉਨ੍ਹਾਂ ਨੇ ਪੈਦਲ ਮਾਰਚ ਕੱਢਿਆ ਸੀ। ਰੋਸ ਮਾਰਚ ਕੱਢਦੇ ਹੋਏ ਉਨ੍ਹਾਂ ਆਪਣਾ ਮੰਗ ਪੱਤਰ ਐਸਐਸਪੀ ਮੁਹਾਲੀ ਨੂੰ ਸੌਂਪਿਆ ਸੀ। ਇਸ ਵਿੱਚ ਉਨ੍ਹਾਂ ਨੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਖ਼ਿਲਾਫ਼ ਦਰਜ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ।ਕਿਸਾਨਾਂ ਨੇ ਕੰਗਨਾ ਵੱਲੋਂ ਸਿਖਾਂ ਤੇ ਪੰਜਾਬੀਆਂ ਨੂੰ ਅੱਤਵਾਦੀ ਕਹਿਕੇ ਭੜਕਾਊ ਬਿਆਨ ਬਾਰੇ ਉਸ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ ਸਿਟ ਬਣਾਉਣ ਦਾ ਫੈਸਲਾ ਕੀਤਾ ਹੈ।ਐਸਕੇਐਮ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਕੰਗਨਾ ਰਣੌਤ ਦੀ ਟੀਮ ਦੇ ਇੱਕ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਜਿਸ ਨੇ ਇੱਕ ਔਰਤ ਦੀ ਪਿੱਠ ‘ਤੇ ਥੱਪੜ ਮਾਰਿਆ ਸੀ।

ਕੁਲਵਿੰਦਰ ਕੌਰ ਨੂੰ ਸੋਸ਼ਲ ਮੀਡੀਆ ’ਤੇ ਪੰਜਾਬੀਆਂ ,ਦੇਸ ਦੇ ਕਿਸਾਨਾਂ, ਭਾਜਪਾ ਵਿਰੋਧੀਆਂ ਵਲੋਂ ਭਰਵੀਂ ਹਮਾਇਤ ਮਿਲ ਰਹੀ ਹੈ ਬਠਿੰਡਾ ਤੋਂ ਅਕਾਲੀ ਦਲ ਦੀ ਟਿਕਟ ਉੱਤੇ ਸਾਂਸਦ ਚੁਣੀ ਗਈ ਹਰਸਿਮਰਤ ਕੌਰ ਬਾਦਲ, ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ,ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ,ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੱਖ ਵੱਖ ਬਿਆਨਾਂ ਵਿਚ ਕਿਹਾ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੀ ਕੰਗਨਾ  ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਹ  ਹਰ ਤਰ੍ਹਾਂ ਨਾਲ ਕੁਲਵਿੰਦਰ ਕੌਰ ਨਾਲ ਖੜ੍ਹੇ ਹਨ।  ਪਰ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰਨਾ ਠੀਕ ਨਹੀਂ।

ਕੁਲਵਿੰਦਰ ਦੇ ਮਾਤਾ ਬੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਜੋ ਕੀਤਾ ਠੀਕ ਕੀਤਾ ਹੈ।ਬੀਰ ਕੌਰ ਨੇ ਕਿਸਾਨੀ ਧਰਨੇ ਬਾਰੇ ਕੰਗਨਾ ਰਣੌਤ ਵੱਲੋਂ ਵਰਤੇ ਗਏ ਸ਼ਬਦਾਂ ’ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਕਦੀ ਇਹ ਕਹਿ ਦੇਣਾ ਕੇ ਇਹ 100 ਰੁਪਿਆ ਲੈਕੇ ਧਰਨੇ ਉੱਤੇ ਜਾਂਦੀਆਂ ਹਨ ਤੇ ਕਦੀ ਇਹ ਕਹਿ ਦੇਣ ਕਿ ਇਹ ਦੁੱਕੀ ਦੀਆਂ ਹਨ।ਉਨ੍ਹਾਂ ਕਿਹਾ, “ਅਸੀਂ ਆਪਣਾ ਹੱਕ ਲੈਣ ਜਾਂਦੀਆਂ ਸੀ, ਆਪਣੀ ਜਾਇਦਾਦਾਂ ਵਾਸਤੇ ਜਾਂਦੀਆਂ ਸੀ। ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਜਾਂਦੀਆਂ ਸੀ।”

ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਆਪਣੀ ਭੈਣ ਉੱਤੇ ਮਾਣ ਹੈ।”

ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਗਾਰਡ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। 

