ਅਮਰੀਕਾ ਵਿਚ ਅਪੋਲੋ ਥੀਏਟਰ ਦੀ ਛੱਤ ਡਿੱਗਣ ਨਾਲ 1 ਮੌਤ, 28 ਜ਼ਖਮੀ

ਅਮਰੀਕਾ ਵਿਚ ਅਪੋਲੋ ਥੀਏਟਰ ਦੀ ਛੱਤ ਡਿੱਗਣ ਨਾਲ 1 ਮੌਤ, 28 ਜ਼ਖਮੀ
ਕੈਪਸ਼ਨ:  ਬੈਲਵੀਡਰ, ਇਲੀਨੋਇਸ ਵਿਚ ਥੀਏਟਰ ਦੀ ਛੱਤ ਡਿੱਗਣ ਉਪਰੰਤ ਮੌਕੇ 'ਤੇ ਪੁੱਜੇ ਰਾਹਤ ਕਾਮੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਲੀਨੋਇਸ ਰਾਜ ਵਿਚ ਬੈਲਵੀਡਰ ਵਿਖੇ  ਸੰਗੀਤ ਸੰਮੇਲਣ ਦੌਰਾਨ ਅਪੋਲੋ ਥੀਏਟਰ ਦੀ ਛੱਤ ਡਿੱਗ ਜਾਣ ਦੇ ਸਿੱਟੇ ਵਜੋਂ 1 ਵਿਅਕਤੀ ਦੀ ਮੌਤ ਹੋ ਗਈ ਤੇ 28 ਹੋਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਥੀਏਟਰ ਦੀ ਪੂਰੀ ਛੱਤ ਦਰਸ਼ਕਾਂ ਤੇ ਹੋਰ ਲੋਕਾਂ ਉਪਰ ਆ ਡਿੱਗੀ। ਦੱਖਣ ਤੇ ਮੱਧ ਪੱਛਮ ਵਿਚ ਆਏ ਭਿਆਨਕ ਤੂਫ਼ਾਨ ਤੋਂ ਬਾਅਦ ਬੀਤੀ ਸ਼ਾਮ ਵਾਪਰੀ ਇਹ ਇਕ ਵੱਡੀ ਦੁੱਖਦਾਈ ਘਟਨਾ ਹੈ। ਜਿਸ ਸਮੇ ਥੀਏਟਰ ਦੀ ਛੱਤ ਡਿੱਗੀ ਉਸ ਸਮੇ ਮਹਿਮਾਨਾਂ, ਕਲਾਕਾਰਾਂ ਤੇ ਸਟਾਫ਼ ਸਮੇਤ ਅੰਦਾਜਨ 260 ਲੋਕ ਅੰਦਰ ਸਨ। ਸਮਾਗਮ ਦੇ ਕੋਆਰਡੀਨੇਟਰ ਨੇ ਇਹ ਜਾਣਕਾਰੀ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬੈਲਵੀਡਰ ਅੱਗ ਬੁਝਾਊ ਵਿਭਾਗ ਦੇ ਮੁੱਖੀ ਸ਼ਾਨ ਸ਼ੈਡਲ ਨੇ ਕਿਹਾ ਹੈ ਕਿ ਮੌਸਮ ਵਿਚ ਗੰਭੀਰ ਤਬਦੀਲੀ ਵੇਖਣ ਨੂੰ ਮਿਲੀ ਹੈ। ਉਨਾਂ ਕਿਹਾ ਕਿ 28 ਜ਼ਖਮੀਆਂ ਨੂੰ ਖੇਤਰ ਵਿਚਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚੋਂ 5 ਦੇ ਗੰਭੀਰ ਸੱਟਾਂ ਲੱਗੀਆਂ ਹਨ, 18 ਹੋਰ ਦਰਮਿਆਨੇ ਜ਼ਖਮੀ ਹਨ ਜਦ ਕਿ 5 ਦੇ ਮਾਮੂਲੀ ਜ਼ਖਮ ਹਨ। ਉਨਾਂ ਕਿਹਾ ਕਿ ਕੁਝ ਹੋਰ ਜ਼ਖਮੀਆਂ ਨੂੰ ਨਿੱਜੀ ਵਾਹਣਾਂ ਰਾਹੀਂ ਹਸਪਤਾਲਾਂ ਵਿਚ ਪਹੁੰਚਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਲੀਨੋਇਸ ਐਮਰਜੈਂਸੀ ਮੈਨਜਮੈਂਟ ਏਜੰਸੀ ਦੇ ਬੁਲਾਰੇ ਕੈਵਿਨ ਸੁਰ ਨੇ ਕਿਹਾ ਹੈ ਕਿ ਬੀਤੀ ਸ਼ਾਮ ਹੀ ਉੱਤਰੀ ਇਲੀਨੋਇਸ ਵਿਚ ਕਰਾਅਫੋਰਡ ਕਾਊਂਟੀ ਵਿੱਚ ਇਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 3 ਲੋਕ ਮਾਰੇ ਗਏ ਹਨ। ਇਸ ਤਰਾਂ 6 ਰਾਜਾਂ ਵਿਚ ਭਿਆਨਕ ਤੂਫ਼ਾਨ ਦੀ ਲਪੇਟ ਵਿਚ ਆ ਕੇ ਹੁਣ ਤੱਕ 21 ਲੋਕ ਮਾਰੇ ਜਾ ਚੁੱਕੇ ਹਨ।