ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਕੈਦ ਕੱਟ ਰਹੇ ਸਾਬਕਾ ਪੁਲਿਸ ਅਫਸਰ ਚੌਵਿਨ ਉਪਰ ਜੇਲ ਵਿੱਚ ਹਮਲਾ ਕਰਨ ਵਾਲੇ ਕੈਦੀ ਉਪਰ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ
* ਹਮਲਾਵਰ ਨੇ ਕਿਹਾ ਜੇਕਰ ਸਮੇ ਸਿਰ ਪੁਲਿਸ ਕਾਰਵਾਈ ਨਾ ਕਰਦੀ ਤਾਂ ਉਹ ਚੌਵਿਨ ਨੂੰ ਮਾਰ ਦਿੰਦਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ 20 ਸਾਲ ਤੋਂ ਵਧ ਸਜ਼ਾ ਕੱਟ ਰਹੇ ਮਿਨੇਆਪੋਲਿਸ ਦੇ ਸਾਬਕਾ ਪੁਲਿਸ ਅਫਸਰ ਡੈਰਕ ਚੌਵਿਨ ਉਪਰ ਜੇਲ ਵਿਚ ਹਮਲਾ ਕਰਨ ਵਾਲੇ ਉਸ ਦੇ ਸਾਥੀ ਕੈਦੀ ਜੌਹਨ ਟੁਰਸੈਕ ਉਪਰ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜਾਂ ਅਨੁਸਾਰ ਜੌਹਨ ਟੁਰਸੈਕ ਨੇ ਚਾਕੂ ਨਾਲ ਚੌਵਿਨ ਉਪਰ 22 ਵਾਰ ਕੀਤੇ। ਉਹ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਚੌਵਿਨ ਉਪਰ ਹਮਲਾ ਕਰਨ ਬਾਰੇ ਸੋਚ ਰਿਹਾ ਸੀ। ਸੰਘੀ ਸ਼ਕਾਇਤ ਅਨੁਸਾਰ 24 ਨਵੰਬਰ ਨੂੰ ਸਥਾਨਕ ਸਮੇ ਅਨੁਸਾਰ ਦੁਪਹਿਰ 12.30 ਵਜੇ ਚੌਵਿਨ ਉਪਰ 52 ਸਾਲਾ ਟੁਰਸੈਕ ਵੱਲੋਂ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਟਕਸਨ (ਐਰੀਜ਼ੋਨਾ) ਜੇਲ ਦੀ ਲਾਅ ਲਾਇਬਰੇਰੀ ਵਿਚ ਸੀ। ਇਸ ਹਮਲੇ ਵਿਚ ਚੌਵਿਨ ਗੰਭੀਰ ਜ਼ਖਮੀ ਹੋ ਗਿਆ ਸੀ। ਸ਼ਕਾਇਤ ਅਨੁਸਾਰ ਸੰਘੀ ਜੇਲ ਦੇ ਪੁਲਿਸ ਅਫਸਰਾਂ ਨੇ ਤੁਰੰਤ ਕਾਰਵਾਈ ਕਰਕੇ ਚੌਵਿਨ ਨੂੰ ਬਚਾਇਆ। ਬਾਅਦ ਵਿਚ ਟੁਰਸੈਕ ਨੇ ਜੇਲ ਅਫਸਰਾਂ ਨੂੰ ਦੱਸਿਆ ਕਿ ਉਹ ਚੌਵਿਨ ਨੂੰ ਮਾਰ ਦੇਣਾ ਚਹੁੰਦਾ ਸੀ। ਟੁਰਸੈਕ ਵਿਰੁੱਧ ਹੱਤਿਆ ਦੇ ਇਰਾਦੇ ਨਾਲ ਹਮਲਾ ਕਰਨ,ਹਮਲੇ ਵਿਚ ਖਤਰਨਾਕ ਤਿੱਖਾ ਹੱਥਿਆਰ ਵਰਤਣ ਤੇ ਚੌਵਿਨ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਐਰੀਜ਼ੋਨਾ ਦੇ ਡਿਸਟ੍ਰਿਕਟ ਯੂ ਐਸ ਅਟਾਰਨੀ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਹੱਤਿਆ ਦੀ ਕੋਸ਼ਿਸ਼ ਤੇ ਮਾਰਨ ਦੇ ਇਰਾਦੇ ਨਾਲ ਹਮਲਾ ਕਰਨਾ, ਹਰੇਕ ਦੋਸ਼ ਤਹਿਤ ਵਧ ਤੋਂ ਵਧ 20 ਸਾਲ ਸਜ਼ਾ ਦੀ ਵਿਵਸਥਾ ਹੈ। ਖਤਰਨਾਕ ਹੱਥਿਆਰ ਨਾਲ ਹਮਲਾ ਕਰਨ ਤੇ ਹਮਲੇ ਵਿਚ ਗੰਭੀਰ ਜ਼ਖਮੀ ਕਰਨ ਦੇ ਹਰੇਕ ਦੋਸ਼ ਤਹਿਤ ਵਧ ਤੋਂ ਵਧ 10 ਸਾਲ ਸਜ਼ਾ ਦੀ ਵਿਵਸਥਾ ਹੈ। ਇਥੇ ਜਿਕਰਯੋਗ ਹੈ ਕਿ ਕਾਲੇ ਵਿਅਕਤੀ ਜਾਰਜ ਫਲਾਇਡ ਦੀ 2020 ਵਿਚ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਰਾਜ ਦੁਆਰਾ ਦਾਇਰ ਦੋਸ਼ਾਂ ਤਹਿਤ ਚੌਵਿਨ ਨੂੰ ਅਪ੍ਰੈਲ 2021 ਵਿਚ ਦੋਸ਼ੀ ਕਰਾਰ ਦੇ ਕੇ ਸਾਢੇ 22 ਸਾਲ ਕੈਦ ਦੀ ਸਜ਼ਾ ਸੁਣਾਈ ਸੀ । ਬਾਅਦ ਵਿਚ ਫਲਾਇਡ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਸੰਘੀ ਦੋਸ਼ਾਂ ਤਹਿਤ ਉਸ ਨੂੰ 21 ਸਾਲ ਵੱਖਰੀ ਸਜ਼ਾ ਸੁਣਾਈ ਗਈ ਸੀ। ਇਹ ਦੋਨੋਂ ਸਜਾਵਾਂ ਨਾਲੋ ਨਾਲ ਚੱਲਣਗੀਆਂ। ਚੌਵਿਨ ਵੱਲੋਂ ਫਲਾਇਡ ਦੀ ਧੌਣ ਉਪਰ 9 ਮਿੰਟ ਤੱਕ ਗੋਡਾ ਰਖ ਕੇ ਨੱਪੀ ਰਖਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਬਾਅਦ ਵਿਚ ਅਮਰੀਕਾ ਭਰ ਵਿਚ ਕਾਲੇ ਭਾਈਚਾਰੇ ਤੇ ਹੋਰ ਨਿਆਂ ਪਸੰਦ ਅਮਰੀਕੀ ਲੋਕਾਂ ਵੱਲੋਂ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਸਨ।
Comments (0)