ਦੂਜੇ ਪਾਸੇ ਭਗਵੇਂਵਾਦੀ ਲੋਕ ਕੰਗਨਾ ਰਣੌਤ ਨੂੰ ਆਪਣੀ ਨਾਇਕਾ ਵਜੋਂ ਪੇਸ਼ ਕਰ ਰਹੇ ਹਨ ਤੇ ਉਸਦਾ ਪੱਖ ਵੀ ਪੂਰ ਰਹੇ ਹਨ ।ਇਨ੍ਹਾਂ ਵਿੱਚ ਫਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਵੀ ਸ਼ਾਮਿਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੁੱਸਾ ਜ਼ਾਹਿਰ ਕਰਨ ਲਈ ਹਿੰਸਾ ਦਾ ਰਾਹ ਫੜਨਾ ਠੀਕ ਨਹੀਂ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਮੈਂਬਰ ਮਨੋਹਰ ਲਾਲ ਖੱਟਰ ਨੇ  ਕਿਹਾ ਕਿ ਸੁਰੱਖਿਆ ਏਜੰਸੀਆਂ ਦਾ ਕੰਮ ਸੁਰੱਖਿਆ ਹੈ। ਉਨ੍ਹਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਜਨਤਕ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

ਅਸਲੀਅਤ ਇਹ ਹੈ ਕਿ ਸੀ ਆਈ ਐਸ ਐਫ ਦੀ ਮੁਲਾਜ਼ਮ ਬੀਬੀ ਕੁਲਵਿੰਦਰ ਕੌਰ ਨੇ ਭਾਵੇਂ ਕਿਸੇ ਨਸਲੀ ਨਫਰਤ ਵਿੱਚ ਨਹੀ ਬਲਕਿ ਨਸਲੀ ਨਫਰਤ ਦਾ ਸ਼ਿਕਾਰ ਹੁੰਦਿਆਂ ਇਹ ਕਦਮ ਚੁੱਕਿਆ।ਕੁਲਵਿੰਦਰ ਜਿਸ ਪਿਛੋਕੜ ਤੋ ਆਈ ਹੈ,ਉਹ ਪਿਛੋਕੜ ਉਹਨੂੰ ਗੈਰਤ ਲਈ ਮਰ ਮਿਟਣ ਦੀ ਗੁੜਤੀ ਦਿੰਦਾ ਹੈ, ਉਹ ਭਾਵੇਂ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ,ਫਸਲਾਂ ਨਸਲਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਕਿਤੇ ਵੀ ਆਪਣੀ ਡਿਊਟੀ ਦੌਰਾਨ ਫਰਜ਼ ਨਿਭਾਉਣ ਦੀ ਗੱਲ ਹੋਵੇ,ਪੰਜਾਬ ਦੇ ਅਣਖੀ ਖੂਨ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ।

 ਜਿਸਤਰ੍ਹਾਂ ਸ਼ੋਸ਼ਲ ਮੀਡੀਏ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਵਾਜ਼ ਚੁੱਕੀ ਜਾ ਰਹੀ ਹੈ,ਉਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਹਰ ਸਿੱਖ ਦੇ ਚੇਤਨ ਅਵਚੇਤਨ ਵਿੱਚ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸੰਪਨ ਸੱਤਾ ਦਾ ਸੰਕਲਪ ਪਿਆ ਹੈ ਅਤੇ ਜਦੋਂ ਕੋਈ ਅਜਿਹਾ ਵਰਤਾਰਾ ਸੁਤੇ ਸਿਧ ਵਾਪਰਦਾ ਹੈ,ਤਾਂ ਉਹਦੀ ਹਮਾਇਤ ਵੀ ਸੁਤੇ ਸਿਧ ਹੀ ਹੋ ਜਾਂਦੀ ਹੈ।  ਕੁਲਵਿੰਦਰ ਪਿਛਲੇ 15 ਸਾਲਾਂ ਤੋ ਸੀ ਆਈ ਐਸ ਐਫ ਵਿੱਚ ਡਿਉਟੀ ਕਰ ਰਹੀ ਹੈ।ਕੁਲਵਿੰਦਰ ਦਾ ਪਤੀ ਵੀ ਸੀ ਆਈ ਐਸ ਐਫ ਵਿੱਚ ਹੀ ਮੁਲਾਜ਼ਮ ਹੈ। ਕੁਲਵਿੰਦਰ ਦਾ ਪਰਿਵਾਰਿਕ ਪਿਛੋਕੜ ਫੌਜ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ।ਉਹਦੇ ਤਾਇਆ  ਜੀ ਮਿਲਟਰੀ ਵਿੱਚੋਂ ਔਨਰੇਰੀ ਕਪਤਾਨ ਰਿਟਾਇਰ ਹੋਏ ਹਨ।ਜਦੋਕਿ ਉਹਨਾਂ ਦਾ ਪਿਤਾ ਖੇਤੀਬਾੜੀ ਕਰਦਾ ਹੈ।ਕੁਲਵਿੰਦਰ ਦਾ ਭਰਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਆਗੂ ਹੈ,ਜਿਸ ਕਰਕੇ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਸਮੁੱਚਾ ਪੰਜਾਬ ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਿਹਾ,ਓਥੇ ਕੁਲਵਿੰਦਰ ਦੇ ਮਾਤਾ ਵੀ ਕਿਸਾਨੀ ਅੰਦੋਲਨ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਸੰਘਰਸ਼ ਕਰਨ ਵਾਲਿਆਂ ਵਿੱਚ ਉਸ ਮੌਕੇ ਸ਼ਾਮਲ ਰਹੇ ਸਨ,ਜਦੋਂ ਕੰਗਨਾ ਰਣੌਤ ਨੇ ਅੰਦੋਲਨ ਵਿੱਚ ਸਾਮਲ ਪੰਜਾਬੀ ਮਹਿਲਾਵਾਂ ਨੂੰ ਸੌ ਸੌ ਦੋ ਦੋ ਸੌ ਵਿੱਚ ਕਿਰਾਏ ਤੇ ਆਉਣ ਵਾਲੀਆਂ ਜਨਾਨੀਆਂ ਕਹਿ ਕੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਸੀ।

