ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਗੈਰ ਕਾਨੂੰਨੀ ਪ੍ਰਵਾਸੀ ਡਰਾਈਵਿੰਗ ਲਾਇਸੰਸ ਬਣਾਉਣ ਲਈ ਅਗਲੇ ਮਹੀਨੇ ਤੋਂ ਦੇ ਸਕਣਗੇ ਦਰਖਾਸਤਾਂ

ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਗੈਰ ਕਾਨੂੰਨੀ ਪ੍ਰਵਾਸੀ ਡਰਾਈਵਿੰਗ ਲਾਇਸੰਸ ਬਣਾਉਣ ਲਈ ਅਗਲੇ ਮਹੀਨੇ ਤੋਂ ਦੇ ਸਕਣਗੇ ਦਰਖਾਸਤਾਂ
ਕੈਪਸ਼ਨ : 'ਮਿਨੇਸੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਡਰਾਈਵਰ ਐਂਡ ਵੀਹਿਕਲ ਸਰਵਿਸਜ਼' ਦੇ ਡਾਇਰੈਕਟਰ ਪੌਂਗ ਸੀਆਂਗ ਡਰਾਈਵਿੰਗ ਲਾਇਸੰਸ ਬਾਰੇ ਜਾਣਕਾਰੀ ਦਿੰਦੇ ਹੋਏ

ਅਮਰੀਕਾ ਵਿਚ ਕਾਨੂੰਨੀ ਤੌਰ 'ਤੇ ਰਹਿਣ ਸਬੰਧੀ ਸਬੂਤ ਦੇਣ ਦੀ ਨਹੀਂ ਪਵੇਗੀ ਲੋੜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਬਿਨਾਂ ਦਸਤਾਵੇਜਾਂ ਦੇ ਰਹਿ ਰਹੇ ਤਕਰੀਬਨ 81000 ਪ੍ਰਵਾਸੀ ਅਗਲੇ ਮਹੀਨੇ ਤੋਂ ਡਰਾਈਵਿੰਗ ਲਾਇਸੰਸ ਬਣਾਉਣ ਲਈ ਦਰਖਾਸਤਾਂ ਦੇ ਸਕਣਗੇ। ਇਹ ਐਲਾਨ ਸਟੇਟ ਡਿਪਾਰਟਮੈਂਟ ਪਬਲਿਕ ਸੇਫਟੀ ਨੇ ਕੀਤਾ ਹੈ। ਇਕ ਜਾਰੀ ਪ੍ਰੈਸ ਬਿਆਨ ਵਿਚ ਜਨਤਿਕ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ 'ਮਿਨੇਸੋਟਾ ਡਰਾਈਵਰ'ਜ਼ ਲਾਇਸੰਸ ਫਾਰ ਆਲ ਪ੍ਰੋਗਰਾਮ' ਦੀ ਸ਼ੁਰੂਆਤ 1 ਅਕਤੂਬਰ ਤੋਂ ਹੋਵੇਗੀ। ਜਾਰੀ ਬਿਆਨ ਵਿਚ 'ਮਿਨੇਸੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਡਰਾਈਵਰ ਐਂਡ ਵੀਹਿਕਲ ਸਰਵਿਸਜ' ਦੇ ਡਾਇਰੈਕਟਰ ਪੌਂਗ ਸੀਆਂਗ ਨੇ ਕਿਹਾ ਹੈ ਕਿ ਅਸੀਂ ਅਮਰੀਕਾ ਵਿਚ ਬਿਨਾਂ ਕਾਨੂੰਨੀ ਦਸਤਾਵੇਜਾਂ ਦੇ ਰਹਿ ਰਹੇ ਪ੍ਰਵਾਸੀਆਂ ਸਮੇਤ ਰਾਜ ਦੇ ਹੋਰ ਵਾਸੀਆਂ ਕੋਲੋਂ ਡਰਾਈਵਰ ਲਾਇਸੰਸ ਬਣਾਉਣ ਲਈ ਦਰਖਾਸਤਾਂ ਲੈਣੀਆਂ ਸ਼ੁਰੂ ਕਰ ਰਹੇ ਹਾਂ। ਜਾਰੀ ਬਿਆਨ ਵਿਚ ਕਿਹਾ ਹੈ ਕਿ ਡਰਾਈਵਿੰਗ ਲਾਇਸੰਸ ਲਈ ਦਰਖਾਸਤ ਦੇਣ ਵਾਸਤੇ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿਣ ਸਬੰਧੀ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੋਵੇਗੀ। ਸਿਆਂਗ ਨੇ ਕਿਹਾ ਹੈ ਕਿ ਉਹ ਸਮਝਦੇ ਹਨ ਕਿ ਕਿਸੇ ਕੋਲ ਡਰਾਈਵਿੰਗ ਲਾਇਸੰਸ ਹੋਣ ਦੀ ਕਿੰਨੀ ਅਹਿਮੀਅਤ ਹੈ। ਡਰਾਈਵਿੰਗ ਲਾਇਸੰਸ ਨਾਲ ਕੋਈ ਵਿਅਕਤੀ ਰੁਜ਼ਗਾਰ 'ਤੇ ਲੱਗ ਸਕਦਾ ਹੈ ਤੇ ਉਹ ਹਰ ਖੇਤਰ ਵਿਚ ਆਜਾਦੀ ਨਾਲ ਵਿਚਰ ਸਕਦਾ ਹੈ। ਜਾਰੀ ਬਿਆਨ ਅਨੁਸਾਰ ਮਿੰਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਇਕ ਬਿੱਲ ਉਪਰ ਇਸ ਸਾਲ ਮਾਰਚ ਵਿਚ ਦਸਤਖਤ ਕਰ ਦਿੱਤੇ ਸਨ ਜਿਸ ਤਹਿਤ ਸਾਰਿਆਂ ਲਈ ਡਰਾਈਵਿੰਗ ਲਾਇਸੰਸ ਦਾ ਰਾਹ ਖੋਲ ਦਿੱਤਾ ਗਿਆ ਹੈ।