ਕੰਗਨਾ ਨੇ ਕਿਹਾ ਸੀ- 'ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ 'ਤੇ ਦਬਾਅ ਬਣਾ ਰਹੇ ਹਨ, ਪਰ ਸਾਨੂੰ ਇੱਕ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹੀਂ ਭੁੱਲਣਾ ਚਾਹੀਦਾ। ਇੰਦਰਾ ਗਾਂਧੀ ਨੇ ਉਸ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਸੀ। ਉਨ੍ਹਾਂ ਨੇ ਇਸ ਦੇਸ਼ ਨੂੰ ਭਾਵੇਂ ਕਿੰਨਾ ਵੀ ਦੁੱਖ ਪਹੁੰਚਾਇਆ ਹੋਵੇ, ਉਨ੍ਹਾਂ ਨੇ ਆਪਣੀ ਜਾਨ ਦੀ ਕੀਮਤ 'ਤੇ ਉਨ੍ਹਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ, ਪਰ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਉਸ ਦੀ ਮੌਤ ਦੇ ਦਹਾਕੇ ਬਾਅਦ ਵੀ, ਲੋਕ ਅਜੇ ਵੀ ਉਸ ਦੇ ਨਾਮ ਤੋਂ ਕੰਬਦੇ ਹਨ।

 ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਸਦੀ ਮਾਂ ਵੀ  ਉਨ੍ਹਾਂ ਮੁਜ਼ਾਹਰਾਕਾਰੀ ਕਿਸਾਨਾਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਸਮਾਂ ਡੇਰਾ ਲਾਈ ਰੱਖਿਆ ਸੀ। 

ਉਸ ਮੌਕੇ ਵੀ ਕੰਗਨਾ ਨੂੰ ਕਿਸਾਨ ਮਜਦੂਰ ਔਰਤਾਂ ਸਮੇਤ ਪੰਜਾਬੀਆਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ ਸੀ।ਪਰੰਤੂ ਉਸ ਹੰਕਾਰੀ ਲੜਕੀ ਨੇ  ਗਲਤੀ ਦੀ ਮੁਆਫੀ ਮੰਗਣ ਦੀ ਬਜਾਏ ਪੰਜਾਬ ‘ਤੇ ਹੋਰ ਵੀ ਨਸਲੀ ਟਿਪਣੀਆਂ ਕਰਨੀਆਂ ਜਾਰੀ ਰੱਖੀਆਂ ਸਨ।ਸਾਇਦ ਇਸ ਦੇ ਇਨਾਮ ਵਜੋਂ ਹੀ ਭਾਰਤੀ ਜਨਤਾ ਪਾਰਟੀ ਨੇ ਕੰਗਨਾ ਨੂੰ ਹਿਮਾਚਲ ਪਰਦੇਸ ਦੇ ਮੰਡੀ ਲੋਕ ਸਭਾ ਹਲਕੇ ਤੋ ਟਿਕਟ ਦੇਕੇ ਨਿਵਾਜਿਆ ਅਤੇ ਹਿਮਾਚਲ ਦੇ ਲੋਕਾਂ ਨੇ ਕੰਗਨਾ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਜੇਕਰ ਗੱਲ ਏਥੇ ਤੱਕ ਹੀ ਸੀਮਤ ਰਹਿੰਦੀ ਫਿਰ ਤਾਂ ਸਮਝਿਆ ਜਾ ਸਕਦਾ ਸੀ ਕਿ ਬੀਬਾ ਜੀ ਨੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਇਹ ਸਾਰਾ ਜ਼ਹਿਰ ਸਾਇਦ ਕੁਰਸੀ ਦੀ ਪ੍ਰਾਪਤੀ  ਲਈ ਕੀਤਾ ਹੋਵੇਗਾ,ਪਰ ਜਿਸਤਰ੍ਹਾਂ ਬੀਬਾ ਕੰਗਨਾ ਰਣੌਤ ਨੇ ਚੰਡੀਗੜ ਏਅਰਪੋਰਟ ਤੇ ਹੰਗਾਮਾ ਕਰਕੇ ਸਿੱਖਾਂ ਪ੍ਰਤੀ  ਨਫਰਤੀ ਭਾਸ਼ਾ ਦਾ ਇਸਤੇਮਾਲ ਕੀਤਾ,ਉਹਦੇ ਤੋਂ ਸਮਝਿਆ ਜਾ ਸਕਦਾ ਹੈ ਕਿ ਬੀਬੀ ਕੰਗਨਾ ਦੇ ਮਨ ਅੰਦਰ ਸਿੱਖਾਂ ਪ੍ਰਤੀ ਕਿੰਨੀ ਕੁ ਜ਼ਹਿਰ ਭਰੀ ਹੋਈ ਹੈ,ਜਿਸਨੂੰ ਉਹਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਣ ਤੋ ਤੁਰੰਤ ਬਾਅਦ ਹੀ ਉਜਾਗਰ ਕਰ ਦਿੱਤਾ। ਕੰਗਨਾ ਰਣੌਤ ਹੁਣ ਇੱਕ ਅਭਿਨੇਤਰੀ ਜਾਂ ਸਿਆਸੀ ਨੇਤਾ ਜਾਂ ਸਾਂਸਦ ਨਹੀ ਬਲਕਿ ਉਹ ਹੁਣ ਅਜਿਹਾ ਕਿਰਦਾਰ ਬਣ ਗਿਆ ਹੈ ਜਿਹੜਾ ਫਿਰਕੂ ਨਫਰਤ ਦੇ ਪਰਚਾਰ ਨਾਲ ਖਿਤੇ,ਸੂਬੇ ਅਤੇ ਉਸ ਤੋਂ ਬਾਅਦ ਸਮੁੱਚੇ ਮੁਲਕ ਵਿੱਚ ਫਿਰਕੂ ਨਫਰਤ ਦੇ  ਭਾਂਬੜ ਬਾਲਣ ਲਈ ਕਾਹਲ਼ਾ ਪਿਆ ਹੋਇਆ ਹੈ। ਸਾਇਦ ਮੈਂਬਰ ਪਾਰਲੀਮੈਂਟ ਬਣ ਕੇ ਉਨ੍ਹਾਂ ਨੂੰ ਅਜਿਹੇ ਗੈਰ ਇਖਲਾਕੀ,ਗੈਰ ਸਮਾਜੀ ਅਤੇ ਗੈਰ ਜੁੰਮੇਵਾਰਾਨਾ ਹਰਕਤਾਂ ਕਰਨ ਦੀ ਖੁੱਲ ਮਿਲ ਗਈ ਹੈ।ਉਹ ਜਾਣਦੀ ਹੈ ਜਾਂ ਨਹੀ ਪਰ ਇਹ ਸੱਚ ਹੈ ਕਿ ਕੰਗਨਾ ਵੱਲੋਂ ਕੀਤੀ ਨਸਲੀ ਟਿੱਪਣੀ ਦੀ ਬਦੌਲਤ ਜਿਸਤਰ੍ਹਾਂ ਪੰਜਾਬ ਦੇ ਲੋਕ ਕੁਲਵਿੰਦਰ ਅਤੇ ਕੰਗਨਾ ਦੇ ਹੱਕ ਵਿੱਚ ਆਪੋ ਆਪਣੀਆਂ ਟਿੱਪਣੀਆਂ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰ ਰਹੇ ਹਨ,ਉਸ ਤੋਂ ਸਮਝਣਾ ਕੋਈ ਔਖਾ ਨਹੀ ਕਿ ਕੰਗਨਾ ਦੀ ਟਿੱਪਣੀ ਪੰਜਾਬ ਦੀ ਸਾਂਤ  ਫ਼ਿਜਾ ਵਿਚ ਅਜਿਹਾ ਜ਼ਹਿਰ ਘੋਲ ਸਕਦੀ ਹੈ,ਜਿਸ ਦਾ ਅਸਰ ਪੰਜਾਬ ਤੋ ਪਾਰ ਸਮੁੱਚੇ ਭਾਰਤ ਤੱਕ ਨੂੰ ਅਸਰ ਅੰਦਾਜ਼ ਕਰ ਸਕਦਾ ਹੈ ਅਤੇ ਇਸ ਫਿਰਕੂ ਨਫਰਤ ਦੀ ਅੱਗ ਵਿੱਚ ਹਿੰਦੂ, ਸਿੱਖ ਅਤੇ ਮੁਸਲਮ ਸਾਰੇ ਹੀ ਬੁਰੀ ਤਰ੍ਹਾਂ ਝੁਲਸ ਸਕਦੇ ਹਨ।  ਇਹ ਅਜਿਹੀ ਚਿੰਗਾਰੀ ਹੈ,ਜਿਹੜੀ ਬਲ਼ਦਿਆਂ ਹੀ ਪਲਾਂ ਵਿੱਚ ਸਾਰਾ ਕੁੱਝ ਸਾੜ ਕੇ ਸੁਆਹ ਕਰ ਸਕਦੀ ਹੈ। ਪੰਜਾਬੀਆਂ ਨੂੰ 1947 ਦੀ ਦੇਸ਼ ਵੰਡ ਅਤੇ 1984 ਦੇ ਕਤਲੇਆਮ ਪਹਿਲਾਂ ਹੀ ਚੈਨ ਨਹੀਂ ਲੈਣ ਦੇ ਰਿਹਾ,ਉਹ ਨਹੀ ਚਾਹੰਦੇ ਕਿ  ਇੱਕ ਵਾਰ ਫਿਰ  ਆਪਣੀ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਅਤੇ ਮਾਨਵਤਾ ਨੂੰ ਤੜਫ ਤੜਫ ਕੇ ਦਮ ਤੋੜਦਿਆਂ ਦੇਖਣ।ਸੋ ਸੱਤਾਧਾਰੀ ਭਾਜਪਾ ਨੂੰ ਬੀਤੇ ਤੋਂ ਸਬਕ ਲੈਂਦਿਆਂ ਕੰਗਨਾ ਰਣੌਤ  ਵਰਗੀ ਬੇਲਗਾਮ ਮਹਿਲਾ ਆਗੂ ਨੂੰ ਤੁਰੰਤ ਲਗਾਮ ਦੇਣ ਤਾਂ ਕਿ ਸੂਬੇ ਅਤੇ  ਮੁਲਕ ਅੰਦਰ ਆਪਸੀ ਭਾਈਚਾਰਾ ਕਾਇਮ ਰਹਿ ਸਕੇ।ਪੰਜਾਬ ਵਿੱਚ ਭਾਜਪਾ ਦੀ ਹਾਰ ਦਾ ਕਾਰਨ ਵੀ ਰਾਜ ਦੇ ਕਿਸਾਨੀ ਭਾਈਚਾਰੇ ਅਤੇ ਮੋਦੀ ਸਰਕਾਰ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਹੀ ਦੱਸਿਆ ਗਿਆ ਹੈ। ਨਵਾਂ ਟਕਰਾਅ ਇਸ ਸਾਲ ਦੇ ਸ਼ੁਰੂ ਵਿੱਚ ਉਸ ਵੇਲੇ ਉੱਭਰਿਆ ਜਦ ਮੁਜ਼ਾਹਰਾਕਾਰੀ ਕਿਸਾਨਾਂ ਦਾ ‘ਦਿੱਲੀ ਚਲੋ’ ਮਾਰਚ ਰੋਕ ਦਿੱਤਾ ਗਿਆ। ਭਾਜਪਾ ਨੂੰ ਆਪਣੀ ਹਾਰ ਤੋਂ ਸਬਕ ਸਿਖਣੇ ਚਾਹੀਦੇ ਹਨ ਤੇ ਫਿਰਕੂ ਸਿਆਸਤ ਤੋਂ ਬਚਣਾ ਚਾਹੀਦਾ ਹੈ।

 

ਬਘੇਲ ਸਿੰਘ ਧਾਲੀਵਾਲ

 99142-58142